ਬੰਦੂਕਾਂ/ਨਸ਼ਿਆਂ ਦੇ ਗੀਤ ਗਾਉਣ ਵਾਲੇ ਹੀ ਪੰਜਾਬ ਦੇ ਦੋਸ਼ੀ ਜਾਂ ਸਰਕਾਰ ਵੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਧੂ ਮੂਸੇਵਾਲਾ ਇਕ ਵਾਰੀ ਫਿਰ ਤੋਂ ਮੁਸੀਬਤਾਂ ਵਿਚ ਜਾ ਘਿਰਿਆ ਹੈ।

Photo

ਸਿੱਧੂ ਮੂਸੇਵਾਲਾ ਇਕ ਵਾਰੀ ਫਿਰ ਤੋਂ ਮੁਸੀਬਤਾਂ ਵਿਚ ਜਾ ਘਿਰਿਆ ਹੈ। ਇਸ ਗਾਇਕ ਨੂੰ ਕਈ ਲੋਕ ਬੜਾ ਵਧੀਆ ਕਲਾਕਾਰ ਮੰਨਦੇ ਹਨ ਅਤੇ ਉਸ ਦੇ ਗੀਤਾਂ ਦੇ ਦੀਵਾਨੇ ਹਨ ਪਰ ਮੇਰੇ ਵਾਂਗ ਅਜਿਹੇ ਵੀ ਕਈ ਹੋਣਗੇ ਜੋ ਇਹ ਗੀਤ ਸੁਣ ਕੇ ਅਪਣੇ ਕੰਨ ਬੰਦ ਕਰ ਲੈਂਦੇ ਹੋਣਗੇ।  ਖ਼ੈਰ, ਅੱਜ ਫਿਰ ਇਹ ਕਲਾਕਾਰ ਅਪਣੀ ਗਾਇਕੀ ਵਾਸਤੇ ਨਹੀਂ ਬਲਕਿ ਅਪਣੀ ਭੜਕਾਊ ਗਾਇਕੀ ਵਾਸਤੇ ਵਿਵਾਦਾਂ 'ਚ ਫਸਿਆ ਹੋਇਆ ਹੈ।

ਇਸ ਦੇ ਨਾਲ ਦੇ ਕੁੱਝ ਹੋਰ ਗਾਇਕ ਸੁਖਦੀਪ ਸਿੰਘ ਸਿੱਧੂ, ਮਨਕੀਰਤ ਔਲਖ, ਅਫ਼ਸਾਨਾ ਖ਼ਾਨ ਵਿਰੁਧ ਵੀ ਪਰਚੇ ਦਰਜ ਹੋਏ ਹਨ। ਸਿੱਧੂ ਮੂਸੇਵਾਲੇ ਦਾ ਗੀਤ 'ਪੱਖੀਆਂ ਪੱਖੀਆਂ ਪੱਖੀਆਂ, ਗੰਨ ਵਿਚ ਪੰਜ ਗੋਲੀਆਂ ਤੇਰੇ ਪੰਜ ਵੀਰਾਂ ਵਾਸਤੇ ਰਖੀਆਂ' ਹੁਣ ਪੰਜਾਬ ਪੁਲਿਸ ਅਤੇ ਸਭਿਆਚਾਰ ਦੇ ਰਖਵਾਲਿਆਂ ਨੂੰ ਚੁੱਭ ਰਿਹਾ ਹੈ।

ਵੈਸੇ ਤਾਂ ਮਿਰਜ਼ੇ ਨੇ ਵੀ ਸਾਹਿਬਾਂ ਦੇ ਭਰਾਵਾਂ ਵਾਸਤੇ ਤੀਰ ਰੱਖੇ ਸਨ ਪਰ ਸਿੱਧੂ ਦੀ ਸੋਚ ਵਿਚ ਪਿਆਰ ਤਾਂ ਬਿਲਕੁਲ ਵੀ ਨਹੀਂ। ਪਰ ਸਿਰਫ਼ ਗੀਤਕਾਰਾਂ ਨੂੰ ਹੀ ਫਾਹੇ ਕਿਉਂ ਲਾਇਆ ਜਾਂਦਾ ਹੈ? ਕਦੇ ਗੀਤਕਾਰ ਗੁਰਦਾਸ ਮਾਨ ਵਾਂਗ 'ਘਰ ਦੀ ਸ਼ਰਾਬ' ਦੇ ਗੀਤ ਗਾਉਂਦੇ ਹਨ ਅਤੇ ਕਦੇ ਬੰਦੂਕਾਂ ਦੇ ਪਰ ਸ਼ਰਾਬ ਜਾਂ ਬੰਦੂਕਾਂ ਬਣਾਉਂਦੇ ਜਾਂ ਵੇਚਦੇ ਤਾਂ ਨਹੀਂ।

ਵੇਚਦੀ ਤਾਂ ਸਰਕਾਰ ਹੈ। ਸ਼ਰਾਬ, ਤਮਾਕੂ, ਬੰਦੂਕਾਂ ਅਤੇ ਸਿਗਰਟਾਂ ਤੋਂ ਮੁਨਾਫ਼ਾ ਕਮਾਉਣ ਵਾਲੀ ਪੰਜਾਬ ਸਰਕਾਰ ਹੈ। ਜਿਸ ਨੇ ਵੀ ਬੰਦੂਕ ਖ਼ਰੀਦਣੀ ਹੈ, ਉਸ ਨੇ ਸਰਕਾਰ ਤੋਂ ਲਾਈਸੈਂਸ ਲੈਣਾ ਹੈ। ਤਾਂ ਫਿਰ ਸਰਕਾਰ ਉਤੇ ਪਰਚਾ ਕਿਉਂ ਨਹੀਂ? ਜੇ ਯੋਗੀ ਆਦਿਤਿਆਨਾਥ, ਅਨੁਰਾਗ ਠਾਕੁਰ ਮੰਚ ਉਤੇ ਖੜੇ ਹੋ ਕੇ ਬੰਦੂਕ ਚਲਾਉਣ ਦੀ ਗੱਲ ਕਰ ਸਕਦੇ ਹਨ ਤਾਂ ਫਿਰ ਮੂਸੇਵਾਲਾ ਕਿਸ ਚੀਜ਼ ਦਾ ਨਾਂ ਹੈ?

ਕਾਨੂੰਨ ਦੇ ਹੱਥ ਸੱਭ ਲਈ ਇਕੋ ਜਿੰਨੇ ਲੰਮੇ ਹੋਣੇ ਚਾਹੀਦੇ ਹਨ ਤੇ ਹਰ ਕਿਸੇ ਉਤੇ ਬਰਾਬਰੀ ਦੀ ਨਜ਼ਰ ਪੈਣੀ ਚਾਹੀਦੀ ਹੈ। ਜੇ ਜਾਂਚ ਕੀਤੀ ਜਾਵੇ ਤਾਂ ਸਾਫ਼ ਹੋ ਜਾਵੇਗਾ ਕਿ ਮੂਸੇਵਾਲੇ ਦੇ ਗਾਣਿਆਂ ਨਾਲ ਪੰਜਾਬ ਸਰਕਾਰ ਦੀ ਆਮਦਨ ਵਧੀ ਹੀ ਹੋਵੇਗੀ ਪਰ ਅਨੁਰਾਗ ਠਾਕੁਰ ਦੇ ਕਹਿਣ ਨਾਲ ਤਾਂ ਦੋ ਵਾਰ ਬੰਦੂਕਾਂ ਚਲੀਆਂ ਹਨ। ਫਿਰ ਜ਼ਿਆਦਾ ਖ਼ਤਰਾ ਕਿਸ ਕੋਲੋਂ ਹੈ?  -ਨਿਮਰਤ ਕੌਰ