ਪੰਜਾਬੀ ਕਿਸਾਨਾਂ ਦੇ 90% ਬੱਚੇ, ਮਾਂ-ਬਾਪ ਦੀ ਜ਼ਮੀਨ ਵੇਚ ਕੇ, ਬਾਹਰ ਭੱਜ ਰਹੇ ਹਨ ਪਰ ਸ਼ਹਿਰੀ ਬੱਚੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਜੇ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੇਗੀ ਤਾਂ ਉਸ ਦਾ ਜੀਵਨ ਸੁਧਰੇਗਾ ਕਿਸ ਤਰ੍ਹਾਂ?

Photo

ਪੰਜਾਬੀ ਯੂਨੀਵਰਸਿਟੀ ਵਲੋਂ ਮਾਲਵਾ ਵਿਚ ਇਕ ਸਰਵੇਖਣ ਕੀਤਾ ਗਿਆ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਅੱਜ ਪੰਜਾਬ ਦੇ ਕਿਸਾਨਾਂ ਦੀ 90% ਨਵੀਂ ਪਨੀਰੀ ਵਿਦੇਸ਼ ਭੱਜਣ ਲਈ ਕਾਹਲੀ ਪਈ ਹੋਈ ਹੈ। ਵੈਸੇ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿਉਂਕਿ ਅੱਜ ਪੰਜਾਬ ਦਾ ਸੱਭ ਤੋਂ ਤਰੱਕੀ ਕਰਦਾ ਧੰਦਾ ਹੀ ਇਮੀਗ੍ਰੇਸ਼ਨ ਅਤੇ ਆਈਲਟਸ ਦਾ ਹੈ।

ਪੈਰ-ਪੈਰ ਤੇ ਵਿਦੇਸ਼ ਦੇ ਹਸੀਨ ਸੁਪਨੇ ਵਿਖਾਉਂਦੇ ਇਹ ਕਾਰੋਬਾਰ ਚੰਗੇ ਵੱਧ-ਫੁਲ ਰਹੇ ਹਨ। ਇਸ ਸਰਵੇਖਣ ਮੁਤਾਬਕ ਅੱਜ ਹਰ ਉਹ ਬੱਚਾ ਬਾਹਰ ਜਾਣ ਵਾਲਿਆਂ ਦੀ ਕਤਾਰ 'ਚ ਲੱਗ ਚੁੱਕਾ ਹੈ ਜਿਸ ਦੇ ਮਾਪਿਆਂ ਕੋਲ ਕੁੱਝ ਜ਼ਮੀਨ ਹੈ। ਇਹ ਕਿਸਾਨ ਪ੍ਰਵਾਰ ਅਪਣੀ ਜ਼ਮੀਨ ਵੇਚ ਕੇ ਬੱਚਿਆਂ ਨੂੰ ਬਾਹਰ ਜਾ ਕੇ ਕਿਸਮਤ ਅਜ਼ਮਾਉਣ ਦਾ ਮੌਕਾ ਦੇ ਰਹੇ ਹਨ।

ਅੰਕੜੇ ਇਹ ਸਿੱਧ ਕਰਦੇ ਹਨ ਕਿ ਸਰਕਾਰੀ ਅਫ਼ਸਰਾਂ ਦੇ ਬੱਚੇ ਜਾਂ ਨਿਜੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਪ੍ਰਵਾਰਾਂ ਦੇ ਬੱਚੇ ਅਜੇ ਬਾਹਰ ਜਾਣ ਦੀ ਗੱਲ ਬਹੁਤ ਘੱਟ ਸੋਚ ਰਹੇ ਹਨ। ਕਾਰਨ ਇਸ ਦਾ ਇਹੀ ਹੈ ਕਿ ਉਨ੍ਹਾਂ ਕੋਲ ਬਾਹਰ ਜਾਣ ਵਾਸਤੇ ਵੱਡੀ ਰਕਮ ਇਕੱਠੀ ਕਰਨ ਦਾ ਕੋਈ ਇਕ ਵੱਡਾ ਸਾਧਨ ਹੀ ਨਹੀਂ।

ਪਰ ਜੇ ਕਿਸਾਨ ਕੋਲ ਜ਼ਮੀਨ ਹੀ ਨਹੀਂ ਰਹੇਗੀ ਤਾਂ ਉਸ ਦਾ ਜੀਵਨ ਸੁਧਰੇਗਾ ਕਿਸ ਤਰ੍ਹਾਂ? ਜਿਹੜੇ ਰਾਹਾਂ ਤੇ ਚਲ ਕੇ ਨੌਜੁਆਨ ਵਿਦੇਸ਼ਾਂ ਨੂੰ ਜਾ ਰਹੇ ਹਨ, ਉਹ ਕਿਹੜੇ ਸੁਰੱਖਿਅਤ ਹਨ? ਹਰ ਪਾਸੇ ਠੱਗੀ-ਠੋਰੀ ਚਲ ਰਹੀ ਹੈ। ਕਦੇ ਆਈਲਟਸ ਦਾ ਇਮਤਿਹਾਨ ਪੈਸੇ ਲੈ ਕੇ ਪਾਸ ਕਰਵਾ ਦਿਤਾ ਜਾਂਦਾ ਹੈ ਅਤੇ ਫਿਰ ਜਦੋਂ ਅੰਗਰੇਜ਼ੀ ਵਿਚ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤਾਂ ਵਾਪਸ ਭੇਜ ਦਿਤੇ ਜਾਂਦੇ ਹਨ ਅਤੇ ਪੰਜ ਸਾਲਾਂ ਲਈ ਰਸਤਾ ਬੰਦ ਕਰਵਾ ਬੈਠਦੇ ਹਨ।

ਕਦੇ ਠੱਗ ਇਮੀਗਰੇਸ਼ਨ ਕੰਪਨੀਆਂ ਦੇ ਹੱਥੋਂ ਲੁੱਟੇ ਜਾਣ ਲਗਦੇ ਹਨ। ਉਥੇ ਜਾ ਕੇ ਵੀ ਇਹ ਉਚ ਸਿਖਿਆ ਵਲ ਘੱਟ ਹੀ ਜਾਂਦੇ ਹਨ। ਸਿਰਫ਼ ਟਰੱਕਾਂ, ਟੈਕਸੀਆਂ ਜਾਂ ਦਿਹਾੜੀ ਦੇ ਕੰਮਾਂ ਨਾਲ ਅਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦੇ ਹਨ। ਇਹ ਸਮੱਸਿਆ ਕਈ ਪਾਸਿਆਂ ਤੋਂ ਵੇਖਿਆਂ ਬੜੀ ਖ਼ਤਰਨਾਕ ਵੀ ਸਾਬਤ ਹੋ ਰਹੀ ਹੈ। ਇਕ ਪਾਸੇ ਕਿਸਾਨ ਅਪਣੀ ਰੋਟੀ ਰੋਜ਼ੀ ਦਾ ਸਾਧਨ ਗਵਾ ਕੇ ਅਤੇ ਆਉਣ ਵਾਲੇ ਸਮੇਂ ਵਿਚ ਅਪਣੇ ਬੱਚਿਆਂ ਦੀ ਸਫ਼ਲਤਾ ਅਤੇ ਕਮਾਈ ਉਤੇ ਨਿਰਭਰ ਹੋ ਕੇ ਪੰਜਾਬ ਵਿਚ ਡਾਲਰਾਂ ਦੀ ਉਡੀਕ ਕਰਦਾ ਮਿਲੇਗਾ।

ਦੂਜੇ ਪਾਸੇ ਨੌਜੁਆਨ ਤਾਂ ਪੰਜਾਬ ਵਿਚੋਂ ਜਾ ਹੀ ਰਿਹਾ ਹੈ ਪਰ ਉੱਚ ਸਿਖਿਆ ਤੋਂ ਵਾਂਝਾ ਪੰਜਾਬੀ ਨੌਜੁਆਨ, ਪੰਜਾਬ ਦੀ ਤਰੱਕੀ ਦਾ ਕਾਰਨ ਨਹੀਂ ਬਣੇਗਾ।  ਅੱਜ ਨਾ ਸਿਰਫ਼ ਨਸ਼ੇ ਦੀ ਸਮੱਸਿਆ ਪੰਜਾਬ ਦੇ ਨੌਜੁਆਨਾਂ ਨੂੰ ਖੋਖਲਾ ਕਰ ਰਹੀ ਹੈ ਬਲਕਿ ਜੋ ਬਚੇ-ਖੁਚੇ ਨੌਜੁਆਨ ਹਨ, ਉਹ ਪੰਜਾਬ ਤੋਂ ਬਾਹਰ ਭੱਜ ਕੇ, ਪੰਜਾਬ ਨੂੰ ਉੱਕਾ ਹੀ ਖੋਖਲਾ ਕਰ ਰਹੇ ਹਨ।

ਜਿਹੜਾ ਸੂਬਾ ਭਾਰਤ ਦੀ ਇਸ ਪਾਸੇ ਤੋਂ ਹਮਲਾਵਰਾਂ ਵਿਰੁਧ ਦੇਸ਼ ਦੀ ਢਾਲ ਸੀ, ਜੋ ਭਾਰਤੀ ਫ਼ੌਜ ਦੇ ਸੂਰਬੀਰ ਜਵਾਨ ਸਨ, ਜਿਨ੍ਹਾਂ ਨੇ ਹਰ ਵਿਸ਼ਵ ਜੰਗ ਵਿਚ ਅਜਿਹੀ ਬਹਾਦਰੀ ਵਿਖਾਈ ਕਿ ਅੱਜ ਇੰਗਲੈਂਡ ਵਿਚ ਵੀ ਇਕ ਸਿੱਖ ਰੈਜੀਮੈਂਟ ਬਣਾ ਦਿਤੀ ਗਈ ਹੈ, ਉਸ ਸੂਬੇ ਦੇ ਅੱਜ ਦੇ ਨੌਜੁਆਨ ਗ਼ਾਇਬ ਹੀ ਹੋ ਰਹੇ ਹਨ ਅਤੇ ਸਾਡੇ ਕਿਸੇ ਸਿਆਣੇ ਨੂੰ ਇਸ ਦੀ ਚਿੰਤਾ ਹੀ ਕੋਈ ਨਹੀਂ। -ਨਿਮਰਤ ਕੌਰ