ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਨਾ ਹੋ ਕੇ ਵਿਰੋਧੀ ਧਿਰ ਗਵਾ ਵੱਧ ਰਹੀ ਹੈ ਤੇ ਖੱਟੀ ਘੱਟ ਕਰ ਰਹੀ ਹੈ
ਵਿਰੋਧੀ ਧਿਰ ਨੂੰ ਅਪਣੇ ਥੋੜੇ ਮੈਂਬਰਾਂ ਨੂੰ ਵੇਖ ਕੇ ਡਰਨ ਦੀ ਲੋੜ ਨਹੀਂ ਬਲਕਿ ਇਕ ਐਸੀ ਆਵਾਜ਼ ਪੈਦਾ ਕਰਨ ਦੀ ਲੋੜ ਹੈ ਜੋ ਸਦੀਆਂ ਤਕ ਇਤਿਹਾਸ ਵਿਚ ਗੂੰਜਦੀ ਰਹੇ।
ਪਾਰਲੀਮੈਂਟ ਦੀ ਹਰ ਬੈਠਕ ਦੇ ਬਿਖਰ ਜਾਣ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਅੱਜ ਫਿਰ 218 ਕਰੋੜ ਬਰਬਾਦ ਹੋ ਗਿਆ ਹੈ। ਹਰ ਰੋਜ਼ ਵਿਰੋਧੀ ਧਿਰ ਸੰਸਦ ’ਚੋਂ ਬਾਹਰ ਨਿਕਲ ਕੇ ਆ ਜਾਂਦੀ ਹੈ ਤੇ ਫਿਰ ਸੜਕ ’ਤੇ ਜਾਂ ਕਿਸੇ ਕੈਮਰੇ ਦੇ ਸਾਹਮਣੇ ਅਪਣੀ ਆਵਾਜ਼ ਉੱਚੀ ਕਰਦੀ ਹੈ। ਕਿਉਂਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਅਪਣੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਮਿਲ ਰਿਹਾ, ਉਹ ਹਰ ਰੋਜ਼ ਬਾਹਰ ਨਿਕਲ ਆਉਂਦੀ ਹੈ। ਸਪੀਕਰ ਓਮ ਬਿਰਲਾ ਇਸ ਸਾਰੀ ਪ੍ਰਕਿਰਿਆ ਤੋਂ ਐਸੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਬਾਕੀ ਰਹਿੰਦੇ ਸੈਸ਼ਨ ਵਿਚ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਦੀ ਗੱਲ ਸੁਣੀ ਹੀ ਨਹੀਂ ਜਾ ਰਹੀ।
ਵਿਰੋਧੀ ਧਿਰ ਦੇ ਵਿਰੋਧ ਦੀ ਪ੍ਰਥਾ ਨਵੀਂ ਨਹੀਂ ਹੈ ਪਰ ਇਸ ਤਰ੍ਹਾਂ ਦੀ ਪ੍ਰਥਾ 2021 ਵਿਚ ਸ਼ੁਰੂ ਹੋਈ ਜਦ ਪੇਗਾਸਸ (Pegasus) ਬਾਰੇ ਵਿਰੋਧੀ ਧਿਰ ਨੇ ਸੰਸਦ ਵਿਚ ਵਿਚਾਰ ਵਟਾਂਦਰਾ ਖ਼ਤਮ ਕਰ ਦਿਤਾ ਸੀ। ਫਿਰ 2023 ਦੇ ਬਜਟ ਸੈਸ਼ਨ ਵਿਚ ਹਿਡਨਬਰਗ ਦੀ ਰੀਪੋਰਟ ਤੇ ਵਿਰੋਧੀ ਧਿਰ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਇਸ ਵਾਰ ਮੁੜ ਤੋਂ ਮਨੀਪੁਰ ਦੇ ਮੁੱਦੇ ਤੇ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਮੂਹਰੇ ਮਨੀਪੁਰ ਦੀ ਗੱਲ ਕਰਨ ਦੀ ਜ਼ਿਦ ਵਿਚ ਰੋਜ਼ ਵਾਕ ਆਊਟ ਕਰਨਾ ਸ਼ੁਰੂ ਕਰ ਦਿਤਾ ਹੈ।
ਉਂਜ ਤਾਂ ਇਸ ਵਾਰ ਦੇ ਸੈਸ਼ਨ ਵਿਚ ‘ਨੋ ਕਾਨਫੀਡੈਂਸ’ ਮਤੇ ਬਾਰੇ ਪਾਰਲੀਮੈਂਟ ਦਾ ਨਿਰਣਾ ਆਉਣ ਤੋਂ ਪਹਿਲਾਂ ਕੋਈ ਵੀ ਬਿਲ ਆਉਣਾ ਗ਼ੈਰ-ਕਾਨੂੰਨੀ ਮੰਨਿਆ ਜਾ ਸਕਦਾ ਹੈ ਪਰ ਇਹ ਸ਼ਾਇਦ ਵਿਰੋਧੀ ਧਿਰ ਦੀ, ਬਿਲ ਪਾਸ ਹੋਣ ਤੋਂ ਬਾਅਦ ਦੀ ਚਾਲ ਹੋ ਸਕਦੀ ਹੈ। ਵਿਰੋਧੀ ਧਿਰ ਵਲੋਂ ਹਰ ਰੋਜ਼ ਬਾਹਰ ਚਲੇ ਜਾਣ ਨਾਲ ਆਪਸੀ ਤਣਾਅ ਵੀ ਪੈਦਾ ਹੋ ਰਿਹਾ ਹੈ ਤੇ ਸ਼ਾਇਦ ਬਾਹਰ ਜਾਣ ਵਾਲੇ ਸਮਝ ਨਹੀਂ ਰਹੇ ਕਿ ਅਸਲ ਵਿਚ ਉਨ੍ਹਾਂ ਨਾਲ ਸ਼ਤਰੰਜ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ।
ਮੁਸਲਿਮ ਲੀਗ ਦੇ ਸਾਂਸਦ ਓਵੈਸੀ ਨੇ ਠੀਕ ਫ਼ੁਰਮਾਇਆ ਜਾਪਦਾ ਹੈ ਕਿ ਵਿਰੋਧੀ ਧਿਰ ਲੂਡੋ ਖੇਡ ਰਹੀ ਹੈ ਤੇ ਸਰਕਾਰ ਸ਼ਤਰੰਜ। ਸਰਕਾਰ ਨੇ ਵਿਰੋਧੀ ਧਿਰ ਦੀ ਨਬਜ਼ ਫੜ ਲਈ ਹੈ। ਉਨ੍ਹਾਂ ਨੂੰ ਇਕ ਗੱਲ ’ਤੇ ਛੇੜ ਕੇ ਉਨ੍ਹਾਂ ਨੇ ਅਪਣੇ ਬਾਕੀ ਸਾਰੇ ਬਿਲ ਪਾਸ ਕਰਵਾਉਣ ਦਾ ਰਸਤਾ ਸਾਫ਼ ਕਰ ਲਿਆ ਹੈ। ਹਰ ਰੋਜ਼ ਨਵੇਂ ਬਿਲ ਪਾਸ ਹੋ ਰਹੇ ਹਨ, ਕਾਨੂੰਨ ਬਣ ਰਹੇ ਹਨ ਤੇ ਸੋਧਾਂ ਵੀ ਆ ਰਹੀਆਂ ਹਨ। ਪਰ ਕਿਸੇ ਵੀ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਬਾਰੇ ਜ਼ੋਰਦਾਰ ਚਰਚਾ ਤੇ ਉਸ ਦਾ ਵਿਸ਼ਲੇਸ਼ਣ ਦਰਜ ਨਹੀਂ ਹੋਵੇਗਾ ਕਿਉਂਕਿ ਇਹ ਕੰਮ ਵਿਰੋਧੀ ਧਿਰ ਦਾ ਸੀ ਜੋ ਸੜਕਾਂ ’ਤੇ ਬੈਠੀ ਹੈ।
ਵਿਰੋਧੀ ਧਿਰ ਦੀ ਗਿਣਤੀ ਘੱਟ ਹੈ ਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਨਾਂਹ ਵਿਚ ਦਮ ਨਹੀਂ। ਉਹ ਜਾਣਦੇ ਹਨ ਕਿ ਸਾਰੇ ਬਿਲ ਉਨ੍ਹਾਂ ਦੀ ਸਹਿਮਤੀ ਬਿਨਾਂ ਹੀ ਪਾਸ ਹੋ ਜਾਣਗੇ। ਪਰ ਉਹ ਇਹ ਨਹੀਂ ਸਮਝਦੇ ਕਿ ਉਨ੍ਹਾਂ ਦੀ ਤਾਕਤ ਸਿਰਫ਼ ਵੋਟ ਨਹੀਂ ਬਲਕਿ ਸੰਸਦ ਵਿਚ ਉਨ੍ਹਾਂ ਵਲੋਂ ਪ੍ਰਗਟ ਕੀਤੇ ਵਿਚਾਰ ਹਨ ਜੋ ਜੇ ਦਲੀਲ ਤੇ ਸਿਆਣਪ ਨਾਲ ਦਿਤੇ ਜਾਣ ਤਾਂ ਅੱਜ ਨਾ ਸਹੀ ਪਰ ਇਸ ਦੇਸ਼ ਦੇ ਆਉਣ ਵਾਲੇ ਕਲ ਵਿਚ ਜ਼ਰੂਰ ਗੂੰਜਣਗੇ। ਇਸੇ ਕਰ ਕੇ ਅੱਜ ਗ੍ਰਹਿ ਮੰਤਰੀ ਵੀ ਨਹਿਰੂ ਦੀ ਉਦਾਹਰਣ ਦੇ ਗਏ ਕਿਉਂਕਿ ਉਨ੍ਹਾਂ ਦੇ ਅਲਫ਼ਾਜ਼ ਪਾਰਲੀਮੈਂਟ ਦੇ ਰੀਕਾਰਡ ਵਿਚ ਦਰਜ ਹਨ। ਪਰ ਕਾਲੇ ਝੰਡੇ ਤੇ ਕੁੜਤੇ ਬਹੁਤ ਥੋੜੇ ਸਮੇਂ ਲਈ ਹੀ ਟੀਵੀ ਸਕਰੀਨਾਂ ’ਤੇ ਰਹਿਣਗੇ। ਵਿਰੋਧੀ ਧਿਰ ਨੂੰ ਅਪਣੇ ਥੋੜੇ ਮੈਂਬਰਾਂ ਨੂੰ ਵੇਖ ਕੇ ਡਰਨ ਦੀ ਲੋੜ ਨਹੀਂ ਬਲਕਿ ਇਕ ਐਸੀ ਆਵਾਜ਼ ਪੈਦਾ ਕਰਨ ਦੀ ਲੋੜ ਹੈ ਜੋ ਸਦੀਆਂ ਤਕ ਇਤਿਹਾਸ ਵਿਚ ਗੂੰਜਦੀ ਰਹੇ। - ਨਿਮਰਤ ਕੌਰ