ਸੰਪਾਦਕੀ: ਸਿੱਖ ਧਰਮ ਦੀ ਇਸ ਦਹਾਕੇ ਦੀ ਸੱਭ ਤੋਂ ਵੱਡੀ ‘ਬੇਅਦਬੀ’ ਤਾਂ ਸਕੂਲ ਬੋਰਡ ਨੇ ਕੀਤੀ ਹੈ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਕ ਮਹੀਨੇ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਲੱਗਾ ਹੋਇਆ ਹੈ। ਧਰਨਾ ਬਲਦੇਵ ਸਿੰਘ ਸਿਰਸਾ ਤੇ ਪਿਆਰੇ ਲਾਲ ਗਰਗ ਦੀ ਅਗਵਾਈ ਵਿਚ ਲੱਗਾ ਹੋਇਆ ਹੈ

Sikhs


ਇਕ ਮਹੀਨੇ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਲੱਗਾ ਹੋਇਆ ਹੈ। ਧਰਨਾ ਬਲਦੇਵ ਸਿੰਘ ਸਿਰਸਾ ਤੇ ਪਿਆਰੇ ਲਾਲ ਗਰਗ ਦੀ ਅਗਵਾਈ ਵਿਚ ਲੱਗਾ ਹੋਇਆ ਹੈ ਅਤੇ ਬੜੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਲੱਗਾ ਹੋਇਆ ਹੈ। ਪੰਜਾਬ ਸਿਖਿਆ ਬੋਰਡ ਵਲੋਂ ਲਗਾਈ ਗਈ ਸਿੱਖ ਇਤਿਹਾਸ ਦੀ ਕਿਤਾਬ ਵਿਚ ਕੁੱਝ ਅਜਿਹੀਆਂ ਗੱਲਾਂ ਦਰਜ ਕੀਤੀਆਂ ਗਈਆਂ ਹਨ ਜੋ ਸਿੱਖ ਗੁਰੂਆਂ, ਸਿੱਖੀ ਅਤੇ ਸਿੱਖ ਫ਼ਲਸਫ਼ੇ ਨੂੰ ਨਕਾਰਦੀਆਂ ਹਨ। ਗੁਰੂਆਂ ਦੇ ਕਿਰਦਾਰ ਤੋਂ ਲੈ ਕੇ ਸਿੱਖ ਫ਼ਲਸਫ਼ੇ ਬਾਰੇ ਅਜਿਹੀਆਂ ਗੱਲਾਂ ਆਖੀਆਂ ਗਈਆਂ ਹਨ ਕਿ ਇਕ ਪਾਸੇ ਹੈਰਾਨੀ ਵੀ ਹੁੰਦੀ ਹੈ ਕਿ ਅਜਿਹੀਆਂ ਬੇ-ਸਿਰ-ਪੈਰ ਦੀਆਂ ਗੱਲਾਂ ਲੇਖਕ ਨੇ ਲਿਖਣ ਦੀ ਹਿੰਮਤ ਤੇ ਬੋਰਡ ਨੇ ਛਾਪ ਕੇ ਸਕੂਲਾਂ ਵਿਚ ਲਗਵਾਉਣ ਦੀ ਹਿੰਮਤ ਕਿਵੇਂ ਕੀਤੀ? ਦੂਜੇ ਪਾਸੇ ਗੁੱਸਾ ਵੀ ਆਉਂਦਾ ਹੈ ਕਿ ਇਹ ਇਕ ਸਾਜ਼ਸ਼ ਹੈ ਜਿਸ ਅਧੀਨ ਸਿੱਖ ਫ਼ਲਸਫ਼ੇ ਨੂੰ ਕਮਜ਼ੋਰ ਕਰ ਕੇ ਵਿਖਾਉਣ ਅਤੇ ਸਿੱਖੀ ਪ੍ਰਤੀ ਦੁਸ਼ਮਣੀ ਵਾਲਾ ਤੇ ਮੰਦਭਾਵਨਾ ਵਾਲਾ ਦੁਸ਼-ਸਾਹਸੀ ਕਦਮ ਸਕੂਲਾਂ ਦੇ ਬੱਚਿਆਂ ਦੇ ਮਨਾਂ ਅੰਦਰ ਸ਼ੰਕੇ ਪੈਦਾ ਕਰਨ ਲਈ ਚੁਕ ਲਿਆ ਗਿਆ।

PSEB

ਇਸ ਕਿਤਾਬ ਵਿਚ ਜਾਤ ਪ੍ਰਥਾ ਦਾ ਸਿੱਖੀ ਨੂੰ ਹਮਾਇਤੀ ਦਸਿਆ ਗਿਆ ਹੈ ਤੇ ਸੰਗਤ ਦੀ ਪ੍ਰਥਾ ਨੂੰ ਛੁਟਿਆਇਆ ਹੀ ਗਿਆ ਹੈ। ਗੁਰੂ ਗ੍ਰੰਥ ਸਾਹਿਬ ਬਾਰੇ ਆਖਿਆ ਗਿਆ ਹੈ ਕਿ ਇਹ ਧਾਰਮਕ ਗ੍ਰੰਥ ਨਹੀਂ ਹੈ, ਸਿੱਖਾਂ ਨੇ ਆਪੇ ਹੀ ਇਸ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿਤਾ। ਇਹ ਵੀ ਕਿ ਬਾਬੇ ਨਾਨਕ ਨੇ ਜੋ ਲਿਖਿਆ, ਉਹ ਭਗਤਾਂ ਨੇ ਪਹਿਲਾਂ ਹੀ ਲਿਖ ਦਿਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਵਰਗਾ ਦਲੇਰ ਜਰਨੈਲ ਅੱਜ ਤਕ ਨਹੀਂ ਪੈਦਾ ਹੋਇਆ ਪਰ ਇਸ ਕਿਤਾਬ ਵਿਚ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਗ਼ੀ ਹੋਇਆ ਸਿੱਖ ਦਸਿਆ ਗਿਆ ਹੈ।

Sikh

ਇਕ ਨਹੀਂ ਅਨੇਕਾਂ ਥਾਵਾਂ ’ਤੇ ਛੋਟੇ ਛੋਟੇ ਸਵਾਲ ਚੁੱਕੇ ਗਏ ਹਨ ਜਿਨ੍ਹਾਂ ਨੂੰ ਪੜ੍ਹ ਕੇ 10-12ਵੀਂ ਜਮਾਤ ਦਾ ਬੱਚਾ ਸਿੱਖੀ ਤੋਂ ਦੂਰ ਹੋ ਜਾਵੇ। ਲੇਖਕ ਦਿਮਾਗ਼ੀ ਤੌਰ ਤੇ ਕਮਜ਼ੋਰ ਨਹੀਂ, ਸਗੋਂ ਇਕ ਚਲਾਕ ਇਨਸਾਨ ਜਾਪਦਾ ਹੈ ਜੋ ਕਿਸੇ ਵੱਡੀ ਸਾਜ਼ਸ਼ ਤਹਿਤ ਸਿੱਖ ਫ਼ਲਸਫ਼ੇ ਪ੍ਰਤੀ ਛੋਟੇ ਬੱਚਿਆਂ ਦੇ ਮਨਾਂ ਵਿਚ ਸ਼ੰਕਿਆਂ ਦੀ ਫ਼ਸਲ ਬੀਜ ਰਿਹਾ ਹੈ। ਹੈਰਾਨੀ ਉਸ ਦੀ ਹਿੰਮਤ ਤੋਂ ਜ਼ਿਆਦਾ ਸਾਡੇ ਸਮਾਜ ਦੇ ਸਿਸਟਮ ’ਤੇ ਹੋ ਰਹੀ ਹੈ। ਹੈਰਾਨੀ ਤਾਂ ਪੰਜਾਬ ਸਕੂਲ ਸਿਖਿਆ ਬੋਰਡ ਦੀ ਜਾਣਕਾਰੀ ਅਤੇ ਜਾਂਚ ਦੀ ਰਫ਼ਤਾਰ ’ਤੇ ਵੀ ਹੈ। ਇਹੀ ਆਖਿਆ ਜਾ ਸਕਦਾ ਹੈ ਕਿ ਬੋਰਡ ਦੇ ਵੱਡੇ ਵੀ  ਇਸ ਸਾਜ਼ਸ਼ ਵਿਚ ਸ਼ਾਮਲ ਹਨ ਜਾਂ ਕਿਸੇ ਮੰਦਬੁਧੀ ਵਾਲੇ ਅਧਿਕਾਰੀ ਨੇ ਇਹ ਕਿਤਾਬ ਪਾਸ ਕਰ ਦਿਤੀ। ਪੰਜਾਬ ਸਕੂਲ ਸਿਖਿਆ ਬੋਰਡ ਵਿਚ ਕੰਮ ਕਰਦੇ ਕਿਸੇ ਅਧਿਕਾਰੀ ਨੂੰ ਜੇ ਇਹ ਮੁਢਲੇ ਤੱਥ ਵੀ ਨਹੀਂ ਪਤਾ ਤਾਂ ਫਿਰ ਉਪ੍ਰੋਕਤ ਦੋਵੇਂ ਕਾਰਨ ਹੀ ਠੀਕ ਹੋ ਸਕਦੇ ਹਨ। ਭਾਵੇਂ ਪ੍ਰਗਟ ਸਿੰਘ ਚੋਣਾਂ ਖ਼ਤਮ ਹੋਣ ਤੋਂ ਬਾਅਦ ਇਸ ਮੋਰਚੇ ਦੀ ਗੱਲ ਸੁਣਨ ਲਈ ਤਾਂ ਗਏ ਪਰ ਜਵਾਬਦੇਹੀ ਪਿਛਲੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਬਣਦੀ ਹੈ ਜਿਨ੍ਹਾਂ ਦੀ ਅਗਵਾਈ ਹੇਠ ਇਹ ਕਿਤਾਬ ਸਿਖਿਆ ਦਾ ਹਿੱਸਾ ਬਣੀ।

Baldev Singh Sirsa

ਇਸ ਤੋਂ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਪੰਥ ਦੀ ਰਾਖੀ ਦਾ ਦਾਅਵਾ ਕਰਨ ਵਾਲੀ ਉਸ ਭੀੜ ਜਾਂ ਕ੍ਰਿਪਾਨਧਾਰੀ ਫ਼ੌਜ ਦੀ ਜੋ ਕਿਸੇ ਵਿਰੋਧੀ ਜਾਂ ਆਲੋਚਕ ਦੀ ਕਿਤਾਬ ਨੂੰ ਵੇਖ ਕੇ ਲਾਲ ਪੀਲੀ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਦੀ ਵੱਡੀ ਬੇਅਦਬੀ ਤੋਂ ਬੇਖ਼ਬਰ ਹੈ। ਪਰ ਸੱਭ ਤੋਂ ਵੱਧ ਹੈਰਾਨੀ ਸਾਡੀ ਉਚ ਸੰਸਥਾ ਐਸ.ਜੀ.ਪੀ.ਸੀ. ਤੇ ਅਕਾਲ ਤਖ਼ਤ ਤੇ ਬੈਠੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪੀ ਤੇ ਹੈ। ਉਹ ਤਾਂ ਧਰਨੇ ’ਤੇ ਵੀ ਨਾ ਪਹੁੰਚੇ। ਸ਼ਾਇਦ ਉਹ ਚਾਹੁੰਦੇ ਹੋਣਗੇ ਕਿ ਕਿਸੇ ਨੂੰ ਇਸ ਗੱਲ ਦੀ ਖ਼ਬਰ ਹੀ ਨਾ ਮਿਲੇ ਕਿਉਂਕਿ ਇਕ ਵਾਰ ਫਿਰ ਦੋਸ਼ੀ ਤਾਂ ਉਹੀ ਠਹਿਰਾਏ ਜਾਣਗੇ। ਸਿੱਖ ਧਰਮ ਤੇ ਇਸ ਦੇ ਫ਼ਲਸਫ਼ੇ ਦੀ ਸੰਭਾਲ ਅਤੇ ਰਖਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਇਹ ‘ਧਰਮੀ ਬਾਬਲ’ ਇਸ ਸਾਜ਼ਸ਼ ਬਾਰੇ ਇਕ ਸ਼ਬਦ ਵੀ ਨਹੀਂ ਕਹਿ ਸਕੇ। ਇਨ੍ਹਾਂ ਤੋਂ ਕੋਈ ਸਖ਼ਤ ਕਦਮ ਚੁਕਣ ਦੀ ਆਸ ਰਖਣੀ ਹੀ ਫ਼ਜ਼ੂਲ ਦੀ ਗੱਲ ਹੈ। ਜੇ ਬੇਅਦਬੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਤਾਬ ਨੂੰ ਮੇਰੀ ਨਜ਼ਰ ਵਿਚ ਇਕ ਦਹਾਕੇ ਦੀ ਸੱਭ ਤੋਂ ਵੱਡੀ ਬੇਅਦਬੀ ਆਖਿਆ ਜਾਵੇਗਾ।

Giani Harpreet Singh

    ਇਹ ਕਿਸੇ ਗ਼ਰੀਬ ਨਸ਼ਈ ਦੀ, ਕਿਸੇ ਦੇ ਕਹਿਣ ਤੇ ਕੀਤੀ ਗਈ ਬੇਵਕੂਫੀ ਨਹੀਂ ਬਲਕਿ ਇਕ ਲੇਖਕ ਨੇ ਅਪਣੀ ਕਲਮ ਨਾਲ ਸਿੱਖ ਗੁਰੂਆਂ ਵਲੋਂ ਦਿਤੇ ਫ਼ਲਸਫ਼ੇ ਵਿਰੁਧ ਵਿਸ ਘੋਲਿਆ ਹੈ ਤੇ ਸਾਡੀ ਅਗਲੀ ਪੀੜ੍ਹੀ ਨੂੰ ਗ਼ਲਤ ਸਿਖਿਆ ਦੇਣ ਦਾ ਯਤਨ ਕੀਤਾ ਹੈ ਪਰ ਸਿੱਖ ਧਰਮ ਦੇ ਠੇਕੇਦਾਰਾਂ ਨੂੰ ਇਸ ਵਿਚ ਕੋਈ ਖ਼ਰਾਬੀ ਨਜ਼ਰ ਨਹੀਂ ਆਈ। ਸਮਝ ਨਹੀਂ ਆਉਂਦੀ ਇਸ ਨੂੰ ਕੀ ਆਖਿਆ ਜਾਵੇ?                       - ਨਿਮਰਤ ਕੌਰ