5 ਅਗੱਸਤ ਨੂੰ ਹਿੰਦੂ ਰਾਜ ਦਾ ਸ਼ੁਭ-ਆਰੰਭ ਐਲਾਨਣਾ ਹੀ ਬਾਕੀ ਰਹਿ ਗਿਆ ਹੈ!
5 ਅਗੱਸਤ ਦਾ ਦਿਨ ਆ ਚੜ੍ਹਿਆ ਹੈ। ਅੱਜ ਦੋ ਇਤਿਹਾਸਕ ਗੱਲਾਂ ਹੋ ਰਹੀਆਂ ਹਨ। ਪਹਿਲੀ ਕਿ ਅੱਜ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਤੇ 500 ਸਾਲ ਦੀ ਲੜਾਈ ਦਾ ਖ਼ਾਤਮ.....
5 ਅਗੱਸਤ ਦਾ ਦਿਨ ਆ ਚੜ੍ਹਿਆ ਹੈ। ਅੱਜ ਦੋ ਇਤਿਹਾਸਕ ਗੱਲਾਂ ਹੋ ਰਹੀਆਂ ਹਨ। ਪਹਿਲੀ ਕਿ ਅੱਜ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਤੇ 500 ਸਾਲ ਦੀ ਲੜਾਈ ਦਾ ਖ਼ਾਤਮਾ ਹੋਣ ਜਾ ਰਿਹਾ ਹੈ ਤੇ ਦੂਜੀ ਕਿ ਧਾਰਾ 370 ਨੂੰ ਕਸ਼ਮੀਰ ਵਿਚ ਖ਼ਤਮ ਕੀਤੇ ਜਾਣ ਦਾ ਇਕ ਸਾਲ ਪੂਰਾ ਹੋ ਰਿਹਾ ਹੈ। ਇਹ ਦੋਵੇਂ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਨਾਲ ਹੋਏ ਹਨ। ਜੇ ਉਹ ਸੱਤਾ ਵਿਚ ਨਾ ਹੁੰਦੇ ਤਾਂ ਕਦੇ ਵੀ ਇਹ ਦੋਵੇਂ ਦਿਨ ਨਹੀਂ ਸਨ ਆਉਣੇ। ਅੱਜ ਤਕ ਹਰ ਕੋਈ ਵਿਚਕਾਰ ਦਾ ਰਸਤਾ ਲੱਭਣ ਦਾ ਯਤਨ ਹੀ ਕਰਦਾ ਰਿਹਾ ਹੈ ਅਰਥਾਤ ਉਹ ਰਸਤਾ ਜੋ ਸੱਭ ਧਿਰਾਂ ਨੂੰ ਬਰਾਬਰ ਦਾ ਮਾਣ ਦੇਵੇ ਤੇ ਉਹ ਰਲ ਮਿਲ ਕੇ ਰਹਿ ਸਕਣ।
ਪਰ ਅੱਜ ਇਕ ਬਹੁਤ ਵੱਡਾ ਸੰਦੇਸ਼ ਵੀ ਦਿਤਾ ਜਾ ਰਿਹਾ ਹੈ। ਭਾਰਤ ਵਿਚ ਹਿੰਦੂ ਰਾਜ ਨੇ ਅਪਣਾ ਝੰਡਾ ਗੱਡ ਦਿਤਾ ਹੈ। ਹਿੰਦੂ ਬਹੁ ਗਿਣਤੀ ਤਾਂ ਹਮੇਸ਼ਾ ਤੋਂ ਹੀ ਇਥੇ ਸੀ ਪਰ ਉਨ੍ਹਾਂ ਅੰਦਰ ਧਰਮ ਨਿਰਪੱਖ ਵਿਖਾਈ ਦੇਣ ਦੀ ਬੰਦਸ਼ ਵੀ ਸੰਵਿਧਾਨ ਵਿਚ ਰੱਖੀ ਗਈ ਸੀ। ਭਾਵੇਂ ਵਾਰ-ਵਾਰ ਧਰਮ ਦੇ ਨਾਂ ਤੇ ਘੱਟ ਗਿਣਤੀਆਂ ਨੂੰ ਵਿਤਕਰਿਆਂ ਤੋਂ ਲੈ ਕੇ ਕਤਲੇਆਮ ਤਕ ਵੇਖਣੇ ਪਏ ਪਰ ਕਦੇ ਨਾ ਕਦੇ ਅਦਾਲਤਾਂ ਵਿਚ 'ਸੈਕੁਲਰ' ਦੇਸ਼ ਵਿਚ ਵਸਦੇ ਹਰ ਧਰਮ ਨੂੰ ਮੰਨਣ ਵਾਲਿਆਂ ਦਾ ਬਚਾਅ ਵੀ ਹੋ ਹੀ ਜਾਂਦਾ ਸੀ।
ਮੁਸਲਮਾਨ ਵਰਗ ਦੀਆਂ ਕਮਜ਼ੋਰੀਆਂ ਨੂੰ ਸਮਝਦੇ ਹੋਏ ਤਿੰਨ ਤਲਾਕ ਤੇ ਪਾਬੰਦੀ ਤਾਂ ਲਗਾਈ ਗਈ ਪਰ ਉਸ ਦੀ ਆੜ ਵਿਚ ਮੁਸਲਮਾਨ ਪਤੀ ਨੂੰ ਅਜਿਹੀ ਸਜ਼ਾ ਦਿਤੀ ਗਈ ਜੋ ਕਿਸੇ ਹੋਰ ਭਾਰਤੀ ਮਰਦ ਨੂੰ ਅਪਣੀ ਔਰਤ ਨਾਲ ਧੋਖਾ ਕਰਨ ਤੇ ਨਹੀਂ ਮਿਲਦੀ। ਇਕ ਸੂਬਾ ਹੀ ਖ਼ਤਮ ਕਰ ਦਿਤਾ ਗਿਆ ਤੇ ਇਕ ਸਾਲ ਤੋਂ ਉਸ ਸਾਬਕਾ ਸੂਬੇ ਦੇ ਹੱਕ ਮੰਗਣ ਵਾਲੀਆਂ ਅਵਾਜ਼ਾਂ ਕੈਦ ਹਨ ਤੇ ਸੁਪਰੀਮ ਕੋਰਟ ਨੂੰ ਕੁੱਝ ਗ਼ਲਤ ਨਜ਼ਰ ਨਹੀਂ ਆਉਂਦਾ। ਇਸ ਸਾਬਕਾ ਸੂਬੇ ਦੇ ਬੱਚੇ ਬਾਕੀ ਦੇਸ਼ ਵਾਂਗ ਆਨਲਾਈਨ ਸਿਖਿਆ ਨਹੀਂ ਮਾਣ ਸਕਦੇ ਕਿਉਂਕਿ ਉਨ੍ਹਾਂ ਕੋਲ 4ਜੀ, 3ਜੀ ਨਹੀਂ, ਕਦੇ ਕਦੇ 2ਜੀ ਜ਼ਰੂਰ ਮਿਲ ਜਾਂਦਾ ਹੈ।
ਪਰ ਕਿਸੇ ਨੂੰ ਇਸ ਵਿਚ ਕੁੱਝ ਵੀ ਗ਼ਲਤ ਨਹੀਂ ਲਗਦਾ। ਇਸ ਸੂਬੇ ਦੇ ਪੱਤਰਕਾਰਾਂ ਦੀ ਆਜ਼ਾਦੀ 'ਤੇ ਪਾਬੰਦੀ ਲੱਗੀ ਹੋਈ ਹੈ ਪਰ ਦੇਸ਼ ਚੁੱਪ ਹੈ। ਜਾਮਿਆ ਮਿਲਿਆ ਦੇ ਪੜ੍ਹਿਆਂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿਤਾ ਜਾਂਦਾ ਹੈ ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜੋ ਲੋਕ ਦਿੱਲੀ ਵਿਚ ਤਬਲੀਗ਼ੀ ਜਮਾਤ ਦੇ ਇਕੱਠ ਵਿਚ ਆਏ ਸਨ ਤੇ ਕੋਰੋਨਾ ਫੈਲਾ ਗਏ ਸਨ, ਉਨ੍ਹਾਂ ਦਾ ਦੇਸ਼ ਵਿਚ ਆਉਣਾ ਬੰਦ ਕਰ ਦਿਤਾ ਗਿਆ ਪਰ ਅੱਜ ਲੋਕ ਉਸ ਸੂਬੇ ਵਿਚ ਇਕੱਠੇ ਹੋਣ ਲੱਗੇ ਹਨ ਜਿਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ ਪਰ ਕੋਈ ਗੱਲ ਨਹੀਂ ਕਰ ਰਿਹਾ।
ਇਹ ਬਹੁਗਿਣਤੀ ਦੀ ਤਾਕਤ ਹੈ। ਅੱਜ ਦੇ ਦਿਨ ਪਹਿਲਾਂ ਹੀ ਫਿਰ ਇਕ ਮੁਸਲਮਾਨ ਗਊ ਮਾਸ ਖਾਣ ਦੇ ਸ਼ੱਕ ਵਿਚ ਮਾਰ-ਮਾਰ ਹਲਾਲ ਕਰ ਦਿਤਾ ਗਿਆ ਹੈ। ਇਸ ਦੀ ਸ਼ੁਰੂਆਤ ਬਾਬਰੀ ਮਸਜਿਦ ਦੇ ਢਾਏ ਜਾਣ ਨਾਲ ਹੀ ਹੋਈ ਸੀ। 5 ਅਗੱਸਤ ਦੇ ਦਿਨ ਵਿਚ ਇਕ ਹੋਰ ਖ਼ਾਸੀਅਤ ਵੀ ਹੈ। ਇਸ ਦਿਨ ਇਕ ਨਵੇਂ ਹਿੰਦੂ ਰਾਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਅੱਜ ਤਕ ਕਦੇ ਨਹੀਂ ਸੀ ਹੋਇਆ। 'ਰਾਮ ਚੰਦਰ ਕਹਿ ਗਏ ਸੀਆ ਸੇ, ਐਸਾ ਕਲਯੁਗ ਆਏਗਾ...।' ਇਹ ਕਲਯੁਗ ਦਾ ਹਿੰਦੂ ਰਾਜ ਹੈ ਜੋ 500 ਸਾਲ ਇਥੇ ਆਉਂਦੇ ਰਹੇ ਹਮਲਾਵਰਾਂ ਵਰਗਾ ਹੈ। ਇਸ ਹਿੰਦੂ ਰਾਜ ਵਿਚ ਸਹਿਣਸ਼ੀਲਤਾ ਤੇ ਪਿਆਰ ਨਹੀਂ।
ਇਹ ਨਫ਼ਰਤ ਦੇ ਸਿਰ 'ਤੇ ਖੜਾ ਹੈ। ਇਹ ਅੱਜ ਉਨ੍ਹਾਂ ਨੇਤਾਵਾਂ ਤੋਂ ਬਦਲਾ ਲੈ ਰਿਹਾ ਹੈ ਜਿਨ੍ਹਾਂ ਨਾਲ ਹੱਥ ਮਿਲਾ ਕੇ ਇਨ੍ਹਾਂ ਨੇ ਅੰਗਰੇਜ਼ਾਂ ਤੋਂ ਅਜ਼ਾਦੀ ਮੰਗੀ ਸੀ। ਇਹ ਉਹੀ ਮੁਸਲਮਾਨ ਸਨ ਜਿਨ੍ਹਾਂ ਨੇ ਤੁਰਕੀ ਤੇ ਅਫ਼ਗ਼ਾਨਿਸਤਾਨ ਨੂੰ ਛੱਡ ਕੇ ਭਾਰਤ ਨੂੰ ਅਪਣਾ ਘਰ ਸਮਝ ਕੇ ਅਬਾਦ ਕੀਤਾ ਸੀ। ਕਿਤਾਬਾਂ ਵਿਚ ਲਿਖੇ ਨੂੰ ਹੁਣ ਸ਼ਾਇਦ ਬਦਲਣ ਦੀ ਲੋੜ ਪੈ ਜਾਏਗੀ। 'ਇਸ ਦੇਸ਼ ਵਿਚ ਸੱਭ ਮਜ਼੍ਹਬ ਹੁਣ ਮਿਲ ਕੇ ਨਹੀਂ ਬਲਕਿ ਇਸਲਾਮੀ ਦੇਸ਼ਾਂ ਵਾਂਗ ਦੱਬ ਕੇ ਰਹਿਣਗੇ। ਹਿੰਦੂ ਰਾਸ਼ਟਰ ਵਿਚ ਘੱਟ ਗਿਣਤੀਆਂ ਨੂੰ ਵੀ ਕੋਈ ਹੱਕ ਮਿਲਦੇ ਹਨ ਜਾਂ ਨਹੀਂ, ਇਸ ਬਾਰੇ ਅਜੇ ਕੁੱਝ ਸੋਚਣ ਦੀ ਕਾਹਲ ਕਰਨ ਦੀ ਲੋੜ ਨਹੀਂ। -ਨਿਮਰਤ ਕੌਰ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।