ਨਵਾਂ ਅਕਾਲੀ ਦਲ, ਬਾਦਲ ਦਲ ਦੇ ਮੁਕਾਬਲੇ 1920 ਵਾਲਾ ਅਸਲ ਅਕਾਲੀ ਦਲ ਬਣ ਸਕਦਾ ਹੈ...!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਆਪ' ਅਤੇ ਕਾਂਗਰਸ, ਦੁਹਾਂ ਦੀ ਫੁੱਟ ਸਾਹਮਣੇ ਹੈ ਅਤੇ ਨਵਾਂ ਅਕਾਲੀ ਦਲ ਸਾਰੇ ਰੁੱਸੇ ਲੀਡਰਾਂ ਨੂੰ ਖਿੱਚ ਸਕਦਾ ਹੈ........

Taksali Akali

'ਆਪ' ਅਤੇ ਕਾਂਗਰਸ, ਦੁਹਾਂ ਦੀ ਫੁੱਟ ਸਾਹਮਣੇ ਹੈ ਅਤੇ ਨਵਾਂ ਅਕਾਲੀ ਦਲ ਸਾਰੇ ਰੁੱਸੇ ਲੀਡਰਾਂ ਨੂੰ ਖਿੱਚ ਸਕਦਾ ਹੈ

ਅੱਜ ਲੋਕ ਇਨ੍ਹਾਂ ਸਾਰੇ ਬਾਗ਼ੀਆਂ ਵਲ ਨੀਝ ਲਾ ਕੇ ਵੇਖ ਰਹੇ ਹਨ ਕਿਉਂਕਿ ਇਨ੍ਹਾਂ ਨੇ ਸਿਧਾਂਤਾਂ ਖ਼ਾਤਰ ਅਪਣੇ ਹਾਈਕਮਾਂਡ ਵਿਰੁਧ ਬਗ਼ਾਵਤ ਕੀਤੀ ਹੈ। ਬਗ਼ਾਵਤ ਵੀ ਉਨ੍ਹਾਂ ਵਿਰੁਧ ਕਰ ਰਹੇ ਹਨ ਜਿਨ੍ਹਾਂ ਕੋਲ ਪੈਸਾ ਹੈ, ਤਾਕਤ ਹੈ ਤੇ ਮੀਡੀਆ ਹੈ। ਪਰ ਅੱਜ ਬਾਗ਼ੀਆਂ ਲਈ ਲੋਕਾਂ ਦੇ ਮਨਾਂ ਵਿਚ ਇੱਜ਼ਤ ਹੈ। ਨਵਾਂ ਅਕਾਲੀ ਦਲ ਪੰਜਾਬ ਦੀ ਸਿਆਸਤ ਵਿਚ ਇਕ ਵੱਡੀ ਹਲਚਲ ਲਿਆ ਸਕਦਾ ਹੈ। ਇਹ ਸਿਰਫ਼ ਅਕਾਲੀ ਦਲ ਬਾਦਲ ਹੀ ਨਹੀ, 'ਆਪ' ਅਤੇ ਕਾਂਗਰਸ ਨੂੰ ਵੀ ਚੁਨੌਤੀ ਦੇਣ ਦੇ ਸਮਰੱਥ ਹੈ।​

ਅਕਾਲੀ ਦਲ 'ਚੋਂ ਬਾਹਰ ਕੱਢੇ ਜਾਣ ਤੋਂ ਇਕ ਮਹੀਨਾ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਅਤੇ ਇਨ੍ਹਾਂ ਦੇ ਸਪੁੱਤਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਵੱਡਾ ਕਦਮ ਚੁੱਕ ਲਿਆ ਹੈ। 2020 ਵਿਚ ਅਕਾਲੀ ਦਲ ਨੇ 100 ਸਾਲ ਦਾ ਹੋ ਜਾਣਾ ਹੈ ਪਰ ਇਸ ਵਾਰ ਸ਼ਾਇਦ ਬਾਦਲ ਪ੍ਰਵਾਰ ਅਪਣੇ ਆਪ ਨੂੰ 'ਅਕਾਲੀ ਦਲ' ਅਖਵਾਉਣ ਵਾਲਾ ਇਕੱਲਾ ਪ੍ਰਵਾਰ ਨਹੀਂ ਹੋਵੇਗਾ ਤੇ ਹੋ ਸਕਦੈ, ਉਦੋਂ ਤਕ ਅਸਲੀ ਅਕਾਲੀ ਦਲ ਹੋਣ ਦਾ ਦਾਅਵਾ ਕਿਸੇ ਹੋਰ ਪਾਸੇ ਤੋਂ ਵਜਣਾ ਸ਼ੁਰੂ ਹੋ ਜਾਏ। 

ਨਵੇਂ ਅਕਾਲੀ ਦਲ ਵਿਚ ਹੁਣ 'ਆਪ' 'ਚੋਂ ਕੱਢੇ ਗਏ ਸੁਖਪਾਲ ਸਿੰਘ ਖਹਿਰਾ ਅਤੇ ਸਾਥੀ ਵੀ ਸ਼ਾਮਲ ਹੋਣ ਦੀ ਤਿਆਰੀ ਵਿਚ ਹਨ। ਬੈਂਸ ਭਰਾ ਵੀ ਇਸ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਇਹ ਪਾਰਟੀ ਨਾ ਸਿਰਫ਼ ਅਕਾਲੀ ਦਲ ਲਈ ਚੁਨੌਤੀ ਬਣ ਕੇ ਆ ਰਹੀ ਹੈ ਸਗੋਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੀ ਅੰਦਰੂਨੀ ਦੁਫੇੜ ਦਾ ਫ਼ਾਇਦਾ ਵੀ ਲੈ ਸਕਦੀ ਹੈ। 'ਆਪ' ਨੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ 'ਚੋਂ ਕੱਢ ਕੇ ਅਪਣੀ ਗ਼ਲਤੀ ਦਾ ਅਹਿਸਾਸ ਕਰ ਲਿਆ ਹੈ। ਹੁਣ ਉਹ ਚਾਹੁੰਦੇ ਹਨ ਕਿ ਸੱਭ ਨਾਰਾਜ਼ ਲੋਕ ਵਾਪਸ ਆ ਜਾਣ। ਪਰ ਹੁਣ 'ਆਪ' ਵਿਚ ਪੰਜਾਬ ਦਾ ਤੀਜਾ ਧੜਾ ਬਣੇ ਰਹਿਣ ਦੀ ਸਮਰੱਥਾ ਨਹੀਂ ਰਹੀ।

ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗ ਕੇ ਅਪਣੀ ਕਥਨੀ ਦੀ ਅਹਿਮੀਅਤ ਗਵਾ ਲਈ ਅਤੇ ਭਗਵੰਤ ਮਾਨ ਨੇ ਉਸ ਵੇਲੇ ਕੇਜਰੀਵਾਲ ਦਾ ਸਾਥ ਦੇ ਕੇ ਅਪਣਾ ਅਕਸ ਵਿਗਾੜ ਲਿਆ। ਅੱਜ ਦੇ ਹਾਲਾਤ ਵਿਚ 2019 ਵਿਚ 'ਆਪ' ਸ਼ਾਇਦ ਇਕ ਸੀਟ ਵੀ ਨਾ ਜਿੱਤ ਸਕੇ। ਇਸ ਨਵੇਂ ਬਣਨ ਜਾ ਰਹੇ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਦੇ ਦਿਤਾ ਹੈ ਅਤੇ ਉਨ੍ਹਾਂ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਸਾਰਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੰਨ੍ਹ ਕੇ ਕਾਂਗਰਸ ਦੀ ਅੰਦਰੂਨੀ ਕਮਜ਼ੋਰੀ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ।

ਪੰਜਾਬ ਦੇ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਵਿਰੁਧ ਆਵਾਜ਼ ਚੁਕ ਕੇ ਸਪੱਸ਼ਟ ਸੰਕੇਤ ਦੇ ਦਿਤਾ ਹੈ ਕਿ ਕਾਂਗਰਸ ਅੰਦਰ ਸੱਭ ਠੀਕ ਨਹੀਂ ਹੈ। ਵਿਰੋਧੀਆਂ ਵਲੋਂ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਤਾਂ ਸਮਝ ਵਿਚ ਆਉਂਦਾ ਹੈ ਪਰ ਸਿੱਧੂ ਦੀ ਅਪਣੀ ਪਾਰਟੀ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਖ਼ੁਦ ਗ਼ਲਤੀ ਕਰ ਲਈ ਹੈ। ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਹਨ, ਇਹ ਤਾਂ ਸਾਰੇ ਹੀ ਜਾਣਦੇ ਹਨ। ਮੁੱਖ ਮੰਤਰੀ ਨੂੰ ਖ਼ੁਦ ਚੋਣਾਂ ਤੋਂ ਪਹਿਲਾਂ ਇਹੀ ਕਬੂਲਣਾ ਪਿਆ ਅਤੇ ਮੁੱਖ ਮੰਤਰੀ ਛੱਡੋ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਰਾਹੁਲ ਗਾਂਧੀ ਸਾਹਮਣੇ ਚੁਪ ਰਹਿਣਾ ਪਿਆ ਸੀ।

ਸੋ ਕੈਪਟਨ ਕਹੋ, ਪ੍ਰਧਾਨ ਕਹੋ, ਕਾਂਗਰਸ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥ ਵਿਚ ਹੈ। ਇਹ ਮੁੱਦਾ ਚੁੱਕ ਕੇ ਕਾਂਗਰਸੀਆਂ ਨੇ ਕੇਜਰੀਵਾਲ ਵਾਂਗ ਅਪਣੇ ਪੈਰਾਂ ਉਤੇ ਕੁਹਾੜੀ ਮਾਰ ਲਈ ਹੈ। ਕਾਂਗਰਸ, ਖ਼ਾਸ ਕਰ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕੋਲ ਬੜਾ ਸ਼ਾਨਦਾਰ ਮੌਕਾ ਸੀ ਕਿ ਉਹ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲੈਂਦੀ ਅਤੇ ਸਿੱਧੂ ਦੀ ਪ੍ਰਾਪਤੀ ਨੂੰ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਪਤੀ ਬਣਾ ਕੇ ਪੇਸ਼ ਕਰਦੀ। ਜੋ ਕੰਮ 70 ਸਾਲਾਂ ਤੋਂ ਕੋਈ ਸਰਕਾਰ ਨਹੀਂ ਸੀ ਕਰ ਸਕੀ, ਅਤੇ ਜੋ ਕਾਂਗਰਸ ਦੇ ਇਕ ਮੰਤਰੀ ਦੇ ਨਿਜੀ ਸਬੰਧਾਂ ਕਰ ਕੇ ਹੀ ਹੋ ਗਿਆ, ਉਹ ਕਾਂਗਰਸ ਦੀ ਜਿੱਤ ਵਜੋਂ ਪੇਸ਼ ਕੀਤਾ ਜਾ ਸਕਦਾ ਸੀ।

ਪਰ ਕਾਂਗਰਸ ਦੇ ਆਗੂਆਂ ਨੇ ਅਪਣੀ ਈਰਖਾ ਦਾ ਪ੍ਰਦਰਸ਼ਨ ਕਰ ਕੇ ਇਸ ਨੂੰ ਸਿਰਫ਼ ਅਤੇ ਸਿਰਫ਼ ਨਵਜੋਤ ਸਿੰਘ ਸਿੱਧੂ ਦੀ ਜਿੱਤ ਬਣਾ ਧਰਿਆ ਹੈ। ਅੱਜ ਅਕਾਲੀ ਦਲ ਬੜਾ ਖ਼ੁਸ਼ ਹੈ ਕਿ ਕਾਂਗਰਸ ਅੰਦਰ ਲੜਾਈਆਂ ਚਲ ਰਹੀਆਂ ਹਨ ਜਿਸ ਨਾਲ ਧਿਆਨ ਉਨ੍ਹਾਂ ਵਲੋਂ ਹੱਟ ਗਿਆ ਹੈ। ਉਹ ਸੋਚਣ ਲੱਗ ਪਏ ਹਨ ਕਿ ਕਾਂਗਰਸ ਵੀ ਕਮਜ਼ੋਰ ਹੋ ਰਹੀ ਹੈ ਜਿਸ ਦਾ ਫ਼ਾਇਦਾ 2019 'ਚ ਉਨ੍ਹਾਂ ਨੂੰ ਮਿਲ ਸਕਦਾ ਹੈ। ਪਰ ਨਵੇਂ ਅਕਾਲੀ ਦਲ ਨੇ ਸਾਰੀਆਂ ਪਾਰਟੀਆਂ ਦੇ ਰੁੱਸੇ ਹੋਏ ਆਗੂਆਂ ਨੂੰ ਇਕੱਠੇ ਕਰਨ ਦੀ ਤਿਆਰੀ ਕਰ ਲਈ ਹੈ ਜੋ ਕਿ ਉਨ੍ਹਾਂ ਨੂੰ ਪੰਜਾਬ ਦਾ ਤੀਜਾ ਧੜਾ ਬਣਾ ਸਕਦੀ ਹੈ।

ਹੁਣ ਇਸ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਕਿ ਉਹ ਉਨ੍ਹਾਂ ਸਾਰੇ ਮੁੱਦਿਆਂ ਤੋਂ ਸਬਕ ਸਿਖੇ ਜਿਨ੍ਹਾਂ ਨੇ ਅਕਾਲੀ ਦਲ (ਬਾਦਲ) ਨੂੰ ਕਮਜ਼ੋਰ ਕੀਤਾ ਹੈ। ਅੱਜ ਲੋਕ ਇਨ੍ਹਾਂ ਸਾਰੇ ਬਾਗ਼ੀਆਂ ਵਲ ਨੀਝ ਲਾ ਕੇ ਵੇਖ ਰਹੇ ਹਨ ਕਿਉਂਕਿ ਇਨ੍ਹਾਂ ਨੇ ਸਿਧਾਂਤਾਂ ਖ਼ਾਤਰ ਅਪਣੇ ਹਾਈਕਮਾਂਡ ਵਿਰੁਧ ਬਗ਼ਾਵਤ ਕੀਤੀ ਹੈ। ਬਗ਼ਾਵਤ ਵੀ ਉਨ੍ਹਾਂ ਵਿਰੁਧ ਕਰ ਰਹੇ ਹਨ ਜਿਨ੍ਹਾਂ ਕੋਲ ਪੈਸਾ ਹੈ, ਤਾਕਤ ਹੈ ਤੇ ਮੀਡੀਆ ਹੈ। ਪਰ ਅੱਜ ਬਾਗ਼ੀਆਂ ਲਈ ਲੋਕਾਂ ਦੇ ਮਨਾਂ ਵਿਚ ਇੱਜ਼ਤ ਹੈ। ਨਵਾਂ ਅਕਾਲੀ ਦਲ ਪੰਜਾਬ ਦੀ ਸਿਆਸਤ ਵਿਚ ਇਕ ਵੱਡੀ ਹਲਚਲ ਲਿਆ ਸਕਦਾ ਹੈ। ਇਹ ਸਿਰਫ਼ ਅਕਾਲੀ ਦਲ ਬਾਦਲ ਹੀ ਨਹੀਂ, 'ਆਪ' ਅਤੇ ਕਾਂਗਰਸ ਨੂੰ ਵੀ ਚੁਨੌਤੀ ਦੇਣ ਦੇ ਸਮਰੱਥ ਹੋ ਸਕਦਾ ਹੈ।
-ਨਿਮਰਤ ਕੌਰ