Editorial:240 (BJP-NDA) ਤੇ 243(ਕਾਂਗਰਸ ਇੰਡੀਆ) ਦਾ ਪਾਰਲੀਮੈਂਟ ਵਿਚ ਇਕ-ਦੂਜੇ ਪ੍ਰਤੀ ਵਤੀਰਾ ਕੀ ਹੋਵੇਗਾ, ਇਸ ’ਤੇ ਨਿਰਭਰ ਦੇਸ਼ ਦਾ ਭਵਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: 243 ਦੀ ਤਾਕਤ ਨਾਲ ਵਿਰੋਧੀ ਧਿਰ ਅਸਲ ਵਿਚ ਇਕ ਅਗਨੀ ਪ੍ਰੀਖਿਆ ਵਿਚੋਂ ਨਿਕਲ ਕੇ ਸੰਸਦ ਵਿਚ ਪਹੁੰਚੀ ਹੈ ਤਾਂ ਉਨ੍ਹਾਂ ਦਾ ਗਰਜਣਾ ਤਾਂ ਬਣਦਾ ਹੀ ਸੀ

Editorial: future of the country

 

 Future of The Country Editorial: 243 ਦੀ ਤਾਕਤ ਨਾਲ ਵਿਰੋਧੀ ਧਿਰ ਅਸਲ ਵਿਚ ਇਕ ਅਗਨੀ ਪ੍ਰੀਖਿਆ ਵਿਚੋਂ ਨਿਕਲ ਕੇ ਸੰਸਦ ਵਿਚ ਪਹੁੰਚੀ ਹੈ ਤਾਂ ਉਨ੍ਹਾਂ ਦਾ ਗਰਜਣਾ ਤਾਂ ਬਣਦਾ ਹੀ ਸੀ ਤੇ ਉਨ੍ਹਾਂ ਦੀ ਗਰਜ ਸੁਣਨੀ ਵੀ ਚਾਹੀਦੀ ਹੈ। ਰਾਹੁਲ ਗਾਂਧੀ ਤੇ ਮਹੂਆ ਮੋਇਤਰੇ ਦਾ ਕਹਿਣਾ ਠੀਕ ਹੈ ਕਿ ਉਨ੍ਹਾਂ ਨੇ ਰਾਜਸੀ ਆਤੰਕ ਦਾ ਮੁਕਾਬਲਾ ਕਰ ਕੇ ਜਿਵੇਂ ਸੰਸਦ ਵਿਚ ਵਾਪਸੀ ਕੀਤੀ ਹੈ, ਉਸ ਨੇ ਉਨ੍ਹਾਂ ਨੂੰ ਹੋਰ ਤਾਕਤਵਰ ਬਣਾ ਦਿਤਾ ਹੈ।

ਰਾਹੁਲ ਗਾਂਧੀ ਵਲੋਂ ਭਾਸ਼ਣ ਵਿਚ ਇਸ ਵਾਰ ਜੋ ਮੁੱਦੇ ਚੁੱਕੇ ਗਏ ਹਨ, ਉਹ ਸਿਰਫ਼ ਕਾਂਗਰਸ ਜਾਂ ਇੰਡੀਆ ਸੰਗਠਨ ਦੇ ਮੁੱਦੇ ਨਹੀਂ। ਜਿਸ ਤਰ੍ਹਾਂ ਦੀਆਂ ਹਾਰਾਂ ਜਿੱਤਾਂ ਇਸ ਵਾਰ ਸੰਸਦ ’ਚ ਸਾਹਮਣੇ ਆਈਆਂ ਹਨ, ਉਹ ਦਰਸਾਉਂਦੀਆਂ ਹਨ ਕਿ ਸਾਡਾ ਦੇਸ਼ ਵੰਡਿਆ ਪਿਆ ਹੈ। ਜੇ ਇੰਡੀਆ ਸੰਗਠਨ, ਜੋ ਧਰਮ ਨਿਰਪੱਖਤਾ ਲਈ ਖੜਾ ਹੈ, ਦੀ ਤਾਕਤ 243 ਮੰਨੀ ਜਾਏ ਤਾਂ ਭਾਜਪਾ ਜੋ  ਹਿੰਦੂਤਵਾ ਦੀ ਬਰਤਰੀ ਵਾਸਤੇ ਖੜੀ ਹੈ, ਉਸ ਦੀ ਤਾਕਤ 240 ਹੈ।

ਇਨ੍ਹਾਂ ਦੋਵਾਂ ਦੀ ਤਕੜੀ ਵਿਚ ਬੈਲੈਂਸ ਬਣਾਉਣ ਵਾਲੇ ਚੰਦਰ ਬਾਬੂ ਨਾਇਡੂ ਤੇ ਨਿਤਿਸ਼ ਕੁਮਾਰ, ਅਸਲ ਵਿਚ ਨਾ ਪੱਕੇ ਤੌਰ ’ਤੇ ਮੋਦੀ ਨਾਲ ਹਨ ਤੇ ਨਾ ਕਾਂਗਰਸ ਨਾਲ। ਇਨ੍ਹਾਂ ਦੋਵਾਂ ਨੇ ਮੌਕੇ ਦੀ ਵਰਤੋਂ ਅਪਣੇ ਫ਼ਾਇਦੇ ਲਈ ਕੀਤੀ ਹੈ। ਪਰ ਜੇ ਇਨ੍ਹਾਂ ਦੇ ਵੋਟਰ ਨੂੰ ਪੁਛਿਆ ਜਾਵੇ ਤਾਂ ਉਸ ਦੀ ਸੋਚ ਨਾ ਸੱਜੇ-ਪੱਖੀ ਹੋਵੇਗੀ, ਨਾ ਖੱਬੇ-ਪੱਖੀ। 

ਇਹ ਜੋ ਅੰਕੜੇ ਨੇ, ਉਹ ਅਸਲ ਵਿਚ ਭਾਰਤ ਦੀ ਜਨਤਾ ਦੀ ਵੰਡ ਦਿਖਾਉਂਦੇ ਨੇ। ਸੱਤਾਧਾਰੀ ਪਾਰਟੀ ਨੂੰ ਜੋ ਅੰਕੜੇ ਵਿਰੋਧੀ ਧਿਰ ਵਿਚ ਦਿਸ ਰਹੇ ਨੇ, ਉਹ ਸਿਰਫ਼ ਰਾਹੁਲ ਗਾਂਧੀ ਤੇ ਮਹੂਆ ਮੋਇਤਰਾ ਵਰਗਿਆਂ ਦੇ ਚਿਹਰੇ ਨਹੀਂ, ਉਨ੍ਹਾਂ ਪਿੱਛੇ ਕਰੋੜਾਂ ਵੋਟਰ ਵੀ ਨਜ਼ਰ ਆਉਣੇ ਚਾਹੀਦੇ ਹਨ ਜਿਨ੍ਹਾਂ ਨੇ 400 ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਵੈਸਾਖੀਆਂ ਦਾ ਸਹਾਰਾ ਲਏ ਬਿਨਾਂ, ਸਰਕਾਰ ਬਣਾਉਣ ਦੇ ਕਾਬਲ ਨਹੀਂ ਛਡਿਆ। 

ਪੰਜਾਂ ਸਾਲਾਂ ਵਿਚ ਜੋ ਨੁਕਸਾਨ ਭਾਜਪਾ ਦਾ ਹੋਇਆ ਹੈ, ਉਹ ਇਸ ਕਰ ਕੇ ਹੀ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਸੁਣਨ ਵਾਲੀ ਸਹਿਣਸ਼ੀਲਤਾ ਨਹੀਂ ਵਿਖਾਈ। ਭਾਵੇਂ ਉਹ ਅਗਨੀਵੀਰ ਹੋਵੇ, ਭਾਵੇਂ ਉਹ ਮਨੀਪੁਰ ਹੋਵੇੇ, ਭਾਵੇਂ ਨੌਕਰੀਆਂ ਹੋਣ ਤੇ ਭਾਵੇਂ ਮਹਿੰਗਾਈ ਹੋਵੇ, ਇਹ ਮੁੱਦੇ ਸੁਣੇ ਹੀ ਨਹੀਂ ਗਏ। ਉਨ੍ਹਾਂ ਨੇ ਜਿਸ ਤਾਕਤ ਨਾਲ ਲੈਸ ਕਰ ਕੇ ਵਿਰੋਧੀ ਧਿਰ ਨੂੰ ਪਾਰਲੀਮੈਂਟ ਵਿਚ ਭੇਜਿਆ ਹੈ, ਲੋਕਾਂ ਦਾ ਸੰਦੇਸ਼ ਇਹੀ ਹੈ ਕਿ ਸਾਡੇ  ਮੁੱਦਿਆਂ ਨੂੰ ਸੁਣਿਆ ਜਾਵੇ ਤੇ ਉਨ੍ਹਾਂ ਬਾਰੇ ਗੱਲ ਕੀਤੀ ਜਾਵੇ। 

ਕਿਸੇ ਨਾ ਕਿਸੇ ਧਾਰਮਕ ਵਿਚਾਰਧਾਰਾ ਨਾਲ ਜੁੜਨਾ ਸਾਡੇ ਹਰ ਸਿਆਸਤਦਾਨ ਲਈ ਬੁਨਿਆਦੀ ਗੱਲ ਹੈ ਅਤੇ ਉਸ ਦੀ ਮਾਰਗ ਦਰਸ਼ਕ ਵੀ ਬਣ ਸਕਦੀ ਹੈ ਪਰ ਟੀਚਾ ਨਹੀਂ ਬਣ ਸਕਦੀ। ਅੱਜ ਸਾਡਾ ਟੀਚਾ ਅਪਣੇ ਦੇਸ਼ ਦਾ ਇਕ ਫ਼ੀਸਦੀ ਵਿਕਾਸ ਕਰਨਾ ਨਹੀਂ ਸਗੋਂ ਦੇਸ਼ ਦੇ ਦਸ ਫ਼ੀਸਦੀ ਵਿਕਾਸ ਦਾ ਹੈ ਤੇ ਦੇਸ਼ ਦੇ ਹਰ ਨਾਗਰਿਕ ਦੇ ਵਿਕਾਸ ਦਾ ਹੈ।

80 ਕਰੋੜ ਦੇਸ਼-ਵਾਸੀ, ਜੋ ਅੱਜ ਵੀ ਮੁਫ਼ਤ ਆਟਾ-ਦਾਲ ਖਾਂਦਾ ਹੈ, ਉਸ ਨੂੰ ਕਿਸ ਤਰ੍ਹਾਂ ਅੱਠ ਕਰੋੜ ਤਕ ਲਿਜਾਇਆ ਜਾਵੇ, ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ। ਉਹ ਨੌਜੁਆਨ ਜੋ ਅਪਣੀ ਨੌਕਰੀ ਤੇ ਅਪਣੇ ਭਵਿੱਖ ਵਾਸਤੇ ਘਬਰਾਹਟ ਵਿਚ ਚਾਰ ਸਾਲ ਲਈ ਅਗਨੀਵੀਰ ਬਣਨ ਦਾ ਫ਼ੈਸਲਾ ਕਰਦਾ ਹੈ ਤੇ ਅਪਣੀ ਜ਼ਿੰਦਗੀ ਖ਼ਤਰੇ ਵਿਚ ਪਾ ਦੇਂਦਾ ਹੈ, ਉਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਸ ਦਾ ਭਵਿੱਖ ਕਿਸ ਤਰ੍ਹਾਂ ਸੁਧਾਰਿਆ ਜਾਵੇ? 

ਮਨੀਪੁਰ ਵਿਚ ਜੋ ਨਫ਼ਰਤ ਦੀਆਂ ਲਕੀਰਾਂ ਖਿੱਚੀਆਂ ਜਾ ਚੁਕੀਆਂ ਨੇ, ਉਨ੍ਹਾਂ ਵਿਚ ਤਾਂ ਅੱਗ ਲੱਗੀ ਹੋਈ ਹੈ। ਪਰ ਜੇ ਸਾਡੇ ਸਿਆਸਤਦਾਨ ਮੁੱਦਿਆਂ ’ਤੇ ਨਾ ਆਏ ਤਾਂ ਜਿਹੜੀ ਲਕੀਰ 243 ਤੇ 240 ਵਿਚਕਾਰ ਹੈ, ਉਹ ਹੋਰ ਵੀ ਘੱਟ-ਵੱਧ ਸਕਦੀ ਹੈ। ਉਸ ਨੂੰ ਸੁਣ ਕੇ, ਸਮਝ ਕੇ ਤੇ ਅਪਣੀਆਂ ਨੀਤੀਆਂ ਵਿਚ ਜੇ ਬਦਲਾਅ ਲਿਆ ਦਿਤਾ ਗਿਆ, ਤਦ ਹੀ ਆਉਣ ਵਾਲਾ ਭਾਰਤ ਵਿਕਸਤ ਹੋ ਸਕੇਗਾ। 
- ਨਿਮਰਤ ਕੌਰ