ਮੁਗ਼ਲਾਂ ਦੇ ਜ਼ੁਲਮਾਂ ਦਾ ਬਦਲਾ ਅੱਜ ਦੀਆਂ ਮੁਸਲਮਾਨ ਔਰਤਾਂ ਕੋਲੋਂ? ਕੀ ਇਸੇ ਨੂੰ ਬਹਾਦਰੀ ਕਹਿੰਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਉਤਰ ਪ੍ਰਦੇਸ਼ ਦੀ ਚੋਣ ਵਿਚ ਮੰਚਾਂ ਤੋਂ ਇਹ ਸਿਖਾਇਆ ਜਾ ਰਿਹਾ ਹੈ ਕਿ ਮੰਦਰਾਂ ਵਿਚ ਬੈਠਣ ਦੇ ਤਰੀਕੇ ਕੀ ਹਨ ਤੇ ਜਿਹੜਾ ਚੌਕੜੀ ਨਾ ਮਾਰੇ, ਉਹ ਹਿੰਦੂ ਨਹੀਂ।

Muslim Woman

 

ਹਰ ਜੰਗ ਦੀ ਸੱਭ ਤੋਂ ਵੱਡੀ ਕੀਮਤ ਔਰਤਾਂ ਨੂੰ ਹੀ ਚੁਕਾਉਣੀ ਪੈਂਦੀ ਹੈ ਤੇ ਅੱਜ ਇਤਿਹਾਸ ਦੇ ਪੰਨਿਆਂ ਤੋਂ ਕੁੱਝ ਮੈਲੇ ਕੁਚੈਲੇ ਵਰਕੇ ਫਰੋਲ ਕੇ ਮੁਸਲਮਾਨਾਂ ਨਾਲ ਜਿਹੜੀ ਭੱਦੀ ਜੰਗ ਛੇੜੀ ਜਾ ਰਹੀ ਹੈ, ਉਸ ਦਾ ਖ਼ਮਿਆਜ਼ਾ ਵੀ ਅੱਜ ਦੀ ਮੁਸਲਮਾਨ ਔਰਤ ਨੂੰ ਹੀ ਚੁਕਾਉਣਾ ਪੈ ਰਿਹਾ ਹੈ। ਕਿੰਨੀ ਅਜੀਬ ਗੱਲ ਹੈ ਕਿ ਜਿਹੜਾ ਕਹਿਰ ਅੱਜ ਤੋਂ ਕਈ ਸੌ ਸਾਲ ਪਹਿਲਾਂ ਮੁਗ਼ਲ ਹਮਲਾਵਰਾਂ ਨੇ ਭਾਰਤੀ ਔਰਤਾਂ ਤੇ ਢਾਹਿਆ ਸੀ, ਉਹ ਅੱਜ ਨਵੇਂ ਕਾਲ ਵਿਚ ਆਧੁਨਿਕ ਤਰੀਕੇ ਨਾਲ ਮੁਸਲਮਾਨ ਔਰਤਾਂ ਉਤੇ ਢਾਹਿਆ ਜਾ ਰਿਹਾ ਹੈ।

 

ਇਤਿਹਾਸ ਦੇ ਪੰਨਿਆਂ ਵਿਚ ਮੁਗ਼ਲ ਹਮਲਾਵਰਾਂ ਹੱਥੋਂ ਹਿੰਦੂ ਔਰਤਾਂ ਦੀ ਹੋਈ  ਦੁਰਦਸ਼ਾ ਦੀਆਂ ਕਹਾਣੀਆਂ ਦਰਜ ਹਨ ਤੇ ਅੱਜ ਇੰਟਰਨੈੱਟ ਦੇ ਪੇਜ ਤੇ ਮੁਸਲਮਾਨ ਔਰਤਾਂ ਨੂੰ ‘ਬੂਲੀ ਬਾਈ’ ਆਖ ਕੇ ਨਿਲਾਮ ਕੀਤਾ ਜਾਂਦਾ ਹੈ।  ਕੋਈ ਮਾਂ ਹੈ ਜੋ ਨਹਿਰੂ ਯੂਨੀਵਰਸਿਟੀ ਵਿਚ ਅਪਣੇ ਲਾਪਤਾ ਹੋਏ ਪੁੱਤਰ ਨੂੰ ਲੈ ਕੇ ਇਨਸਾਫ਼ ਮੰਗ ਰਹੀ ਹੈ। ਉਹ ਇਕ ਪੱਤਰਕਾਰ ਹੈ ਜੋ ਭਾਰਤ ਨੂੰ ਅਪਣੀ ਧਰਮ ਨਿਰਪੱਖ ਸੋਚ ਬਾਰੇ ਯਾਦ ਕਰਵਾਉਣ ਵਿਚ ਜੁਟੀ ਰਹਿੰਦੀ ਹੈ। ਜੋ ਵੀ ਮੁਸਲਮਾਨ ਔਰਤ ਅਪਣੇ ਹੱਕ ਵਾਸਤੇ ਆਵਾਜ਼ ਚੁਕਦੀ ਹੈ, ਉਸ ਨੂੰ ਸਮਾਜ ਵਿਚ ਨੀਵਾਂ ਵਿਖਾਉਣ ਦਾ ਇਹ ਇਕ ਕੋਝਾ ਯਤਨ ਹੈ। ਉਹ ਅਸਲ ਵਿਚ ਕੈਦ ਜਾਂ ਨਿਲਾਮ ਨਹੀਂ ਕੀਤੀਆਂ ਜਾ ਰਹੀਆਂ ਪਰ ਅੱਜ ਦੇ ਇੰਟਰਨੈੱਟ ਜਗਤ ਵਿਚ ਉਨ੍ਹਾਂ ਦੀਆਂ ਤਸਵੀਰਾਂ ਨੂੰ ਲੈ ਕੇ ਕੀਤੀਆਂ ਗਈਆਂ ਟਿਪਣੀਆਂ ਦੀ ਕੀਮਤ ਮਿਥ ਕੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਯਤਨ ਜ਼ਰੂਰ ਕੀਤਾ ਜਾਂਦਾ ਹੈ।

 

ਇਹ ਪਹਿਲੀ ਵਾਰ ਨਹੀਂ ਹੋਇਆ ਪਰ ਇਸ ਵਾਰ ਮਹਾਰਾਸ਼ਟਰਾ ਪੁਲਿਸ ਨੇ ਇਕ 21 ਸਾਲ ਦੇ ਵਿਦਿਆਰਥੀ ਨੂੰ ਇਸ ਅਪਰਾਧ ਬਦਲੇ ਹਿਰਾਸਤ ਵਿਚ ਲੈ ਲਿਆ ਹੈ। 21 ਸਾਲ ਦਾ ਇਕ ਨੌਜਵਾਨ ਇਕ ਉਚ ਵਿਦਿਆਲੇ ਵਿਚ ਅਪਣੇ ਮਾਂ ਬਾਪ ਦੇ ਖ਼ਰਚੇ ਤੇ ਪੜ੍ਹਨ ਗਿਆ ਤੇ ਸਿਆਸਤ ਵਿਚ ਜੇਤੂ ਰਹਿਣ ਦੀ ਖੇਡ ਵਿਚ ਨਫ਼ਰਤ ਦਾ ਅਜਿਹਾ ਸ਼ਿਕਾਰ ਹੋਇਆ ਕਿ ਹੁਣ ਉਹ ਸਲਾਖ਼ਾਂ ਪਿਛੇ ਜਾਵੇਗਾ। ਕੀ ਇਸ ਨਾਲ ਔਰਗਜ਼ੇਬ ਨੂੰ ਕਰਾਰਾ ਜਵਾਬ ਮਿਲ ਗਿਆ? ਨਾ ਔਰਗਜ਼ੇਬ ਨੂੰ ਫ਼ਰਕ ਪੈਣਾ ਹੈ ਤੇ ਨਾ ਉਸ ਸਿਆਸਤਦਾਨ ਨੂੰ ਜਿਸ ਨੇ ਅੱਜ ਵੀ ਮੰਚਾਂ ਤੋਂ ਖੜੇ ਹੋ ਕੇ ਹਿੰਦੂਤਵਾ ਵਿਚ ਨਫ਼ਰਤ ਭਰੀ ਹੈ। ਫ਼ਰਕ ਇਕ ਆਮ ਨੌਜਵਾਨ ਤੇ ਉਸ ਦੇ ਪ੍ਰਵਾਰ ਨੂੰ ਪੈਣਾ ਹੈ ਜਿਨ੍ਹਾਂ ਦਾ ਬੇਟਾ ਹੁਣ ਇਸ ਨਫ਼ਰਤ ਦੀ ਖੇਡ ਦਾ ਸਿਪਾਹੀ ਬਣ ਜਾਵੇਗਾ।

 

ਅੱਜ ਉਤਰ ਪ੍ਰਦੇਸ਼ ਦੀ ਚੋਣ ਵਿਚ ਮੰਚਾਂ ਤੋਂ ਇਹ ਸਿਖਾਇਆ ਜਾ ਰਿਹਾ ਹੈ ਕਿ ਮੰਦਰਾਂ ਵਿਚ ਬੈਠਣ ਦੇ ਤਰੀਕੇ ਕੀ ਹਨ ਤੇ ਜਿਹੜਾ ਚੌਕੜੀ ਨਾ ਮਾਰੇ, ਉਹ ਹਿੰਦੂ ਨਹੀਂ। ਸ਼ਾਇਦ ਇਸੇ ਕਰ ਕੇ ਮਹਾਤਮਾ ਗਾਂਧੀ ਨੂੰ ਹਟਾ ਕੇ ਗੌਡਸੇ ਨੂੰ ਦੇਸ਼ ਦਾ ਪਿਤਾ ਬਣਾਉਣ ਦੀ ਸੋਚ ਪ੍ਰਚਾਰੀ ਜਾ ਰਹੀ ਹੈ। ਅੱਜ ਦਾ ਸਿਆਸਤਦਾਨ ਹਿੰਦੂ ਧਰਮ ਵਿਚੋਂ ਸ਼ਾਂਤੀ ਤੇ ਅਹਿੰਸਾ ਦੀ ਸੋਚ ਕੱਢ ਕੇ ਨਫ਼ਰਤ ਨੂੰ ਉਭਾਰਨਾ ਚਾਹੁੰਦਾ ਹੈ। ਲਖੀਮਪੁਰ ਕਾਂਡ ਤੋਂ ਐਸ.ਆਈ.ਟੀ ਦੀ ਰੀਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਵਿਚ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਨਾਮ ਆਇਆ ਹੈ। ਗੱਡੀ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਹੀ ਸੀ ਪਰ ਰੀਪੋਰਟ ਵਿਚ ਕੇਂਦਰੀ ਮੰਤਰੀ ਦੀ ਹਾਜ਼ਰੀ ਨਹੀਂ ਵਿਖਾਈ ਗਈ ਜਦਕਿ ਪਹਿਲੀ ਇਕ ਵੀਡੀਉ ਵਿਚ ਮੰਤਰੀ ਮਿਸ਼ਰਾ ਦਾ ਕਿਸਾਨਾਂ ਪ੍ਰਤੀ ਸ਼ਬਦੀ ਹਮਲਾ ਸਾਫ਼ ਸੀ। ਪਰ ਇਸ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਮਿਸ਼ਰਾ ਪ੍ਰਵਾਰ ਵਲੋਂ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਇਕ ਸੋਚੀ ਸਮਝੀ ਸਾਜ਼ਸ਼ ਨਾਲ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਨੂੰ ਅੰਜਾਮ ਦਿਤਾ ਗਿਆ ਸੀ।

ਪਰ ਇਸ ਰੀਪੋਰਟ ਵਿਚ ਇਹ ਨਹੀਂ ਦਸਿਆ ਗਿਆ ਕਿ ਇਹ ਸਾਜ਼ਸ਼ ਅਜੇ ਮਿਸ਼ਰਾ ਨੇ ਕਿਸ ਦੇ ਕਹਿਣ ਤੇ ਅਤੇ ਕਿਉਂ ਬਣਾਈ। ਰੀਪੋਰਟ ਇਸ ਗੱਲ ਤੇ ਵੀ ਰੋਸ਼ਨੀ ਨਹੀਂ ਪਾਉਂਦੀ ਕਿ ਹਾਦਸੇ ਮਗਰੋਂ ਇਸ ਮਾਮਲੇ ਨੂੰ ਦਬਾਉਣ ਤੇ ਕਿਸਾਨਾਂ ਉਤੇ ਦੋਸ਼ ਲਗਾਉਣ ਦੀ ਜਿਹੜੀ ਸਾਜ਼ਸ਼ ਰਚੀ ਗਈ ਸੀ, ਉਸ ਵਿਚ ਕੌਣ ਕੌਣ ਸ਼ਾਮਲ ਸੀ? ਇਹ ਇਕ ਅਧੂਰੀ ਜਾਂਚ ਰੀਪੋਰਟ ਹੀ ਆਖੀ ਜਾ ਸਕਦੀ ਹੈ। ਜਿਸ ਜ਼ੁਲਮ ਨੂੰ ਨੰਗਿਆਂ ਕਰ ਕੇ ਬੇਦੋਸ਼ਿਆਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਕਿਸੇ ਸਮੇਂ ਸੰਯੁਕਤ ਕਿਸਾਨ ਮੋਰਚੇ ਨੇ ਲਈ ਸੀ, ਉਹ ਮੋਰਚਾ ਜਦ ਆਪ ਹੀ ਬਿਖਰ ਕੇ ਟੁਟ ਗਿਆ, ਬਿਖਰ ਗਿਆ ਤਾਂ ਕਿਸਾਨਾਂ ਵਾਸਤੇ ਕੌਣ ਲੜੇਗਾ?     -ਨਿਮਰਤ ਕੌਰ