ਕਸ਼ਮੀਰ ਵਿਚ ਕੇਂਦਰ ਨੇ ਮੁਸਲਮਾਨਾਂ ਨੂੰ ਫਿਰ ਇਹ ਪ੍ਰਭਾਵ ਦਿਤਾ ਕਿ ਕੋਈ ਵੀ ਤਬਦੀਲੀ ਲਿਆਉਣ ਸਮੇਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਸ਼ਮੀਰ ਵਿਚ ਕੇਂਦਰ ਨੇ ਮੁਸਲਮਾਨਾਂ ਨੂੰ ਫਿਰ ਇਹ ਪ੍ਰਭਾਵ ਦਿਤਾ ਕਿ ਕੋਈ ਵੀ ਤਬਦੀਲੀ ਲਿਆਉਣ ਸਮੇਂ ਉਨ੍ਹਾਂ ਦੀ ਰਾਏ ਜਾਣਨ ਦੀ ਕੋਈ ਲੋੜ ਨਹੀਂ!

Jammu-Kashmir issue

''ਭਾਰਤ ਤੇਰੇ ਟੁਕੜੇ ਟੁਕੜੇ ਕਰੇਂਗੇ, ਆਜ਼ਾਦੀ ਆਜ਼ਾਦੀ'' ¸ ਨਾਹਰਾ ਭਾਵੇਂ ਝੂਠਾ ਹੀ ਸੀ ਪਰ ਇਸ ਝੂਠੇ ਨਾਹਰੇ ਨੂੰ ਲੈ ਕੇ ਵੀ, ਜਵਾਹਰ ਲਾਲ ਨਹਿਰੂ 'ਵਰਸਟੀ ਨੂੰ ਬਦਨਾਮ ਕਰਨ ਦੀ ਸਾਜ਼ਸ਼ ਰਚੀ ਗਈ ਸੀ ਕਿਉਂਕਿ ਇਹ ਨਾਹਰਾ ਵੱਖ ਹੋਣਾ ਚਾਹੁਣ ਵਾਲੇ ਕਸ਼ਮੀਰੀਆਂ ਦੀ ਸੋਚ ਦਾ ਪ੍ਰਤੀਕ ਮੰਨ ਲਿਆ ਗਿਆ ਅਤੇ ਅੱਜ ਜਦੋਂ ਸਰਕਾਰ ਨੇ ਇਕ ਖ਼ੁਫ਼ੀਆ ਸਰਜੀਕਲ ਸਟਰਾਈਕ ਵਾਂਗ ਕਾਨੂੰਨ ਰਾਹੀਂ ਜੰਮੂ-ਕਸ਼ਮੀਰ ਸੂਬੇ ਦੇ ਦੋ ਟੁਕੜੇ ਕਰ ਦਿਤੇ ਹਨ, ਬਹੁਤਾ ਭਾਰਤ ਖ਼ੁਸ਼ੀ ਹੀ ਮਨਾ ਰਿਹਾ ਹੈ। 
ਅਤੇ ਇਹ ਹੈ ਅਸਲ ਤਰਾਸਦੀ ਭਾਰਤੀਆਂ ਵਿਚ ਖਿੱਚੀਆਂ ਜਾ ਚੁਕੀਆਂ ਡੂੰਘੀਆਂ ਲਕੀਰਾਂ ਦੀ ਜਿਨ੍ਹਾਂ ਕਾਰਨ ਆਮ ਲੋਕ ਇਕ ਦੂਜੇ ਤੋਂ ਦੂਰ ਹੋਈ ਜਾ ਰਹੇ ਹਨ। ਜਿਥੇ ਜੰਮੂ-ਕਸ਼ਮੀਰ ਵਿਚ ਸੱਭ ਕੁੱਝ ਬੰਦ ਹੈ, ਸਾਰੇ ਆਗੂ ਘਰ ਵਿਚ ਨਜ਼ਰਬੰਦ ਹਨ, ਧਾਰਾ 144 ਲਾ ਕੇ ਕਰਫ਼ਿਊ ਵਾਲਾ ਵਾਤਾਵਰਣ ਬਣਾ ਦਿਤਾ ਗਿਆ ਹੈ, ਪਰ ਫ਼ੌਜ ਦੀਆਂ ਸੰਗੀਨਾਂ ਹੇਠ ਬੈਠੀ ਵਾਦੀ ਦੇ ਦਰਦ ਨੂੰ ਉਸ ਦੇ ਅਪਣੇ ਦੇਸ਼ ਵਾਸੀ ਵੀ ਨਹੀਂ ਸਮਝ ਰਹੇ।

ਆਮ ਭਾਰਤੀ ਇਸ ਗੱਲ ਨੂੰ ਲੈ ਕੇ ਖ਼ੁਸ਼ੀ ਮਨਾ ਰਹੇ ਹਨ ਕਿ ਹੁਣ ਧਾਰਾ 370 ਖ਼ਤਮ ਹੋ ਗਈ ਹੈ ਅਤੇ ਹੁਣ ਉਨ੍ਹਾਂ ਵਲੋਂ ਦਿਤੇ ਟੈਕਸਾਂ ਦਾ ਪੈਸਾ ਕਸ਼ਮੀਰ ਵਿਚ ਨਹੀਂ ਜਾਵੇਗਾ। ਇਹ ਵੀ ਕਿ ਹੁਣ ਕੋਈ ਵੀ ਜੰਮੂ-ਕਸ਼ਮੀਰ ਵਿਚ ਜਾ ਕੇ ਜ਼ਮੀਨ ਖ਼ਰੀਦ ਸਕੇਗਾ। ਕਸ਼ਮੀਰੀ ਪੰਡਤ ਹੁਣ ਮੁੜ ਕਸ਼ਮੀਰ ਵਿਚ ਵਾਪਸ ਜਾ ਸਕਣਗੇ। ਪਰ ਕੋਈ ਇਹ ਨਹੀਂ ਸਮਝਦਾ ਕਿ ਕਸ਼ਮੀਰ ਵਿਚ ਕੇਂਦਰ ਸਰਕਾਰ ਨੂੰ ਜ਼ਿਆਦਾ ਪੈਸਾ ਇਸ ਲਈ ਖ਼ਰਚਣਾ ਪੈਂਦਾ ਸੀ ਕਿਉਂਕਿ ਉਥੇ ਉਸ ਸੂਬੇ 'ਚ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਜਾਣ ਕਾਰਨ, ਮੁਢਲੇ-ਢਾਂਚੇ ਦੀ ਸਾਂਭ-ਸੰਭਾਲ ਨਹੀਂ ਸੀ ਕੀਤੀ ਜਾ ਸਕਦੀ, ਜਿਸ ਕਾਰਨ ਉਥੇ ਉਦਯੋਗ ਨਹੀਂ ਹੈ ਅਤੇ ਸੂਬੇ ਕੋਲ ਕਮਾਈ ਦੇ ਸਾਧਨ ਨਾ ਹੋਇਆਂ ਜਿੰਨੇ ਹੀ ਹਨ। ਸੂਬੇ ਦੇ ਉਖੜੇ ਹੋਏ ਹਾਲਾਤ ਕਾਰਨ, ਸੁਰੱਖਿਆ ਫ਼ੌਜਾਂ ਉਤੇ ਕਿਤੇ ਜ਼ਿਆਦਾ ਖ਼ਰਚਾ ਕਰਨਾ ਪੈਂਦਾ ਹੈ। ਜਿਥੇ ਵਿਕਾਸ ਨਹੀਂ, ਅਮਨ-ਚੈਨ ਨਹੀਂ, ਕਮਾਈ ਦੇ ਸਾਧਨ ਨਹੀਂ, ਬੰਦੂਕ ਦੇ ਸਾਏ ਹੇਠ ਰਹਿ ਕੇ ਕਿਸੇ ਨੇ ਉਥੇ ਜਾਇਦਾਦ ਖ਼ਰੀਦਣ ਨਹੀਂ ਜਾਣਾ।

ਕਸ਼ਮੀਰੀ ਪੰਡਤਾਂ ਵਾਸਤੇ ਵੱਖ ਵੱਖ ਕਾਲੋਨੀਆਂ ਬਣਾਉਣ ਅਤੇ ਸੁਰੱਖਿਆ ਐਲਾਨਾਂ ਦੇ ਬਾਵਜੂਦ, ਉਹ ਪਿਛਲੇ 5 ਸਾਲਾਂ ਵਿਚ ਕਸ਼ਮੀਰ ਨਹੀਂ ਮੁੜ ਸਕੇ। ਕਾਰਨ ਤਾਂ ਸਾਫ਼ ਹੈ। ਕੌਣ ਚਾਹੁੰਦਾ ਹੈ ਕਿ ਉਹ ਅਫ਼ਸਪਾ ਹੇਠ ਜੀਵੇ? ਕੌਣ ਚਾਹੁੰਦਾ ਹੈ ਕਿ ਉਹ ਬੰਦੂਕ ਦੇ ਡਰ ਹੇਠ ਅਪਣੇ ਬੱਚੇ ਪਾਲੇ? ਕਸ਼ਮੀਰ ਦਾ ਅਸਲ ਮਸਲਾ ਧਾਰਾ 370 ਨਹੀਂ ਸੀ, ਕਸ਼ਮੀਰੀਆਂ ਦਾ ਦਿਲ ਜਿੱਤਣ ਦੀ ਲੋੜ ਸੀ। ਉਨ੍ਹਾਂ ਨੂੰ ਫ਼ੌਜ ਦੀਆਂ ਸੰਗੀਨਾਂ ਹੇਠੋਂ ਕੱਢਣ ਦੀ ਜ਼ਰੂਰਤ ਸੀ। ਸੰਯੁਕਤ ਰਾਸ਼ਟਰ ਨੂੰ ਭਾਵੇਂ ਹੀ ਭਾਰਤ ਪ੍ਰਵਾਨ ਨਾ ਕਰੇ, ਉਸ ਕੋਲ ਕਸ਼ਮੀਰ ਦੇ ਵਾਸੀਆਂ ਦੇ ਉਹ ਕਿੱਸੇ ਵੀ ਪਹੁੰਚ ਚੁੱਕੇ ਹਨ ਜਿਨ੍ਹਾਂ ਮੁਤਾਬਕ ਫ਼ੌਜੀ ਤਸੀਹਿਆਂ ਦੇ ਪੀੜਤ ਸਿਰਫ਼ ਅਤਿਵਾਦੀ ਜਾਂ ਕਸ਼ਮੀਰੀ ਹੀ ਨਹੀਂ ਹਨ ਬਲਕਿ ਔਰਤਾਂ ਅਤੇ ਬੱਚੇ ਵੀ ਹਨ।

ਅੱਜ ਜਿਸ ਤਰੀਕੇ ਨਾਲ ਕਸ਼ਮੀਰ ਵਿਚ ਕਸ਼ਮੀਰੀਆਂ ਕੋਲੋਂ ਉਨ੍ਹਾਂ ਦੀ ਥੋੜੀ-ਬਹੁਤ ਆਜ਼ਾਦੀ ਵੀ ਖੋਹ ਲਈ ਗਈ ਹੈ, ਨਹੀਂ ਜਾਪਦਾ ਕਿ ਇਸ ਨਾਲ ਕਸ਼ਮੀਰੀਆਂ ਦਾ ਦਿਲ ਜਿੱਤਿਆ ਜਾ ਸਕੇਗਾ। ਕਸ਼ਮੀਰ ਦਾ ਅੱਜ ਦਾ ਵਾਰ ਪੰਜਾਬ ਵਿਚ ਕੀਤੇ ਫ਼ੌਜੀ ਹਮਲੇ ਅਥਵਾ ਸਾਕਾ ਨੀਲਾ ਤਾਰਾ, ਬਲੈਕ ਥੰਡਰ ਵਰਗਾ ਜਾਪਦਾ ਹੈ। ਪਰ ਉਹ ਪੰਜਾਬ ਸੀ ਜਿਥੇ ਸਿੱਖ ਭਾਰਤ ਨੂੰ ਅਪਣਾ ਦੇਸ਼ ਮੰਨਦੇ ਸਨ ਅਤੇ ਉਸ ਦੋ ਫ਼ੀ ਸਦੀ ਆਬਾਦੀ ਦੀ ਮਦਦ ਵਾਸਤੇ ਹੋਰ ਕੋਈ ਅੱਗੇ ਨਹੀਂ ਸੀ ਆਉਣ ਵਾਲਾ। ਸੋ ਚੁਪਚਾਪ ਪੰਜਾਬ ਨੇ ਅਪਣੀਆਂ ਪੀੜ੍ਹੀਆਂ ਨੂੰ ਮਰਦੇ ਵੇਖ ਕੇ ਵੀ ਅਪਣਾ ਸਿਰ ਝੁਕਾ ਲਿਆ। 

ਇਹ ਜੰਮੂ-ਕਸ਼ਮੀਰ ਹੈ ਜਿਸ ਨੂੰ ਬਹਿਲਾ-ਫੁਸਲਾ ਕੇ ਸ਼ੇਖ਼ ਅਬਦੁੱਲਾ ਭਾਰਤ ਵਿਚ ਕੁੱਝ ਸ਼ਰਤਾਂ ਨਾਲ ਲਿਆਏ ਸਨ। ਪਰ 70 ਸਾਲਾਂ ਵਿਚ ਸਿਆਸਤਦਾਨਾਂ ਦੀ ਨਾਸਮਝੀ ਨੇ ਸਥਿਤੀ ਨੂੰ ਵਿਗਾੜਿਆ ਹੀ ਹੈ ਅਤੇ ਅੱਜ ਇਸ ਮੋੜ ਤੇ ਆ ਕੇ ਖੜਾ ਕਰ ਦਿਤਾ ਹੈ ਕਿ ਇਕ ਸਰਕਾਰ ਬਹੁਮਤ ਵਿਚ ਹੁੰਦੇ ਹੋਏ ਵੀ, ਕਸ਼ਮੀਰ ਵਿਚ ਜਿੱਤ ਹਾਸਲ ਕਰਨ ਦੇ ਬਾਵਜੂਦ, ਅਪਣੇ ਹੀ ਸਮਰਥਕਾਂ ਨੂੰ ਸਮਝ ਨਹੀਂ ਪਾ ਰਹੀ। ਇਕ ਦੂਜੇ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਇਸ ਕਦਰ ਵੱਧ ਚੁੱਕੀ ਹੈ ਕਿ ਕੋਈ ਬੱਚਿਆਂ ਦੀ ਮੌਤ ਦਾ ਗ਼ਮ ਵੀ ਨਹੀਂ ਸਮਝ ਪਾ ਰਿਹਾ।

ਭਾਜਪਾ ਕੋਲ ਸਮਰਥਨ ਹੈ ਅਤੇ ਇਹ ਕਾਨੂੰਨ ਵੀ ਬਣ ਜਾਵੇਗਾ ਪਰ ਮਾਮਲਾ ਸ਼ਾਇਦ ਅਦਾਲਤ ਵਿਚ ਵੀ ਜਾਵੇਗਾ ਕਿਉਂਕਿ ਜੰਮੂ ਅਤੇ ਕਸ਼ਮੀਰ ਵਿਚ ਸਰਕਾਰ ਹੀ ਨਹੀਂ ਅਤ ਬਗ਼ੈਰ ਜੰਮੂ-ਕਸ਼ਮੀਰ ਦੀ ਸਰਕਾਰ ਦੇ ਆਖੇ, ਧਾਰਾ 370 ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਾਨੂੰਨੀ ਦਾਅ-ਪੇਚ ਵਿਚ ਜਿੱਤ-ਹਾਰ ਕਿਸੇ ਦੀ ਵੀ ਹੋ ਸਕਦੀ ਹੈ, ਪਰ ਅੱਜ ਭਾਰਤ ਨੇ ਕਸ਼ਮੀਰ ਦੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਲਿਆ ਹੈ। ਕੀ ਕਸ਼ਮੀਰ ਸਦਾ ਲਈ ਭਾਰਤ ਦਾ ਇਕ ਸ਼ਾਂਤ ਹਿੱਸਾ ਬਣ ਜਾਵੇਗਾ ਜਿਥੇ ਸਰਕਾਰ ਅਪਣੀ ਪੂਰੀ ਤਾਕਤ ਨਾਲ ਵਿਕਾਸ ਲਿਆਉਣ ਦੀ ਕੋਸ਼ਿਸ਼ ਕਰੇਗੀ? ਸਵਾਲ ਇਹੀ ਪੁਛਿਆ ਜਾਵੇਗਾ ਕਿ ਪਿਛਲੇ ਪੰਜ ਸਾਲਾਂ ਤੋਂ ਕਿਸ ਨੇ ਸਰਕਾਰ ਨੂੰ ਵਿਕਾਸ ਕਰਨ ਤੋਂ ਰੋਕਿਆ ਸੀ?  -ਨਿਮਰਤ ਕੌਰ