ਤਾਲਾਬੰਦੀ ਤੋਂ ਡਰਨ ਵਾਲੇ ਛੋਟੇ ਵਪਾਰੀ ਅਤੇ ਲਾਸ਼ਾਂ ਦੇ ਅੰਬਾਰ ਲੱਗੇ ਵੇਖ ਕੇ ਘਬਰਾਈ ਹੋਈ ਸਰਕਾਰ
ਭਾਰਤ ਵਿਚ ਥਾਂ ਥਾਂ ਤੇ ਲੋਕਾਂ ਨੂੰ ਆਕਸੀਜਨ ਦੀ ਘਾਟ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਤਾਲਾਬੰਦੀ ਵਲ ਕਦਮ ਵਧਣੇ ਸ਼ੁਰੂ ਹੋ ਗਏ ਹਨ ਜਿਸ ਦਾ ਵਿਰੋਧ ਥਾਂ ਥਾਂ ਤੇ ਹੋ ਰਿਹਾ ਹੈ। ਵਿਰੋਧ ਵਿਚ ਸੱਭ ਤੋਂ ਅੱਗੇ ਛੋਟਾ ਵਪਾਰੀ ਹੈ ਜੋ 2020 ਵਰਗੇ ਇਕ ਹੋਰ ਦੌਰ ਦੀ ਮਾਰ ਬਰਦਾਸ਼ਤ ਕਰਨੋਂ ਡਰ ਰਿਹਾ ਹੈ। ਪਰ ਨਾਲ ਹੀ ਸਾਨੂੰ ਦੂਜੀ ਤਸਵੀਰ ਵਲ ਵੀ ਵੇਖਣ ਦੀ ਲੋੜ ਹੈ ਜਿਥੇ ਭਾਰਤ ਵਿਚ ਥਾਂ ਥਾਂ ਤੇ ਲੋਕਾਂ ਨੂੰ ਆਕਸੀਜਨ ਦੀ ਘਾਟ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਬਿਹਾਰ ਵਿਚ ਇਕ ਪੱਤਰਕਾਰ ਹਸਪਤਾਲ ਵਿਚ ਮਰੀਜ਼ਾਂ ਦੀ ਹਾਲਤ ਵੇਖਣ ਲਈ ਗਿਆ ਤਾਂ ਉਸ ਨੇ ਇਕ ਮਰੀਜ਼ ਦੇ ਪ੍ਰਵਾਰ ਨੂੰ ਰੋਂਦੇ ਕੁਰਲਾਉਂਦੇ ਵੇਖਿਆ। ਪਿਤਾ ਸਾਹ ਵਾਸਤੇ ਤੜਫ਼ ਰਿਹਾ ਸੀ ਤੇ ਪੁੱਤਰ ਪਿਤਾ ਨੂੰ ਵੇਖ ਵੇਖ ਤੜਪ ਰਿਹਾ ਸੀ। ਪੱਤਰਕਾਰ ਨੇ ਅਪਣੀ ਪੂਰੀ ਕੋਸ਼ਿਸ਼ ਕੀਤੀ ਡਾਕਟਰਾਂ, ਨਰਸਾਂ ਦਾ ਧਿਆਨ ਏਧਰ ਦਿਵਾਉਣ ਲਈ ਪਰ ਅੰਤ ਵਿਚ ਮਰੀਜ਼ ਸੱਭ ਦੇ ਸਾਹਮਣੇ ਜਾਨ ਗੁਆ ਬੈਠਾ। ਪੱਤਰਕਾਰ ਨੇ ਹਸਪਤਾਲ ਦਾ ਦੌਰਾ ਵੀ ਕੀਤਾ ਜਿਥੇ ਉਸ ਨੇ ਵੇਖਿਆ ਕਿ ਤਿੰਨ ਵੈਂਟੀਲੇਟਰ ਬੈੱਡ ਤਿਆਰ ਸਨ ਪਰ ਬਾਹਰ ਤਾਲਾ ਲਗਿਆ ਹੋਇਆ ਸੀ।
ਇਹ ਗੱਲ ਉਸ ਨੇ ਕਈ ਥਾਵਾਂ ਤੇ ਵੇਖੀ ਕਿ ਜਿਥੇ ਵੈਂਟੀਲੇਟਰ ਸਨ, ਉਥੇ ਡਾਕਟਰ ਨਹੀਂ ਸਨ ਤੇ ਡਾਕਟਰ ਸਨ ਤਾਂ ਆਕਸੀਜਨ ਕੋਈ ਨਹੀਂ ਸੀ। ਕਰਨਾਟਕਾ ਵਿਚ ਇਕ ਹਸਪਤਾਲ ਵਿਚ 24 ਲੋਕ ਆਕਸੀਜਨ ਦੀ ਕਮੀ ਕਾਰਨ ਮਰ ਗਏ। ਪੰਜਾਬ ਦੀ ਹਾਲਤ ਅਜੇ ਇਸ ਕਦਰ ਬਦਹਾਲ ਨਹੀਂ ਹੋਈ, ਇਸ ਕਰ ਕੇ ਲੋਕਾਂ ਨੂੰ ਅਜੇ ਕਾਰੋਬਾਰ ਦੀ ਚਿੰਤਾ ਜ਼ਿਆਦਾ ਹੈ। ਪਰ ਭਾਰਤ ਇਨ੍ਹਾਂ ਹਾਲਾਤ ਵਿਚ ਪਹੁੰਚਿਆ ਕਿਵੇਂ? ਜੇ ਭਾਰਤ ਸਰਕਾਰ ਚੋਣਾਂ ਨੂੰ ਮਹੱਤਤਾ ਨਾ ਦਿੰਦੀ ਅਤੇ ਅਪਣੀ ਹੀ ਬਣਾਈ ਕੋਵਿਡ 19 ਦੀ ਖ਼ਾਸ ਕਮੇਟੀ ਦੀ ਰੀਪੋਰਟ ਤੇ ਅਮਲ ਕੀਤਾ ਹੁੰਦਾ ਤਾਂ ਅੱਜ ਦੇਸ਼ ਵਿਚ ਇਹ ਹਾਲ ਨਾ ਹੁੰਦਾ।
ਇਸ ਕਮੇਟੀ ਦੇ ਮੁਖੀ ਪ੍ਰੋ. ਡਾ. ਐਮ. ਵਿਦਿਆਸਾਗਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਦੋ ਅਪ੍ਰੈਲ ਨੂੰ ਹੀ ਦਸ ਦਿਤਾ ਸੀ ਕਿ ਭਾਰਤ ਵਿਚ ਕੋਵਿਡ ਦੀ ਦੂਜੀ ਲਹਿਰ ਆਉਣ ਵਾਲੀ ਹੈ। ਸਰਕਾਰ ਨੇ ਇਕ ਪਾਸੇ ਅਪਣੀ ਸਮਰੱਥਾ ਨਾ ਵਧਾਈ ਤੇ ਦੂਜੇ ਪਾਸੇ ਧਾਰਮਕ ਸਮਾਗਮਾਂ, ਮੇਲਿਆਂ ਤੇ ਚੋਣਾਂ ਵਿਚ ਭੀੜਾਂ ਨੂੰ ਖੁਲ੍ਹੀ ਛੁੱਟੀ ਦੇ ਦਿਤੀ। ਜਿਹੜੇ ਮਹਾਂ-ਇਕੱਠ, ਕੋਵਿਡ 19 ਨੂੰ ਫੈਲਾਉਣ ਵਿਚ ਪੂਰੀ ਮਦਦ ਕਰਦੇ ਰਹੇ, ਉਨ੍ਹਾਂ ਨੂੰ ਕਾਬੂ ਕਰਨ ਦਾ ਕੋਈ ਯਤਨ ਨਾ ਕੀਤਾ ਗਿਆ। ਡੋਨਾਲਡ ਟਰੰਪ ਨੇ ਵੀ ਚੋਣਾਂ ਸਮੇਂ ਇਹੀ ਕੀਤਾ ਸੀ ਅਤੇ ਅਮਰੀਕਾ ਵਿਚ ਮੌਤਾਂ ਦੇ ਅੰਕੜੇ ਸੱਭ ਤੋਂ ਵੱਧ ਇਸੇ ਕਾਰਨ ਆਏ ਸੀ।
ਡੋਨਾਲਡ ਟਰੰਪ ਆਖਦੇ ਰਹੇ ਕਿ ਕੋਰੋਨਾ ਕੋਈ ਬੀਮਾਰੀ ਨਹੀਂ ਅਤੇ ਉਨ੍ਹਾਂ ਦੀ ਗੱਲ ਮੰਨਣ ਵਾਲੇ, ਅਪਣੀ ਜਾਨ ਵੀ ਗੁਆ ਬੈਠੇ। ਸਾਡੀ ਸਰਕਾਰ ਨੇ ਖੁਲ੍ਹ ਕੇ ਤੇ ਨਹੀਂ ਆਖਿਆ ਪਰ ਲੋਕਾਂ ਨੂੰ ਰੈਲੀਆਂ ਤੇ ਸੱਦ ਕੇ ਇਹੀ ਸੁਨੇਹਾ ਦਿਤਾ ਕਿ ਸੱਭ ਠੀਕ ਠਾਕ ਹੈ। ਮੱਧ ਪ੍ਰਦੇਸ਼ ਦੇ ਇਕ ਹਲਕੇ ਵਿਚ ਕੁੰਭ ਮੇਲੇ ਤੋਂ ਪਰਤੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਦਾ ਕੋਵਿਡ ਟੈਸਟ ਕਰਵਾਇਆ ਗਿਆ। 61 ਵਿਚੋਂ 60 ਨੂੰ ਕੋਰੋਨਾ ਸੀ। 99 ਫ਼ੀ ਸਦੀ ਲੋਕਾਂ ਨੂੰ ਇਸ ਬੀਮਾਰੀ ਨੇ ਅਪਣੀ ਗ੍ਰਿਫ਼ਤ ਵਿਚ ਲੈ ਲਿਆ। ਇਹ ਨਵਾਂ ਦੇਸੀ ਕੋਰੋਨਾ ਘਾਤਕ ਸਾਬਤ ਹੋ ਰਿਹਾ ਹੈ ਤੇ ਸਰਕਾਰ ਵਲੋਂ ਵਿਖਾਈ ਗਈ ਅਣਗਹਿਲੀ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ ਹੈ।
ਪਰ ਅਮਰੀਕਾ ਵਾਂਗ ਸਾਡੀ ਸਰਕਾਰ ਕੋਲ ਨਾ ਤੇ ਆਮ ਲੋਕਾਂ ਦੀ ਕਮਾਈ ਨੂੰ ਹੋਇਆ ਨੁਕਸਾਨ ਭਰਨ ਦੀ ਹਿੰਮਤ ਸੀ ਤੇ ਨਾ ਹੀ ਦੂਰਅੰਦੇਸ਼ੀ ਵਾਲੀ ਸੋਚ ਹੀ ਸੀ ਕਿ ਉਹ ਤਿਆਰੀ ਕਰ ਕੇ ਹਸਪਤਾਲ ਤਿਆਰ ਕਰਨ ਲੱਗ ਜਾਵੇ। ਅੱਜ ਫ਼ੌਜ ਨੂੰ ਬੁਲਾਇਆ ਜਾ ਰਿਹਾ ਹੈ ਪਰ ਦੋ ਅਪ੍ਰੈਲ ਤੋਂ ਇਹ ਤਿਆਰੀ ਕਿਉਂ ਨਾ ਕੀਤੀ ਗਈ? ਸੂਬਾ ਸਰਕਾਰਾਂ ਨੂੰ ਅਪਣੀ ਆਕਸੀਜਨ ਦੇ ਉਤਪਾਦ ਨੂੰ ਹਸਪਤਾਲਾਂ ਵਾਸਤੇ ਤਿਆਰ ਕਰਨ ਦਾ ਮੌਕਾ ਕਿਉਂ ਨਹੀਂ ਸੀ ਦਿਤਾ ਗਿਆ? ਪ੍ਰਧਾਨ ਮੰਤਰੀ ਕੇਅਰ ਫ਼ੰਡ ਦੀ ਰਕਮ ਰਾਹੀਂ ਵੈਂਟੀਲੇਟਰ ਕਿਉਂ ਨਹੀਂ ਤਿਆਰ ਕਰਵਾਏ? ਸਾਰੇ ਦੇਸ਼ ਵਿਚ ਡਾਕਟਰਾਂ ਦੀ ਕਮੀ ਪੂਰੀ ਕਰਨ ਵਾਸਤੇ ਟ੍ਰੇਨਿੰਗ ਦੇ ਕੇ ਸਟਾਫ਼ ਕਿਉਂ ਨਹੀਂ ਤਿਆਰ ਕੀਤਾ ਗਿਆ? ਸਵਾਲ ਤਾਂ ਬਹੁਤ ਹਨ ਪਰ ਜਵਾਬ ਦੇਣ ਵਾਲਾ ਕੋਈ ਨਹੀਂ।
ਪੰਜਾਬ ਦੇ ਜਿਹੜੇ ਛੋਟੇ ਵਪਾਰੀਆਂ ਨੂੰ ਅਪਣੀ ਆਮਦਨ ਦੀ ਚਿੰਤਾ ਹੈ, ਉਹ ਜ਼ਰਾ ਦਿੱਲੀ, ਬਿਹਾਰ, ਕਰਨਾਟਕਾ ਤੇ ਹੋਰ ਸੂਬਿਆਂ ਵਲ ਵੇਖ ਲੈਣ। ਕੇਂਦਰ ਕੋਲ ਅਜੇ ਵੀ ਆਕਸੀਜਨ ਦੀ ਘਾਟ ਹੈ ਤੇ ਅੱਜ ਲੋੜ ਇਸ ਗੱਲ ਦੀ ਹੈ ਕਿ ਥੋੜ੍ਹਾ ਹੋਰ ਆਰਥਕ ਨੁਕਸਾਨ ਝੱਲ ਕੇ ਦੇਸ਼ਵਾਸੀਆਂ ਦੀ ਵੀ ਤੇ ਅਪਣੀ ਜਾਨ ਵੀ ਬਚਾਉਣ ਦਾ ਯਤਨ ਕੀਤਾ ਜਾਵੇ। -ਨਿਮਰਤ ਕੌਰ