Editorial: 2024 ਦਾ ਲੋਕ-ਫ਼ਤਵਾ ਸਾਰੀਆਂ ਹੀ ਪਾਰਟੀਆਂ ਵਾਸਤੇ ਲੋਕਾਂ ਦੀ ਗੱਲ ਸੁਣਨ ਲਈ ਕੰਨ-ਪਾੜੂ ਸੁਨੇਹਾ
ਇਸ ਚੋਣ ਦੀ ਸ਼ੇਰਨੀ ਮਮਤਾ ਬੈਨਰਜੀ ਸਾਬਤ ਹੋਏ ਹਨ ਜਿਨ੍ਹਾਂ ਨੇ ਭਾਜਪਾ ਨੂੰ ਸੁਕੜ ਜਾਣ ਲਈ ਮਜਬੂਰ ਕਰ ਦਿਤਾ ਹੈ।
Editorial: 2004 ਤੋਂ ਬਾਅਦ ਇਕ ਵਾਰ ਫਿਰ ‘ਐਗਜ਼ਿਟ ਪੋਲ’ ਗ਼ਲਤ ਸਾਬਤ ਹੋਏ ਹਨ ਅਤੇ ਲੋਕਾਂ ਨੂੰ ਜੋ ਕੁੱਝ ਗਲਿਆਰਿਆਂ ਵਿਚ ਸੁਣਾਈ ਦੇ ਰਿਹਾ ਸੀ, ਉਹ ਸਹੀ ਸਾਬਤ ਹੋਇਆ। ਇਸ ਵਾਰ ਸੱਟਾ ਬਾਜ਼ਾਰ ਦੇ ਅੰਦਾਜ਼ੇ ਵੀ ਅਸਲ ਦੇ ਬਹੁਤ ਕਰੀਬ ਰਹੇ। ਜੇ ‘ਇੰਡੀਆ’ ਗਠਜੋੜ ਦੀ ਸ਼ੁਰੂਆਤ ਕਰਨ ਵਾਲੇ ਨਿਤੀਸ਼ ਕੁਮਾਰ ਗਠਜੋੜ ਦਾ ਪੱਲਾ ਛੱਡ ਕੇ ਭਾਜਪਾ ਵਿਚ ਸ਼ਾਮਲ ਨਾ ਹੋਏ ਹੁੰਦੇ ਤਾਂ ਸੱਤਾ ਉਤੇ ਬਿਨਾਂ ਸ਼ੱਕ ਕਬਜ਼ਾ ‘ਇੰਡੀਆ’ ਗਠਜੋੜ ਦਾ ਹੀ ਹੋਣਾ ਸੀ।
ਅੰਤਮ ਨਤੀਜੇ, ਇਹ ਲੇਖ ਲਿਖਣ ਤਕ ਸਾਫ਼ ਨਹੀਂ ਹੋਏ ਪਰ ਜੋ ਕੁੱਝ ਸਾਹਮਣੇ ਆਇਆ ਹੈ, ਉਸ ਨਾਲ ਕਾਫ਼ੀ ਕੁੱਝ ਸਾਫ਼ ਹੋ ਗਿਆ ਹੈ। ਪਹਿਲਾਂ ਤਾਂ ਈਵੀਐਮ ’ਤੇ ਵਿਸ਼ਵਾਸ ਕਰਨਾ ਪਵੇਗਾ ਕਿ ਇਸ ਰਾਹੀਂ ਕੋਈ ਵੱਡਾ ਘੁਟਾਲਾ ਨਹੀਂ ਹੋਇਆ। ਜਿਸ ਤਰ੍ਹਾਂ ਕਈ ਸਰਕਾਰੀ ਸੰਸਥਾਵਾਂ ਤੇ ਸਰਕਾਰੀ ਕਰਮਚਾਰੀ ਸੱਤਾ ਦੀ ਧੌਂੋਸ ਸਾਹਮਣੇ ਝੁਕੇ ਹਨ, ਉਸ ਤਰ੍ਹਾਂ ਮਸ਼ੀਨਾਂ ਅਜੇ ਸੱਤਾ ਦੇ ਰੋਅਬ ਹੇਠ ਨਹੀਂ ਆਈਆਂ।
ਦੂਜਾ, ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੀ ਕਾਂਗਰਸ ਪਾਰਟੀ, ਅੱਜ ਭਾਵੇਂ ਗਠਜੋੜ ਦੀ ਸੱਭ ਤੋਂ ਵੱਡੀ ਪਾਰਟੀ ਹੈ ਪਰ ਕਿਸੇ ਸਮੇਂ 400 ਪਾਰ ਕਰਨ ਵਾਲੀ ਪਾਰਟੀ, ਅੱਜ 100 ਪਾਰ ਨਹੀਂ ਕਰ ਸਕੀ। ਰਾਹੁਲ ਗਾਂਧੀ ਨੇ ਅਪਣੀ ਮੁਹੱਬਤ ਦੀ ਦੁਕਾਨ ਦੇਸ਼ ਵਿਚ ਖੋਲ੍ਹ ਤਾਂ ਲਈ ਹੈ ਪਰ ਅਗਲੇ ਪੰਜ ਸਾਲ ਸੰਜੀਦਗੀ ਤੇ ਸ਼ਿੱਦਤ ਨਾਲ ਲਗਾਤਾਰ ਇਸ ਦੁਕਾਨ ਨੂੰ ਲੋਕਾਂ ਵਾਸਤੇ ਹੀ ਨਹੀਂ ਬਲਕਿ ਅਪਣੀ ਪਾਰਟੀ ਦੇ ਵਰਕਰਾਂ ਵਾਸਤੇ ਵੀ ਖੋਲ੍ਹ ਕੇ ਰੱਖਣਗੇ ਤਾਂ ਫਿਰ ਆਉਣ ਵਾਲੇ ਪੰਜ ਸਾਲਾਂ ਵਿਚ ਕਾਂਗਰਸ ਪਾਰਟੀ ਨੂੰ ਤਾਕਤਵਰ ਬਣਾਇਆ ਜਾ ਸਕੇਗਾ। ਉਂਜ ਤਾਂ ਬਿਲਕੁਲ ਸਾਫ਼ ਹੈ ਕਿ ਭਾਜਪਾ ਤੇ ਉਸ ਦੇ ਸਮਰਥਕ ਮਿਲ ਕੇ ਐਨਡੀਏ ਦੀ ਸਰਕਾਰ ਬਣਾ ਰਹੇ ਹਨ, ਕਾਂਗਰਸ ਅਪਣੇ ਸੰਗਠਨ ਦੇ ਮਾਮਲੇ ਵਿਚ ਅਜੇ ਭਾਜਪਾ ਵਾਂਗ ਤਾਕਤਵਰ ਨਹੀਂ ਹੈ।
ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਲੋਕਾਂ ਦਾ ਸਮਰਥਨ ਗਵਾ ਚੁਕੀ ਹੈ ਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੂੰ ਹੁਣ ਸੁੱਖੂ ਨੂੰ ਕਾਮਯਾਬ ਬਣਾਉਣ ਵਾਸਤੇ ਇਕੱਠੇ ਹੋਣਾ ਚਾਹੀਦਾ ਹੈ। ਕਾਂਗਰਸ ਨੂੰ ਅਪਣੀ ਹਰ ਸੂਬਾ ਸਰਕਾਰ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਤਾਕਿ ਜਦ ਉਹ ਅਪਣੀਆਂ ਗਰੰਟੀਆਂ ਬਾਰੇ ਵਾਅਦੇ ਕਰਨ ਤਾਂ ਉਨ੍ਹਾਂ ਵਾਸਤੇ ਮਿਸਾਲ ਬਣਨ ਲਈ ਕਾਮਯਾਬ ਸੂਬਾ ਸਰਕਾਰਾਂ ਦਾ ਸੱਚਾ ਰੀਕਾਰਡ ਤਿਆਰ ਹੋਵੇ।
ਇਸ ਚੋਣ ਦੀ ਸ਼ੇਰਨੀ ਮਮਤਾ ਬੈਨਰਜੀ ਸਾਬਤ ਹੋਏ ਹਨ ਜਿਨ੍ਹਾਂ ਨੇ ਭਾਜਪਾ ਨੂੰ ਸੁਕੜ ਜਾਣ ਲਈ ਮਜਬੂਰ ਕਰ ਦਿਤਾ ਹੈ। ਮਹੂਆ ਮੈਤਰੇ ਨੂੰ ਸੰਸਦ ’ਚੋਂ ਕਢਿਆ ਗਿਆ ਸੀ ਕਿਉਂਕਿ ਉਸ ਦੀ ਗਰਜ ਚੁਭਦੀ ਸੀ ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਵਾਪਸ ਭੇਜ ਦਿਤਾ ਹੈ।
ਇਕ ਹੋਰ ਜਨ-ਆਕਰੋਸ਼ (ਗੁੱਸੇ) ਦਾ ਸਾਹਮਣਾ ਸਿਮ੍ਰਤੀ ਈਰਾਨੀ ਨੂੰ ਕਰਨਾ ਪਿਆ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਹਰਾ ਕੇ ਅਪਣੇ ਆਪ ਨੂੰ ਦੇਸ਼ ਦੇ ਵੱਡੇ ਸ਼ਿਕਾਰੀਆਂ ਵਿਚ ਗਿਣਨਾ ਸ਼ੁਰੂ ਕਰ ਦਿਤਾ ਸੀ। ਇਸ ਵਾਰ ਅਮੇਠੀ ਤੋਂ ਰਾਹੁਲ ਗਾਂਧੀ ਆਪ ਤਾਂ ਨਹੀਂ ਸਨ ਖੜੇ ਹੋਏ ਪਰ ਅਪਣੇ ਪ੍ਰਵਾਰ ਦੇ ਕਰੀਬੀ ਇਕ ਗ਼ੈਰ-ਸਿਆਸੀ ਵਿਅਕਤੀ ਨੂੰ ਖੜਾ ਕਰ ਕੇ ਇਰਾਨੀ ਨੂੰ ਇਕ ਲੱਖ ਵੋਟ ਨਾਲ ਹਰਾਇਆ।
ਇਰਾਨੀ ਦੀ ਹਾਰ ਰਾਹੁਲ ਗਾਂਧੀ ਦੀ ਦੂਜੀ ਜਿੱਤ ਮੰਨੀ ਜਾਵੇਗੀ ਕਿਉਂਕਿ ਇਰਾਨੀ ਨੇ ਇਸ ਨੂੰ ਇਕ ਨਿਜੀ ਲੜਾਈ ਬਣਾਇਆ ਤੇ ਆਪ ਰਾਹੁਲ ਗਾਂਧੀ ਨੂੰ ਟਕੋਰਾਂ ਲਾਈਆਂ ਤੇ ਵਿਅੰਗ ਕਸੇ। ਅਮੇਠੀ ਦੇ ਲੋਕਾਂ ਨੇ ਰਾਹੁਲ ਦੇ ਹੱਕ ਵਿਚ ਜਵਾਬ ਦਿਤਾ ਤੇ ਅਮੇਠੀ ਹੀ ਨਹੀਂ ਬਲਕਿ ਸਾਰੇ ਦੇਸ਼ ’ਚੋਂ ਲੋਕਾਂ ਨੇ ਸਿਆਸਤਦਾਨਾਂ ਨੂੰ ਬੜਾ ਵੱਡਾ ਸੁਨੇਹਾ ਦਿਤਾ। 400 ਪਾਰ, ਮੰਗਲਸੂਤਰ, ਕੈਸ਼, ‘ਰੱਬੀ ਅਵਤਾਰ’ ਵਰਗੇ ਬਿਆਨਾਂ ਨੂੰ ਲੋਕਾਂ ਨੇ ਨਕਾਰ ਦਿਤਾ ਹੈ। ਉਨ੍ਹਾਂ ਨੇ ਭਾਜਪਾ ਨੂੰ ਵੀ ਅਪਣੇ ਭਾਈਵਾਲਾਂ ’ਤੇ ਨਿਰਭਰ ਕਰ ਦਿਤਾ ਹੈ ਤੇ ਅੱਗੇ ਹੋਰ ਵੱਡੇ ਫ਼ਤਵੇ ਸੂਬਿਆਂ ਦੀਆਂ ਚੋਣਾਂ ਵਿਚ ਆਉਣ ਦੇ ਸੰਕੇਤ ਦਿਤੇ ਹਨ। ਭਾਰਤ ਦੀ ਜਨਤਾ ਨੇ ਅੱਜ ਫਿਰ ਦਸ ਦਿਤਾ ਹੈ ਕਿ ਉਨ੍ਹਾਂ ਦਾ ਆਜ਼ਾਦੀ ਤੇ ਲੋਕਤੰਤਰ ਵਾਸਤੇ ਪਿਆਰ ਬਹੁਤ ਡੂੰਘਾ ਹੈ।
- ਨਿਮਰਤ ਕੌਰ