ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਹਕੀਕੀ ਏਕਤਾ ਬਣਾਈ ਰਖਣੀ ਬਹੁਤ ਜ਼ਰੂਰੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੋ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ, ਉਹ ਕਿਸਾਨੀ ਸੰਘਰਸ਼ ਲਈ ਨਹੀਂ ਸਗੋਂ 2022 ਦੀਆਂ ਚੋਣਾਂ ਲਈ ਅਪਣਾ ਚਿਹਰਾ ਲੋਕਾਂ ਸਾਹਮਣੇ ਲਿਆਉਣ ਲਈ ਹੀ ਕੀਤਾ ਗਿਆ।

farmer leaders

ਇਕ ਭਾਜਪਾ ਆਗੂ ਵਲੋਂ ਰਾਕੇਸ਼ ਟਿਕੈਤ ਬਾਰੇ ਦਾਅਵਾ ਕੀਤਾ ਗਿਆ ਕਿ ਇਸ ਨੂੰ ਤਾਂ 10-20 ਹਜ਼ਾਰ ਰੁਪਏ ਦੇ ਕੇ ਕਿਸੇ ਪਾਸੇ ਵੀ ਲਿਜਾਇਆ ਜਾ ਸਕਦਾ ਹੈ। ਇਹ ਬਿਆਨ ਕਿਉਂ ਦਿਤਾ ਗਿਆ? ਕਿਉਂਕਿ ਰਾਕੇਸ਼ ਟਿਕੈਤ ਅੱਜ ਤਕ ਕਾਂਗਰਸ ਤੇ ਭਾਜਪਾ ਤੋਂ ਦੂਰ ਰਹਿ ਕੇ ਇਕ ਆਜ਼ਾਦ ਕਿਸਾਨ ਆਗੂ ਦੇ ਤੌਰ ’ਤੇ ਵਿਚਰਦੇ ਰਹੇ ਹਨ। ਰਾਕੇਸ਼ ਟਿਕੈਤ ਨੇ ਅਪਣੇ ਪਿਤਾ ਨਾਲ ਕਿਸਾਨੀ ਸੰਘਰਸ਼ ਲਈ ਦਿੱਲੀ ਪੁਲਿਸ ਵਿਚ ਅਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਸੀ। ਭਾਜਪਾ ਆਗੂ ਦੇ ਮੂੰਹੋਂ ਸਿਆਸੀ ਗਲਿਆਰਿਆਂ ਵਿਚ ਲੈਣ-ਦੇਣ ਤੇ ਸੌਦੇਬਾਜ਼ੀ ਦੀ ਗੱਲ ਨਿਕਲ ਗਈ। ਉਹ ਚਾਹੁੰਦੇ ਤਾਂ ਸ਼ਾਇਦ ਇਹ ਸਨ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕੱਦ ਛੋਟਾ ਕਰ ਕੇ ਵਿਖਾਇਆ ਜਾਵੇ ਪਰ ਹੋਇਆ ਇਹ ਕਿ ਇਸ ਗੱਲਬਾਤ ਨਾਲ ਉਨ੍ਹਾਂ ਦਾ ਖ਼ੁਦ ਦਾ ਕਦ ਹੀ ਛੋਟਾ ਹੋ ਗਿਆ। 

ਇਸੇ ਤਰ੍ਹਾਂ ਅਸੀ ਬਾਕੀ ਕਿਸਾਨ ਆਗੂਆਂ ਦਾ ਪਿਛੋਕੜ ਵੇਖੀਏ ਤਾਂ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਕਦੇ ਨਾ ਕਦੇ ਜੁੜੇ ਹੀ ਰਹੇ ਹਨ। ਕੋਈ ਆਗੂ ਅਕਾਲੀ ਦਲ ਵਲ ਝੁਕਾਅ ਰਖਦਾ ਹੈ, ਕੋਈ ਕਾਂਗਰਸ ਵਲ ਅਤੇ ਕੋਈ ਕਾਮਰੇਡ ਹੈ। ਕਈ ਅਜੇ ਵੀ ਆਮ ਕਿਸਾਨ ਵਾਂਗ ਖੇਤੀ ਕਰਦੇ ਹਨ ਪਰ ਜ਼ਿਆਦਾਤਰ ਕਿਸਾਨ ਆਗੂ, ਹੁਣ ਅਮੀਰ ਬਣ ਚੁੱਕੇ ਹਨ। ਉਹ ਵੱਡੀਆਂ ਵੱਡੀਆਂ ਗੱਡੀਆਂ ਵਿਚ ਆਉਂਦੇ ਹਨ, ਮਹਿੰਗੇ ਕਪੜੇ ਤੇ ਘੜੀਆਂ ਪਾਉਂਦੇ ਹਨ। ਅੱਜ ਤਕ ਕਦੇ ਕਿਸੇ ਕਾਨੂੰਨ ਨੂੰ ਇੰਨਾ ਵਿਚਾਰਿਆ ਨਹੀਂ ਗਿਆ ਪਰ ਅੱਜ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਵਾਲਾ ਬੱਚਾ ਬੱਚਾ ਖੇਤੀ ਕਾਨੂੰਨਾਂ ਨੂੰ ਸਮਝਦਾ ਹੈ ਅਤੇ ਸਿਆਸਤਦਾਨਾਂ ਨੂੰ ਵੀ ਸਮਝਾ ਸਕਦਾ ਹੈ।

ਅੱਜ ਤੋਂ ਪਹਿਲਾਂ ਕਿਸਾਨ ਜਦ ਅਪਣੀਆਂ ਮੰਗਾਂ ਲੈ ਕੇ ਸਰਕਾਰ ਕੋਲ ਜਾਂਦੇ ਸਨ ਤਾਂ ਉਨ੍ਹਾਂ ਨੂੰ ਨਾਲ ਜਾਣ ਵਾਲੇ ਕਿਸਾਨਾਂ ਦੀਆਂ ਬਸਾਂ ਭਰਨੀਆਂ ਵੀ ਮੁਸ਼ਕਲ ਹੋ ਜਾਂਦੀਆਂ ਸਨ ਤੇ ਜਦ ਸਰਕਾਰਾਂ ਵੇਖਦੀਆਂ ਹਨ ਕਿ ਕਿਸਾਨ ਆਗੂਆਂ ਨਾਲ ਬਹੁਤੇ ਬੰਦੇ ਨਹੀਂ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਆਗੂਆਂ ’ਤੇ ਦਬਾਅ ਪਾ ਲੈਂਦੀਆਂ ਸਨ। ਜੇ 2011 ਵਿਚ ਇਸੇ ਤਰ੍ਹਾਂ ਦਾ ਇਕੱਠ ਸਵਾਮੀਨਾਥਨ ਰੀਪੋਰਟ ਲਾਗੂ ਕਰਵਾਉਣ ਲਈ ਆਇਆ ਹੁੰਦਾ ਤਾਂ ਮਜਾਲ ਹੈ ਕਿ ਕਾਂਗਰਸ ਇਸ ਬਾਰੇ ਜਵਾਬ ਦੇ ਜਾਂਦੀ?

ਕਾਰਪੋਰੇਟ ਘਰਾਣਿਆਂ ਕੋਲ ਪੈਸੇ ਦੀ ਤਾਕਤ ਹੁੰਦੀ ਹੈ ਅਤੇ ਉਹ ਸਿਆਸਤਦਾਨਾਂ ਨੂੰ ਚੋਣਾਂ ਵਿਚ ਆਪਣਾ ਗ਼ੁਲਾਮ ਬਣਾ ਲੈਂਦੇ ਹਨ। ਕੁੱਝ ਲਾਲਚੀ ਅਪਣੀਆਂ ਤਿਜੌਰੀਆਂ ਭਰਨ ਨੂੰ ਪਹਿਲ ਦੇਣ ਲਗਦੇ ਹਨ ਪਰ ਉਸ ਦਾ ਵੱਡਾ ਹਿੱਸਾ ਜਨਤਾ ਦੀਆਂ ਵੋਟਾਂ ਖ਼ਰੀਦਣ ਉਤੇ ਖ਼ਰਚ ਹੁੰਦਾ ਹੈ। ਜਨਤਾ ਸਿਆਸਤਦਾਨਾਂ ਨੂੰ ਵੋਟ ਵੇਚਦੀ ਹੈ ਜਿਸ ਨਾਲ ਖ਼ੁਦ ਨੂੰ ਵੀ ਅਤੇ ਸਰਕਾਰ ਨੂੰ ਵੀ ਕਮਜ਼ੋਰ ਕਰ ਲੈਂਦੀ ਹੈ। ਸੋ ਸਿਆਸੀ ਲੈਣ ਦੇਣ 10-20 ਹਜ਼ਾਰ ਰੁਪਏ ਦਾ ਨਹੀਂ ਸਗੋਂ ਲੱਖਾਂ ਕਰੋੜਾਂ ਦੇ ਹੋਏ ਹੋਣਗੇ। ਜਿਥੇ ਐਨੇ ਜ਼ਿਆਦਾ ਸੰਗਠਨ ਹੋਣ ਉਥੇ ਸਿਆਸਤਦਾਨ ਅਪਣੇ ਆਪ ਇਕੱਲਿਆਂ ਕੰਮ ਨਹੀਂ ਰੋਕ ਸਕਦਾ। ਸਵਾਮੀਨਾਥਨ ਰੀਪੋਰਟ ਹਾਕਮਾਂ ਨੇ ਲਾਗੂ ਨਾ ਕੀਤੀ ਪਰ ਲਾਗੂ ਕਰਵਾਉਣ ਗਏ ਆਗੂਆਂ ਨੇ ਕਿਹੜਾ ਖ਼ਾਸ ਦਬਾਅ ਪਾਇਆ? ਜੇ ਇਹ ਲੋਕ ਅੱਜ ਵਰਗੇ ਸੰਘਰਸ਼ ਵਾਂਗ ਕਮਰਕਸੇ ਕਰ ਕੇ ਲੜਦੇ ਤਾਂ ਕੀ ਹੁਣ ਤਕ ਸਰਕਾਰਾਂ ਸਵੀਮਨਾਥਨ ਕਮਿਸ਼ਨ ਨੂੰ ਅਣਦੇਖਿਆ ਕਰ ਸਕਦੀਆਂ ਸਨ?

ਸੋ ਅੱਜ ਜਦੋਂ ਨੌਜਵਾਨ ਇਨ੍ਹਾਂ ’ਤੇ ਵਿਸ਼ਵਾਸ ਕਰਨ ਤੋਂ ਕਤਰਾਅ ਰਿਹਾ ਹੈ ਤਾਂ ਉਹ ਪੂਰੀ ਤਰ੍ਹਾਂ ਗ਼ਲਤ ਵੀ ਨਹੀਂ ਕਿਉਂÎਕਿ ਕਲ ਤਕ ਦੀ ਹਕੀਕਤ ਕੁੱਝ ਵਖਰੀ ਜਹੀ ਸੀ। ਕਿਸਾਨ ਆਗੂ ਕਮਜ਼ੋਰ ਹੁੰਦੇ ਸਨ ਤੇ ਉਹ ਬੜੀ ਛੇਤੀ ਸਿਆਸਤਦਾਨਾਂ ਦੇ ਦਬਾਅ ਹੇਠ ਆ ਜਾਂਦੇ ਸਨ। ਕੁੱਝ ਨੌਜਵਾਨ ਇਸੇ ਚੀਜ਼ ਨੂੰ ਲੈ ਕੇ ਅਪਣੇ ਗੁੱਸੇ ਨੂੰ ਸਹੀ ਦਸਦੇ ਹਨ ਪਰ ਕੀ ਉਹ ਇਨ੍ਹਾਂ ਤੋਂ ਵੀ ਮਾੜੇ ਨਹੀਂ ਸਾਬਤ ਹੋ ਰਹੇ?  ਉਹ ਤਾਂ ਦਬੇ ਹੋਏ ਸਨ ਕਿਉਂਕਿ ਉਹ ਤਾਕਤਵਰ ਨਹੀਂ ਸਨ ਪਰ ਅੱਜ ਦੇ ਨੌਜਵਾਨ ਆਗੂ ਤਾਂ ਜ਼ਰਾ ਜਿੰਨੀ ਤਾਕਤ ਫੜਦਿਆਂ ਹੀ ਅਪਣੇ ਨਿਜ ਨੂੰ ਉਭਾਰਨ ਦੇ ਸੁਪਨੇ ਲੈਣ ਲਗਦੇ ਹਨ ਤੇ ਹਰ ਗਰਮ ਖ਼ਿਆਲ ਆਗੂ ਅਪਣੀ ਸੋਸ਼ਲ ਮੀਡੀਆ ’ਤੇ ਚੜ੍ਹਤ ਵੇਖ ਕੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖਣ ਲੱਗ ਜਾਂਦਾ ਹੈ। ਉਹ ਏਨੇ ਬੇਸਬਰੇ ਹੋ ਜਾਂਦੇ ਹਨ ਕਿ ਅਪਣੀ ਮਰਿਆਦਾ ਦੀਆਂ ਹੱਦਾਂ ਨੂੰ ਵੀ ਪਾਰ ਕਰ ਲੈਂਦੇ ਹਨ।

ਜੋ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ, ਉਹ ਕਿਸਾਨੀ ਸੰਘਰਸ਼ ਲਈ ਨਹੀਂ ਸਗੋਂ 2022 ਦੀਆਂ ਚੋਣਾਂ ਲਈ ਅਪਣਾ ਚਿਹਰਾ ਲੋਕਾਂ ਸਾਹਮਣੇ ਲਿਆਉਣ ਲਈ ਹੀ ਕੀਤਾ ਗਿਆ। ਇਹ ਲੋਕ ਜ਼ਮੀਨੀ ਪੱਧਰ ’ਤੇ ਕੰਮ ਕਰਨ ਨੂੰ ਤਾਂ ਤਿਆਰ ਨਹੀਂ ਪਰ ਸਿਰਫ਼ ਸੋਸ਼ਲ ਮੀਡੀਆ ਦੀ ਵਾਹ ਵਾਹ ਖੱਟ ਕੇ ਮੁੰਗੇਰੀ ਲਾਲ ਵਾਂਗ ਹਸੀਨ ਸੁਪਨੇ ਵੇਖਣ ਲਗਦੇ ਹਨ। ਸੋ ਇਨ੍ਹਾਂ ਸਾਰਿਆਂ ਦਾ ਹਾਲ ਮੁੰਗੇਰੀ ਲਾਲ ਵਰਗਾ ਹੀ ਹੋ ਰਿਹਾ ਹੈ। ਪਰ ਇਨ੍ਹਾਂ ਨੇ ਕਿਸਾਨੀ ਅੰਦੋਲਨ ਵਿਚ ਇਕ ਦਰਾੜ ਪਾ ਦਿਤੀ ਹੈ। ਲੋਕ ਹੁਣ ਕਿਸਾਨੀ ਸੰਘਰਸ਼ ਦੀ ਨਹੀਂ ਬਲਕਿ ਆਗੂਆਂ ਦੀ ਹੀ ਗੱਲ ਕਰ ਰਹੇ ਹਨ। ਕੋਈ ਬਜ਼ੁਰਗਾਂ ਨਾਲ ਖੜਾ ਹੈ ਅਤੇ ਕੋਈ ਨੌਜਵਾਨਾਂ ਨਾਲ।

ਅੱਜ ਇਕ ਪਾਸੇ ਕਿਸਾਨ ਆਗੂ ਹਨ ਜੋ ਜਨਤਾ ਦੇ ਸਮਰਥਨ ਨਾਲ ਪਹਿਲੀ ਵਾਰ ਕਿਸੇ ਸਿਆਸਤਦਾਨਾਂ ਅੱਗੇ ਝੁਕੇ ਨਹੀਂ ਅਤੇ ਅਪਣੇ ਹੱਕਾਂ ਲਈ ਡਟੇ ਹੋਏ ਹਨ। ਪਰ ਅਜੇ ਵੀ ਸਿਆਸਤਦਾਨ ਅਪਣੀ ਰਵਾਇਤੀ ਸੋਚ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੋ ਰਹੇ ਕਿਉਂਕਿ ਉਹ ਕਾਰਪੋਰੇਟਾਂ ਦੇ ਤੇ ਕਾਰਪੋਰੇਟ ਬੈਂਕਾਂ ਦੇ ਰਿਣੀ ਹਨ। ਸਦੀਆਂ ਤੋਂ ਚਲਿਆ ਆ ਰਿਹਾ ਧੱਕੇਸ਼ਾਹੀ ਵਾਲਾ ਸਿਸਟਮ ਅੱਜ ਤੁਸੀ ਆਪ ਤੋੜ ਰਹੇ ਹੋ ਪਰ ਇਸ ਸਿਸਟਮ ਨੂੰ ਤੋੜਨ ਲਈ ਕੁੱਝ ਸਮਾਂ ਹੋਰ ਦੇਣਾ ਪਵੇਗਾ। ਕਾਹਲ ਕੀਤਿਆਂ, ਇੱਕਾ-ਦੁੱਕਾ ਆਗੂ ਦੀ ਹੀ ਚੜ੍ਹਤ ਹੋਵੇਗੀ ਪਰ ਸੰਘਰਸ਼ ਹਾਰ ਜਾਵੇਗਾ। ਸੋ ਸਬਰ ਕਰੋ ਅਤੇ ਅਪਣੀ ਤਾਕਤ ’ਤੇ ਵਿਸ਼ਵਾਸ ਰੱਖੋ। ਜੇਕਰ ਤੁਸੀ ਏਕਤਾ ਬਣਾਈ ਰੱਖੋਗੇ ਤੇ ਤਾਕਤਵਰ ਬਣੇ ਰਹੋਗੇ ਅਤੇ ਤਾਂ ਹੀ ਕਿਸਾਨ ਆਗੂ ਸਚਾਈ ਨਾਲ ਨਿਡਰ ਹੋ ਕੇ ਕੰਮ ਕਰੇਗਾ। ਆਖ਼ਰਕਾਰ ਕਿਸਾਨਾਂ ਦਾ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਤੇ ਪੁਰਾਣੀਆਂ ਰਵਾਇਤਾਂ ਟੁਟ ਭੱਜ ਰਹੀਆਂ ਹਨ ਜਿਸ ਦਾ ਸਿਹਰਾ ਆਮ ਨਾਗਰਿਕ ਦੇ ਸਿਰ ਬਝਦਾ ਹੈ।  
(ਨਿਮਰਤ ਕੌਰ)