ਸੰਪਾਦਕੀ: ਕੇਜਰੀਵਾਲ ਵਲ ਵੇਖ ਕੇ ਪੰਜਾਬ ਵਿਚ ਮੈਨੀਫ਼ੈਸਟੋ (ਵਾਅਦਾ ਪੱਤਰ) ਬਣਾਏ ਜਾ ਰਹੇ ਹਨ
ਇਕ ਗੱਲ ਤਹਿ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਭਾਰਤ ਦੇ ਸਿਆਸਤਦਾਨਾਂ ਵਾਸਤੇ ਵਾਅਦਿਆਂ ਦਾ ਇਕ ਨਵਾਂ ਰਾਹ ਖੋਲ੍ਹ ਰਹੇ ਹਨ।
ਅਪਣੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਬਾਅਦ ਕਾਂਗਰਸ ਤਾਂ ਇਸ ਨੂੰ ਪੂਰਾ ਕਰਨ ਦੀਆਂ ਤਕਬੀਰਾਂ ਬਣਾਉਣ ਲੱਗੀ ਹੋਈ ਸੀ ਪਰ ਹੁਣ ਸੁਖਬੀਰ ਬਾਦਲ ਨੇ ਵੀ ਇਸੇ ਵਾਅਦੇ ਨੂੰ ਅਪਣੇ ਮੈਨੀਫ਼ੈਸਟੋ ਵਿਚ ਸ਼ਾਮਲ ਕਰ ਦਿਤਾ ਹੈ। ਨਿਰਾ ਸ਼ਾਮਲ ਹੀ ਨਹੀਂ ਕੀਤਾ, ਇਕ ਵੱਡੀ ਛਲਾਂਗ ਮਾਰ ਕੇ ਅਕਾਲੀ ਦਲ ਨੇ 300 ਨੂੰ 400 ਯੂਨਿਟ ਵੀ ਕਰ ਦਿਤਾ ਹੈ। ਸੱਤਾ ਵਿਚ ਆਉਂਦੇ ਹੀ 300 ਦੀ ਬਜਾਏ 400 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਕਰ ਦੇਣ ਦਾ ਭਰੋਸਾ ਦੇ ਦਿਤਾ ਹੈ। ਇਕ ਗੱਲ ਤਹਿ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਭਾਰਤ ਦੇ ਸਿਆਸਤਦਾਨਾਂ ਵਾਸਤੇ ਵਾਅਦਿਆਂ ਦਾ ਇਕ ਨਵਾਂ ਰਾਹ ਖੋਲ੍ਹ ਰਹੇ ਹਨ।
ਅਕਾਲੀ ਦਲ (ਬਾਦਲ) ਦੀ ਚੋਣਾਂ ਦੀ ਤਿਆਰੀ ਤੋਂ ਸਾਫ਼ ਸੀ ਕਿ ਅਕਾਲੀ ਦਲ ਵਾਸਤੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਇਕ ਵੱਡੀ ਚੁਨੌਤੀ ਖੜੀ ਕਰ ਰਹੇ ਹਨ ਤੇ ਹੁਣ ਸਾਰੇ ਸਿਆਸਤਦਾਨ ਦਿੱਲੀ ਮਾਡਲ ਨੂੰ ਭੰਨਣ ਦੀ ਗੱਲ ਕਰਦੇ ਹਨ ਜਾਂ ਉਸ ਦੇ ਨਕਸ਼ੇ ਕਦਮਾਂ ਤੇ ਚਲਣ ਦੀ ਗੱਲ ਕਰਦੇ ਹਨ। ਅਕਾਲੀ ਦਲ (ਬਾਦਲ) ਨੇ ਫ਼ਸਲ ਉਤੇ ਸੂਬੇ ਦਾ ਹਿੱਸਾ ਘਟਾ ਕੇ ਕਿਸਾਨਾਂ ਨੂੰ 10 ਰੁਪਏ ਦੀ ਰਾਹਤ ਦੇਣ ਦੀ ਜੋ ਗੱਲ ਕੀਤੀ ਹੈ, ਉਹ ਪਿਛਲੇ ਸਾਲ ਦਿੱਲੀ ਵਿਚ ‘ਆਪ’ ਨੇ 8 ਫ਼ੀ ਸਦੀ ਘਟਾ ਕੇ ਕਰ ਵਿਖਾਈ ਸੀ। ਪਰ ਅੰਤ ਵਿਚ ਉਹੀ ਬੀਤੇ ਦਾ ਇਤਿਹਾਸ ਦੁਹਰਾਇਆ ਜਾਣ ਲੱਗੇਗਾ ਤੇ ਆਟਾ ਦਾਲ ਦੇ ਕਾਰਡ ਅਕਾਲੀ ਵਰਕਰਾਂ ਨੂੰ ਮੁੜ ਵੰਡੇ ਜਾਣ ਲੱਗਣਗੇ ਤੇ ਔਰਤਾਂ ਨੂੰ ਘਰ ਬੈਠਿਆਂ ਹੀ ਦੋ ਹਜ਼ਾਰ ਰੁਪਏ ਮਿਲ ਜਾਣਗੇ। ਬਾਕੀ ਸੱਭ ਵਾਅਦਿਆਂ ’ਚੋਂ ਇਕ ਗੱਲ ਜੋ ਚੰਗੀ ਲੱਗੀ ਉਹ ਇਹ ਸੀ ਕਿ ਸਬਜ਼ੀਆਂ-ਫਲਾਂ ਵਾਸਤੇ ਵੀ ਐਮ.ਐਸ.ਪੀ. ਹੋਵੇਗੀ ਜੋ ਚਾਹੀਦੀ ਵੀ ਹੈ। ਪਰ ਸਵਾਲ ਇਹੀ ਹੈ ਕਿ ਅਕਾਲੀ ਦਲ ਦੇ ਬੀਬੀ ਬਾਦਲ ਜੋ ਕੇਂਦਰ ਵਿਚ ਫ਼ੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ, ਇਸ ਖੇਤਰ ਵਿਚ ਪੰਜਾਬ ਲਈ ਸੱਤ ਸਾਲਾਂ ਵਿਚ ਕੁੱਝ ਵੀ ਨਾ ਕਰ ਸਕੇ। ਹੋਰ ਚੰਗੇ ਸੁਪਨਿਆਂ ਵਿਚ ਨੌਕਰੀਆਂ ਦੀ ਪਹਿਲ ਵੀ ਸਿਆਸਤਦਾਨਾਂ ਨੇ ਵਿਖਾਈ ਤੇ ਅਕਾਲੀ ਵੀ ਵਿਖਾ ਗਏ।
ਸੁਖਬੀਰ ਸਿੰਘ ਬਾਦਲ ਨੇ ਇਕ ਪਾਸੇ ਦਸਿਆ ਕਿ ਇਨ੍ਹਾਂ ਦੇ ਪਿਤਾ ਹੇਠ ਪੰਜਾਬ ਵਿਚ ਵਧੀਆ ਬੁਨਿਆਦੀ ਢਾਂਚਾ ਬਣਿਆ ਤੇ ਸਿਖਿਆ ਦੀਆਂ ਵੱਡੀਆਂ ਨਿਜੀ ’ਵਰਸਟੀਆਂ ਬਣੀਆਂ ਪਰ ਨਾਲ ਹੀ ਉਹ ਆਪ ਹੀ ਇਸ ਗੱਲ ਨੂੰ ਨਕਾਰਦੇ ਹੋਏ ਆਖਦੇ ਹਨ ਕਿ ਨੌਜੁਆਨ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਉਹ ਉਨ੍ਹਾਂ ਨੂੰ ਬਾਹਰ ਜਾਣ ਵਾਸਤੇ 10 ਲੱਖ ਦਾ ਕਰਜ਼ਾ ਦੇਣਗੇ। ਸੱਚ ਇਹ ਵੀ ਹੈ ਕਿ ਜੇ ਪੰਜਾਬ ਵਿਚ ਸਿਖਿਆ ਦਾ ਪੱਧਰ ਤੇ ਬੁਨਿਆਦੀ ਢਾਂਚਾ ਏਨਾ ਵਧੀਆ ਹੁੰਦਾ ਜਿੰਨੇ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਸ਼ਾਇਦ ਨੌਜੁਆਨਾਂ ਨੂੰ ਬਾਹਰ ਜਾ ਕੇ ਟੈਕਸੀ/ਟਰੱਕ ਚਲਾਉਣ ਦਾ ਸੁਪਨਾ ਵੇਖਣਾ ਹੀ ਨਾ ਪੈਂਦਾ। ਜੇ ਉਹ ਅਪਣੇ ਨੌਜੁਆਨਾਂ ਵਾਸਤੇ ਸਰਕਾਰੀ ਨੌਕਰੀਆਂ ਜਾਂ ਵਿਦੇਸ਼ ਭੇਜਣ ਦੇ ਦੋ ਰਸਤੇ ਹੀ ਵੇਖਦੇ ਹਨ ਤਾਂ ਇਹ ਬੜੀ ਹੀ ਅਫ਼ਸੋਸ ਦੀ ਗੱਲ ਹੈ। ਨੌਜੁਆਨਾਂ ਨੂੰ ਕਾਂਗਰਸ ਨੇ ਸਮਾਰਟ ਫ਼ੋਨ ਨਾਲ ਭਰਮਾਇਆ ਸੀ ਤੇ ਹੁਣ ਅਕਾਲੀ ਦਲ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨੂੰ ਭਰਮਾ ਰਿਹਾ ਹੈ।
ਛੋਟੀਆਂ-ਛੋਟੀਆਂ ਸਹੂਲਤਾਂ ਮੁਫ਼ਤ ਦੇਣ ਦੀ ਪ੍ਰਥਾ ਨੇ ਪੰਜਾਬ ਦੇ ਖ਼ਜ਼ਾਨੇ ਤੇ ਅਜਿਹਾ ਭਾਰ ਪਾਇਆ ਹੈ ਕਿ ਅਕਾਲੀਆਂ ਵੇਲੇ ਹੀ ਪੰਜਾਬ ਅਪਣੀਆਂ ਜਾਇਦਾਦਾਂ ਵੇਚਣ ਲਈ ਮਜਬੂਰ ਹੋ ਗਿਆ ਸੀ। ਜਿਹੜੇ ਸਿਆਸਤਦਾਨ ਆਖਦੇ ਹਨ ਕਿ ਅੱਗੇ ਵਧਣ ਵਾਸਤੇ ਕਰਜ਼ਾ ਲੈਣਾ ਜ਼ਰੂਰੀ ਹੈ, ਉਹ ਦੱਸਣ ਕਿ ਅਪਣੇ ਨਿਜੀ ਕਾਰੋਬਾਰਾਂ ਲਈ ਉਨ੍ਹਾਂ ਨੇ ਕਿੰਨਾ ਕੁ ਕਰਜ਼ਾ ਚੁਕਿਆ ਹੋਇਆ ਹੈ? ਕੀ ਉਹ ਕਰਜ਼ਾ ਲੈ ਕੇ ਵਿਦੇਸ਼ ਵਿਚ ਸੈਰ ਸਪਾਟੇ ਲਈ ਜਾਂਦੇ ਹਨ?
ਅਕਾਲੀ ਦਲ ਨੇ ਇਹ ਵੀ ਆਖ ਦਿਤਾ ਕਿ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਬ ਦੀ ਸਹੁੰ ਚੁਕੀ ਪਰ ਫਿਰ ਵੀ ਨਸ਼ਾ ਨਹੀਂ ਦੂਰ ਕਰ ਪਾਏ ਪਰ ਫਿਰ ਕੀ ਉਹ ਇਹ ਵੀ ਮੰਨਦੇ ਹਨ ਕਿ ਨਸ਼ਾ ਪੰਜਾਬ ਵਿਚ ਅਕਾਲੀ ਦਲ ਦੇ ਰਾਜ ਵਿਚ ਹੀ ਆਇਆ ਸੀ? ਉਹ ਅਪਣੀ ਗ਼ਲਤੀ ਮੰਨ ਕੇ ਕਦੇ ਅਪਣੇ ਆਪ ਨੂੰ ਧਰਮ ਨਿਰਪੱਖ ਤੋਂ ਪੰਥਕ ਤੇ ਕਦੇ ਜਾਤ ਪਾਤ ਦੇ ਝੰਡਾ ਬਰਦਾਰ ਬਣ ਜਾਂਦੇ ਹਨ। ਪਰ ਕਦੇ ਅਪਣੇ ਸਾਹਮਣੇ ਹੋਈਆਂ ਗ਼ਲਤੀਆਂ ਕਬੂਲਦੇ ਹੋਏ ਇਹ ਵੀ ਦੱਸਣ ਕਿ ਉਨ੍ਹਾਂ ਨੂੰ ਸੁਧਾਰਨ ਦਾ ਕਿਹੜਾ ਰਸਤਾ ਕੱਢ ਕੇ ਆਏ ਹਨ। ਪੰਜਾਬ ਵਿਚ ਨਸ਼ੇ ਤੇ ਹੋਰ ਮਾਫ਼ੀਆ ਦੇ ਨਾਲ ਨਾਲ ਸੱਭ ਤੋਂ ਵੱਧ ਕਰਜ਼ਾ ਅਕਾਲੀ ਦਲ ਨੇ ਚੜ੍ਹਾਇਆ ਤੇ ਐਨ.ਡੀ.ਏ ਦਾ ਹਿੱਸਾ ਹੁੰਦੇ ਹੋਏ ਵੀ ਖ਼ਾਸ ਮਦਦ ਨਹੀਂ ਲੈ ਸਕੇ। ਹੁਣ ਅਕਾਲੀ ਦਲ ‘ਆਪ’ ਤੇ ਕਾਂਗਰਸ ਦੀ ਨਕਲ ਹੀ ਉਤਾਰੇਗਾ ਜਾਂ ਕੋਈ ਨਵਾਂ ਪੰਜਾਬ ਜਾਂ ਬਾਦਲ ਮਾਡਲ ਲਿਆਉਣ ਦੀ ਸੋਚ ਵੀ ਵਿਖਾਏਗਾ?
-ਨਿਮਰਤ ਕੌਰ