ਅਫ਼ਗ਼ਾਨਿਸਤਾਨ ਵਿਚ ਸਿੱਖਾਂ ਤੋਂ ਸਿੱਖ ਹੋਣ ਦੀ ਕੀਮਤ ਮੰਗੀ ਗਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੁੱਝ ਮੁੱਠੀ ਭਰ ਪ੍ਰਵਾਰ ਬਾਬਾ ਨਾਨਕ ਦੀ ਕੰਧਾਰ ਯਾਤਰਾ ਦੀ ਯਾਦ ਵਿਚ ਬਣੇ ਗੁਰਦਵਾਰੇ ਦੀ ਦੇਖ-ਰੇਖ ਵਾਸਤੇ ਵੀ ਅਪਣੀ ਜਾਨ ਖ਼ਤਰੇ ਵਿਚ ਪਾ ਰਹੇ ਹਨ........

Sikhs Carrying the Body

ਕੁੱਝ ਮੁੱਠੀ ਭਰ ਪ੍ਰਵਾਰ ਬਾਬਾ ਨਾਨਕ ਦੀ ਕੰਧਾਰ ਯਾਤਰਾ ਦੀ ਯਾਦ ਵਿਚ ਬਣੇ ਗੁਰਦਵਾਰੇ ਦੀ ਦੇਖ-ਰੇਖ ਵਾਸਤੇ ਵੀ ਅਪਣੀ ਜਾਨ ਖ਼ਤਰੇ ਵਿਚ ਪਾ ਰਹੇ ਹਨ। ਉਨ੍ਹਾਂ ਪ੍ਰਵਾਰਾਂ ਅਤੇ ਸਿੱਖਾਂ ਦੇ ਇਤਿਹਾਸਕ ਗੁਰਦਵਾਰੇ ਦੇ ਬਚਾਅ ਵਾਸਤੇ ਆਵਾਜ਼ ਚੁਕਣੀ ਜ਼ਰੂਰੀ ਹੈ। ਪਰ ਤਾਲਿਬਾਨ ਅਤੇ ਆਈ.ਐਸ. ਦੀ ਨਫ਼ਰਤ ਦੇ ਸਾਹਮਣੇ ਦਲੀਲਾਂ ਦਾ ਅਸਰ ਘੱਟ ਹੀ ਹੋਣ ਦੀ ਸੰਭਾਵਨਾ ਹੈ। ਦੁਨੀਆਂ ਦੇ ਹਰ ਕੋਨੇ ਵਿਚ ਅਪਣੀ ਦਿਖ ਕਾਰਨ ਵਿਤਕਰੇ ਦਾ ਸਾਹਮਣਾ ਕਰਦੇ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਵਿਚ ਵੀ ਅਪਣੇ ਧਰਮ ਕਾਰਨ ਇਹ ਨਫ਼ਰਤ ਸਹਾਰਨੀ ਪੈ ਰਹੀ ਹੈ।

ਅਫ਼ਗ਼ਾਨਿਸਤਾਨ ਵਿਚ ਮੁਰਦੇ ਦਾ ਅਗਨੀ ਭੇਂਟ ਰਾਹੀਂ ਅੰਤਮ ਸਸਕਾਰ ਕਰਨ ਦੀ ਸਿੱਖ ਪ੍ਰਥਾ ਉਤੇ ਤਾਲਿਬਾਨ ਨੂੰ ਸੱਭ ਤੋਂ ਵੱਧ ਇਤਰਾਜ਼ ਰਿਹਾ ਹੈ ਕਿਉਂਕਿ ਮੁਰਦੇ ਨੂੰ ਕਬਰ ਵਿਚ ਦਫ਼ਨ ਕਰਨ ਨੂੰ ਹੀ ਉਹ ਧਰਮ ਦਾ ਸੱਭ ਤੋਂ ਉੱਤਮ ਢੰਗ ਮੰਨਦੇ ਹਨ ਅਤੇ ਅਗਨ-ਭੇਂਟ ਕਰਨ ਵਾਲਿਆਂ ਨੂੰ ਕਾਫ਼ਰ ਕਹਿੰਦੇ ਹਨ। ਅਫ਼ਗ਼ਾਨਿਸਤਾਨ ਵਿਚ ਬਾਕੀ ਬਚੇ 300 ਸਿੱਖ ਪ੍ਰਵਾਰਾਂ ਦਾ ਉਸ ਦੇਸ਼ ਨਾਲ 500 ਸਾਲ ਪੁਰਾਣਾ ਰਿਸ਼ਤਾ ਹੁਣ ਖ਼ਾਤਮੇ ਵਲ ਵਧਦਾ ਦਿਸ ਰਿਹਾ ਹੈ। ਕਦੇ ਹਿੰਦੂ ਅਤੇ ਸਿੱਖ ਪ੍ਰਵਾਰਾਂ ਦੀ ਆਬਾਦੀ ਇੱਥੇ ਲੱਖਾਂ ਵਿਚ ਹੋਇਆ ਕਰਦੀ ਸੀ।

ਪਰ ਅੱਜ ਕੱਟੜ ਆਈ.ਐਸ.ਆਈ/ ਆਈ.ਐਸ.ਆਈ.ਐਸ./ ਤਾਲਿਬਾਨੀ ਸੋਚ ਵਾਲਿਆਂ ਕੋਲੋਂ ਸੈਂਕੜਿਆਂ ਦੀ ਆਬਾਦੀ ਵੀ ਬਰਦਾਸ਼ਤ ਨਹੀਂ ਹੁੰਦੀ। ਅਫ਼ਗ਼ਾਨਿਤਸਾਨ ਦੇ ਕਾਰੋਬਾਰ ਦਾ ਅਟੁਟ ਹਿੱਸਾ ਬਣੇ ਚਲੇ ਆ ਰਹੇ ਇਹ ਲੋਕ ਹੁਣ ਅਪਣੇ ਰੋਟੀ ਰੋਜ਼ੀ ਦੇ ਰਾਹ ਬੰਦ ਹੁੰਦੇ ਵੇਖ ਰਹੇ ਹਨ। ਜਿਸ ਹਮਲੇ ਵਿਚ 19 ਸਿੱਖ ਅਤੇ ਹਿੰਦੂ ਮਾਰੇ ਗਏ, ਉਸ ਵਿਚ ਸਿਰਫ਼ ਲੋਕਾਂ ਦੀ ਮੌਤ ਹੀ ਨਹੀਂ ਹੋਈ ਬਲਕਿ ਇਨ੍ਹਾਂ ਮੁੱਠੀ ਭਰ ਲੋਕਾਂ ਦੀ ਅਫ਼ਗ਼ਾਨਿਤਸਾਨ ਵਿਚ ਅਪਣੇ ਘਰ ਬਚਾਉਣ ਦੀ ਉਮੀਦ ਵੀ ਮਰ ਗਈ ਹੈ। ਇਨ੍ਹਾਂ ਵਿਚ ਮਾਰੇ ਗਏ ਇਨ੍ਹਾਂ ਦੇ ਆਗੂ ਅਵਤਾਰ ਸਿੰਘ ਅਫ਼ਗ਼ਾਨਿਸਤਾਨ, ਸੰਸਦ 'ਚ ਨਿਰਵਿਰੋਧ ਚੁਣੇ ਜਾ ਕੇ ਮੈਂਬਰ ਵੀ ਰਹਿ ਚੁੱਕੇ ਸਨ।

ਪਰ ਹੁਣ ਚੋਣਾਂ ਵਿਚ ਲੜ ਕੇ ਅਫ਼ਗ਼ਾਨਿਤਸਾਨ ਦੀ ਹਿੰਦੂ ਅਤੇ ਸਿੱਖ ਆਬਾਦੀ ਦੀ ਆਵਾਜ਼ ਬਣਨ ਵਾਲੇ ਸਨ। ਇਸ ਪਿੱਛੇ ਸਾਜ਼ਸ਼ ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਆਈ.ਐਸ. ਤੇ ਤਾਲਿਬਾਨ ਦੀ ਕੰਮ ਕਰਦੀ ਜਾਪਦੀ ਹੈ। ਇਹ ਪਾਕਿਸਤਾਨ ਅਤੇ ਅਫ਼ਗ਼ਾਨਿਤਸਾਨ ਵਿਚ ਤਿਆਰ ਕੀਤੀ ਇਕ ਸੋਚੀ ਸਮਝੀ ਸਾਜ਼ਸ਼ ਦਾ ਆਖ਼ਰੀ ਵੱਡਾ ਵਾਰ ਜਾਪਦਾ ਹੈ ਜੋ ਕਿ ਇਸ ਛੋਟੀ ਜਹੀ ਘੱਟ-ਗਿਣਤੀ ਨੂੰ ਅਫ਼ਗ਼ਾਨਿਸਤਾਨ ਛੱਡਣ ਲਈ ਮਜਬੂਰ ਕਰ ਦੇਣ ਲਈ ਘੜੀ ਗਈ ਸੀ।
ਸਿੱਖਾਂ ਨੇ ਤਾਲਿਬਾਨ ਦੇ ਰਾਜ ਵਿਚ ਬਹੁਤ ਸ਼ਰਮਿੰਦਗੀ ਸਹੀ ਹੈ, ਜਿਥੇ ਉਨ੍ਹਾਂ ਨੂੰ ਅਪਣੀਆਂ ਬਾਹਾਂ ਉਤੇ ਪੀਲੀ ਪੱਟੀ ਬੰਨ੍ਹਣੀ ਪਈ,

ਘਰਾਂ ਦੇ ਬਾਹਰ ਪੀਲੇ ਝੰਡੇ ਲਹਿਰਾਉਣੇ ਪਏ ਤਾਕਿ ਗ਼ੈਰ-ਮੁਸਲਮਾਨਾਂ ਵਜੋਂ ਉਨ੍ਹਾਂ ਦੀ ਪਛਾਣ, ਆਸਾਨੀ ਨਾਲ ਹੋ ਸਕੇ। ਅੱਜ ਜਿਹੜੇ ਮੁੱਠੀ ਭਰ ਪ੍ਰਵਾਰ ਅਫ਼ਗ਼ਾਨਿਸਤਾਨ ਵਿਚ ਰਹਿ ਗਏ ਹਨ, ਉਨ੍ਹਾਂ ਵਿਚ ਭਾਰਤ ਚਲੇ ਜਾਣ ਦੀ ਮਜਬੂਰੀ ਵੀ ਸਮਝ ਵਿਚ ਆ ਸਕਦੀ ਹੈ ਕਿਉਂਕਿ ਉਥੇ ਉਹ ਸਿਰਫ਼ ਅਪਣੀ ਰੋਜ਼ੀ-ਰੋਟੀ ਵਾਸਤੇ ਵਸੇ ਹੋਏ ਹਨ। ਉਨ੍ਹਾਂ  'ਚੋਂ ਕਈ ਪ੍ਰਵਾਰਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਤੇ ਵੀ ਭੇਜ ਦਿਤਾ ਜਾਵੇ, ਪਰ ਉਹ ਭਾਰਤ ਦਾ ਖੁੱਲ੍ਹਾ ਦਰਵਾਜ਼ਾ ਪਾਰ ਕਰਨ ਵਾਸਤੇ ਤਿਆਰ ਨਹੀਂ ਲਗਦੇ ਕਿਉਂਕਿ ਉਨ੍ਹਾਂ ਨੂੰ ਇਥੇ ਕੰਮ ਰੁਜ਼ਗਾਰ ਨਹੀਂ ਮਿਲਦਾ।

1990 ਵਿਚ 80 ਹਜ਼ਾਰ ਹਿੰਦੂ-ਸਿੱਖ ਰਹਿ ਗਏ ਸਨ ਜਿਨ੍ਹਾਂ ਨੂੰ ਦੁਨੀਆਂ ਦੇ ਜਿਸ ਵੀ ਕੋਨੇ ਵਿਚ ਕੰਮ ਧੰਦਾ ਮਿਲਦਾ ਗਿਆ, ਉਹ ਉਥੇ ਉਥੇ ਜਾ ਕੇ, ਦੁਨੀਆਂ ਭਰ ਵਿਚ ਬਿਖਰ ਗਏ। ਕੁੱਝ ਮੁੱਠੀ ਭਰ ਪ੍ਰਵਾਰ ਬਾਬਾ ਨਾਨਕ ਦੀ ਕੰਧਾਰ ਯਾਤਰਾ ਦੀ ਯਾਦ ਵਿਚ ਬਣੇ ਗੁਰਦਵਾਰੇ ਦੀ ਦੇਖ-ਰੇਖ ਵਾਸਤੇ ਵੀ ਅਪਣੀ ਜਾਨ ਖ਼ਤਰੇ ਵਿਚ ਪਾਈ ਬੈਠੇ ਹਨ। ਉਨ੍ਹਾਂ ਪ੍ਰਵਾਰਾਂ ਅਤੇ ਸਿੱਖਾਂ ਦੇ ਇਤਿਹਾਸਕ ਗੁਰਦਵਾਰੇ ਦੇ ਬਚਾਅ ਵਾਸਤੇ ਆਵਾਜ਼ ਚੁਕਣੀ ਜ਼ਰੂਰੀ ਹੈ। ਪਰ ਤਾਲਿਬਾਨ ਅਤੇ ਆਈ.ਐਸ. ਦੀ ਨਫ਼ਰਤ ਦੇ ਸਾਹਮਣੇ ਦਲੀਲਾਂ ਦਾ ਅਸਰ ਘੱਟ ਹੀ ਹੋਣ ਦੀ ਸੰਭਾਵਨਾ ਹੈ।

ਅਜੀਬ ਇਤਫ਼ਾਕ ਹੈ ਕਿ ਪਛਮੀ ਦੇਸ਼ਾਂ ਵਿਚ ਵੀ ਸਿੱਖਾਂ ਨੂੰ ਤਾਲਿਬਾਨ ਦੇ ਹਿੱਸੇ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਮੁਸਲਮਾਨਾਂ ਦੇ ਗੜ੍ਹ ਵਿਚ ਵੀ ਤਾਲਿਬਾਨ ਤੋਂ ਹੀ ਨਫ਼ਰਤ ਸਹਿਣੀ ਪੈ ਰਹੀ ਹੈ। ਦੁਨੀਆਂ ਦੇ ਹਰ ਕੋਨੇ ਵਿਚ ਅਪਣੀ ਦਿਖ ਕਾਰਨ ਵਿਤਕਰੇ ਦਾ ਸਾਹਮਣਾ ਕਰਦੇ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਵਿਚ ਵੀ ਅਪਣੇ ਧਰਮ ਕਾਰਨ ਇਹ ਨਫ਼ਰਤ ਸਹਾਰਨੀ ਪੈ ਰਹੀ ਹੈ। ਅਫ਼ਗ਼ਾਨਿਸਤਾਨ ਵਿਚ ਮੁਰਦੇ ਦਾ ਅਗਨੀ ਭੇਂਟ ਰਾਹੀਂ ਅੰਤਮ ਸਸਕਾਰ ਕਰਨ ਦੀ ਸਿੱਖ ਪ੍ਰਥਾ ਉਤੇ ਤਾਲਿਬਾਨ ਨੂੰ ਸੱਭ ਤੋਂ ਵੱਡਾ ਇਤਰਾਜ਼ ਰਿਹਾ ਹੈ

ਕਿਉਂਕਿ ਮੁਰਦੇ ਨੂੰ ਕਬਰ ਵਿਚ ਦਫ਼ਨ ਕਰਨ ਨੂੰ ਹੀ ਉਹ ਧਰਮ ਦਾ ਸੱਭ ਤੋਂ ਉੱਤਮ ਢੰਗ ਮੰਨਦੇ ਹਨ ਅਤੇ ਅਗਨ-ਭੇਂਟ ਕਰਨ ਵਾਲਿਆਂ ਨੂੰ ਕਾਫ਼ਰ ਕਹਿੰਦੇ ਹਨ। 
ਹੁਣ ਉਥੇ ਵਸੇ ਸਿੱਖਾਂ ਨੂੰ, ਜਾਂ ਤਾਂ ਤਾਲਿਬਾਨੀ ਸੋਚ ਸਾਹਮਣੇ ਅਪਣੇ ਧਰਮ ਦੀ ਹਰ ਰੀਤ ਨੂੰ ਕੁਰਬਾਨ ਕਰ ਕੇ ਮੁਸਲਮਾਨ ਧਰਮ ਨੂੰ ਅਪਨਾਉਣਾ ਪਵੇਗਾ ਜਾਂ ਅਫ਼ਗ਼ਾਨਿਸਤਾਨ ਛਡਣਾ ਪਵੇਗਾ। ਸ਼ਾਇਦ ਨਵੀਂ ਦੁਨੀਆਂ ਦੇ ਨਵੇਂ ਦਸਤੂਰ ਬੜੀ ਛੋਟੀ ਸੋਚ ਵਾਲੇ ਲੋਕ ਘੜਨ ਲੱਗ ਪਏ ਹਨ। ਹਰ ਦੇਸ਼ ਵਿਚ ਨਫ਼ਰਤ ਦੀ ਜਿੱਤ ਹੋ ਰਹੀ ਹੈ ਅਤੇ ਹਰ ਦੇਸ਼ ਵਿਚ ਬਹੁਮਤ ਵਾਲੇ, ਉਥੋਂ ਦੀਆਂ ਘੱਟ ਗਿਣਤੀਆਂ ਨੂੰ ਜਾਂ ਤਾਂ ਬਹੁਗਿਣਤੀ ਦਾ ਭਾਗ ਬਣਨ ਦੇ ਇਸ਼ਾਰੇ ਦੇ ਰਹੇ ਹਨ

ਜਾਂ ਅਪਣੇ ਪੁਰਖਿਆਂ ਦੀ ਜਨਮ ਧਰਤੀ ਉਤੇ ਚਲੇ ਜਾਣ ਦਾ ਰਸਤਾ ਵਿਖਾ ਰਹੇ ਹਨ। ਜਦ 500 ਸਾਲ ਇਕ ਦੇਸ਼ ਨੂੰ ਘਰ ਬਣਾਈ ਰੱਖਣ ਤੇ ਉਸ ਦੀ ਆਜ਼ਾਦੀ ਲਈ ਭਾਰੀ ਕੁਰਬਾਨੀਆਂ ਦੇਣ ਮਗਰੋਂ ਵੀ 1984 ਵਰਗੇ ਕਤਲੇਆਮ ਉਸ ਕੌਮ ਦੀ ਕਿਸਮਤ ਵਿਚ ਲਿਖੇ ਜਾ ਸਕਦੇ ਹਨ ਤੇ ਕਹਿ ਦਿਤਾ ਜਾਂਦਾ ਹੈ ਕਿ ਜਿਹੜਾ ਅਪਣੇ ਆਪ ਨੂੰ 'ਹਿੰਦੂ' ਨਹੀਂ ਮੰਨਦਾ, ਉਹ ਦੇਸ਼ ਛੱਡ ਕੇ ਚਲਾ ਜਾਵੇ ਤਾਂ ਬੇਗਾਨੇ ਮੁਸਲਮਾਨ ਦੇਸ਼ ਤੁਹਾਡੀ ਵਖਰੀ ਹੋਂਦ ਨੂੰ ਆਰਾਮ ਨਾਲ ਕਿਉਂ ਪ੍ਰਵਾਨ ਕਰਨਗੇ?

ਕੀ ਧਰਮ, ਰਾਸ਼ਟਰੀ ਹੱਦਾਂ ਤੇ ਬਹੁਗਿਣਤੀ-ਘੱਟ ਗਿਣਤੀ ਦੇ ਸਵਾਲ ਆਉਣ ਵਾਲੀ ਦੁਨੀਆਂ ਨੂੰ ਵੰਡੀ ਰੱਖਣਗੇ ਤੇ 'ਸਾਰੀ ਧਰਤੀ ਇਕ ਟੱਬਰ' ਵਾਲੀ ਗੱਲ ਸੁਪਨਾ ਹੀ ਬਣ ਕੇ ਰਹਿ ਜਾਏਗੀ?   -ਨਿਮਰਤ ਕੌਰ