ਇਕ ਸਾਲ ਦੇ ਕਿਸਾਨ ਸੰਘਰਸ਼ ’ਚੋਂ ਖਟਿਆ ਕੀ ਆਖ਼ਰ?
ਕੀ ਸਾਰਾ ਫ਼ਾਇਦਾ ਸਿਆਸਤਦਾਨ ਲੈ ਜਾਣਗੇ ਜਾਂ ਸੰਘਰਸ਼ੀ ਯੋਧੇ ਵੀ ਕੁੱਝ ਲੈ ਸਕਣਗੇ?
ਕਿਸਾਨੀ ਸੰਘਰਸ਼ ਦੇ ਬਾਅਦ ਜੇ ਅਸੀ ਗੱਲ ਕਰਾਂਗੇ ਕਿ ਸਾਰੇ ਸੰਘਰਸ਼ ਵਿਚੋਂ ਖਟਿਆ ਕੀ ਤਾਂ ਹੁਣ ਤਕ ਦਾ ਜਵਾਬ ਤਾਂ ਇਹੀ ਹੈ ਕਿ ਕੁੱਝ ਨਵੇਂ ਸਿਆਸਤਦਾਨ ਖੱਟੇ ਤੇ ਕੁੱਝ ਹੋਰ ਸਿਆਸਤਦਾਨਾਂ ਵਾਸਤੇ ਭਾਜਪਾ ਦੇ ਦਰਵਾਜ਼ੇ ਖੁਲ੍ਹੇ। ਨੁਕਸਾਨ ਸੱਭ ਤੋਂ ਵੱਡਾ ਅਕਾਲੀ ਦਲ ਦਾ ਹੋਇਆ ਕਿਉਂਕਿ ਉਸ ਨੇ ਪਿਛਲੀਆਂ ਚੋਣਾਂ ਵਿਚ ਪੰਥਕ ਧਿਰ ਦਾ ਸਮਰਥਨ ਗਵਾ ਲਿਆ ਸੀ ਤੇ ਇਸ ਵਾਰ ਕਿਸਾਨ ਵੀ ਉਨ੍ਹਾਂ ਤੋਂ ਪਿਛੇ ਹਟਦੇ ਨਜ਼ਰ ਆ ਰਹੇ ਹਨ।
ਕਿਸਾਨੀ ਸੰਘਰਸ਼ ਵਿਚ ਕਈ ਲੋਕਾਂ ਨੇ ਅਪਣੇ ਅਪਣੇ ਪੱਧਰ ਤੇ ਅਪਣਾ ਯੋਗਦਾਨ ਪਾਇਆ ਹੈ। ਕਿਸੇ ਨੇ ਅਪਣਾ ਘਰ ਵੇਚ ਕੇ ਲੰਗਰ ਲਾਇਆ ਤੇ ਕਿਸੇ ਨੇ ਕੰਮਕਾਰ ਛੱਡ ਸੇਵਾ ਕੀਤੀ। ਕਿਸੇ ਨੇ ਜੁੱਤੀਆਂ ਪਾਉਣੀਆਂ ਛੱਡ ਦਿਤੀਆਂ ਤੇ ਨੰਗੇ ਪੈਰ ਘੁੰਮ ਫਿਰ ਕੇ ਇਕ ਸਾਲ ਹਰ ਥਾਂ ਕਿਸਾਨ ਦੀ ਹਾਲਤ ਵਲ ਧਿਆਨ ਦਿਵਾਉਂਦਾ ਰਿਹਾ। ਕਈ ਦੌੜ ਕੇ ਦਿੱਲੀ ਪਹੁੰਚੇ ਤੇ ਕਈ ਭਾਸ਼ਣ ਦੇ ਕੇ ਸਰਕਾਰਾਂ ਨੂੰ ਜਗਾਉਣ ਵਿਚ ਲੱਗੇ ਰਹੇ।
ਕਈਆਂ ਨੇ ਮਿਹਨਤ ਕੀਤੀ ਤੇ ਕਈਆਂ ਨੇ ਅਪਣੀ ਕਲਮ ਤਿੱਖੀ ਕੀਤੀ। ਬਜ਼ੁਰਗਾਂ ਨੇ ਅਪਣੀ ਹਾਜ਼ਰੀ ਲਵਾਉਣ ਲਈ ਸੜਕ ਨੂੰ ਇਕ ਸਾਲ ਵਾਸਤੇ ਅਪਣਾ ਘਰ ਬਣਾ ਲਿਆ। ਅਜਿਹੇ ਇਕ ਹਨ ਡਾ. ਸਵੈਮਾਨ ਜਿਨ੍ਹਾਂ ਅਮਰੀਕਾ ਵਿਚ ਅਪਣਾ ਕੰਮ ਛੱਡ ਕੇ, ਇਕ ਸਾਲ ਸਾਰਿਆਂ ਦੀ ਸੇਵਾ ਕੀਤੀ।
ਜਦ ਹੁਣ ਉਹ ਵਾਪਸ ਪਰਤਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਨੇ ਸਾਰਿਆਂ ਤੋਂ ਇਕ ਸਵਾਲ ਪੁਛਿਆ,‘‘ਅਸੀ ਪੰਜਾਬ ਕਿੰਨ੍ਹਾਂ ਲੋਕਾਂ ਦੇ ਹੱਥਾਂ ਵਿਚ ਛੱਡ ਕੇ ਜਾ ਰਹੇ ਹਾਂ? ਜਿਨ੍ਹਾਂ ਨੇ ਇਹ ਸੰਘਰਸ਼ ਜਿੱਤਣ ਲਈ ਅਪਣੀ ਜਾਨ ਵੀ ਲੇਖੇ ਲਾ ਦਿਤੀ, ਅਪਣੇ ਕਰੀਬੀ ਸ਼ਹੀਦ ਕਰਵਾਏ, ਪੁਲਿਸ ਦੀਆਂ ਮਾਰਾਂ ਖਾਧੀਆਂ ਜਾਂ ਉਨ੍ਹਾਂ ਦੇ ਹੱਥਾਂ ਵਿਚ ਫੜਾ ਕੇ ਜਾ ਰਹੇ ਹਾਂ ਜਿਨ੍ਹਾਂ ਇਸ ਸੰਘਰਸ਼ ਨੂੰ ਸਿਰਫ਼ ਤਰੱਕੀ ਦਾ ਇਕ ਮੌਕਾ ਸਮਝ ਕੇ ਇਸ ਦੀ ਵਰਤੋਂ ਕੀਤੀ?’’
ਇਹ ਸਵਾਲ ਉਨ੍ਹਾਂ ਦੇ ਜ਼ਿਹਨ ਵਿਚ ਸ਼ਾਇਦ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਜਾਣ ਮਗਰੋਂ ਉਪਜਿਆ ਪਰ ਇਹ ਸਵਾਲ ਸਿਰਫ਼ ਮਨਜਿੰਦਰ ਸਿੰਘ ਸਿਰਸਾ ਕਾਰਨ ਹੀ ਨਹੀਂ ਤੇ ਨਾ ਕੇਵਲ ਡਾ. ਸਵੈਮਾਨ ਦੇ ਮਨ ਵਿਚ ਹੀ ਉਠਿਆ ਹੈ ਸਗੋਂ ਇਹ ਸਵਾਲ ਅੱਜ ਥਾਂ ਥਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੰਨੀ ਕੀਮਤ ਤਾਰ ਕੇ ਕਿਸਾਨ ਅਪਣੇ ਸੰਘਰਸ਼ ਵਿਚ ਜਿੱਤਿਆ ਹੈ, ਕੀ ਅੱਗੇ ਜਾ ਕੇ ਇਸ ਦਾ ਫ਼ਾਇਦਾ ਕਿਸਾਨਾਂ ਨੂੰ ਮਿਲੇਗਾ ਜਾਂ ਕੇਵਲ ਕੁੱਝ ਸਿਆਸਤਦਾਨ ਹੀ ਸਾਰਾ ਫ਼ਾਇਦਾ ਲੈ ਜਾਣਗੇ?
ਖੇਤੀ ਕਾਨੂੰਨ ਰੱਦ ਹੋਣ ਅਤੇ ਪੰਜਾਬ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਦਾ ਸਮਾਂ ਮੇਲ ਖਾ ਰਿਹਾ ਹੈ। ਪਹਿਲਾ ਕਦਮ ਮਨਜਿੰਦਰ ਸਿੰਘ ਸਿਰਸਾ ਨੇ ਚੁਕਿਆ ਹੈ। ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਨਾਲ ਗਠਜੋੜ ਕਰਨ ਦੀ ਕਾਹਲ ਵਿਚ ਨਜ਼ਰ ਆ ਰਹੇ ਹਨ ਤੇ ਉਹ ਵੀ ਅਪਣੇ ਆਪ ਨੂੰ ਕਿਸਾਨੀ ਹੱਕਾਂ ਦਾ ਰਾਖਾ ਅਖਵਾ ਕੇ ਇਸ ਸੰਘਰਸ਼ ਦੀ ਕੀਤੀ ਮਦਦ ਦੀ ਕੀਮਤ ਵੋਟਾਂ ਰਾਹੀਂ ਵਸੂਲਣ ਦਾ ਯਤਨ ਕਰ ਰਹੇ ਹਨ।
ਇਹੀ ਹਾਲ ਸੰਯੁਕਤ ਕਿਸਾਨ ਮੋਰਚੇ ਵਿਚ ਵੀ ਬਣਿਆ ਹੋਇਆ ਹੈ ਜਿਥੇ ਹਰ ਕਿਸਾਨ ਆਗੂ ਅਪਣਾ ਨਾਮ ਐਮ.ਐਸ.ਪੀ. ਕਮੇਟੀ ਵਿਚੋਂ ਬਾਹਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਹ ਅਪਣੇ ਆਪ ਨੂੰ ਪੰਜਾਬ ਚੋਣਾਂ ਵਿਚ ਲੜਨ ਵਾਸਤੇ ਖ਼ਾਲੀ ਰਖਣਾ ਚਾਹੁੰਦਾ ਹੈ। ਸੋਨੀਆ ਮਾਨ ਦੀ ਕਾਹਲ ਵੇਖਣ ਵਾਲੀ ਸੀ ਤੇ ਉਹ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਵਿਚ ਚਲੀ ਗਈ। ਜੇਕਰ ਥੋੜ੍ਹਾ ਸਬਰ ਹੋਰ ਵਿਖਾ ਦੇਂਦੀ ਤਾਂ ਹੁਣ ਸਾਰੀਆਂ ਪਾਰਟੀਆਂ ਦੇ ਦਰਵਾਜ਼ੇ ਖੁਲ੍ਹੇ ਹਨ ਤੇ ਉਸ ਦਾ ਵਿਰੋਧ ਵੀ ਨਹੀਂ ਹੋਣਾ ਸੀ।
ਸੋ ਕਿਸਾਨੀ ਸੰਘਰਸ਼ ਦੇ ਬਾਅਦ ਜੇ ਅਸੀ ਗੱਲ ਕਰਾਂਗੇ ਕਿ ਸਾਰੇ ਸੰਘਰਸ਼ ਵਿਚੋਂ ਖੱਟਿਆ ਕੀ ਤਾਂ ਹੁਣ ਤਕ ਦਾ ਜਵਾਬ ਤਾਂ ਇਹੀ ਹੈ ਕਿ ਕੁੱਝ ਨਵੇਂ ਸਿਆਸਤਦਾਨ ਉਭਰੇ ਤੇ ਕੁੱਝ ਹੋਰ ਸਿਆਸਤਦਾਨਾਂ ਵਾਸਤੇ ਭਾਜਪਾ ਦੇ ਦਰਵਾਜ਼ੇ ਖੁਲ੍ਹੇ। ਨੁਕਸਾਨ ਸੱਭ ਤੋਂ ਵੱਡਾ ਅਕਾਲੀ ਦਲ ਦਾ ਹੋਇਆ ਕਿਉਂਕਿ ਉਸ ਨੇ ਪਿਛਲੀਆਂ ਚੋਣਾਂ ਵਿਚ ਪੰਥਕ ਧਿਰ ਦਾ ਸਮਰਥਨ ਗਵਾ ਲਿਆ ਸੀ ਤੇ ਇਸ ਵਾਰ ਕਿਸਾਨ ਵੀ ਉਨ੍ਹਾਂ ਤੋਂ ਪਿਛੇ ਹਟਦੇ ਨਜ਼ਰ ਆ ਰਹੇ ਹਨ।
ਸੋ ਕੀ ਸਵਾਲ ਲੈ ਕੇ ਗੱਲ ਸ਼ੁਰੂ ਹੋਈ ਸੀ ਤੇ ਪੰਜਾਬ ਨੂੰ ਕਿਹੜੇ ਲੋਕਾਂ ਦੇ ਹੱਥ ਵਿਚ ਛੱਡ ਕੇ ਜਾ ਰਹੇ ਹਾਂ? ਕੀ ਪੰਜਾਬ ਮੰਚਾਂ ਤੇ ਚਮਕਣ ਵਾਲੇ ਮੁੱਠੀ ਭਰ ਲੋਕਾਂ ਦੇ ਹੱਥ ਵਿਚ ਚਲਾ ਜਾਏਗਾ ਜਾਂ ਉਨ੍ਹਾਂ ਲੱਖਾਂ ਸੰਘਰਸ਼ੀ ਯੋਧਿਆਂ ਦੇ ਹੱਥਾਂ ਵਿਚ ਰਹੇਗਾ ਜਿਨ੍ਹਾਂ ਨੇ ਕਿਸਾਨ ਆਗੂਆਂ ਦੇ ਪਿਛੇ ਲੱਗ ਕੇ ਅਸਲ ਸੁਨਾਮੀ ਲਿਆ ਕੇ ਵਿਖਾ ਦਿਤੀ? ਪੰਜਾਬ ਦਾ ਬੱਚਾ ਬੱਚਾ ਅੱਜ ਖੇਤੀ ਕਾਨੂੰਨਾਂ ਦਾ ਮਤਲਬ ਜਾਣਦਾ ਹੈ।
ਅੱਜ ਪੰਜਾਬ ਦੀਆਂ ਸੱਥਾਂ ਵਿਚ ਕਾਂਗਰਸੀ, ਆਪ ਤੇ ਅਕਾਲੀ ਵਰਕਰ ਨਹੀਂ ਬਲਕਿ ਚਿੰਤਿਤ ਪੰਜਾਬੀ ਬੈਠੇ ਹੁੰਦੇ ਹਨ ਜੋ ਅਪਣੇ ਸੂਬੇ ਦੇ ਭਵਿੱਖ ਬਾਰੇ ਸੋਚਦੇ ਹਨ। ਜ਼ਰੂਰੀ ਨਹੀਂ ਕਿ ਜੋ ਲੋਕ ਅੱਜ ਸੁਰਖ਼ੀਆਂ ਵਿਚ ਹਨ, ਸਾਰੀ ਖੇਡ ਉਨ੍ਹਾਂ ਦੇ ਹੱਥ ਵਿਚ ਹੀ ਹੈ। ਖੇਡ ਅਸਲ ਵਿਚ ਅੱਜ ਵੀ ਸਾਡੇ ਅਪਣੇ ਹੱਥ ਵਿਚ ਹੀ ਹੈ ਤੇ ਸੰਘਰਸ਼ ਦੀ ਜਿੱਤ ਮਗਰੋਂ ਪੰਜਾਬ ਅਸਲ ਪੰਜਾਬੀਆਂ ਦੇ ਹੱਥ ਵਿਚ ਹੀ ਜਾਵੇਗਾ, ਇਸ ਬਾਰੇ ਸਾਡੇ ਮਨ ਵਿਚ ਕੋਈ ਤੌਖਲਾ ਨਹੀਂ।
-ਨਿਮਰਤ ਕੌਰ