ਬਟਾਲਾ ਪਟਾਕਾ ਫ਼ੈਕਟਰੀ ਦਾ ਦੁਖਾਂਤ ਅਣਗਹਿਲੀ ਨਹੀਂ, ਕਈਆਂ ਦੀ ਮਿਲੀਭੁਗਤ ਦਾ ਨਤੀਜਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਟਾਲੇ ਦੀ ਪਟਾਕਾ ਫ਼ੈਕਟਰੀ ਵਿਚ ਭਿਆਨਕ ਹਾਦਸੇ ਨੂੰ ਸੁਨੀਲ ਜਾਖੜ ਨੇ ‘ਅਣਗਹਿਲੀ’ ਆਖਣ ਦਾ ਸਾਹਸ ਤਾਂ ਕੀਤਾ ਹੈ ਪਰ ਕੀ ਇਹ ਸਿਰਫ਼ ਇਕ ਲਾਪ੍ਰਵਾਹੀ ਦਾ....

Batala Firecracker Factory Blast

ਬਟਾਲੇ ਦੀ ਪਟਾਕਾ ਫ਼ੈਕਟਰੀ ਵਿਚ ਭਿਆਨਕ ਹਾਦਸੇ ਨੂੰ ਸੁਨੀਲ ਜਾਖੜ ਨੇ ‘ਅਣਗਹਿਲੀ’ ਆਖਣ ਦਾ ਸਾਹਸ ਤਾਂ ਕੀਤਾ ਹੈ ਪਰ ਕੀ ਇਹ ਸਿਰਫ਼ ਇਕ ਲਾਪ੍ਰਵਾਹੀ ਦਾ ਸਿੱਟਾ ਹੈ? ਇਹ ਕਈ ਪਾਸਿਆਂ ਦੀ ਮਿਲੀਭੁਗਤ ਦਾ ਨਤੀਜਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਆਸਤਦਾਨਾਂ, ਪ੍ਰਸ਼ਾਸਨ, ਵਪਾਰੀਆਂ ਅਤੇ ਹੋਰ ਲੋਕਾਂ ਦੀ ਮਿਲੀਭੁਗਤ ਨਾਲ ਹੀ 23 ਮੌਤਾਂ ਹੋ ਗਈਆਂ ਹਨ। ਇਸ ਹਾਦਸੇ ਵਿਚ ਮਾਰੇ ਜਾਣ ਵਾਲੇ ਵਪਾਰੀ ਦੀ ਦਰਦਨਾਕ ਮੌਤ ਅਤੇ ਇਕ ਘਰ ਦੇ 7 ਜੀਆਂ ਦੇ ਮਾਰੇ ਜਾਣ ਤੋਂ ਫ਼ਤਿਹਵੀਰ ਦੀ ਮੌਤ ਦੀ ਯਾਦ ਆਉਂਦੀ ਹੈ। ਉਸ ਮੌਤ ਵਿਚ ਵੀ ਪ੍ਰਵਾਰ ਖ਼ੁਦ ਕਸੂਰਵਾਰ ਸੀ ਅਤੇ ਇਸ ਹਾਦਸੇ ਵਿਚ ਵੀ ਫ਼ੈਕਟਰੀ ਦੇ ਮਾਲਕ ਖ਼ੁਦ ਜ਼ਿੰਮੇਵਾਰ ਸਨ। ਪਰ ਅਪਣੇ ਨਾਲ ਉਹ ਹੋਰ ਕਈਆਂ ਦੀ ਜਾਨ ਵੀ ਲੈ ਗਿਆ ਕਿਉਂਕਿ ਉਨ੍ਹਾਂ ਇਸ ਕਰਖ਼ਾਨੇ ਨੂੰ ਘਰਾਂ ਵਿਚ ਚਲਾਇਆ ਹੋਇਆ ਸੀ।

ਬਾਰੂਦ ਦਾ ਢੇਰ ਰਿਹਾਇਸ਼ੀ ਇਲਾਕੇ ਵਿਚ ਸਿਆਸੀ ਸਰਪ੍ਰਸਤੀ ਸਦਕਾ ਚਲ ਰਿਹਾ ਸੀ। ਇਸ ਫ਼ੈਕਟਰੀ ਵਿਚ ਪਹਿਲਾਂ ਵੀ ਧਮਾਕਾ ਹੋਇਆ ਸੀ ਅਤੇ ਇਸ ਨੂੰ ਬੰਦ ਕੀਤਾ ਗਿਆ ਸੀ। ਪਰ ਸਥਾਨਕ ਆਗੂ ਨੇ ਖ਼ੁਦ ਇਸ ਫ਼ੈਕਟਰੀ ਨੂੰ ਦੋਸ਼-ਮੁਕਤ ਕਰਵਾਇਆ ਅਤੇ ਇਕ ਅੱਗ ਦੇ ਗੋਲੇ ਨੂੰ ਲੋਕਾਂ ਦੀ ਜਾਨ ਵਾਸਤੇ ਖ਼ਤਰਾ ਬਣਨ ਦੀ ਸਰਕਾਰੀ ਇਜਾਜ਼ਤ ਦਿਵਾਈ। ਉਧਰ ਲੋਕ ਵੀ ਜਾਣੂ ਸਨ ਕਿ ਉਨ੍ਹਾਂ ਦੀ ਧੁੰਨੀ ਉਤੇ ਇਕ ਖ਼ਤਰਨਾਕ ਫ਼ੈਕਟਰੀ ਚਲ ਰਹੀ ਹੈ। ਪ੍ਰਸ਼ਾਸਨ ਨੇ ਪੈਸੇ ਜਾਂ ਤਾਕਤ ਕਾਰਨ ਚੁੱਪੀ ਧਾਰ ਲਈ ਅਤੇ ਲੋਕਾਂ ਨੇ ਨੌਕਰੀ ਦੇ ਲਾਲਚ ਵਿਚ ਮੂੰਹ ਮੋੜ ਲਿਆ। ਪਰ ਸ਼ਾਇਦ ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਇਕ ਛੋਟੀ ਜਹੀ ਫ਼ੈਕਟਰੀ ਵਿਚ ਏਨਾ ਵੱਡਾ ਧਮਾਕਾ ਹੋ ਜਾਵੇਗਾ, ਜਿਸ ਨਾਲ ਕਈ ਜਾਨਾਂ ਚਲੀਆਂ ਜਾਣਗੀਆਂ। 200-250 ਫ਼ੁੱਟ ਦੂਰ ਤਕ ਇਸ ਧਮਾਕੇ ਦਾ ਅਸਰ ਮਹਿਸੂਸ ਕੀਤਾ ਪਿਆ।

ਕੁੱਝ ਦੂਰੀ ਤੇ ਲੋਕਾਂ ਦੇ ਘਰ ਹਿਲ ਗਏ ਤੇ ਸਮਾਨ ਡਿੱਗ ਪਿਆ। ਇਕ 200 ਮੀਟਰ ਦੂਰ ਵਾਲੀ ਦੁਕਾਨ ਦੇ ਕੰਪਿਊਟਰ ਬਾਹਰ ਡਿੱਗ ਪਏ ਅਤੇ ਇਹ ਸਿਰਫ਼ ਅਣਗਹਿਲੀ ਨਹੀਂ ਜਾਪਦੀ। ਇਕ ਪਟਾਕਿਆਂ ਦੀ ਫ਼ੈਕਟਰੀ ਵਿਚ ਏਨਾ ਜ਼ਿਆਦਾ ਬਾਰੂਦ ਕਿਥੋਂ ਆ ਸਕਦਾ ਹੈ? ਅਤੇ ਕੀ ਸੱਚ ਸਾਡੇ ਸਾਹਮਣੇ ਆਵੇਗਾ ਵੀ? ਅਣਗਹਿਲੀ ਤਾਂ ਇਕ ਛੋਟਾ ਜਿਹਾ ਅਪਰਾਧ ਹੈ। ਇਹ ਲਾਪ੍ਰਵਾਹੀ ਨਹੀਂ ਬਲਕਿ ਇਕ ਵੱਡਾ ਅਪਰਾਧਕ ਕਾਰਨਾਮਾ ਹੋ ਸਕਦਾ ਹੈ। ਪੰਜਾਬ ਦੇ ਹੜ੍ਹਾਂ ਪਿੱਛੇ ਵੀ ਅਸਲ ਵਿਚ ਅਣਗਹਿਲੀਆਂ ਜਾਂ ਕੁਦਰਤ ਦਾ ਕਹਿਰ ਨਹੀਂ ਬਲਕਿ ਵੱਡੇ ਅਪਰਾਧ ਹਨ ਜੋ ਕਿ ਪਿੰਡਾਂ ਨੂੰ ਤਬਾਹ ਕਰ ਗਏ ਹਨ। ਪੰਜਾਬ ਵਿਚ ਪਿੰਡਾਂ ਅੰਦਰ ਪੂਰੀ ਤਰ੍ਹਾਂ ਬੁਨਿਆਦੀ ਢਾਂਚਾ ਨਹੀਂ, ਬੰਨ੍ਹਾਂ ਦੀ ਸਾਫ਼-ਸਫ਼ਾਈ, ਮੁਰੰਮਤ ਨਹੀਂ, ਭਾਖੜਾ ਵਲੋਂ ਪ੍ਰਵਾਹ ਨਹੀਂ ਅਤੇ ਫਿਰ ਦਰਿਆਵਾਂ ਦੀ ਮਿੱਟੀ ਦੀ ਲੁੱਟ। ਉਹ ਵੀ ਅਣਗਹਿਲੀ ਹੈ ਕੀ?

ਪ੍ਰਸ਼ਾਸਨ ਦੀ, ਹੜ੍ਹਾਂ ਤੋਂ ਬਾਅਦ ਲੋਕਾਂ ਵਿਚਕਾਰ ਗ਼ੈਰ-ਹਾਜ਼ਰੀ ਵੀ ਸਿਰਫ਼ ‘ਸੱਭ ਚਲਦਾ ਹੈ’ ਵਾਲਾ ਰਵਈਆ ਨਹੀਂ, ਬਲਕਿ ਇਕ ਅਪਰਾਧਕ ਸੋਚ ਹੈ। ਅੱਜ ਸਮਾਜ ਦੇ ਹਰ ਵਰਗ ਵਿਚ ਅਪਣੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰਖਦਿਆਂ ਕੰਮ ਹੋ ਰਿਹਾ ਹੈ ਅਤੇ ਇਸ ਨੂੰ ਅਸੀਂ ‘ਅਣਗਹਿਲੀ’ ਆਖਣਾ ਬੰਦ ਕਰ ਦੇਈਏ ਤਾਕਿ ਇਸ ਸੋਚ ਵਾਲੇ ਲੋਕ ਸਮਝ ਲੈਣ ਕਿ ਉਨ੍ਹਾਂ ਦੇ ਕਸੂਰਾਂ ਦੀ ਸਜ਼ਾ ਉਨ੍ਹਾਂ ਨੂੰ ਜ਼ਰੂਰ ਮਿਲੇਗੀ। ਜਿਸ ਆਗੂ ਨੇ ਉਸ ਫ਼ੈਕਟਰੀ ਨੂੰ ਮੁੜ ਚਲਾਉਣ ਦੀ ਇਜਾਜ਼ਤ ਦਿਵਾਈ, ਪ੍ਰਸ਼ਾਸਨ ਦੇ ਜਿਸ ਅਫ਼ਸਰ ਨੇ ਉਨ੍ਹਾਂ ਕਾਗ਼ਜ਼ਾਂ ਉਤੇ ਹਸਤਾਖਰ ਕੀਤੇ ਅਤੇ ਉਸ ਪ੍ਰਵਾਰ ਉਤੇ ਵੀ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ। ਪ੍ਰਵਾਰ ਨਾਲ ਹਮਦਰਦੀ ਹੈ ਕਿ ਉਨ੍ਹਾਂ ਦੇ 7 ਜੀਅ ਮਾਰੇ ਗਏ। ਪਰ ਅਪਣੇ ਮੁਨਾਫ਼ੇ ਜਾਂ ਕਿਸੇ ਹੋਰ ਮਕਸਦ ਪਿੱਛੇ ਉਨ੍ਹਾਂ ਨੇ ਕਿੰਨੇ ਹੀ ਘਰ ਤਬਾਹ ਵੀ ਕਰ ਦਿਤੇ।

ਇਨ੍ਹਾਂ ਸਾਰੇ ਅਪਰਾਧਾਂ ਦੀ ਸੂਚੀ ਵਿਚ ਇਕ ਅਪਰਾਧ ਬਾਬੇ ਨਾਨਕ ਦੇ ਸਹੁਰੇ ਸ਼ਹਿਰ ਦਾ ਵੀ ਬਣਦਾ ਹੈ। ਉਸ ਬਾਬੇ ਨਾਨਕ ਦੇ ਵਿਆਹ ਦੇ ਜਸ਼ਨ ਦੇ ਨਾਂ ਤੇ ਇਸ ਵੇਲੇ ਇਹ ਪਟਾਕਿਆਂ ਦੀ ਫ਼ੈਕਟਰੀ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਸੀ ਤਾਕਿ ਬਾਬੇ ਦੇ ਵਿਆਹ ਸਮਾਗਮ ਵਿਚ ਇਹ ਪਟਾਕੇ ਵੇਚੇ ਤੇ ਵਰਤੇ ਜਾ ਸਕਣ, ਜਿਸ ਨੂੰ ਸਾਦਗੀ ਪਸੰਦ ਸੀ ਅਤੇ ਉਹ ਖ਼ੁਦ ਕਦੇ ਇਸ ਬਰਬਾਦੀ ਦਾ ਸਮਰਥਨ ਨਾ ਕਰਦੇ। ਧਰਮ ਦੇ ਨਾਂ ’ਤੇ ਵਪਾਰ ਕਰਨ ਵਾਲੀ ਸੋਚ ਵੀ ਇਕ ਅਪਰਾਧ ਹੈ ਪਰ ਇਸ ਦਾ ਜਵਾਬ ਤਾਂ ਰੱਬ ਦੇ ਦਰਬਾਰ ਵਿਚ ਹੀ ਮਿਲੇਗਾ। ਪਰ ਇਸ ਧਰਤੀ ਉਤੇ ਸਰਕਾਰ ਤੋਂ ਆਸ ਹੈ ਕਿ ਉਹ ਪੰਜਾਬ ਵਿਚ ‘ਸੱਭ ਚਲਦਾ ਹੈ’ ਵਾਲੇ ਰਵਈਏ ਨੂੰ ਬਦਲ ਕੇ ਉਸ ਦੇ ਅਪਰਾਧੀ ਪੱਖ ਵਲ ਧਿਆਨ ਦੇਣ। ਸਰਕਾਰ ਦੇ ਹੱਥ ਵਿਚ ਹੈ ਕਿ ਸਖ਼ਤ ਕਾਰਵਾਈ ਦੇ ਨਾਲ ਨਾਲ ਅਪਰਾਧੀਆਂ ਨੂੰ ਸਜ਼ਾਵਾਂ ਵੀ ਦਿਵਾਉਣ। ਪਰ ਕੀ ਉਹ ਅਜਿਹਾ ਕਰਨ ਦੀ ਸੋਚ ਵੀ ਰਖਦੇ ਹਨ?  -ਨਿਮਰਤ ਕੌਰ