ਕਾਲੀ ਸੜਕ ਉਤੇ ਚਿੱਟਾ ਦੁੱਧ ਚੰਗਾ ਤਾਂ ਨਹੀਂ ਲਗਦਾ ਪਰ ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਖ਼ੁਦਕੁਸ਼ੀਆਂ ਕਰਦਾ ਕਿਸਾਨ ਹੋਰ ਅਪਣੀ ਗੱਲ ਸਮਝਾਵੇ ਵੀ ਕਿਵੇਂ?

Milk on Road

ਵਾਰ ਵਾਰ ਆਖਿਆ ਜਾਂਦਾ ਹੈ ਕਿ ਕਿਸਾਨ ਦੇ ਬੱਚੇ ਹੁਣ ਬੈਲ ਵਾਂਗ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਕਿਸਾਨ ਅਪਣੇ ਵਿਆਹਾਂ ਉਤੇ ਖ਼ਰਚੇ ਅਪਣੀ ਹੈਸੀਅਤ ਤੋਂ ਵੱਧ ਕਰਦਾ ਹੈ। ਪਰ ਜਦੋਂ ਪੂਰਾ ਦੇਸ਼ ਤਕਨੀਕੀ ਖੋਜਾਂ ਦਾ ਸੁੱਖ ਮਾਣ ਰਿਹਾ ਹੈ ਤਾਂ ਇਕੱਲਾ ਪੈਦਾਵਾਰੀ ਕਿਸਾਨ ਹੀ ਕਿਉਂ ਬੈਲ ਵਾਂਗ ਕੰਮ ਕਰੇ? ਜਦੋਂ ਭਾਰਤ ਦੇ ਮੰਤਰੀਆਂ ਦੀਆਂ ਬੇਟੀਆਂ ਦੇ ਵਿਆਹਾਂ ਤੇ ਕਰੋੜਾਂ ਦੇ ਖ਼ਰਚੇ ਹੁੰਦੇ ਹਨ ਤੇ ਅਮਿਤ ਸ਼ਾਹ ਦੇ ਬੇਟੇ ਦੇ ਵਿਆਹ ਉਤੇ ਚਾਰਟਰ ਪਲੇਨ ਨਾਲ ਸਾਰੇ ਮੰਤਰੀ ਪਹੁੰਚਦੇ ਹਨ ਤਾਂ ਕਿਸਾਨ ਨੂੰ ਹੀ ਗ਼ਰੀਬੀ ਵਿਚ ਰਹਿਣ ਦਾ ਉਪਦੇਸ਼ ਕਿਉਂ ਦਿਤਾ ਜਾਂਦਾ ਹੈ?

ਕਿਸਾਨਾਂ ਵਲੋਂ ਦੇਸ਼ ਦੀ ਰਸੋਈ ਬੰਦ ਕਰਨ ਦੀ ਵਿਉਂਤਬੰਦੀ ਦੀ ਸਫ਼ਲਤਾ ਚਾਰ ਦਿਨਾਂ ਵਿਚ ਹੀ ਮਹਿਸੂਸ ਹੋਣ ਲੱਗ ਪਈ ਹੈ। ਸਬਜ਼ੀਆਂ ਦੀਆਂ ਕੀਮਤਾਂ ਵੱਧ ਰਹੀਆਂ ਹਨ। ਦੁੱਧ ਦੀ ਡਾਢੀ ਕਮੀ ਮਹਿਸੂਸ ਹੋ ਰਹੀ ਹੈ। ਸਿਆਸੀ ਬਿਆਨਬਾਜ਼ੀ ਸ਼ੁਰੂ ਹੈ। ਕੋਈ ਆਖਦਾ ਹੈ ਕਿ ਇਹ ਵਿਅਰਥ ਹੈ ਅਤੇ ਕੋਈ ਆਖਦਾ ਹੈ ਕਿ ਇਹ ਕਾਂਗਰਸ ਦੀ ਸਾਜ਼ਸ਼ ਹੈ। ਕਿਸਾਨਾਂ ਦੀ ਆਪਸ ਵਿਚ ਲੜਾਈ ਚਲ ਪਈ ਹੈ।

ਛੋਟੇ ਅਤੇ ਸਬਜ਼ੀਆਂ ਦੀ ਵਿਕਰੀ ਤੇ ਨਿਰਭਰ ਕਿਸਾਨ ਅਪਣੀ ਮਿਹਨਤ ਦੀ ਬਰਬਾਦੀ ਤੇ ਰੋ ਰਹੇ ਹਨ। ਉਹ ਕਣਕ ਅਤੇ ਚੌਲਾਂ ਦੀ ਖੇਤੀ ਵਿਚ ਲੱਗੇ ਕਿਸਾਨਾਂ ਨੂੰ ਵੀ ਅਪਣੀ ਫ਼ਸਲ ਨੂੰ ਬਰਬਾਦ ਕਰਨ ਲਈ ਆਖਦੇ ਹਨ। ਕਿਸਾਨਾਂ ਵਲੋਂ ਦੁੱਧ ਅਤੇ ਸਬਜ਼ੀਆਂ ਨੂੰ ਵੇਚਣ ਦੀ ਕੋਸ਼ਿਸ਼ ਨੂੰ ਕਿਸਾਨ ਜਥੇਬੰਦੀਆਂ ਵਲੋਂ ਖ਼ੁਦ ਹੀ ਰੋਕਿਆ ਜਾ ਰਿਹਾ ਹੈ। ਦੁੱਧ ਨੂੰ ਸੜਕਾਂ ਉਤੇ ਡੋਲ੍ਹਿਆ ਜਾ ਰਿਹਾ ਹੈ ਅਤੇ ਸਬਜ਼ੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਇਹਨੂੰ ਗੁੰਡਾਗਰਦੀ ਕਰਾਰ ਦਿਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਨੇ ਗੁੰਡਿਆਂ ਦੇ ਸਿਰ ਤੇ ਸਬਜ਼ੀ ਅਤੇ ਦੁੱਧ ਦੀ ਬਰਬਾਦੀ ਦਾ ਪ੍ਰੋਗਰਾਮ ਰਚਿਆ ਹੈ।

ਹਾਂ ਕਾਲੀ ਸੜਕ ਉਤੇ ਚਿੱਟਾ ਦੁੱਧ ਡਿਗਦਾ ਚੁਭਦਾ ਜ਼ਰੂਰ ਹੈ ਪਰ ਸਾਲਾਂ ਤੋਂ ਕਿਸਾਨਾਂ ਦਾ ਖ਼ੂਨ ਵੀ ਤਾਂ ਡੁਲ੍ਹਦਾ ਆ ਰਿਹਾ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਧਦੀਆਂ ਜਾ ਰਹੀਆਂ ਹਨ ਤਾਂ ਉਹ ਕਿਉਂ ਨਹੀਂ ਕਿਸੇ ਨੂੰ ਚੁਭੀਆਂ? ਐਤਵਾਰ ਨੂੰ ਇਕ ਕਿਸਾਨ ਨੇ ਅਪਣੀਆਂ ਸਬਜ਼ੀਆਂ ਨੂੰ ਸੜਕ ਦੇ ਇਕ ਪਾਸੇ ਰੱਖ ਦਿਤਾ ਅਤੇ ਜਨਤਾ ਨੂੰ ਕਿਹਾ ਕਿ ਮੁਫ਼ਤ ਵਿਚ ਚੁਕ ਕੇ ਲੈ ਜਾਵੋ ਕਿਉਂਕਿ ਉਹ ਵੇਚ ਨਹੀਂ ਸਕਦਾ ਸੀ। ਜੋ ਲੋਕ ਉਸ ਤੋਂ ਰੋਜ਼ ਖ਼ਰੀਦਦੇ ਸਨ, ਉਹੀ ਉਸ ਦੀਆਂ ਸਬਜ਼ੀਆਂ ਨੂੰ ਥੈਲੇ ਭਰ ਕੇ ਲੈ ਗਏ। ਕਿਸੇ ਨੇ ਨਹੀਂ ਪੁਛਿਆ ਕਿ ਭਰਾਵਾ ਤੂੰ ਕਿਸ ਤਰ੍ਹਾਂ ਗੁਜ਼ਾਰਾ ਕਰੇਂਗਾ? 

ਕਿਸੇ ਨੇ ਨਹੀਂ ਸੋਚਿਆ ਕਿ ਉਸ ਦੀ ਕੀਤੀ ਮਿਹਨਤ ਬਰਬਾਦ ਹੋ ਰਹੀ ਹੈ। ਲੋਕਾਂ ਨੇ ਬਸ ਅਪਣੇ ਥੈਲੇ ਭਰੇ ਅਤੇ ਅਪਣੇ ਘਰਾਂ ਨੂੰ ਤੁਰ ਪਏ। ਕਿਸਾਨਾਂ ਵਲੋਂ ਅਪਣੀ ਪੀੜ ਸਮਝਾਉਣ ਦਾ ਇਹ ਕਠੋਰ ਕਦਮ ਸ਼ਾਇਦ ਬਹੁਤਾ ਹੀ ਸਖ਼ਤ ਕਦਮ ਹੈ ਪਰ ਜੇ ਸਾਡਾ ਸਮਾਜ ਅਪਣੇ ਆਪ ਕਿਸਾਨਾਂ ਦੀ ਬੇਬਸੀ ਨੂੰ ਸਮਝ ਲੈਂਦਾ ਤਾਂ ਅੱਜ ਤਸਵੀਰ ਵਖਰੀ ਹੀ ਹੁੰਦੀ। ਅੱਜ ਕਿਸਾਨ ਇਸ ਕਦਰ ਬੇਬਸ ਹੋ ਚੁੱਕਾ ਹੈ ਕਿ ਉਹ ਅਪਣੀ ਜਾਨ ਲੈਣ ਨੂੰ ਵਾਰ ਵਾਰ ਮਜਬੂਰ ਹੋ ਜਾਂਦਾ ਹੈ।

ਅਪਣੀ ਜਾਨ ਲੈਣਾ ਕੋਈ ਸੌਖਾ ਕੰਮ ਨਹੀਂ ਪਰ ਜਦੋਂ ਤੁਸੀ ਹਰ ਪਾਸੇ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਜਾਂਦੇ ਹੋ ਤਾਂ ਹੀ ਇਸ ਤਰ੍ਹਾਂ ਹਾਰ ਮੰਨਦੇ ਹੋ ਅਤੇ ਕਿਸਾਨ ਵਰਗੇ ਸਖ਼ਤ-ਜਾਨ ਵਰਗ ਲਈ, ਜੋ ਅਪਣੀ ਮਿਹਨਤ ਅਤੇ ਖ਼ੂਨ ਪਸੀਨੇ ਨਾਲ ਕੰਮ ਕਰਦਾ ਹੈ, ਇਹ ਹੋਰ ਵੀ ਔਖਾ ਕਦਮ ਹੁੰਦਾ ਹੈ।ਸਿਰਫ਼ ਦਸ ਦਿਨਾਂ ਵਾਸਤੇ ਸ਼ਹਿਰੀ ਨਾਗਰਿਕਾਂ ਨੂੰ ਸਬਜ਼ੀ, ਦੁੱਧ ਨਹੀਂ ਮਿਲ ਰਿਹਾ, ਪਰ ਸੋਚੋ ਜਿਹੜਾ ਕਿਸਾਨ ਤੁਹਾਡੀ ਥਾਲੀ ਹਰੀ-ਭਰੀ ਰੱਖਣ ਲਈ ਅਣਥੱਕ ਮਿਹਨਤ ਕਰਦਾ ਹੈ, ਉਹ ਕਿੰਨੇ ਤਣਾਅ ਹੇਠ ਰਹਿੰਦਾ ਹੈ।

ਵਾਰ ਵਾਰ ਆਖਿਆ ਜਾਂਦਾ ਹੈ ਕਿ ਕਿਸਾਨ ਦੇ ਬੱਚੇ ਹੁਣ ਬੈਲ ਵਾਂਗ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਕਿਸਾਨ ਅਪਣੇ ਵਿਆਹਾਂ ਉਤੇ ਖ਼ਰਚੇ ਅਪਣੀ ਹੈਸੀਅਤ ਤੋਂ ਵੱਧ ਕਰਦਾ ਹੈ। ਪਰ ਜਦੋਂ ਪੂਰਾ ਦੇਸ਼ ਤਕਨੀਕੀ ਖੋਜਾਂ ਦਾ ਸੁੱਖ ਮਾਣ ਰਿਹਾ ਹੈ ਤਾਂ ਇਕੱਲਾ ਪੈਦਾਵਾਰੀ ਕਿਸਾਨ ਹੀ ਕਿਉਂ ਬੈਲ ਵਾਂਗ ਕੰਮ ਕਰੇ? ਜਦੋਂ ਭਾਰਤ ਦੇ ਮੰਤਰੀਆਂ ਦੀਆਂ ਬੇਟੀਆਂ ਦੇ ਵਿਆਹਾਂ ਤੇ ਕਰੋੜਾਂ ਦੇ ਖ਼ਰਚੇ ਹੁੰਦੇ ਹਨ, ਅਮਿਤ ਸ਼ਾਹ ਦੇ ਬੇਟੇ ਦੇ ਵਿਆਹ ਉਤੇ ਚਾਰਟਰ ਪਲੇਨ ਨਾਲ ਸਾਰੇ ਮੰਤਰੀ ਪਹੁੰਚਦੇ ਹਨ ਤਾਂ ਕਿਸਾਨ ਨੂੰ ਹੀ ਗ਼ਰੀਬੀ ਵਿਚ ਰਹਿਣ ਦਾ ਉਪਦੇਸ਼ ਕਿਉਂ ਦਿਤਾ ਜਾਂਦਾ ਹੈ?

ਸਵਾਮੀਨਾਥਨ ਰੀਪੋਰਟ ਨੂੰ ਆਏ 12 ਸਾਲ ਹੋ ਗਏ ਹਨ ਅਤੇ ਅੱਜ ਤਕ ਉਹ ਲਾਗੂ ਨਹੀਂ ਹੋਈ। ਕਿਸਾਨਾਂ ਨੂੰ ਅਪਣੀ ਮਿਹਨਤ ਅਤੇ ਲਾਗਤ ਦੇ ਨਾਲ ਨਾਲ ਉਸ ਦਾ ਮੁਨਾਫ਼ਾ ਦੇਣਾ ਸਰਕਾਰ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਕਿਸਾਨ ਪਾਣੀ ਮੰਗਦਾ ਹੈ। ਅਪਣੀ ਜ਼ਮੀਨ ਦਾ ਹੱਕ ਤੇ ਆੜ੍ਹਤੀਆਂ ਤੋਂ ਆਜ਼ਾਦੀ। ਇਹ ਮੰਗਾਂ ਗ਼ਲਤ ਨਹੀਂ ਆਖੀਆਂ ਜਾ ਸਕਦੀਆਂ। ਜਦੋਂ ਉਦਯੋਗਾਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਹੈ ਤਾਂ ਸਟੇਜਾਂ ਉਤੇ ਕੀਤੇ ਵਾਅਦੇ ਨਿਭਾਉਣ ਤੋਂ ਪ੍ਰਧਾਨ ਮੰਤਰੀ ਕਿਉਂ ਕਤਰਾ ਰਹੇ ਹਨ?

ਸਿਰਫ਼ 10 ਦਿਨਾਂ ਵਾਸਤੇ ਕਿਸਾਨਾਂ ਨੇ ਅਪਣੇ ਦਿਲ ਉਤੇ ਪੱਥਰ ਰੱਖ ਕੇ ਭਾਰਤੀ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਕਿਸਾਨ ਕੰਮ ਕਰਨਾ ਬੰਦ ਕਰ ਦੇਵੇ ਤਾਂ ਕਿਸਾਨਾਂ ਦੇ ਨਾਲ ਨਾਲ ਪੂਰੇ ਦੇਸ਼ ਵਿਚ ਕਾਲ ਪੈ ਜਾਵੇਗਾ। ਅੱਜ ਭਾਰਤ ਨੂੰ ਅਪਣੀ ਰੋਟੀ, ਸਬਜ਼ੀ, ਦੁੱਧ ਅਤੇ ਬੁਰਕੀ ਵਿਚ ਕਿਸਾਨ ਦੇ ਖ਼ੂਨ ਦੀ ਕੁਰਬਾਨੀ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ। ਇਸ ਕੋਸ਼ਿਸ਼ ਨੂੰ ਸਿਆਸਤ ਵਿਚ ਨਾ ਰੁਲਣ ਦਿਉ। ਸਿਰਫ਼ ਕਿਸਾਨ ਦਾ ਹੀ ਨਹੀਂ, ਸਾਡੇ ਸਾਰਿਆਂ ਦਾ ਕਲ ਦਾਅ ਉਤੇ ਲੱਗਾ ਹੋਇਆ ਹੈ।   -ਨਿਮਰਤ ਕੌਰ