ਸਾਡੀ ਨਵੀਂ ਪੀੜ੍ਹੀ 1984 ਦੇ ਸਿੱਖ ਕਤਲੇਆਮ ਬਾਰੇ ਕੁੱਝ ਨਹੀਂ ਜਾਣਦੀ। ਕਿਉਂ ਭਲਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਵੰਬਰ 1984 ਦੇ ਆਉਂਦਿਆਂ ਹੀ, ਸਿੱਖ ਨਸਲਕੁਸ਼ੀ ਦੀ ਯਾਦ ਕਈਆਂ ਨੂੰ ਤਾਂ ਹੋਰ ਤੇਜ਼ੀ ਨਾਲ ਚੁੱਭਣ ਲਗਦੀ ਹੈ ਪਰ ਕਿਤੇ ਕਿਤੇ ਅੱਜ ਦੀ ਪੀੜ੍ਹੀ ਦੀ '84 ਦੇ ਕਤਲੇਆਮ....

1984 Sikh massacre

ਨਵੰਬਰ 1984 ਦੇ ਆਉਂਦਿਆਂ ਹੀ, ਸਿੱਖ ਨਸਲਕੁਸ਼ੀ ਦੀ ਯਾਦ ਕਈਆਂ ਨੂੰ ਤਾਂ ਹੋਰ ਤੇਜ਼ੀ ਨਾਲ ਚੁੱਭਣ ਲਗਦੀ ਹੈ ਪਰ ਕਿਤੇ ਕਿਤੇ ਅੱਜ ਦੀ ਪੀੜ੍ਹੀ ਦੀ '84 ਦੇ ਕਤਲੇਆਮ ਬਾਰੇ ਅਣਜਾਣਤਾ ਤੇ ਅਭਿੱਜਤਾ ਵੀ ਨਜ਼ਰ ਆ ਰਹੀ ਸੀ। ਸਪੋਕਸਮੈਨ ਟੀ.ਵੀ. ਰਾਹੀਂ ਨੌਜੁਆਨਾਂ ਨਾਲ ਗੱਲਬਾਤ ਕਰ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਜ ਦੀ ਪੀੜ੍ਹੀ ਦੀ ਕਠੋਰਤਾ ਸਮਝ ਵੀ ਆਈ। ਨੌਜੁਆਨਾਂ ਨੂੰ ਇਕ ਤਾਂ ਪਤਾ ਹੀ ਨਹੀਂ ਸੀ ਕਿ ਨਵੰਬਰ '84 'ਚ ਕੁੱਝ ਹੋਇਆ ਵੀ ਸੀ। ਕੁੱਝ ਨੇ ਅਤਿਵਾਦ ਦਾ ਨਾਂ ਲਿਆ। ਸਾਰਿਆਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਘਰੋਂ ਅਤੇ ਨਾ ਹੀ ਸਕੂਲ ਵਿਚੋਂ ਦਿਤੀ ਗਈ। ਤਾਂ ਫਿਰ ਕਸੂਰਵਾਰ ਤਾਂ ਮਾਂ-ਬਾਪ ਹੋਏ।

ਪਰ ਕੀ ਮਾਂ-ਬਾਪ ਨੂੰ ਅਸੀਂ ਅਪਣੇ ਬੱਚਿਆਂ ਨੂੰ '84 ਦੇ ਕਤਲੇਆਮ ਤੋਂ ਦੂਰ ਰੱਖਣ ਲਈ ਕਸੂਰਵਾਰ ਠਹਿਰਾ ਸਕਦੇ ਹਾਂ? ਜਦੋਂ ਸਰਕਾਰ ਨੇ ਆਪ ਹੀ ਘਰਾਂ ਦੀ ਪਛਾਣ ਕਰਵਾ ਕੇ ਸਿੱਖਾਂ ਨੂੰ ਚੁਣ-ਚੁਣ ਕੇ ਮਰਵਾਇਆ ਤਾਂ ਵਿਸ਼ਵਾਸ ਟੁਟਣਾ ਹੀ ਸੀ ਪਰ ਉਸ ਤੋਂ ਬਾਅਦ ਜੋ ਪੀੜਤਾਂ ਉਤੇ ਬੀਤੀ, ਉਹ ਅਸਲ ਕਾਰਨ ਅੱਜ ਦੀ ਕਠੋਰਤਾ ਵਾਸਤੇ ਜ਼ਿੰਮੇਵਾਰ ਹੈ। ਸਿੱਖਾਂ ਵਾਂਗ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਹੋਈ ਸੀ ਤਾਂ ਨਾ ਸਿਰਫ਼ ਉਨ੍ਹਾਂ ਦੀ ਮਦਦ ਤੇ ਸਾਰੀ ਦੁਨੀਆਂ ਆਈ ਸੀ ਸਗੋਂ ਉਹ ਆਪ ਵੀ ਖੁਲ੍ਹ ਕੇ ਇਕ ਦੂਜੇ ਦੀ ਮਦਦ ਤੇ ਆਏ ਸਨ। ਯਹੂਦੀਆਂ ਨੇ ਦੁਨੀਆਂ ਦੇ ਕੋਨੇ-ਕੋਨੇ ਵਿਚ ਯਾਦਗਾਰਾਂ ਬਣਵਾਈਆਂ ਤਾਂ ਜੋ ਦੁਨੀਆਂ ਕਦੇ ਭੁੱਲ ਨਾ ਸਕੇ ਕਿ ਉਨ੍ਹਾਂ ਨਾਲ ਕੀ ਹੋਇਆ ਸੀ। ਫਿਰ ਉਨ੍ਹਾਂ ਨੇ ਅਪਣੇ ਇਕ-ਇਕ ਬੱਚੇ ਨੂੰ ਪੜ੍ਹਾਇਆ-ਲਿਖਾਇਆ ਅਤੇ ਅਪਣੀ ਪੂਰੀ ਕੌਮ ਨੂੰ ਤਾਕਤਵਰ ਬਣਾਇਆ।

ਸਿੱਖਾਂ ਨਾਲ ਕੀ ਹੋਇਆ? ਅੱਜ ਕਿਸੇ ਵੀ ਪੀੜਤ ਤੋਂ ਪੁੱਛੋ, ਇਕ ਨਹੀਂ ਬੋਲੇਗਾ ਕਿ ਮੇਰੇ ਨਾਲ ਕੋਈ ਸਿਆਸੀ ਜਾਂ ਧਾਰਮਕ ਆਗੂ ਖੜਾ ਸੀ। ਇਕ ਆਵਾਜ਼ ਨਾਲ ਹਰ ਪੀੜਤ ਆਖੇਗਾ ਕਿ ਸਾਨੂੰ 35 ਸਾਲਾਂ ਵਿਚ ਜੋ ਸਹਿਣਾ ਪਿਆ, ਉਹ ਉਨ੍ਹਾਂ 72 ਘੰਟਿਆਂ ਦੇ ਜ਼ੁਲਮ ਨਾਲੋਂ ਘੱਟ ਨਹੀਂ ਸੀ। ਤਰਨਦੀਪ ਕੌਰ, ਉਹ ਔਰਤ ਜਿਸ ਨੇ ਅਪਣੇ ਸੰਘਰਸ਼ ਵਿਚ ਅਪਣੀ ਸਾਰੀ ਜ਼ਿੰਦਗੀ ਲਾ ਦਿਤੀ, ਜਿਸ ਦੇ ਸਿਰ ਉਤੇ ਅੱਜ ਕਰਜ਼ਾ ਹੈ, ਉਹ ਇਕ ਇਨਸਾਨ ਨੂੰ ਅਪਣੇ ਨਾਲ ਖੜਾ ਨਹੀਂ ਆਖ ਸਕਦੀ। ਵਕੀਲਾਂ ਨੇ ਪੈਸੇ ਲਏ ਅਤੇ ਮਦਦ ਜ਼ਰੂਰ ਕੀਤੀ ਪਰ ਕੋਈ ਇਕ ਵੀ ਸਵਾਰਥ ਰਹਿਤ ਹੋ ਕੇ ਨਹੀਂ ਆਇਆ, ਸਿਵਾਏ ਸੀ.ਬੀ.ਆਈ. ਦੇ ਵਕੀਲ ਚੀਮਾ ਜੀ ਤੋਂ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਜਦੋਂ ਸੱਜਣ ਕੁਮਾਰ ਦਾ ਕੇਸ ਜਿਤਿਆ ਤਾਂ ਡੀ.ਜੀ.ਪੀ.ਸੀ. ਅਤੇ ਅਕਾਲੀ ਦਲ ਉਨ੍ਹਾਂ ਦੀ ਸਫ਼ਲਤਾ ਦਾ ਸਿਹਰਾ ਅਪਣੇ ਸਿਰ ਬੰਨ੍ਹਣ ਲਈ ਉਨ੍ਹਾਂ ਦੁਆਲੇ ਆ ਖੜੇ ਹੋਏ ਪਰ ਇਕ ਪੈਸੇ ਦੀ ਕਿਸੇ ਨੇ ਮਦਦ ਨਾ ਕੀਤੀ।

ਇਸ ਤਰ੍ਹਾਂ ਹੋਰ ਕਿੰਨੇ ਹੀ ਪੀੜਤਾਂ ਨਾਲ ਗੱਲ ਕੀਤੀ ਅਤੇ ਉਹ ਉਭਾਸਰ ਪਏ ਕਿ ਸਿੱਖ ਸਿਆਸਤਦਾਨਾਂ ਨੇ ਉਨ੍ਹਾਂ ਭਿਖਾਰੀ ਬਣਾ ਦਿਤਾ ਹੈ। ਜਿਸ ਡੀ.ਜੀ.ਪੀ. ਸੈਣੀ ਵਰਗੇ ਨੇ ਉਨ੍ਹਾਂ ਨੂੰ ਮਾਰਿਆ ਸੀ, ਉਨ੍ਹਾਂ ਨੂੰ ਹੀ ਪੰਜਾਬ ਦੇ ਸਿਰ ਤੇ ਬਿਠਾ ਕੇ, ਅਕਾਲੀ ਦਲ ਨੇ ਇਨ੍ਹਾਂ ਦੇ ਜ਼ਖ਼ਮਾਂ ਉਤੇ ਹੋਰ ਲੂਣ ਛਿੜਕਿਆ। ਕੁੱਝ ਇਹ ਵੀ ਮੰਨਦੇ ਹਨ ਕਿ ਸ਼੍ਰੋਮਣੀ ਕਮੇਟੀ, ਦਿੱਲੀ ਗੁ. ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਹੋਰ ਵੀ ਤੰਗ ਕੀਤਾ ਤੇ ਭਿਖਾਰੀ ਬਣਾਇਆ। ਐਚ.ਕੇ.ਐਲ. ਭਗਤ ਵਰਗਿਆਂ ਨੂੰ ਬਚਾਉਣ ਲਈ ਇਨ੍ਹਾਂ ਉਤੇ ਪਰਚੇ ਕਰਵਾਏ।

ਸਾਰਿਆਂ ਦੀ ਇਕ ਅਪੀਲ ਸੀ ਕਿ ਅਪਣੇ ਸਿਆਸੀ ਆਗੂਆਂ ਵਲ ਨਾ ਤੱਕੋ, ਇਹ ਉਨ੍ਹਾਂ ਹੀ ਦਰਿੰਦਿਆਂ ਵਰਗੇ ਹਨ ਜੋ ਭਾੜਾ ਲੈ ਕੇ ਸਿੱਖ-ਮਾਰੂ ਭੀੜ ਬਣ ਗਏ ਸਨ। ਸ਼ਾਇਦ ਇਹ ਉਨ੍ਹਾਂ ਤੋਂ ਵੀ ਹੋਰ ਵੱਡੇ ਹੈਵਾਨ ਸਨ ਕਿਉਂਕਿ ਇਹ ਅਪਣੇ ਸਨ। ਅਤੇ ਇਹ ਲੋਕ ਅੱਜ ਦੀ ਨਵੀਂ ਪੀੜ੍ਹੀ ਦੀ 1984 ਬਾਰੇ ਅਗਿਆਨਤਾ ਦਾ ਅਸਲ ਕਾਰਨ ਹਨ ਕਿਉਂਕਿ ਜਦੋਂ ਮਾਂ-ਬਾਪ ਜਾਣਦੇ ਹਨ ਕਿ ਸਰਕਾਰ ਕਦੇ ਵੀ ਕਾਤਲ ਬਣ ਸਕਦੀ ਹੈ ਅਤੇ ਅਪਣੇ ਹੀ ਧਾਰਮਕ, ਪੰਥਕ ਆਗੂ ਉਨ੍ਹਾਂ ਨੂੰ ਪੀੜਤਾਂ ਦੀ ਭੀੜ ਨੂੰ ਵੇਚ ਕੇ ਕੁਰਸੀਆਂ ਖ਼ਰੀਦ ਸਕਦੇ ਹਨ, ਫਿਰ ਕੌਣ ਅਪਣੇ ਬੱਚਿਆਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਸਮਝਾ ਕੇ ਅਪਣੇ ਬੱਚਿਆਂ ਨੂੰ ਗਵਾਉਣਾ ਚਾਹੇਗਾ?

ਅਸਲ ਵਿਚ ਜੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਪੰਥਕ ਸੋਚ ਬਣੀ ਰਹਿੰਦੀ ਤਾਂ ਕੀ ਪੰਜਾਬ ਦੇ ਸਕੂਲਾਂ ਵਿਚ ਉਨ੍ਹਾਂ 'ਅਤਿਵਾਦੀਆਂ' ਦੀ ਕ੍ਰਾਂਤੀ ਦਾ ਸੱਚ ਨਾ ਦਸਿਆ ਜਾਂਦਾ? ਕੀ ਅੱਜ ਪੰਜਾਬੀਆਂ ਵਿਚ ਏਨੀ ਤਾਕਤ ਨਹੀਂ ਕਿ ਉਹ ਇਕ-ਇਕ ਪੀੜਤ ਦੀ ਕਹਾਣੀ ਦਾ ਅਜਾਇਬ ਘਰ ਉਸਾਰਦੇ ਅਤੇ ਸਾਰੀ ਦੁਨੀਆਂ ਸਾਹਮਣੇ ਪੇਸ਼ ਕਰਦੇ? ਸਾਡੇ ਸਿਆਸਤਦਾਨਾਂ ਦੀਆਂ ਕਈ ਲਾਲਸਾਵਾਂ ਮਾਫ਼, ਪਰ ਅਪਣਿਆਂ ਦੇ ਦਰਦ ਨੂੰ ਲੈ ਕੇ ਕੀਤੀ ਸੌਦੇਬਾਜ਼ੀ ਮਾਫ਼ੀਯੋਗ ਨਹੀਂ। ਜਿਨ੍ਹਾਂ ਨੂੰ ਅੱਜ ਸੱਤਾ ਤੋਂ ਬਾਹਰ ਜਾ ਕੇ '84 ਦੇ ਪੀੜਤ ਯਾਦ ਆ ਰਹੇ ਹਨ, ਉਨ੍ਹਾਂ ਮਗਰਮੱਛਾਂ ਨੂੰ ਤਾਂ ਬੇਦਖ਼ਲ ਕਰਨਾ ਹੀ ਠੀਕ ਰਹੇਗਾ।  - ਨਿਮਰਤ ਕੌਰ