ਵੈਕਸੀਨ ਲਗਾਉਣ ਦੇ ਅੰਕੜੇ ਉਛਾਲ ਕੇ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕੇਗਾ
ਟੀਕੇ ਲੱਗੇ ਲੋਕਾਂ ਦੇ ਅੰਕੜਿਆਂ ਵਿਚ ਅਸੀ ਹਰ ਦਿਨ ਅਗੇ ਹੋਵਾਂਗੇ ਕਿਉਂਕਿ ਸਾਡੀ ਆਬਾਦੀ ਦੇ ਅੰਕੜੇ ਵੱਡੇ ਹਨ।
ਨਵੀਂ ਦਿੱਲੀ: ਆਖ਼ਰਕਾਰ ਭਾਰਤ ਨੇ ਕੋਵਿਡ ਵੈਕਸੀਨ ਦੀ ਵਰਤੋਂ ਕਰਨ ਦਾ ਫ਼ੈਸਲਾ ਕਰ ਹੀ ਲਿਆ ਹੈ। ਪਿਛਲੇ ਹਫ਼ਤੇ ਤੋਂ ਵੱਖ ਵੱਖ ਦੇਸ਼ਾਂ ਵਿਚ ਵੈਕਸੀਨ ਦੇ ਟੀਕੇ ਲਗਣੇ ਸ਼ੁਰੂ ਹੋ ਗਏ ਸਨ ਪਰ ਭਾਰਤ ਵਿਚ ਸਰਕਾਰ ਹਾਲੇ ਅਪਣੀ ਜਾਂਚ ਪੂਰੀ ਨਹੀਂ ਸੀ ਕਰ ਸਕੀ। ਇਹ ਅਜੀਬ ਗੱਲ ਹੈ ਕਿ ਜਿਹੜੀ ਆਕਸਫ਼ੋਰਡ ਯੂਨੀਵਰਸਿਟੀ ਅਤੇ ਸੀਰਮ ਇੰਸਟੀਚਿਊਟ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਰਹੀ ਹੈ, ਉਹ ਦਵਾਈ ਭਾਰਤ ਵਿਚ ਹੀ ਬਣਾਈ ਜਾ ਰਹੀ ਸੀ ਅਤੇ ਅੱਜ ਦੇ ਦਿਨ ਤਕ 50 ਲੱਖ ਕੋਰੋਨਾ ਵੈਕਸੀਨ ਦੇ ਟੀਕੇ ਸਰਕਾਰ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਨ।
ਇੰਡੀਅਨ ਕੌਂਸਲ ਫਾਰ ਮੈਡੀਕਲ ਰੀਸਰਚ ਦਾ ਇਕ ਹੋਰ ਹੈਰਾਨੀਜਨਕ ਫ਼ੈਸਲਾ ਸਾਹਮਣੇ ਆਇਆ ਹੈ ਕਿ ਜਿਥੇ ਭਾਰਤ ਸਰਕਾਰ ਵਲੋਂ ਇਕ ਹੋਰ ਵੈਕਸੀਨ Covaxin ਨੂੰ ਮਨਜ਼ੂਰੀ ਦਿਤੀ ਗਈ ਹੈ, ਇਹ ਮੇਡ ਇਨ ਇੰਡੀਆ ਦੀ ਇਕ ਵਧੀਆ ਉਦਾਹਰਣ ਹੈ ਜਾਂ ਕਾਹਲੀ ਵਿਚ ਲਿਆ ਗਿਆ ਇਕ ਫ਼ੈਸਲਾ? ਅੱਜ ਤਕ ਸਿਰਫ਼ ਤਿੰਨ ਵੈਕਸੀਨਾਂ, ਜਿਨ੍ਹਾਂ ਵਿਚ ਕੋਵਾਸ਼ੀਲਡ ਸ਼ਾਮਲ ਹੈ, ਨੂੰ ਤਿੰਨ ਵਾਰ ਦੀ ਪਰਖ ਤੋਂ ਬਾਅਦ 90 ਫ਼ੀ ਸਦੀ ਸੁਰੱਖਿਅਤ ਹੋਣ ਦੀ ਮਨਜ਼ੂਰੀ ਮਿਲੀ ਹੈ। ਕੋਵਾਸ਼ੀਲਡ ਦਾ ਤੀਜਾ ਜਾਂਚ ਟਰਾਇਲ ਅਜੇ ਪੂਰਾ ਨਹੀਂ ਹੋਇਆ ਅਤੇ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਵੀ ਦਿਤੀ ਹੈ। ਇਸ ਕਾਰਨ ਅਖਿਲੇਸ਼ ਯਾਦਵ ਨੇ ਬਿਆਨ ਦਿਤਾ ਹੈ ਕਿ ਉਹ ਭਾਜਪਾ ਦੀ ਵੈਕਸੀਨ ਨਹੀਂ ਲਗਾਉਣਗੇ।
ਵਿਗਿਆਨ ਸਿਰਫ਼ ਠੋਸ ਜਾਂਚ ’ਤੇ ਹੀ ਟਿਕਿਆ ਹੋਇਆ ਹੈ ਅਤੇ ਚੰਗਾ ਹੁੰਦਾ ਜੇ ਸਰਕਾਰ ਤੀਜੇ ਟਰਾਇਲ ਦੀ ਰੀਪੋਰਟ ਤੋਂ ਬਾਅਦ ਕਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੰਦੀ। ਇਸ ਨਾਲ ਵਿਗਿਆਨਕ ਪਰਖ ਪ੍ਰਤੀ ਵੀ ਲੋਕ ਸੰਤੁਸ਼ਟ ਹੁੰਦੇ ਅਤੇ ਸਿਆਸਤਦਾਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਦਾ ਵੀ ਮੌਕਾ ਨਾ ਮਿਲਦਾ। ਹੁਣ ਇਹ ਵੈਕਸੀਨ ਵੀ ਈ.ਵੀ.ਐਮ. ਦੀ ਤਰ੍ਹਾਂ ਇਕ ਵੱਡਾ ਸਵਾਲ ਬਣ ਸਕਦੀ ਹੈ। ਪਰ ਸਰਕਾਰ ਵਲੋਂ ਇਸ ਵੈਕਸੀਨ ਨੂੰ ਸਿਰਫ਼ ਐਮਰਜੈਂਸੀ ਵੇਲੇ ਇਸਤੇਮਾਲ ਕਰਨ ਦਾ ਫ਼ੈਸਲਾ ਸ਼ਾਇਦ ਕਿਸੇ ਗ਼ਲਤ ਆਲੋਚਨਾ ਤੋਂ ਭਾਵੇਂ ਬਚਾ ਲਵੇ ਪਰ ਦੂਜੇ ਪਾਸੇ ਇਸ ਸੰਸਾਰ ਪੱਧਰ ਦੀ ਮਹਾਂਮਾਰੀ ਤੋਂ ਵੱਡੀ ਹੋਰ ਕਿਹੜੀ ਐਮਰਜੈਂਸੀ ਹੋ ਸਕਦੀ ਹੈ? ਸਰਕਾਰ ਦਾ covaxin ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਸਿਆਸੀ ਜ਼ਿਆਦਾ ਜਾਪਦਾ ਹੈ।
ਪਰ ਹਾਲ ਦੀ ਘੜੀ ਕੋਵਾਸ਼ੀਲਡ ਵੈਕਸੀਨ ਦੇ ਲੱਗਣ ਦੀ ਤਿਆਰੀ ਹੋ ਰਹੀ ਹੈ ਤੇ ਹੁਣ ਇਸ ਵਿਚ ਦੇਰੀ ਅਤੇ ਅਸੰਤੁਸ਼ਟੀ ਨਹੀਂ ਹੋਣੀ ਚਾਹੀਦੀ। ਸਰਕਾਰ ਵਲੋਂ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਹਰ ਸਾਲ 330 ਮਿਲੀਅਨ ਯਾਨੀ 30 ਕਰੋੜ 30 ਲੱਖ ਵੈਕਸੀਨਾਂ ਲਗਾਈਆਂ ਜਾਣੀਆਂ ਹਨ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਪੋਲੀਉ ਵੈਕਸੀਨ ਸਫ਼ਲਤਾ ਪੂਰਵਕ ਦਿਤੀ ਗਈ, ਇਸ ਲਈ ਉਹ ਕੋਵਿਡ ਵੈਕਸੀਨ ਵੀ ਆਸਾਨੀ ਨਾਲ ਮੁਹਈਆ ਕਰਵਾ ਸਕਣਗੇ। ਅਸੀ ਅਪਣੀ ਆਬਾਦੀ ਕਰੋੜਾਂ ਵਿਚ ਵੇਖੀਏ ਤਾਂ ਬਿਹਤਰ ਹੋਵੇਗਾ ਕਿਉਂਕਿ ਜਦ ਅਸੀ ਅਪਣੀ ਸਿਫ਼ਤ ਕਰਨੀ ਹੁੰਦੀ ਹੈ ਤਾਂ ਸਾਡੀ ਆਬਾਦੀ 130 ਕਰੋੜ ਹੈ ਅਤੇ ਜਦ ਇਸ ਤਰ੍ਹਾਂ ਦੇ ਅੰਕੜੇ ਦੇਣੇ ਹੁੰਦੇ ਹਨ ਤਾਂ ਅਸੀ 300 ਮਿਲੀਅਨ ’ਤੇ ਆ ਜਾਂਦੇ ਹਾਂ। ਸਰਕਾਰ ਦੀ ਤਿਆਰੀ ਹੈ ਕਿ ਉਹ ਅਗਲੇ 8 ਮਹੀਨਿਆਂ ਵਿਚ 30 ਕਰੋੜ ਲੋਕਾਂ ਨੂੰ ਸੁਰੱਖਿਅਤ ਕਰ ਲਵੇਗੀ ਪਰ ਬਾਕੀ ਦੇ 100 ਕਰੋੜ ਲੋਕਾਂ ਲਈ ਕੀ ਯੋਜਨਾ ਹੈ, ਉਸ ਬਾਰੇ ਕੁੱਝ ਨਹੀਂ ਦਸਿਆ ਜਾ ਰਿਹਾ।
ਇਕ ਕੰਪਨੀ ਹਰ ਮਹੀਨੇ 10 ਕਰੋੜ ਯਾਨੀ 100 ਮਿਲੀਅਨ ਵੈਕਸੀਨ ਬਣਾਉਣ ਦੀ ਸਮਰੱਥਾ ਰਖਦੀ ਹੈ ਅਤੇ ਉਹ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰ ਰਹੀ ਹੈ, ਜਿਸ ਤੋਂ ਬਾਅਦ ਉਹ ਅਪਣੀ ਵੈਕਸੀਨ ਦੂਜੇ ਦੇਸ਼ਾਂ ਵਿਚ ਭੇਜਣੀ ਸ਼ੁਰੂ ਕਰ ਦੇਣਗੇ। ਸੋ ਸਰਕਾਰ ਕੋਵਾਸ਼ੀਲਡ ਦੀ ਪੂਰੀ ਡੋਜ਼ ਦਾ ਇਸਤੇਮਾਲ ਨਹੀਂ ਕਰ ਸਕੇਗੀ। ਇਸ ਲਈ ਵਿਗਿਆਨਕ ਸੰਤੁਸ਼ਟੀ ਦੀ ਇੰਤਜ਼ਾਰ ਕਰਦਿਆਂ ਅਪਣੇ ਆਪ ਨੂੰ ਕਮਜ਼ੋਰ ਕਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਪੋਲੀਉ ਨੂੰ ਭਜਾਉਣ ਲਈ ਭਾਵੇਂ ਭਾਰਤ ਪਾਕਿਸਤਾਨ ਤੋਂ ਅੱਗੇ ਹੈ, ਪਰ ਭਾਰਤ ਨੂੰ ਕਈ ਵਰ੍ਹੇ ਲੱਗੇ ਜਦ ਤਕ ਉਹ ਅਪਣੇ ਸਿਸਟਮ ਨੂੰ ਪੋਲੀਉ ਨਾਲ ਜੁੜਨ ਲਈ ਤਿਆਰ ਕਰ ਸਕਿਆ। ਇਸ ਸਫ਼ਲਤਾ ਵਿਚ ਸਰਕਾਰ ਨਾਲ ਨਿਜੀ ਸੰਸਥਾਵਾਂ, ਡਾਕਟਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਸੀ, ਜਿਨ੍ਹਾਂ ਨੇ ਘਰ ਘਰ ਪ੍ਰਚਾਰ ਕੀਤਾ ਅਤੇ ਫਿਰ ਵੀ ਕਈ ਦਹਾਕੇ ਲੱਗੇ ਪੋਲੀਉ ਦੇ ਖ਼ਾਤਮੇ ਲਈ। ਆਖ਼ਰ 2004 ਵਿਚ ਪੂਰੀ ਤਾਕਤ ਨਾਲ ਪੋਲਿਉ ਵਿਰੁਧ ਕਦਮ ਚੁਕਿਆ ਗਿਆ ਜੋ 2016 ਵਿਚ ਜਾ ਕੇ ਸਫ਼ਲ ਹੋਇਆ। ਕੋਵਿਡ ਸਿਰਫ਼ ਨਵਜਨਮੇ ਬੱਚਿਆਂ ਨੂੰ ਨਹੀਂ ਬਲਕਿ ਭਾਰਤ ਦੀ ਵਿਸ਼ਾਲ 130 ਕਰੋੜ ਆਬਾਦੀ ਨੂੰ ਵੈਕਸੀਨ ਮੁਹਈਆ ਕਰਵਾਉਣ ਦਾ ਵੱਡਾ ਟੀਚਾ ਹੈ।
ਇੰਗਲੈਂਡ ਅਤੇ ਅਮਰੀਕਾ ਅੱਜ ਸੱਭ ਤੋਂ ਅੱਗੇ ਚਲ ਰਹੇ ਹਨ ਜਿਨ੍ਹਾਂ ਨੇ ਕੁੱਝ ਹੀ ਦਿਨਾਂ ਵਿਚ ਅਪਣੀ 10 ਫ਼ੀ ਸਦੀ ਆਬਾਦੀ ਨੂੰ ਵੈਕਸੀਨ ਦੇ ਵੀ ਦਿਤੀ ਹੈ ਅਤੇ ਅਗਲੇ ਤਿੰਨ ਮਹੀਨਿਆਂ ਵਿਚ ਅਪਣੀ ਸਾਰੀ ਆਬਾਦੀ ਨੂੰ ਦੋਵੇਂ ਟੀਕੇ ਲਗਾਉਣ ਦੀ ਤਿਆਰੀ ਵੀ ਕਰ ਲਈ ਹੈ। ਉਨ੍ਹਾਂ ਦੀ ਆਬਾਦੀ ਸਾਡੀ ਆਬਾਦੀ ਦਾ 10ਵਾਂ ਹਿੱਸਾ ਹੈ ਪਰ ਫਿਰ ਵੀ ਅਸੀ ਅਪਣੀ ਆਬਾਦੀ ਨੂੰ ਹੀ ਅਪਣੀ ਤਾਕਤ ਮੰਨਦੇ ਹਾਂ। ਸੋ ਜੇ ਅਸੀ ਪੋਲੀਉ ਦੀ ਤਰ੍ਹਾਂ ਕੋਵਿਡ ਨਾਲ ਜੂਝਣ ਦੀ ਤਿਆਰੀ ਕਰ ਰਹੇ ਹਾਂ ਤਾਂ ਸਾਨੂੰ ਆਪਣਾ ਦੇਸ਼ ਕੋਵਿਡ ਤੋਂ ਮੁਕਤ ਕਰਨ ਲਈ ਕਈ ਸਾਲ ਲੱਗ ਜਾਣਗੇ। ਕਈ ਮਾਹਰ ਮੰਨਦੇ ਹਨ ਕਿ ਜੇ 70 ਫ਼ੀ ਸਦੀ ਆਬਾਦੀ ਨੂੰ ਵੀ ਵੈਕਸੀਨ ਲਗ ਜਾਵੇ ਤਾਂ ਇਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ। ਸੋ ਅੱਜ ਸਰਕਾਰ ਨੂੰ ਅੰਕੜਿਆਂ ਦਾ ਹੇਰ ਫੇਰ ਜਾਂ ਵੱਡੀਆਂ ਸੁਰਖ਼ੀਆਂ ਵਲ ਧਿਆਨ ਦੇਣ ਦੀ ਲੋੜ ਨਹੀਂ ਬਲਕਿ ਕੋਵਿਡ ਵੈਕਸੀਨ ਲਈ ਇਕ ਵੱਡੀ ਯੋਜਨਾ ਬਣਾਉਣ ਦੀ ਲੋੜ ਹੈ। ਇਹ ਆਖਿਆ ਜਾ ਰਿਹਾ ਹੈ ਕਿ ਭਾਰਤ ਵਿਚ ਸੱਭ ਤੋਂ ਜ਼ਿਆਦਾ ਤਾਦਾਦ ਵਿਚ ਵੈਕਸੀਨ ਤਿਆਰ ਕੀਤੀ ਜਾਵੇਗੀ ਪਰ ਫਿਰ ਵੀ ਸਾਡੇ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੈ। ਟੀਕੇ ਲੱਗੇ ਲੋਕਾਂ ਦੇ ਅੰਕੜਿਆਂ ਵਿਚ ਅਸੀ ਹਰ ਦਿਨ ਅਗੇ ਹੋਵਾਂਗੇ ਕਿਉਂਕਿ ਸਾਡੀ ਆਬਾਦੀ ਦੇ ਅੰਕੜੇ ਵੱਡੇ ਹਨ। - ਨਿਮਰਤ ਕੌਰ