ਬਾਦਲ ਸਾਹਿਬ ਨੂੰ ਗੁੱਸਾ ਕਿਉਂ ਆਇਆ?
ਇਹ ਗੁੱਸਾ ਕਰਨ ਦਾ ਨਹੀਂ, ਭੁੱਲ ਮੰਨਣ ਅਤੇ ਬਖ਼ਸ਼ਵਾਉਣ ਦਾ ਸਮਾਂ ਹੈ ਸਤਿਕਾਰਯੋਗ ਜੀ!.............
ਇਹ ਗੁੱਸਾ ਕਰਨ ਦਾ ਨਹੀਂ, ਭੁੱਲ ਮੰਨਣ ਅਤੇ ਬਖ਼ਸ਼ਵਾਉਣ ਦਾ ਸਮਾਂ ਹੈ ਸਤਿਕਾਰਯੋਗ ਜੀ! ਬੁਜ਼ਦਿਲੀ ਦੇ ਤਾਹਨੇ ਦਾ ਜਵਾਬ, ਗੱਲਾਂ ਤੇ ਦਾਅਵਿਆਂ ਨਾਲ ਨਹੀਂ, 'ਬਹਾਦਰੀ' ਦਾ ਇਕ ਕਾਰਨਾਮਾ ਕਰਨ ਨਾਲ ਦਿਤਾ ਜਾਣਾ ਚਾਹੀਦਾ ਸੀ। ਜੇ ਬਾਦਲ ਜੀ ਦਲੇਰ ਹੁੰਦੇ ਤਾਂ ਦਸਦੇ ਕਿ ਕਾਂਗਰਸ ਵੇਲੇ ਵੀ ਸੁਮੇਧ ਸੈਣੀ ਅਤੇ ਅਕਾਲੀ ਦਲ ਵੇਲੇ ਵੀ ਸੁਮੇਧ ਸੈਣੀ ਹੇਠ ਹੀ ਕਿਉਂ ਨੌਜਵਾਨ ਮਰੇ? ਜੇ ਬਾਦਲ ਜੀ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿਤੇ ਸਨ ਤਾਂ ਕਿਸ ਨੇ ਦਿਤੇ ਸਨ? ਜੇ ਡੀ.ਜੀ.ਪੀ. ਸੈਣੀ ਨੇ ਮਾਮਲਾ ਅਪਣੇ ਹੱਥਾਂ ਵਿਚ ਲੈ ਲਿਆ ਸੀ ਤਾਂ ਬਾਦਲ ਜੀ ਨੂੰ ਅੱਜ ਦੀ ਤਰ੍ਹਾਂ ਗੁੱਸਾ ਕਿਉਂ ਨਹੀਂ ਸੀ ਆਇਆ?
ਕੀ ਗ੍ਰਹਿ ਮੰਤਰੀ ਨੇ ਹੁਕਮ ਦਿਤੇ ਸਨ? ਇਨ੍ਹਾਂ ਸਵਾਲਾਂ ਦੇ ਠੀਕ ਜਵਾਬ ਦੇ ਕੇ ਹੀ 'ਬੁਜ਼ਦਿਲੀ' ਦਾ ਠੀਕ ਜਵਾਬ ਦਿਤਾ ਜਾ ਸਕਦਾ ਸੀ ਜੋ ਉਨ੍ਹਾਂ ਨੇ ਅਜੇ ਵੀ ਸੱਚੋ ਸੱਚ ਨਹੀਂ ਦਸਿਆ, ਸਿਰਫ਼ ਅਪਣੇ ਬਚਾਅ ਵਾਸਤੇ ਹੀ ਘਰੋਂ ਬਾਹਰ ਆਏ ਸਨ। ਸ. ਪਰਕਾਸ਼ ਸਿੰਘ ਬਾਦਲ ਨੂੰ ਭਰੀ ਅਸੈਂਬਲੀ ਵਿਚ ਮੁੱਖ ਮੰਤਰੀ ਨੇ ਬੁਜ਼ਦਿਲ ਆਖਿਆ ਤਾਂ 'ਫ਼ਖ਼ਰੇ-ਆਜ਼ਮ' ਨੂੰ ਬੜੀ ਤਕਲੀਫ਼ ਹੋਈ। ਉਹ ਬਿਮਾਰੀ ਕਾਰਨ ਵਿਧਾਨ ਸਭਾ ਵਿਚ ਤਾਂ ਹਾਜ਼ਰ ਨਾ ਹੋ ਸਕੇ ਪਰ ਟੀ.ਵੀ. ਚੈਨਲਾਂ ਉਤੇ ਅਪਣਾ ਪੱਖ ਦੇਣ ਲਈ ਪਹੁੰਚ ਗਏ।
ਪਰ ਉਹ ਗਏ ਸਿਰਫ਼ ਅਪਣੇ 'ਘਰੇਲੂ' ਚੈਨਲ ਕੋਲ ਹੀ ਅਤੇ ਸਵਾਲਾਂ ਦੇ ਜਵਾਬ ਵੀ ਉਸ ਪੱਤਰਕਾਰ ਦੇ, ਦੇ ਰਹੇ ਸਨ ਜਿਸ ਦੀ ਤਨਖ਼ਾਹ ਵੀ ਉਨ੍ਹਾਂ ਦਾ ਪ੍ਰਵਾਰ ਦਿੰਦਾ ਹੈ। ਖ਼ੈਰ, ਉਨ੍ਹਾਂ ਅਪਣੀ ਨਿਜੀ ਜ਼ਿੰਦਗੀ ਵਿਚ ਪੰਜਾਬ ਵਾਸਤੇ ਕੀਤੀਆਂ ਕੁਰਬਾਨੀਆਂ ਗਿਣਵਾਈਆਂ ਪਰ ਸ਼ਾਇਦ ਉਹ ਇਹ ਭੁੱਲ ਗਏ ਕਿ ਇਸ ਸੂਬੇ ਅਤੇ ਇਸ ਕੌਮ ਨੇ ਉਨ੍ਹਾਂ ਨੂੰ ਕੀ ਕੀ ਦਿਤਾ ਹੈ। ਪੰਜਾਬ ਕਰਜ਼ੇ ਵਿਚ ਡੁੱਬ ਗਿਆ ਹੈ, ਚੰਡੀਗੜ੍ਹ ਸਦਾ ਲਈ ਖੁਸ ਗਿਆ ਲਗਦਾ ਹੈ, ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ, ਨਸ਼ੇ ਦਾ ਕਾਰੋਬਾਰ ਪੰਜਾਬ ਵਿਚ ਹੀ ਹੁੰਦਾ ਹੈ ਅਤੇ ਪੰਜਾਬ ਵਿਚ ਪਸਰੀ ਬੇਰੁਜ਼ਗਾਰੀ ਮਗਰੋਂ ਖੇਤੀ ਦੇ ਧੰਦੇ 'ਚੋਂ ਆਮਦਨ ਜਾਂ ਮੁਨਾਫ਼ਾ ਅਲੋਪ ਹੋ ਗਿਆ ਹੈ
ਅਤੇ ਇੰਡਸਟਰੀ ਪੰਜਾਬ 'ਚੋਂ ਬਾਹਰ ਦੌੜ ਗਈ ਹੈ ਪਰ ਉਨ੍ਹਾਂ ਦਾ ਪ੍ਰਵਾਰ 'ਰਾਜ ਨਹੀਂ ਸੇਵਾ' ਕਰਦਾ ਕਰਦਾ ਅਰਬਾਂ ਦੀ ਜਾਇਦਾਦ ਦਾ ਮਾਲਕ ਬਣ ਬੈਠਾ ਹੈ। ਇਸੇ ਪੰਜਾਬ ਦੀ 'ਰਾਜ ਜਮ੍ਹਾਂ ਸੇਵਾ' ਅਤੇ ਸ਼੍ਰੋਮਣੀ ਕਮੇਟੀ ਦੀ ਤਾਕਤ ਕਰ ਕੇ ਉਨ੍ਹਾਂ ਕੋਲ ਹੋਟਲਾਂ, ਬਸਾਂ, ਟੀ.ਵੀ. ਚੈਨਲਾਂ ਦੇ ਮੁਨਾਫ਼ੇਬਖ਼ਸ਼ ਕਾਰੋਬਾਰ ਚਲ ਰਹੇ ਹਨ। ਸਾਡੇ ਕਿਸਾਨ ਇਕ-ਦੋ ਕਿੱਲਾ ਜ਼ਮੀਨ ਨਾਲ ਗੁਜ਼ਾਰਾ ਕਰਦੇ ਚਲੇ ਆ ਰਹੇ ਹਨ ਪਰ ਇਹ ਜੋ ਕਿਸੇ ਵੇਲੇ 2-3 ਕਿੱਲੇ ਜ਼ਮੀਨ ਦੇ ਮਾਲਕ ਸਨ, ਅੱਜ ਸੈਂਕੜੇ ਕਿੱਲੇ ਦੇ ਫ਼ਾਰਮ ਹਾਊਸ ਬਣਾਉਣ ਉਪ੍ਰੰਤ ਮਹਿਲਾਂ ਵਿਚ ਜੰਨਤ ਦੇ ਸੁੱਖ ਲੈ ਰਹੇ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ ਤਾਂ 'ਰਾਜ' ਕੀਤਾ ਹੀ ਨਹੀਂ, ਕੇਵਲ 'ਸੇਵਾ' ਹੀ ਕੀਤੀ ਹੈ।
ਉਹ ਇਹ ਵੀ ਦਸਣਾ ਭੁਲ ਗਏ ਕਿ ਉਨ੍ਹਾਂ ਅਕਾਲੀ ਦਲ ਅਰਥਾਤ ਸਿੱਖ ਪੰਥ ਦੀ ਇਕੋ ਇਕ ਨੁਮਾਇੰਦਾ ਪਾਰਟੀ ਨੂੰ, ਅਪਣੀ ਨਿਜੀ ਪਾਰਟੀ ਬਣਾ ਕੇ, ਅਪਣੇ ਬੇਟੇ, ਨੂੰਹ, ਨੂੰਹ ਦੇ ਭਰਾ, ਬੇਟੀ, ਜਵਾਈ ਉਨ੍ਹਾਂ ਦੇ ਕਰੀਬੀ ਮਿੱਤਰਾਂ ਤੇ ਪ੍ਰਵਾਰਾਂ ਵਾਸਤੇ ਸੂਬੇ ਅਤੇ ਕੇਂਦਰ ਵਿਚ ਵਜ਼ੀਰੀਆਂ ਖ਼ਰੀਦ ਲਈਆਂ ਹਨ। ਬਰਗਾੜੀ ਗੋਲੀ ਕਾਂਡ ਨੂੰ ਹੋਇਆਂ ਦੋ ਸਾਲ ਤੋਂ ਵੱਧ ਹੋ ਗਏ ਹਨ ਪਰ ਅੱਜ ਤਕ ਇਕ ਵੀ ਅਕਾਲੀ/ਸ਼੍ਰੋਮਣੀ ਕਮੇਟੀ ਆਗੂ ਇਹ ਆਖਣ ਦੀ ਹਿੰਮਤ ਨਹੀਂ ਕਰ ਸਕਿਆ ਕਿ ਅਕਾਲੀ ਦਲ ਦੇ ਰਾਜ ਵਿਚ ਪੁਲਿਸ ਵਲੋਂ ਸਿੱਖ ਨੌਜਵਾਨਾਂ ਉਤੇ ਗੋਲੀ ਚਲਾਉਣਾ ਗ਼ਲਤ ਸੀ। ਕੋਈ ਇਕ ਵੀ ਅਕਾਲੀ ਆਗੂ ਅਪਣੀ ਸ਼ਰਮਿੰਦਗੀ ਦਾ ਇਜ਼ਹਾਰ ਨਹੀਂ ਕਰ ਸਕਿਆ।
ਹਾਂ, ਅੱਜ ਬਾਦਲ ਪ੍ਰਵਾਰ ਨੂੰ ਡਿਗਿਆ ਵੇਖ ਕੇ ਸਾਬਕਾ ਮੁੱਖ ਸੇਵਾਦਾਰ, ਅਵਤਾਰ ਸਿੰਘ ਮੱਕੜ ਹੁਣ ਜ਼ਰੂਰ ਬੋਲੇ ਹਨ ਪਰ ਉਨ੍ਹਾਂ ਦੀ ਹੁਣ ਸੁਣੇਗਾ ਕੌਣ? ਅੱਜ ਅਕਾਲੀ ਦਲ ਕਾਂਗਰਸ ਦੇ '84 ਕਤਲੇਆਮ ਦੀ ਯਾਦ ਮੁੜ ਤੋਂ ਦਿਵਾ ਰਿਹਾ ਹੈ। ਪਿਛਲੇ 34 ਸਾਲਾਂ ਵਿਚ ਆਪ ਰਾਜਗੱਦੀਆਂ ਉਤੇ ਬੈਠ ਕੇ, ਪੀੜਤਾਂ ਦਾ ਦੁਖ ਘਟਾਉਣ ਲਈ ਕੀ ਕੀਤਾ ਗਿਆ, ਇਹ ਨਹੀਂ ਦੱਸਣਗੇ। ਬੁਜ਼ਦਿਲੀ ਦੇ ਤਾਹਨੇ ਦਾ ਜਵਾਬ, ਗੱਲਾਂ ਤੇ ਦਾਅਵਿਆਂ ਨਾਲ ਨਹੀਂ, 'ਬਹਾਦਰੀ' ਦਾ ਇਕ ਕਾਰਨਾਮਾ ਕਰਨ ਨਾਲ ਦਿਤਾ ਜਾਣਾ ਚਾਹੀਦਾ ਸੀ।
ਜੇ ਬਾਦਲ ਜੀ ਦਲੇਰ ਹੁੰਦੇ ਤਾਂ ਦਸਦੇ ਕਿ ਕਾਂਗਰਸ ਵੇਲੇ ਵੀ ਸੁਮੇਧ ਸੈਣੀ ਅਤੇ ਅਕਾਲੀ ਦਲ ਵੇਲੇ ਵੀ ਸੁਮੇਧ ਸੈਣੀ ਹੇਠ ਹੀ ਕਿਉਂ ਨੌਜਵਾਨ ਮਰੇ? ਜੇ ਬਾਦਲ ਜੀ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿਤੇ ਸਨ ਤਾਂ ਕਿਸ ਨੇ ਦਿਤੇ ਸਨ? ਜੇ ਡੀ.ਜੀ.ਪੀ. ਸੈਣੀ ਨੇ ਮਾਮਲਾ ਅਪਣੇ ਹੱਥਾਂ ਵਿਚ ਲੈ ਲਿਆ ਸੀ ਤਾਂ ਬਾਦਲ ਜੀ ਨੂੰ ਅੱਜ ਦੀ ਤਰ੍ਹਾਂ ਗੁੱਸਾ ਕਿਉਂ ਨਹੀਂ ਸੀ ਆਇਆ? ਕੀ ਗ੍ਰਹਿ ਮੰਤਰੀ ਨੇ ਹੁਕਮ ਦਿਤੇ ਸਨ? ਇਨ੍ਹਾਂ ਸਵਾਲਾਂ ਦੇ ਠੀਕ ਜਵਾਬ ਦੇ ਕੇ ਹੀ 'ਬੁਜ਼ਦਿਲੀ' ਦਾ ਠੀਕ ਜਵਾਬ ਦਿਤਾ ਜਾ ਸਕਦਾ ਸੀ ਜੋ ਉਨ੍ਹਾਂ ਨੇ ਅਜੇ ਵੀ ਸੱਚੋ ਸੱਚ ਨਹੀਂ ਦਸਿਆ, ਸਿਰਫ਼ ਅਪਣੇ ਬਚਾਅ ਵਾਸਤੇ ਹੀ ਘਰੋਂ ਬਾਹਰ ਆਏ ਸਨ।
ਅੱਜ ਵੱਡੇ ਬਾਦਲ ਸਾਹਿਬ ਨੂੰ ਆਮ ਜਨਤਾ ਦੇ ਰੋਸ ਦਾ ਸੇਕ ਲਗਣਾ ਸ਼ੁਰੂ ਹੋਇਆ ਹੈ ਅਤੇ ਉਹ ਘਬਰਾ ਕੇ ਕਿਸੇ ਨਾ ਕਿਸੇ ਤਰ੍ਹਾਂ ਅਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਵਿਚ ਏਨੀ ਗੁਰਮੁਖਤਾਈ ਨਹੀਂ ਬਚੀ ਰਹਿ ਸਕੀ ਕਿ ਦੂਜੇ ਭਲੇ ਪੁਰਸ਼ਾਂ ਦੇ ਸਿਰ ਅਪਣੇ ਜ਼ਰ-ਖ਼ਰੀਦ 'ਜਥੇਦਾਰਾਂ' ਅੱਗੇ ਝੁਕਾਉਂਦੇ ਰਹਿਣ ਮਗਰੋਂ, ਆਪ ਵੀ ਅਪਣੇ ਇਸ 'ਅਪਰਾਧ' ਵਾਸਤੇ ਮਾਫ਼ੀ ਮੰਗਣ ਦੀ ਹਿੰਮਤ ਵਿਖਾ ਦੇਣ ਅਰਥਾਤ ਖ਼ੁਦਾ ਦੀ ਖ਼ਲਕ ਅੱਗੇ ਵੀ ਇਕ ਵਾਰ ਸਿਰ ਝੁਕਾਅ ਦੇਣ।
-ਨਿਮਰਤ ਕੌਰ