ਵੇਖਿਉ, ਡਰ ਦਾ ਮਾਹੌਲ ਵਿਕਾਸ ਦੇ ਪਹੀਏ ਨੂੰ ਉੱਕਾ ਹੀ ਨਾ ਰੋਕ ਦੇਵੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਜਪਾ ਕੋਲ ਅਜੇ ਸਾਢੇ ਚਾਰ ਸਾਲ ਦਾ ਸਮਾਂ ਬਾਕੀ ਹੈ ਅਤੇ ਦੇਸ਼ ਦਾ ਕੋਈ ਨਾਗਰਿਕ ਇਨ੍ਹਾਂ ਨੂੰ ਆਰਥਕ ਖੇਤਰ ਵਿਚ ਹਾਰਦਾ ਨਹੀਂ ਵੇਖਣਾ ਚਾਹੁੰਦਾ ..

Manmohan Singh

ਭਾਰਤ ਦੀ ਵਿਕਾਸ ਦਰ 'ਚ ਆਈ ਗਿਰਾਵਟ ਵੇਖ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਲੋਂ ਨਿਕਲੀ ਆਵਾਜ਼ ਸੀ ਕਿ ਏਨੀ ਜ਼ਿਆਦਾ ਗਿਰਾਵਟ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਦਰਦ ਸਮਝ ਵਿਚ ਵੀ ਆਉਂਦਾ ਹੈ ਕਿਉਂਕਿ ਉਨ੍ਹਾਂ ਨੇ ਇਕ ਬੜੀ ਕਾਬਲ ਟੀਮ ਨਾਲ ਮਿਲ ਕੇ ਭਾਰਤ ਦੀ ਵਿਕਾਸ ਦੀ ਰਫ਼ਤਾਰ ਨੂੰ ਕਦੇ ਨਾ ਸੋਚੇ ਜਾ ਸਕਣ ਵਾਲੇ ਪੱਧਰ 'ਤੇ ਪਹੁੰਚਾਇਆ ਸੀ।

ਉਨ੍ਹਾਂ ਦਾ ਦਰਦ ਇਸ ਤਰ੍ਹਾਂ ਦਾ ਹੈ ਜਿਵੇਂ ਦਾ, ਬਾਗ਼ ਦੇ ਉਸ ਮਾਲੀ ਨੂੰ ਹੁੰਦਾ ਹੈ ਜਿਸ ਨੇ ਅਪਣਾ ਇਕ ਬੜੀ ਮਿਹਨਤ ਨਾਲ ਲਾਇਆ ਪੌਦਾ ਕਿਸੇ ਦੇ ਹਵਾਲੇ ਕਰ ਦਿਤਾ ਹੋਵੇ ਅਤੇ ਅੱਗੋਂ ਉਸ ਨੇ ਪੌਦੇ ਨੂੰ ਅਜਿਹੀ ਹਾਲਤ ਵਿਚ ਰੱਖ ਦਿਤਾ ਹੋਵੇ ਜਿਥੇ ਉਹ ਦਿਨ-ਬ-ਦਿਨ ਮੁਰਝਾਈ ਹੀ ਜਾ ਰਿਹਾ ਹੋਵੇ। ਆਖ਼ਰ ਉਦਯੋਗਪਤੀ ਵੀ ਅਪਣੀ ਘਬਰਾਹਟ ਪ੍ਰਗਟ ਕਰਨ ਤੋਂ ਪਿੱਛੇ ਨਹੀਂ ਰਹੇ। ਜਿਥੇ ਕਿਸਾਨ, ਛੋਟਾ ਵਪਾਰੀ, ਵਿਦਿਆਰਥੀ ਘਬਰਾਏ ਹੋਏ ਸਨ, ਹੁਣ ਵੱਡਾ ਉਦਯੋਗਪਤੀ ਵੀ ਘਬਰਾ ਗਿਆ ਹੈ।

ਦੇਸ਼ ਦੇ ਇਕ ਵੱਡੇ ਉਦਯੋਗਪਤੀ ਰਾਹੁਲ ਬਜਾਜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਕਹਿ ਦਿਤਾ ਕਿ ਦੇਸ਼ ਵਿਚ ਜਿਹੜਾ ਡਰ ਦਾ ਮਾਹੌਲ ਪੈਦਾ ਕਰ ਦਿਤਾ ਗਿਆ ਹੈ (ਜਿਵੇ ਭੀੜਾਂ ਦੀ ਹਿੰਸਾ ਆਦਿ) ਉਸ ਕਰ ਕੇ ਲੋਕ ਭਾਰਤ ਵਿਚ ਨਿਵੇਸ਼ ਕਰਨੋਂ ਯਰਕਣ ਲੱਗੇ ਹਨ। ਡਰ ਦਾ ਮਾਹੌਲ ਏਨਾ ਜ਼ਿਆਦਾ ਹੈ ਕਿ ਰਾਹੁਲ ਬਜਾਜ ਦੇ ਹੱਕ ਵਿਚ ਸਿਰਫ਼ ਕਿਰਨ ਮਜੂਮਦਾਰ ਹੀ ਉਤਰੀ। ਬਾਕੀ ਸਾਰੇ ਚੁਪ ਹਨ।

ਇਕ ਨਾਮੀ ਉਦਯੋਗਪਤੀ ਹਰਸ਼ ਗੋਇਨਕਾ ਨੇ ਡਾ. ਮਨਮੋਹਨ ਸਿੰਘ ਦੀ ਗੱਲ ਦੀ ਹਾਮੀ ਭਰੀ ਪਰ ਪਲਾਂ ਵਿਚ ਅਪਣਾ ਟਵੀਟ ਵਾਪਸ ਵੀ ਲੈ ਲਿਆ। ਯਾਨੀ ਕਿ ਵੱਡੇ ਉਦਯੋਗਪਤੀਆਂ ਸਮੇਤ, ਸੱਭ ਉਤੇ ਨਜ਼ਰ ਰੱਖੀ ਜਾ ਰਹੀ ਹੈ। ਅੱਜ ਸਿਰਫ਼ ਕੁੱਝ ਮੁੱਠੀ ਭਰ ਉਦਯੋਗਪਤੀ ਹੀ ਫੱਲ ਫੁਲ ਰਹੇ ਹਨ, ਅੰਬਾਨੀ, ਅਡਾਨੀ ਵਗ਼ੈਰਾ। ਬਾਕੀ ਸਾਰੇ ਗ਼ਰੀਬ ਆਦਮੀ ਵਾਂਗ ਅੱਛੇ ਦਿਨਾਂ ਦੀ ਉਡੀਕ ਵਿਚ ਹੀ ਬੈਠੇ ਹਨ।

 

ਰਾਹੁਲ ਬਜਾਜ ਨੇ ਜਦੋਂ ਦੀ ਅਪਣੀ ਗੱਲ ਰੱਖੀ ਹੈ, ਉਸ ਤੋਂ ਬਾਅਦ ਸਾਰੀ ਭਾਜਪਾ ਸਰਕਾਰ ਉਨ੍ਹਾਂ 'ਤੇ ਨਿਸ਼ਾਨਾ ਤਾਣ ਬੈਠੀ ਹੈ। ਪਰ ਕੀ ਭਾਜਪਾ ਨੇ ਇਹ ਵੀ ਦਸਿਆ ਹੈ ਕਿ ਭਾਰਤ ਦੀ ਵਿਕਾਸ ਗਤੀ ਡਿਗਦੀ ਕਿਉਂ ਜਾ ਰਹੀ ਹੈ? ਅੱਜ ਜੇਕਰ ਵੱਡੇ ਲੋਕ ਚੁਪ ਹਨ ਤਾਂ ਇਸ ਦਾ ਕਾਰਨ ਹੀ ਡਰ ਦਾ ਉਹ ਮਾਹੌਲ ਹੈ ਜੋ ਚਾਰੇ ਪਾਸੇ ਪਸਰਿਆ ਹੋਇਆ ਹੈ। ਪਰ ਇਕ ਸਾਬਕਾ ਵਿੱਤ ਮੰਤਰੀ, ਜਿਸ ਦੀ ਸਾਰੇ ਜਗਤ ਵਿਚ ਚਰਚਾ ਹੋ ਰਹੀ ਹੈ, ਤਕਰੀਬਨ 100 ਦਿਨਾਂ ਤੋਂ 10 ਲੱਖ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ ਵਿਚ ਬੰਦ ਹੈ।

90 ਦਿਨਾਂ ਤੋਂ ਕਸ਼ਮੀਰ ਵਿਚ ਸੰਨਾਟਾ ਹੈ। ਅੱਜ ਮੀਡੀਆ ਵਿਚ ਕੁੱਝ ਵੀ ਲਿਖਵਾਇਆ ਜਾ ਸਕਦਾ ਹੈ, ਸੱਚ ਕਸ਼ਮੀਰੀ ਲੋਕ ਆਪ ਹੀ ਦੱਸਣਗੇ। ਜਾਪਾਨ, ਚੀਨ, ਅਮਰੀਕਾ ਵਰਗੇ ਦੇਸ਼ ਨਜ਼ਰ ਰੱਖ ਰਹੇ ਹਨ ਅਤੇ ਜੋ ਕੁੱਝ ਉਹ ਖੁਲ੍ਹ ਕੇ ਨਹੀਂ ਕਹਿ ਰਹੇ, ਉਹ ਹੁਣ ਉਨ੍ਹਾਂ ਦੇਸ਼ਾਂ ਵਲੋਂ ਘਟਦਾ ਜਾ ਰਿਹਾ ਪੂੰਜੀ ਨਿਵੇਸ਼ ਆਖ ਰਿਹਾ ਹੈ।
ਸਲਾਹ, ਆਲੋਚਨਾ ਬਾਰੇ ਬਜਾਜ ਵਲੋਂ ਖੜੇ ਕੀਤੇ ਸਵਾਲਾਂ ਬਾਰੇ ਸਰਕਾਰ ਦਾ ਕੀ ਜਵਾਬ ਰਿਹਾ?

ਐਨ.ਆਰ.ਸੀ. ਨੂੰ ਦੇਸ਼ ਭਰ ਵਿਚ ਲਾਗੂ ਕੀਤਾ ਜਾਵੇਗਾ ਅਤੇ ਇਕ ਇਕ ਘੁਸਪੈਠੀਏ ਨੂੰ ਦੇਸ਼ 'ਚੋਂ ਚੁਣ ਚੁਣ ਕੇ ਬਾਹਰ ਕਢਿਆ ਜਾਵੇਗਾ। ਇਹ ਡਰ ਦਾ ਮਾਹੌਲ ਹਟਾਉਣ ਵਾਲਾ ਬਿਆਨ ਹੈ ਜਾਂ ਵਧਾਉਣ ਵਾਲਾ? ਭਾਰਤ ਨੂੰ ਹੋਰ ਕਿੰਨੇ ਪਛਾਣ ਪੱਤਰਾਂ ਦੀ ਲੋੜ ਹੈ? ਪਾਸਪੋਰਟ, ਪੈਨ ਕਾਰਡ, ਆਧਾਰ ਕਾਰਡ, ਬੈਂਕ ਖਾਤਾ ਅਤੇ ਹੁਣ ਐਨ.ਆਰ.ਸੀ.। ਇਕ ਵਾਰੀ ਸੋਚ ਕੇ ਇਕ ਯੋਜਨਾ ਕਿਉਂ ਨਹੀਂ ਬਣਾ ਲੈਂਦੇ? ਜਿਸ ਦੇ ਦਿਲ ਵਿਚ ਕਿਸੇ ਬੇਨਾਮ ਤਬਕੇ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਿਆਲ ਹੈ, ਉਹ ਸੋਚ ਸਮਝ ਕੇ ਕਦਮ ਨਹੀਂ ਲੈਂਦਾ ਬਲਕਿ ਬੌਂਦਲਿਆ ਹੋਇਆ ਵਾਰ ਕਰਦਾ ਹੈ।

ਪਰ ਕਿਉਂਕਿ ਸੱਤਾ ਉਨ੍ਹਾਂ ਦੇ ਹੱਥ ਵਿਚ ਹੈ, ਉਨ੍ਹਾਂ ਦਾ ਹਰ ਵਾਰ ਦੇਸ਼ ਨੂੰ ਕਮਜ਼ੋਰ ਕਰ ਰਿਹਾ ਹੈ। ਭਾਜਪਾ ਕੋਲ ਅਜੇ ਸਾਢੇ ਚਾਰ ਸਾਲ ਦਾ ਸਮਾਂ ਬਾਕੀ ਹੈ ਅਤੇ ਦੇਸ਼ ਦਾ ਕੋਈ ਨਾਗਰਿਕ ਇਨ੍ਹਾਂ ਨੂੰ ਆਰਥਕ ਖੇਤਰ ਵਿਚ ਹਾਰਦਾ ਨਹੀਂ ਵੇਖਣਾ ਚਾਹੁੰਦਾ ਕਿਉਂਕਿ ਉਨ੍ਹਾਂ ਦੀ ਹਾਰ ਦਾ ਮਤਲਬ ਦੇਸ਼ ਦੀ ਹਾਰ ਵਿਚ ਨਿਕਲੇਗਾ। ਅੱਜ ਸਰਕਾਰ ਨੂੰ ਦੋ ਪਲ ਵਾਸਤੇ ਰੁਕ ਕੇ ਸਾਰੇ ਪੱਖਾਂ ਬਾਰੇ ਸੋਚ ਵਿਚਾਰ ਕਰਨ ਮਗਰੋਂ ਅਪਣੀਆਂ ਯੋਜਨਾਵਾਂ ਬਣਾਉਣ ਦੀ ਲੋੜ ਹੈ। ਸਿਰਫ਼ ਅੰਬਾਨੀ ਦੇ ਵਿਕਾਸ ਨਾਲ 124 ਕਰੋੜ ਲੋਕਾਂ ਦਾ ਵਿਕਾਸ ਨਹੀਂ ਹੋ ਸਕਦਾ।  -ਨਿਮਰਤ ਕੌਰ