ਕਿਸਾਨ ਦੀਆਂ ਖ਼ੁਦਕੁਸ਼ੀਆਂ ਘਟਾ ਕੇ ਨਾ ਵੇਖੋ ਸਗੋਂ ਪੂਰੇ ਅੰਕੜੇ ਤੇ ਅਮਰੀਕਾ ਦੀ ਦੁਰਗੱਤ ਸਾਹਮਣੇ ਰੱਖ ਕੇ ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਿਛਲੇ ਸਾਲਾਂ ਵਿਚ ਪੰਜਾਬ ’ਚ 1903 ਕਿਸਾਨਾਂ ਨੇ  ਖ਼ੁਦਕੁਸ਼ੀ ਕੀਤੀ ਹੈ ਪਰ ਪੰਜਾਬ ਖੇਤੀ ਵਰਸਿਟੀ ਦੀ ਡੂੰਘੀ ਖੋਜ ਮੁਤਾਬਕ ਇਹ ਅੰਕੜਾ ਲਗਭਗ ਪੰਜ ਗੁਣਾਂ ਵੱਧ ਹੈ।

photo

 

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਿਚ ਪੰਜਾਬ ’ਚ 1903 ਕਿਸਾਨਾਂ ਨੇ  ਖ਼ੁਦਕੁਸ਼ੀ ਕੀਤੀ ਹੈ ਪਰ ਪੰਜਾਬ ਖੇਤੀ ਵਰਸਿਟੀ ਦੀ ਡੂੰਘੀ ਖੋਜ ਮੁਤਾਬਕ ਇਹ ਅੰਕੜਾ ਲਗਭਗ ਪੰਜ ਗੁਣਾਂ ਵੱਧ ਹੈ। ਉਨ੍ਹਾਂ ਦੀ ਖੋਜ ਸਿੱਧ ਕਰਦੀ ਹੈ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਵਿਚ 9, 291 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਪੀ.ਏ.ਯੂ. ਦੀ ਖੋਜ ਮੁਤਾਬਕ ਕਿਸਾਨਾਂ ਦੀ ਖ਼ੁਦਕੁਸ਼ੀ ਦਾ ਕਾਰਨ ਆਰਥਕ ਤੰਗੀ ਹੈ ਤੇ ਜਦ ਫ਼ਸਲ ਤੇ ਕੁਦਰਤ ਦਾ ਕਹਿਰ ਢਹਿ ਪੈਂਦਾ ਹੈ ਤਾਂ ਕਿਸਾਨ ਟੁਟ ਜਾਂਦਾ ਹੈ। 2015 ਵਿਚ ਖ਼ੁਦਕੁਸ਼ੀਆਂ ਦਾ ਅੰਕੜਾ ਸੱਭ ਤੋਂ ਵੱਡਾ ਅੰਕੜਾ ਸੀ ਕਿਉਂਕਿ ਉਸ ਸਾਲ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਸੀ।

 

 

ਪਿਛਲੇ ਸਾਲ ਇਕ ਹੋਰ ਖੋਜ ਵੀ ਹੋਈ ਸੀ ਜੋ ਕਿ ਕੇਂਦਰੀ ਏਜੰਸੀ ਐਨ.ਐਸ.ਓ. ਵਲੋਂ ਕੀਤੀ ਗਈ ਸੀ ਜੋ ਦਸਦੀ ਹੈ ਕਿ 50 ਫ਼ੀ ਸਦੀ ਕਿਸਾਨ ਕਰਜ਼ੇ ਹੇਠ ਹਨ ਅਤੇ ਪਿਛਲੇ 5 ਸਾਲਾਂ ਵਿਚ ਕਿਸਾਨਾਂ ਦਾ ਕਰਜ਼ਾ 58 ਫ਼ੀ ਸਦੀ ਵਧਿਆ ਹੈ। ਇਕ ਕਿਸਾਨ ਪ੍ਰਵਾਰ ਦਾ ਕਰਜ਼ਾ 74 ਹਜ਼ਾਰ ਹੈ ਜੋ ਕਿ 2013 ਵਿਚ 47 ਹਜ਼ਾਰ ਹੁੰਦਾ ਸੀ। ਕਰਜ਼ਿਆਂ ਦੀ ਇਸੇ ਸੂਚੀ ਵਿਚੋਂ 57.5 ਫ਼ੀ ਸਦੀ ਕਰਜ਼ ਖੇਤੀ ਵਾਸਤੇ ਲਿਆ ਗਿਆ ਸੀ ਤੇ 69.6 ਫ਼ੀ ਸਦੀ ਬੈਂਕਾਂ ਜਾਂ ਸਰਕਾਰੀ ਏਜੰਸੀਆਂ ਤੋਂ। ਪੰਜਾਬ ਵਿਚ ਔਸਤ ਕਰਜ਼ਾ 2.02 ਲੱਖ ਹੈ ਜਿਹੜਾ ਰਾਸ਼ਟਰੀ ਔਸਤ ਤੋਂ ਢਾਈ ਗੁਣਾ ਵਧ ਹੈ। ਇਹ ਤਾਂ ਅੰਕੜਿਆਂ ਦਾ ਨਿਰਣਾ ਹੈ ਜਿਸ ਦੇ ਸਿਰ ਤੇ ਸ਼ਹਿਰੀ ਅਫ਼ਸਰਸ਼ਾਹੀ ਅੱਗੇ ਨਿਰਣੇ ਲੈਣ ਲਗਦੀ ਹੈ। ਅਸਲੀਅਤ ਤਾਂ ਕਿਸਾਨ ਹੀ ਸਮਝ ਸਕਦਾ ਹੈ ਜੋ ਹਰ ਬੇਮੌਸਮੇ ਬੱਦਲ ਦੀ ਗਰਜ ਸੁਣ ਕੇ ਇਕ ਦਰਦ ਜਿਹਾ ਮਹਿਸੁੂਸ ਕਰਨ ਲਗਦਾ ਹੈ। ਕਿਸਾਨ ਦੇ ਬੱਚੇ ਬੇਮੌਸਮੀ ਬਾਰਸ਼ ਦੇ ਖੜੇ ਪਾਣੀ ਵਿਚ ਕਦੇ ਨਹੀਂ ਖੇਡਦੇ ਕਿਉਂਕਿ ਉਹ ਉਸ ਸਮੇਂ ਅਪਣੇ ਆਉਣ ਵਾਲੇ ਮਾੜੇ ਸਮੇਂ ਦੀ ਸ਼ੁਰੂਆਤ ਵੇਖ ਰਹੇ ਹੁੰਦੇ ਹਨ। 

 

 

ਕਿਸਾਨੀ ਖ਼ੁਦਕੁਸ਼ੀਆਂ ਕਿਸਾਨ ਦੀ ਕਮਜ਼ੋਰੀ ਦਾ ਸਬੂਤ ਨਹੀਂ ਹਨ ਬਲਕਿ ਸਮਾਜ ਦੀ ਮਾਰ ਦਾ ਸਬੂਤ ਹਨ। ਕਿਸਾਨ ਮਿਹਨਤ ਤੋਂ ਨਹੀਂ ਡਰਦਾ ਪਰ ਜਦ ਹਰ ਸਾਲ ਉਹ ਖੇਤੀ ਤੋਂ ਅਪਣੇ ਗੁਜ਼ਾਰੇ ਵਾਸਤੇ ਹੀ ਪੂਰਾ ਨਾ ਕਮਾ ਸਕੇ ਤੇ ਘਰ ਵਿਚ ਬੱਚੇ ਪੜ੍ਹਾਈ, ਵਿਆਹ, ਵਿਦੇਸ਼ ਜਾਣ ਦੇ ਖ਼ਰਚੇ ਮੰਗਣ ਤੇ ਉਤੋਂ ਕੁਦਰਤ ਦੀ ਮਾਰ ਪੈ ਜਾਵੇ ਤੇ ਫਿਰ ਬੈਂਕਾਂ ਦੇ ਨਾਲ ਨਾਲ  ਸ਼ਾਹੂਕਾਰ ਦਰਵਾਜ਼ਾ ਖਟਖਟਾਉਣ ਲੱਗ ਜਾਣ ਤਾਂ ਉਹ ਕਮਜ਼ੋਰ ਪੈ ਜਾਂਦਾ ਹੈ ਤੇ ਖ਼ੁਦਕੁਸ਼ੀ ਵਿਚੋਂ ਹੀ ਮੁਕਤੀ ਲੱਭਣ ਲੱਗ ਜਾਂਦਾ ਹੈ। ਅੰਕੜੇ ਛੁਪਾਉਣ ਨਾਲ ਸੁਰਖ਼ੀਆਂ ਕੁੱਝ ਦਿਨਾਂ ਵਾਸਤੇ ਬਦਲੀਆਂ ਜਾ ਸਕਦੀਆਂ ਹਨ ਪਰ ਸਚਾਈ ਨਹੀਂ ਬਦਲੀ ਜਾ ਸਕਦੀ। ਜੇ ਪੰਜਾਬ ਤੇ ਕੇਂਦਰ ਦੇ ਅੰਕੜਿਆਂ ਵਿਚ ਪੰਜ ਗੁਣਾਂ ਫ਼ਰਕ ਹੈ ਤਾਂ ਸੋਚੋ ਪੂਰੇ ਦੇਸ਼ ਵਿਚ ਕਿੰਨੇ ਕਿਸਾਨ ਨਿਰਾਸ਼ ਹੋ ਚੁਕੇ ਹੋਣਗੇ। ਪੰਜਾਬ ਵਿਚ ਕਣਕ ਦੀ ਐਮ.ਐਸ.ਪੀ. ਮਿਲਦੀ ਹੋਣ ਕਾਰਨ ਅੱਜ ਕਾਫ਼ੀ ਰਾਹਤ ਮਿਲੀ ਹੋਈ ਹੈ ਪਰ ਜਿਥੇ ਐਨੀ ਰਾਹਤ ਵੀ ਨਹੀਂ, ਉਥੇ ਕੀ ਹਾਲ ਹੋਵੇਗਾ?

 

 

ਕਿਸੇ ਸਮੇਂ ਭਾਰਤ ਅਮਰੀਕਾ ਕੋਲੋਂ ਕਣਕ ਦੀ ਖ਼ੈਰਾਤ ਮੰਗਣ ਜਾਂਦਾ ਹੁੰਦਾ ਸੀ ਤੇ ਅੱਜ ਅਮਰੀਕਾ ਕਣਕ ਦੀ ਅਪਣੀ ਲੋੜ ਲਈ ਚੀਨ ਦਾ ਮੁਹਤਾਜ ਬਣਿਆ ਹੋਇਆ ਹੈ ਤੇ ਹੁਣ ਭਾਰਤ ਵਿਚ ਅਰਬਾਂ ਰੁਪਏ ਖ਼ਰਚ ਕੇ ਫ਼ੂਡ ਪਾਰਕ ਬਣਾਉਣ ਜਾ ਰਿਹਾ ਹੈ। ਅਮਰੀਕਾ ਨੇ ਅਪਣਾ ਛੋਟਾ ਕਿਸਾਨ ਆਪ ਖ਼ਤਮ ਕੀਤਾ ਸੀ ਪਰ ਉਸ ਕੋਲ ਤਾਂ ਪੈਸੇ ਦੀ ਤਾਕਤ ਹੈ ਜਿਸ ਦੇ ਸਹਾਰੇ ਉਹ ਚੀਨ ਤੇ ਭਾਰਤ ਕੋਲੋਂ ਵੀ ਮਹਿੰਗੇ ਭਾਅ ਅਨਾਜ ਖ਼ਰੀਦ ਲਵੇਗਾ (ਇਸੇ ਲਈ ਭਾਰਤ ਦੇ ਕਾਰਪੋਰੇਟ ਕਲ ਨੂੰ ਮਹਿੰਗਾ ਅਨਾਜ ਆਪ ਅਮਰੀਕਾ ਤੇ ਹੋਰਨਾਂ ਨੂੰ ਵੇਚਣ ਦੀ ਤਿਆਰੀ ਵਜੋਂ ਕੇਂਦਰ ਸਰਕਾਰ ਦੀ ਮਦਦ ਨਾਲ ਕਿਸਾਨਾਂ ਕੋਲੋਂ ਜ਼ਮੀਨਾਂ ਖੋਹਣਾ ਚਾਹੁੰਦੇ ਹਨ)। ਭਾਰਤ ਜੇ ਅਪਣੇ ਛੋਟੇ ਕਿਸਾਨ ਦੀ ਮਦਦ ਤੇ ਨਾ ਆਇਆ ਤਾਂ ਫਿਰ ਉਸ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਨੀਤੀ ਘੜਨ ਵਾਲਿਆਂ ਲਈ ਸੋਚਣਾ ਬਣਦਾ ਹੈ।
-ਨਿਮਰਤ ਕੌਰ