ਨੌਵੇਂ ਗੁਰੂ ਦੇ ਸ਼ਹੀਦੀ ਦਿਵਸ ਨਾਲ ਜੁੜੇ ਸੁਝਾਅ ਤੇ ਸਵਾਲ
1999 ਵਿਚ ਖ਼ਾਲਸਾ ਸਾਜਨਾ ਦੀ ਤ੍ਰੈਸ਼ਤਾਬਦੀ ਨਾਲ ਸਬੰਧਤ ਸਾਰੇ ਪ੍ਰੋਗਰਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਂਝੇ ਤੌਰ ’ਤੇ ਇੰਤਜ਼ਾਮੇ ਗਏ ਸਨ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਨੌਵੀਂ ਪਾਤਸ਼ਾਹੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਸਾਂਝੇ ਤੌਰ ’ਤੇ ਮਨਾਏ ਜਾਣ ਦਾ ਸੁਝਾਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਨੂੰ ਦਿਤਾ ਹੈ। ਇਹ ਇਕ ਸਵਾਗਤਯੋਗ ਕਦਮ ਹੈ। ਭਾਵੇਂ ਇਸ ਸੁਝਾਅ ਬਾਰੇ ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ ਅਜੇ ਤਕ ਸਾਹਮਣੇ ਨਹੀਂ ਆਇਆ, ਫਿਰ ਵੀ ਅਜਿਹੇ ਸੁਝਾਅ ਉੱਤੇ ਉਸ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੀਡੀਆ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾਜੀ ਨੇ ਕਿਹਾ ਹੈ ਕਿ ਸ਼ਹੀਦੀ ਪੁਰਬ ਨਾਲ ਜੁੜੇ ਸਮਾਗਮ ਸਾਂਝੇ ਤੌਰ ’ਤੇ ਇੰਤਜ਼ਾਮੇ ਜਾਣ ਨਾਲ ਪੰਥਕ ਏਕਤਾ ਦੀ ਭਾਵਨਾ ਨੂੰ ਉਭਾਰ ਮਿਲੇਗਾ। ਦੋਵਾਂ ਕਮੇਟੀਆਂ ਵਲੋਂ ਵੱਖ ਵੱਖ ਸਮਾਗਮ ਤੇ ਪ੍ਰੋਗਰਾਮ ਉਲੀਕੇ ਜਾਣਾ ਨੌਵੇਂ ਗੁਰੂ ਦੀ ਮਹਾਨ ਸ਼ਹਾਦਤ ਨਾਲ ਜੁੜੇ ਜਜ਼ਬੇ ਦੀ ਖ਼ਿਲਾਫ਼ਵਰਜ਼ੀ ਹੋਵੇਗਾ। ਇਸੇ ਪੱਤਰ ਵਿਚ ਸ਼੍ਰੋਮਣੀ ਕਮੇਟੀ ਨੂੰ ਯਾਦ ਦਿਵਾਇਆ ਗਿਆ ਹੈ ਕਿ 1999 ਵਿਚ ਖ਼ਾਲਸਾ ਸਾਜਨਾ ਦੀ ਤ੍ਰੈਸ਼ਤਾਬਦੀ ਨਾਲ ਸਬੰਧਤ ਸਾਰੇ ਪ੍ਰੋਗਰਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਂਝੇ ਤੌਰ ’ਤੇ ਇੰਤਜ਼ਾਮੇ ਗਏ ਸਨ ਅਤੇ ਅਜਿਹੇ ਏਕੇ ਸਦਕਾ ਸਿੱਖ ਭਾਈਚਾਰੇ ਦਾ ਵਕਾਰ ਤੇ ਅਜ਼ਮਤ ਵੱਧ ਬੁਲੰਦ ਹੋਏ ਸਨ। ਇਸੇ ਲਈ ਹੁਣ ਵੀ 1999 ਵਾਲੀ ਸੋਚ ਤੇ ਪਹੁੰਚ ਅਪਣਾਏ ਅਤੇ ਅੱਗੇ ਵਧਾਏ ਜਾਣ ਦੀ ਜ਼ਰੂਰਤ ਹੈ।
ਜ਼ਾਹਰਾ ਤੌਰ ’ਤੇ ਇਸ ਸੁਝਾਅ ਵਿਚ ਅਜਿਹਾ ਕੁਝ ਵੀ ਨਹੀਂ ਜਿਸ ਵਿਚੋਂ ਸਿਆਸਤ ਦੀ ਗੰਧ ਆਉਂਦੀ ਹੋਵੇ। ਪਰ ਸੱਚ ਇਹ ਵੀ ਹੈ ਕਿ ਦਿੱਲੀ ਕਮੇਟੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਸਿੱਧੇ-ਅਸਿੱਧੇ ਪ੍ਰਭਾਵ ਹੇਠ ਹੈ ਜਦਕਿ ਸ਼੍ਰੋਮਣੀ ਕਮੇਟੀ ਉਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਜਕੜਨ ਅਜੇ ਬਰਕਰਾਰ ਹੈ। ਇਨ੍ਹਾਂ ਦੋਵਾਂ ਧਿਰਾਂ ਦਰਮਿਆਨ ਨੇੜਤਾ ਦੀ ਵਾਪਸੀ ਦੀਆਂ ਚਰਚਾਵਾਂ ਇਨ੍ਹੀਂ ਦਿਨੀਂ ਜ਼ਰੂਰ ਚੱਲ ਰਹੀਆਂ ਹਨ, ਪਰ ਇਨ੍ਹਾਂ ਚਰਚਾਵਾਂ ਜਾਂ ਤਜਵੀਜ਼ਾਂ ਦੇ ਨਿੱਗਰ ਨਤੀਜੇ ਅਜੇ ਤਕ ਸਾਹਮਣੇ ਨਹੀਂ ਆਏ। 1999 ਵਿਚ ਜਿੱਥੇ ਅਕਾਲੀ ਦਲ ਤੇ ਭਾਜਪਾ ਇੱਕ-ਮਿੱਕ ਸਨ, ਉੱਥੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ - ਦੋਹਾਂ ਉਪਰ ਅਕਾਲੀ ਦਲ ਗ਼ਾਲਬ ਸੀ। ਲਿਹਾਜ਼ਾ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਦਰਮਿਆਨ ਕੋਈ ਸਿਆਸੀ ਅੜਿੱਕਾ ਮੌਜੂਦ ਨਹੀਂ ਸੀ। ਇਸ ਪੱਖੋਂ ਹੁਣ ਸਥਿਤੀ ਵੱਖਰੀ ਹੈ। ਦੋਵੇਂ ਕਮੇਟੀਆਂ ਧਾਰਮਿਕ ਮਾਮਲਿਆਂ ’ਚ ਸਿਆਸਤ ਘੁਸੇੜਨ ਵਰਗੀ ਮਰਜ਼ ਦੇ ਲੱਛਣ ਵਾਰ ਵਾਰ ਦਰਸਾਉਂਦੀਆਂ ਆਈਆਂ ਹਨ। ਉਂਜ ਵੀ, ਜਿੱਥੋਂ ਤਕ ਸਮੁੱਚੇ ਸਿੱਖ ਭਾਈਚਾਰੇ ਨੂੰ ਇਕ ਮੁਕੱਦਸ ਦਿਹਾੜੇ ’ਤੇ ਇੱਕਸੁਰ ਕਰਨ ਅਤੇ ਪੰਥਕ ਏਕੇ ਦਾ ਮੁਜ਼ਾਹਰਾ ਕਰਨ ਦਾ ਸਵਾਲ ਹੈ, ਉਸ ਪ੍ਰਸੰਗ ਵਿਚ ਸਿਰਫ਼ ਦੋ ਕਮੇਟੀਆਂ ਹੀ ਨਹੀਂ ਬਲਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬੋਂ ਬਾਹਰਲੇ ਦੋ ਤਖ਼ਤ ਸਾਹਿਬਾਨ - ਸ੍ਰੀ ਪਟਨਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਪਰਮ-ਪਾਵਨ ਉੱਦਮ ਵਿਚ ਸ਼ਰੀਕ ਕੀਤੇ ਜਾਣ ਦੀ ਲੋੜ ਹੈ। ਸ਼ਹੀਦੀ ਪੁਰਬ ਨਾਲ ਸਬੰਧਤ ਸਮਾਗਮ ਵੀ ਇਸ ਢੰਗ ਨਾਲ ਉਲੀਕੇ ਜਾਣੇ ਚਾਹੀਦੇ ਹਨ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਵੀ ਹੋਣ; ਖ਼ਾਸ ਕਰ ਕੇ ਉਨ੍ਹਾਂ ਥਾਵਾਂ ’ਤੇ ਜਿੱਥੇ ਗੁਰੂ ਸਾਹਿਬ ਦਾ ਕਿਆਮ (ਠਹਿਰਾਅ) ਕੁਝ ਹਫ਼ਤਿਆਂ ਜਾਂ ਉਸ ਤੋਂ ਵੱਧ ਸਮੇਂ ਦਾ ਰਿਹਾ।
ਨੌਵੇਂ ਗੁਰੂ ਦੀ ਸ਼ਹਾਦਤ ਅਪਣੇ ਧਰਮ ਦੀ ਥਾਂ ਕਿਸੇ ਦੂਜੇ ਧਰਮ ਦੇ ਹਿੱਤਾਂ ਦੀ ਰਾਖੀ ਅਤੇ ਇਨਸਾਨੀ ਹੱਕਾਂ ਦੀ ਖ਼ੈਰਅੰਦੇਸ਼ੀ ਲਈ ਕੀਤਾ ਗਿਆ ਲਾਸਾਨੀ ਬਲੀਦਾਨ ਹੈ। ਇਸ ਬਲੀਦਾਨ ਨੂੰ ਅਕੀਦਤ ਵੀ ਡੂੰਘੀ ਸ਼ਰਧਾ ਤੇ ਪੂਰਨ ਗੁਰ-ਮਰਿਆਦਾ ਨਾਲ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਇਹ ਇਕ ਸੋਗ਼ਮਈ ਦਿਹਾੜਾ ਹੈ ਜਿਸ ਨੂੰ ਮਨਾਉਂਦਿਆਂ ਰਾਜਸੀ ਸ਼ੋਸ਼ੇਬਾਜ਼ੀ ਤੇ ਮਾਅਰਕੇਬਾਜ਼ੀ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਇਸ ਮੁਕੱਦਸ ਅਵਸਰ ਨੂੰ ਰਾਜਸੀ ਪੈਂਤੜੇਬਾਜ਼ੀ ਵਿਚ ਬਦਲਣ ਦੇ ਪੰਜਾਬ ਸਰਕਾਰ ਦੇ ਯਤਨਾਂ ਦਾ ਵਿਰੋਧ ਕਰਦੀ ਆ ਰਹੀ ਹੈ। ਇਹ ਵਿਰੋਧ ਇਸ ਪੱਖੋਂ ਜਾਇਜ਼ ਹੈ ਕਿ ਸੈਕੂਲਰ ਸਰਕਾਰਾਂ ਨੂੰ ਧਾਰਮਿਕ ਅਨੁਸ਼ਠਾਨ ਜਾਂ ਸਮਾਗਮ ਖ਼ੁਦ ਇੰਤਜ਼ਾਮਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ; ਅਤੇ ਅਪਣੀ ਸ਼ਰਧਾ ਦਾ ਇਜ਼ਹਾਰ, ਧਾਰਮਿਕ ਸੰਸਥਾਵਾਂ ਵਲੋਂ ਉਲੀਕੇ ਪ੍ਰੋਗਰਾਮਾਂ ਵਾਸਤੇ ਸੁਰੱਖਿਆ ਅਤੇ ਸ਼ਰਧਾਵਾਨਾਂ ਲਈ ਸੁਚੱਜੀਆਂ ਸਹੂਲਤਾਂ ਯਕੀਨੀ ਬਣਾਉਣ ਤਕ ਸੀਮਤ ਰੱਖਣਾ ਚਾਹੀਦਾ ਹੈ। ਅਜਿਹੀ ਸੋਚ ਦੇ ਮੁਜ਼ਾਹਰੇ ਮਗਰੋਂ ਸ਼੍ਰੋਮਣੀ ਕਮੇਟੀ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਖ਼ੁਦ ਵੀ ਸੌੜੀ ਸਿਆਸਤ ਦੀ ਕਠਪੁਤਲੀ ਨਾ ਬਣੇ ਅਤੇ ‘ਸੀਸ ਦੀਆ ਪਰ ਸਿਰੜੁ ਨਾ ਦੀਆ’ ਵਰਗੀ ਅਦੁੱਤੀ ਮਿਸਾਲ ਕਾਇਮ ਕਰਨ ਵਾਲੇ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮੁੱਚੀ ਨਾਨਕ ਨਾਮਲੇਵਾ ਸੰਗਤ ਦੇ ਸਾਂਝੇ ਸਿਜਦੇ ਦਾ ਸਰੂਪ ਪ੍ਰਦਾਨ ਕਰਨ ਵਰਗੀ ਸੁਹਜ ਦਿਖਾਏ।