ਮੋਦੀ ਨੇ ਅਡਵਾਨੀ ਨੂੰ 'ਬੇਕਾਰ ਬੁਢਾਪਾ' ਸਮਝ ਕੇ ਬਾਹਰ ਸੁਟਿਆ ਤੇ ਅਡਵਾਨੀ ਜੀ ਦੀ ਚੀਕ ਨਿਕਲ ਗਈ ਪਰ...
ਮੋਦੀ ਨੇ ਅਡਵਾਨੀ ਨੂੰ 'ਬੇਕਾਰ ਬੁਢਾਪਾ' ਸਮਝ ਕੇ ਬਾਹਰ ਸੁਟਿਆ ਤੇ ਅਡਵਾਨੀ ਜੀ ਦੀ ਚੀਕ ਨਿਕਲ ਗਈ ਪਰ ਲੇਖਕਾਂ, ਕਲਾਕਾਰਾਂ ਦੀ ਰਾਏ ਨੂੰ ਮੋਦੀ ਇਸ ਤਰ੍ਹਾਂ ਸੁਟ ਨਹੀਂ ਸਕਦੇ
ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਵਿਰੋਧੀ ਧਿਰ ਤੋਂ ਇਲਾਵਾ ਬੜੇ ਅਣਕਿਆਸੇ ਕੋਨਿਆਂ ਤੋਂ ਆ ਰਹੀ ਹੈ। ਦੇਸ਼ ਦੇ ਮੰਨੇ ਪ੍ਰਮੰਨੇ ਬੁਧੀਵਾਨ ਕਲਾਕਾਰਾਂ, ਲੇਖਕਾਂ, ਨਿਰਦੇਸ਼ਕਾਂ ਆਦਿ ਨੇ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਉਹ ਆਖਦੇ ਹਨ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇਸ਼ ਵਿਰੁਧ ਕੰਮ ਕਰ ਰਹੇ ਹਨ। ਉਹ ਦੇਸ਼ ਨੂੰ ਉਧੇੜ ਰਹੇ ਹਨ। ਦਿੱਲੀ ਦੀ ਤਪਦੀ ਗਰਮੀ ਵਿਚ ਔਰਤਾਂ ਨੇ ਸੜਕਾਂ ਉਤੇ ਭਾਜਪਾ ਵਿਰੁਧ ਜੰਤਰ-ਮੰਤਰ ਉਤੇ ਹੱਲਾ ਬੋਲਿਆ। ਇਹ ਆਖਦੇ ਹਨ ਕਿ ਭਾਜਪਾ ਔਰਤ ਵਿਰੋਧੀ, ਦਲਿਤ ਵਿਰੋਧੀ ਅਤੇ ਗ਼ਰੀਬ ਵਿਰੋਧੀ ਹੈ।
ਪਰ ਸੱਭ ਤੋਂ ਹੈਰਾਨੀਜਨਕ ਆਲੋਚਨਾ ਐਲ.ਕੇ. ਅਡਵਾਨੀ ਵਲੋਂ ਆਈ ਜਿਨ੍ਹਾਂ ਨੇ ਅਪਣੀ ਹੀ ਪਾਰਟੀ ਨੂੰ ਆਖਿਆ ਕਿ ਵਿਰੋਧੀਆਂ ਦੀ ਆਲੋਚਨਾ ਦੇਸ਼-ਧ੍ਰੋਹ ਨਹੀਂ ਹੁੰਦੀ। ਅਪਣੇ ਆਪ ਤੋਂ ਪਹਿਲਾਂ ਪਾਰਟੀ ਅਤੇ ਪਾਰਟੀ ਤੋਂ ਪਹਿਲਾਂ ਦੇਸ਼ ਨੂੰ ਰੱਖਣ ਦੀ ਨਸੀਹਤ ਦੇਣ ਵਾਲੇ ਅਡਵਾਨੀ ਉਤੇ ਤਰਸ ਦੀ ਲਹਿਰ ਬਣ ਗਈ। ਪਾਰਟੀ ਨੂੰ ਸਿੰਜਣ ਵਾਲੇ ਅਡਵਾਨੀ ਅੱਜ ਇਕ ਖੂੰਜੇ ਵਿਚ ਸੁੱਟੇ ਗਏ ਹਨ। ਪਹਿਲਾਂ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਖੋਹ ਲਿਆ ਗਿਆ ਅਤੇ ਹੁਣ ਤਾਂ ਉਨ੍ਹਾਂ ਦੀ ਸੀਟ ਵੀ ਅਮਿਤ ਸ਼ਾਹ ਨੂੰ ਦੇ ਦਿਤੀ ਗਈ ਹੈ।
ਲੇਖਕ, ਕਲਾਕਾਰ, ਔਰਤਾਂ ਅਪਣੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਗੇ ਆਏ ਹਨ ਪਰ ਕੀ ਐਲ.ਕੇ. ਅਡਵਾਨੀ ਵੀ ਉਨ੍ਹਾਂ ਵਾਂਗ ਹੀ ਦੇਸ਼ ਬਾਰੇ ਚਿੰਤਿਤ ਹਨ ਜਾਂ ਸਿਰਫ਼ ਅਪਣੇ ਆਪ ਨਾਲ ਭਾਜਪਾ ਵਲੋਂ ਹੋਏ ਅਨਿਆਂ ਨੂੰ ਹੁਣ ਸਹਿ ਨਹੀਂ ਪਾ ਰਹੇ? ਅੱਜ ਅਪਣੀ ਹੀ ਪਾਰਟੀ ਨੂੰ ਵੋਟ ਪਾਉਣ ਤੋਂ ਪਹਿਲਾਂ ਸੋਚ ਵਿਚਾਰ ਕਰ ਲੈਣ ਲਈ ਲੋਕਾਂ ਨੂੰ ਆਖ ਰਹੇ ਹਨ। ਉਨ੍ਹਾਂ ਦੇ ਹਮਾਇਤੀ ਕਹਿ ਰਹੇ ਹਨ ਉਨ੍ਹਾਂ ਦੀ ਪਾਰਟੀ ਦਾ ਕੱਦ ਕਾਠ ਬਣਾਇਆ ਤਾਂ ਅਡਵਾਨੀ ਦੀ ਲਲਕਾਰ ਨੇ ਹੀ ਸੀ। ਭਾਵੇਂ ਉਨ੍ਹਾਂ ਇੰਦਰਾ ਗਾਂਧੀ ਦੀ ਐਮਰਜੰਸੀ ਦਾ ਵਿਰੋਧ ਕੀਤਾ ਸੀ। ਉਸ ਵਿਰੋਧ 'ਚੋਂ ਜਿਹੜੀ ਸੋਚ ਨੇ ਜਨਮ ਲਿਆ ਉਹੀ ਅੱਜ ਨਫ਼ਰਤ ਦੀ ਲਹਿਰ ਚੁੱਕ ਕੇ ਦੇਸ਼ ਵਿਚ ਫੈਲ ਰਹੀ ਹੈ।
ਅਡਵਾਨੀ ਦੀ ਅਗਵਾਈ ਵਿਚ ਦੇਸ਼ ਅੰਦਰ 1990 ਦੀ ਰੱਥ ਯਾਤਰਾ ਨੇ ਖ਼ੂਨ ਦੀਆਂ ਨਦੀਆਂ ਵਹਾਈਆਂ ਗਈਆਂ ਸਨ। ਬਾਬਰੀ ਮਸਜਿਦ ਢਾਹੁਣ ਨਾਲ ਇਹ ਪਾਰਟੀ ਕਾਇਮ ਹੋਈ ਸੀ ਅਤੇ ਸੱਤਾ ਵਿਚ ਆਈ ਸੀ। ਇਹ ਉਹੀ ਅਡਵਾਨੀ ਹਨ ਜਿਨ੍ਹਾਂ ਨੇ ਉਹ ਸਾਰੀ ਸਾਜ਼ਸ਼ ਰਚੀ ਸੀ। ਸੁਪਰੀਮ ਕੋਰਟ ਨੇ ਵੀ ਅਡਵਾਨੀ, ਉਮਾ ਭਾਰਤੀ ਅਤੇ ਜੋਸ਼ੀ ਨੂੰ ਮਸਜਿਦ ਤੋੜਨ ਦੇ ਅਪਰਾਧ ਲਈ ਝਾੜ ਪਾਈ ਸੀ ਅਤੇ ਇਨ੍ਹਾਂ ਦੇ ਇਸ ਘਾਤਕ ਕਿਰਦਾਰ ਵਾਸਤੇ ਉਨ੍ਹਾਂ ਵਿਰੁਧ ਕੇਸ ਚਲਾਉਣ ਦੀ ਹਦਾਇਤ ਦੇ ਚੁੱਕੀ ਹੈ। ਅਡਵਾਨੀ ਨੇ ਅਪਣੇ ਬਲਾਗ ਉੱਤੇ ਅੱਜ ਦੇਸ਼ ਦੀ ਪੱਤਰਕਾਰੀ ਤੇ ਰਾਸ਼ਟਰ-ਵਿਰੋਧੀ ਹੋਣ ਦੀ ਪਰਿਭਾਸ਼ਾ ਬਿਆਨ ਕੀਤੀ ਹੈ ਪਰ ਜੇ ਅੱਜ ਨਰਿੰਦਰ ਮੋਦੀ ਦੀ ਥਾਂ ਅਡਵਾਨੀ ਹੁੰਦੇ ਤਾਂ ਕੀ ਭਾਰਤ ਦੀ ਹਾਲਤ ਕੁੱਝ ਵਖਰੀ ਹੁੰਦੀ?
ਮੋਦੀ ਜੀ ਅਤੇ ਅਡਵਾਨੀ ਵਿਚ ਅੱਜ ਅਤੇ ਕਲ ਦਾ ਫ਼ਰਕ ਹੈ। ਪਰ ਹੈ ਉਹ ਦੋਵੇਂ ਇਕੋ ਹੀ ਮਾਂ ਦੇ ਪੁੱਤਰ ਜੋ ਆਰ.ਐਸ.ਐਸ. ਦੀਆਂ ਸ਼ਾਖ਼ਾਵਾਂ 'ਚੋਂ ਨਿਕਲ ਕੇ ਆਏ ਹਨ। ਜਿਸ ਤਰ੍ਹਾਂ ਅੱਜ ਅਡਵਾਨੀ ਨੂੰ ਬਿਰਧ ਸਾਲਾਂ ਵਿਚ ਸੁਟਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਭਾਜਪਾ ਪ੍ਰਤੀ 'ਕੁਰਬਾਨੀਆਂ' ਨੂੰ ਭੁਲਾਇਆ ਗਿਆ ਹੈ, ਭਾਜਪਾ/ਮੋਦੀ, ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਬਣਾਉਣ ਵਾਲੇ ਆਗੂਆਂ ਨੂੰ ਵੀ ਭੁਲਾ ਰਹੇ ਹਨ। ਐਲ.ਕੇ. ਅਡਵਾਨੀ ਨੇ ਜੇ ਅਪਣੇ ਖ਼ੂਨੀ ਤਰੀਕਿਆਂ ਬਾਰੇ ਮਾਫ਼ੀ ਮੰਗੀ ਹੁੰਦੀ ਤਾਂ ਉਨ੍ਹਾਂ ਦੇ ਲਫ਼ਜ਼ਾਂ ਵਿਚ ਅੱਜ ਕੋਈ ਸੱਚਾਈ ਹੁੰਦੀ। ਅੱਜ ਵੀ ਇਹ ਲਫ਼ਜ਼ ਇਸ 'ਮੈਂ' ਦੀ ਪੀੜ 'ਚੋਂ ਹੀ ਲੰਘ ਕੇ ਆ ਰਹੇ ਹਨ।
ਅਸਲ ਤਕਲੀਫ਼ ਉਨ੍ਹਾਂ ਮੰਨੇ-ਪ੍ਰਮੰਨੇ ਕਲਾਕਾਰਾਂ, ਪੱਤਰਕਾਰਾਂ, ਲੇਖਕਾਂ ਦੀ ਹੈ ਜਿਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਭਾਰਤ ਦੀ ਰੂਹ ਦੀ ਪੁਕਾਰ ਹਨ ਜੋ ਭਾਰਤ ਦੀ ਬਦਲਦੀ ਤਸਵੀਰ ਤੋਂ ਪ੍ਰੇਸ਼ਾਨ ਹਨ। ਇਹ ਇਕ ਚੇਤਾਵਨੀ ਹੈ ਜੋ ਲੇਖਕ ਦੇ ਰਹੇ ਹਨ। ਜਿਸ ਦੇਸ਼ ਵਿਚ ਕਲਮ ਸੁਰੱਖਿਅਤ ਨਹੀਂ ਮਹਿਸੂਸ ਕਰਦੀ, ਉਹ ਕਦੇ ਵੀ ਉੱਚਾ ਨਹੀਂ ਚੜ੍ਹ ਸਕਦਾ। ਖ਼ਿਆਲਾਂ ਨੂੰ ਡਰ ਦੇ ਮਾਹੌਲ ਵਿਚ ਸਾਹ ਨਹੀਂ ਆਉਂਦਾ। ਐਲ.ਕੇ. ਅਡਵਾਨੀ ਦੀ ਆਲੋਚਨਾ ਵਿਚ ਦਮ ਨਹੀਂ ਪਰ ਲੇਖਕਾਂ ਦੀ ਰਾਏ ਨੂੰ ਭੁੰਜੇ ਸੁਟ ਦੇਣਾ ਅਸਲ ਦੇਸ਼-ਧ੍ਰੋਹ ਹੋਵੇਗਾ। - ਨਿਮਰਤ ਕੌਰ