ਸਾਵਧਾਨ! ਕੋਰੋਨਾ ਵਾਇਰਸ ਹੁਣ ਭਾਰਤ ਵਿਚ ਪਹੁੰਚ ਚੁੱਕਾ ਹੈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

21ਵੀਂ ਸਦੀ ਵਿਚ ਆ ਕੇ ਇਹ ਵਿਗਿਆਨ ਅਤੇ ਖੋਜ ਉਤੇ ਵਿਸ਼ਵਾਸ ਕਰਨ ਲਈ ਨਹੀਂ ਕਹਿੰਦੇ ਸਗੋਂ ਪੱਥਰ ਯੁਗ ਦੀਆਂ ਗ਼ੈਰ-ਵਿਗਿਆਨਕ ਮਨੌਤਾਂ ਨੂੰ ਮੰਨੀ ਜਾਣ ਦਾ ਪ੍ਰਚਾਰ ਕਰਦੇ ਹਨ।

Photo

ਕੋਰੋਨਾ ਵਾਇਰਸ ਨਾਲ ਹੁਣ ਚੀਨ ਦੀ ਨਹੀਂ ਭਾਰਤ ਦੀ ਸਿਰਦਰਦੀ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਹੁਣ ਤਕ ਸਾਰਿਆਂ ਦੀਆਂ ਨਜ਼ਰਾਂ ਚੀਨ ਉਤੇ ਟਿਕੀਆਂ ਹੋਈਆਂ ਸਨ ਕਿ ਵੇਖੀਏ ਉਹ ਕਿਸ ਤਰ੍ਹਾਂ ਇਸ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਤੋਂ ਦੁਨੀਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਅਪਣੇ ਦੇਸ਼ ਨੂੰ ਬਚਾਉਂਦਾ ਹੈ।

ਦਸੰਬਰ 2019 ਵਿਚ ਚੀਨ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਦਰ 14% ਸੀ ਪਰ ਅੱਜ ਇਹ 0.8% 'ਤੇ ਆ ਗਈ ਹੈ ਅਰਥਾਤ ਇਕ ਫ਼ੀ ਸਦੀ ਤੋਂ ਵੀ ਘੱਟ ਗਈ ਹੈ। ਦੁਨੀਆਂ ਵਿਚ ਇਹ ਵਾਇਰਸ ਤਕਰੀਬਨ 3.4% ਮੌਤ ਦਰ ਤੇ ਚਲ ਰਿਹਾ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਜੋ ਲੋਕ ਇਕ ਸਿਹਤਮੰਦ ਵਾਤਾਵਰਣ ਵਿਚ ਰਹਿ ਰਹੇ ਹਨ, ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਅਮਰੀਕਾ ਵਿਚ ਜੋ ਚਾਰ ਮੌਤ ਹੋਈਆਂ ਹਨ, ਉਹ ਇਕ ਹੀ ਬਿਰਧ ਆਸ਼ਰਮ ਵਿਚ ਰਹਿਣ ਵਾਲਿਆਂ ਦੀਆਂ ਹਨ। ਚੀਨ ਵਿਚ ਕੀਤੀ ਗਈ ਜਾਂਚ 'ਚੋਂ ਇਹ ਗੱਲ ਵੀ ਨਿੱਤਰ ਕੇ ਆਈ ਹੈ ਕਿ ਇਹ ਬਿਮਾਰੀ ਸੱਭ ਤੋਂ ਘਾਤਕ ਵੱਡੀ ਉਮਰ ਵਾਲੇ ਲੋਕਾਂ ਲਈ ਹੀ ਹੁੰਦੀ ਹੈ, ਖ਼ਾਸ ਕਰ ਕੇ 70-80 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ। ਬੱਚਿਆਂ ਅਤੇ ਨੌਜੁਆਨਾਂ ਵਿਚ ਇਹ ਇਕ ਆਮ ਵਾਇਰਸ ਵਾਂਗ ਆ ਕੇ ਚਲੀ ਜਾਂਦੀ ਹੈ।

ਹੁਣ ਤਕ ਭਾਰਤ ਅਪਣੀਆਂ ਸਰਹੱਦਾਂ ਉਤੇ ਚੌਕਸੀ ਰੱਖਣ ਕਰ ਕੇ ਕੋਰੋਨਾ ਵਾਇਰਸ ਤੋਂ ਆਮ ਤੌਰ ਤੇ ਬਚਿਆ ਹੋਇਆ ਸੀ ਪਰ ਦਿੱਲੀ ਦੇ ਇਕ ਕੇਸ ਨੇ ਇਸ ਨੂੰ ਅੱਗ ਵਾਂਗ ਫੈਲਾ ਦਿਤਾ ਹੈ। ਪਾਕਿਸਤਾਨ ਵਿਚ ਇਸ ਦੇ ਆ ਜਾਣ ਨਾਲ ਹੁਣ ਇਸ ਪਾਸਿਉਂ ਵੀ ਖ਼ਤਰਾ ਵੱਧ ਗਿਆ ਹੈ। ਸੋ ਸਿਰਫ਼ ਕਰਤਾਰਪੁਰ ਲਾਂਘੇ ਵਲੋਂ ਹੀ ਨਹੀਂ ਬਲਕਿ ਅਟਾਰੀ ਵਲੋਂ ਵੀ ਚੌਕਸ ਹੋਣ ਦੀ ਜ਼ਰੂਰਤ ਹੈ।

ਪਰ ਸਵਾਲ ਇਹ ਹੈ ਕਿ ਭਾਰਤ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀ ਚੀਨ ਵਾਂਗ ਫ਼ੁਰਤੀ ਵਿਖਾ ਸਕਦਾ ਹੈ? ਚੀਨ ਇਸ ਬਿਮਾਰੀ ਨਾਲ ਇਕ ਜੰਗ ਵਾਂਗ ਜੂਝਿਆ ਹੈ, ਜਿੱਥੇ ਮਨੁੱਖੀ ਅਧਿਕਾਰਾਂ ਨੂੰ ਕੁਚਲਣਾ ਪਿਆ ਤਾਂ ਕੁਚਲ ਕੇ ਵੀ ਬਿਮਾਰੀ ਫੈਲਣ ਨੂੰ ਰੋਕਿਆ ਗਿਆ ਹੈ। ਵੁਹਾਨ ਨੂੰ ਸਾਰੇ ਪਾਸਿਉਂ ਕੱਟ ਕੇ ਉਨ੍ਹਾਂ ਇਸ ਬੀਮਾਰੀ ਨੂੰ ਕਾਬੂ ਹੇਠ ਕਰਨ ਲਈ ਅਪਣੇ ਨਾਗਰਿਕਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਨਿਜੀ ਹੱਕਾਂ ਨੂੰ ਵੀ ਕੁਚਲਿਆ। ਕਈ ਲੋਕਾਂ ਨੂੰ ਬੰਦੀ ਤਕ ਬਣਾ ਕੇ ਰਖਿਆ ਗਿਆ।

ਕਈ ਜ਼ਰੂਰੀ ਬਿਮਾਰੀਆਂ ਦੇ ਇਲਾਜ ਤਕ ਰੋਕੇ ਗਏ ਜਿਸ ਨਾਲ ਹੋਰ ਮੌਤਾਂ ਵੀ ਹੋਈਆਂ। ਪਰ ਚੀਨ ਸਰਕਾਰ ਦਾ ਮਨਸੂਬਾ ਸੀ ਕਿ ਇਸ ਨੂੰ ਹਰ ਹਾਲ ਕਾਬੂ ਕਰਨਾ ਹੈ ਅਤੇ ਫਿਰ ਚੀਨ ਇਕ ਲੋਕਤਾਂਤਰਿਕ ਦੇਸ਼ ਤਾਂ ਹੈ ਹੀ ਨਹੀਂ। ਚੀਨ ਨੇ ਆਰਥਕ ਵਿਕਾਸ ਵਾਸਤੇ ਵਰਕਰਾਂ ਦੇ ਅਧਿਕਾਰ ਵੀ ਕੁਚਲੇ ਸਨ ਅਤੇ ਚੀਨ ਇਸ ਤਰ੍ਹਾਂ ਹੀ ਕੰਮ ਕਰਦਾ ਹੈ।

ਪਰ ਭਾਰਤ ਵਿਚ ਇਹ ਮੁਮਕਿਨ ਨਹੀਂ ਅਤੇ ਭਾਰਤ ਵਿਚ ਗ਼ਰੀਬੀ ਅਤੇ ਗੰਦਗੀ ਦਾ ਵਿਆਪਕ ਗ਼ਲਬਾ ਹੋਣ ਕਾਰਨ, ਬਿਮਾਰੀ ਦਾ ਅਸਰ ਵੀ ਜ਼ਿਆਦਾ ਹੋਵੇਗਾ। ਭਾਰਤ ਵਿਚ ਸਿਹਤ ਸਹੂਲਤਾਂ ਪਹਿਲਾਂ ਹੀ ਆਮ ਬਿਮਾਰੀਆਂ ਨਾਲ ਜੂਝਣ ਲਈ ਵੀ ਪੂਰੀਆਂ ਨਹੀਂ ਪੈਂਦੀਆਂ, ਕੋਰੋਨਾ ਵਾਇਰਸ ਨਾਲ ਨਿਪਟਣ ਲਈ ਕਿਸ ਤਰ੍ਹਾਂ ਪੂਰੀਆਂ ਪੈਣਗੀਆਂ?

ਭਾਰਤ ਨੂੰ ਚੀਨ ਤੋਂ ਵਖਰਾ ਅਪਣਾ ਹੀ ਸਿਸਟਮ ਬਣਾਉਣਾ ਪਵੇਗਾ ਕਿਉਂਕਿ ਭਾਰਤ ਚੀਨ ਵਾਂਗ ਰਾਤੋ-ਰਾਤ ਨਵਾਂ ਹਸਪਤਾਲ ਵੀ ਨਹੀਂ ਉਸਾਰ ਸਕਦਾ। ਭਾਰਤ ਨੂੰ ਸਿਹਤ ਐਮਰਜੈਂਸੀ ਦੇ ਨਾਂ 'ਤੇ ਨਿਜੀ ਹਸਪਤਾਲਾਂ ਦਾ ਇਸਤੇਮਾਲ ਵੀ ਲਾਜ਼ਮੀ ਤੌਰ ਤੇ ਕਰਨਾ ਪਵੇਗਾ। ਪਰ ਸੱਭ ਤੋਂ ਵੱਧ ਭਾਰਤ ਨੂੰ ਲਾਪ੍ਰਵਾਹੀ ਅਤੇ ਅੰਧਵਿਸ਼ਵਾਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਪਵੇਗਾ।

ਯੋਗੀ ਆਦਿਤਿਆਨਾਥ ਕਦੇ ਗਊ ਮੂਤਰ, ਕਦੇ ਮਾਨਸਿਕਤਾ ਨੂੰ ਕੋਰੋਨਾ ਵਾਇਰਸ ਦਾ ਤੋੜ ਦਸਦੇ ਹਨ ਅਤੇ ਕਈ ਹੋਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਗਊ ਮੂਤਰ ਅਤੇ ਗੋਬਰ ਦੇ ਇਲਾਜ 'ਤੇ ਵਿਸ਼ਵਾਸ ਕਰਨ ਲਈ ਕਹਿੰਦੇ ਹਨ। ਰਾਮਦੇਵ ਨੇ ਝੱਟ ਟੀ.ਵੀ. ਉਤੇ ਆ ਕੇ ਆਖ ਦਿਤਾ ਕਿ ਕਪਾਲ ਭਾਤੀ ਕਰੋ, ਸੂਰੀਆ ਨਮਸਕਾਰ ਕਰੋ, ਸੱਭ ਠੀਕ ਰਹੋਗੇ।

21ਵੀਂ ਸਦੀ ਵਿਚ ਆ ਕੇ ਇਹ ਵਿਗਿਆਨ ਅਤੇ ਖੋਜ ਉਤੇ ਵਿਸ਼ਵਾਸ ਕਰਨ ਲਈ ਨਹੀਂ ਕਹਿੰਦੇ ਸਗੋਂ ਪੱਥਰ ਯੁਗ ਦੀਆਂ ਗ਼ੈਰ-ਵਿਗਿਆਨਕ ਮਨੌਤਾਂ ਨੂੰ ਮੰਨੀ ਜਾਣ ਦਾ ਪ੍ਰਚਾਰ ਕਰਦੇ ਹਨ। ਇਸ ਤਰ੍ਹਾਂ ਦੇ ਟੋਟਕਿਆਂ ਨਾਲ ਇਹ ਅਸਰ-ਰਸੂਖ ਵਾਲੇ ਲੋਕ, ਬੀਮਾਰਾਂ ਨੂੰ ਗੁਮਰਾਹ ਨਾ ਹੀ ਕਰਨ ਤਾਂ ਸਹੀ ਰਹੇਗਾ। ਅੱਜ ਸਿਰਫ਼ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਤਾਕਿ ਡਰ ਨਾਲ ਕਿਸੇ ਤਰ੍ਹਾਂ ਦੀ ਕਮੀ ਜਾਂ ਅਸ਼ਾਂਤੀ ਨਾ ਫੈਲੇ।

ਹੱਥ ਨਾ ਮਿਲਾਉ, ਜੇ ਜ਼ੁਕਾਮ ਹੋਵੇ ਤਾਂ ਬਿਮਾਰ ਮਾਸਕ ਪਾਉ, ਅਪਣੇ ਮੂੰਹ ਨੂੰ ਹੱਥ ਨਾ ਲਾਉ ਅਤੇ ਵਾਰ-ਵਾਰ ਹੱਥ ਸਾਫ਼ ਕਰਦੇ ਰਹੋ। ਇਹ ਬਿਮਾਰੀ ਬੇਵਕੂਫ਼ੀ ਨਾਲ ਭਾਰਤ ਵਿਚ ਬਹੁਤ ਹਫੜਾ-ਦਫੜੀ ਪੈਦਾ ਕਰ ਸਕਦੀ ਹੈ। ਇਸ ਵਾਸਤੇ ਸ਼ਾਂਤ ਰਹਿੰਦੇ ਹੋਏ ਅਪਣੇ ਆਪ ਨੂੰ ਚੌਕਸ ਰਖਣਾ ਹੀ ਸੁਰੱਖਿਆ ਵਲ ਦਾ ਸੱਭ ਤੋਂ ਵੱਡਾ ਕਦਮ ਹੋਵੇਗਾ। ਸਾਡੇ ਚੌਕਸ ਰਹਿਣ ਨਾਲ ਜੇ ਇਹ ਕਾਬੂ ਵਿਚ ਰਹਿ ਸਕੇਗੀ ਤਾਂ ਇਹ ਇਸ ਗੱਲ ਦਾ ਸਬੂਤ ਬਣ ਉਭਰੇਗਾ ਕਿ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਰੋਲੇ ਬਗ਼ੈਰ ਵੀ ਵੱਡੀ ਤਸਵੀਰ ਬਦਲੀ ਜਾ ਸਕਦੀ ਹੈ।  -ਨਿਮਰਤ ਕੌਰ