‘ਬੇਟੀ ਬਚਾਉ’ ਦੀ ਥਾਂ ਹੁਣ ‘ਪੰਜਾਬ ਦੇ ਬੇਟੇ ਬਚਾਉ’ ਮੁਹਿੰਮ ਚਲਾਉਣ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਥੇ ਨਸ਼ੇ ਅਤੇ ਵਿਦੇਸ਼ ਵਿਚ ‘ਹਾਰਟ ਅਟੈਕ’ ਪੰਜਾਬੀ ਬੇਟਿਆਂ ਨੂੰ ਖ਼ਤਮ ਕਰ ਰਹੇ ਨੇ

File Photo

 

ਕੋਈ ਅਜਿਹਾ ਦਿਨ ਨਹੀਂ ਚੜ੍ਹਦਾ ਜਦ ਪੰਜਾਬ ਦੇ ਕਿਸੇ ਕੋਨੇ ’ਚ ਕਿਸੇ ਨੌਜੁਆਨ ਦੀ ਨਸ਼ੇ ਕਾਰਨ ਬੇਵਕਤੀ ਮੌਤ ਨਾ ਹੋਈ ਹੋਵੇ। ਤੇ ਨਾਲ ਹੀ ਦਿਲ ਦੇ ਦੌਰਿਆਂ ਨਾਲ ਮਰਦੇ ਨੌਜੁਆਨਾਂ ਦਾ ਅੰਕੜਾ ਜੋ ਵੱਧ ਰਿਹਾ ਹੈ, ਉਹ ਵੀ ਸੰਕੇਤ ਦਿੰਦਾ ਹੈ ਕਿ ਇਸ ਦਾ ਸੱਚ ਕੁੱਝ ਹੋਰ ਹੋ ਸਕਦਾ ਹੈ। ਕੁੱਝ ਮੌਤਾਂ ਕੁੜੀਆਂ ਦੀਆਂ ਵੀ ਹੋ ਰਹੀਆਂ ਹਨ। ਅੱਜ ਦੀ ਘੜੀ ਪੰਜਾਬ ਵਿਚ ਤਾਂ ‘ਬੇਟਾ ਬਚਾਉ’ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਲਗਦੀ ਹੈ।

ਦੇਸ਼ ਵਿਦੇਸ਼ ਵਿਚ ਪੰਜਾਬੀ ਬੇਟਿਆਂ ਉਤੇ ਸਾੜ੍ਹਸੱਤੀ ਆਈ ਹੋਈ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਪੁਲਿਸ ਵਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਨਸ਼ਾ ਤਸਕਰਾਂ ਦੀ ਜਾਇਦਾਦ ਵੀ ਜ਼ਬਤ ਕੀਤੀ ਜਾ ਰਹੀ ਹੈ। ਕਈ ਵਾਰ ਅਸੀ ਡੀਜੀਪੀ ਨੂੰ ਆਪ ਛਾਪੇ ਮਾਰਦੇ ਵੀ ਵੇਖਿਆ ਹੈ। ਸਰਕਾਰ ਤੇ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਦੀ ਕਦਰ ਕਰਦੇ ਹੋਏ ਇਹ ਕੌੜਾ ਸੱਚ ਮੰਨਣਾ ਪੈਣਾ ਹੈ ਕਿ ਇਸ ਨਸ਼ੇ ਦੇ ਵਪਾਰ ਨੇ ਸਾਡੇ ਸਿਸਟਮ ਵਿਚ ਡੂੰਘੀਆਂ ਚੋਰ ਮੋਰੀਆਂ ਬਣਾ ਲਈਆਂ ਹੋਈਆਂ ਹਨ ਜਿਸ ਕਾਰਨ ਨਸ਼ੇ ਦੀ ਵਰਤੋਂ ਕਾਬੂ ਹੇਠ ਨਹੀਂ ਆ ਰਹੀ।

ਪਿਛਲੇ ਹਫ਼ਤੇ ਪੰਜਾਬ ਪੁਲਿਸ ਨੇ ਫ਼ਰੀਦਕੋਟ ਜੇਲ੍ਹ ਵਿਚ ਇਕ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾ ਫ਼ਾਸ਼ ਕੀਤਾ ਹੈ ਜੋ ਜੇਲ ਵਿਚ ਬੈਠ ਕੇ ਕਰੋੜਾਂ ਦਾ ਕਾਰੋਬਾਰ ਚਲਾ ਰਿਹਾ ਸੀ। ਇਕ ਹੋਰ ਸ਼ਖ਼ਸ ਨੂੰ 8 ਮਹੀਨੇ ਜੇਲ੍ਹ ਵਿਚ ਰਹਿਣਾ ਪਿਆ ਤੇ ਬਾਹਰ ਆਉਣ ’ਤੇ ਉਸ ਨੇ ਜੇਲ੍ਹ ਵਿਚ ਚਲ ਰਹੇ ਨਸ਼ੇ ਦੇ ਕਾਰੋਬਾਰ ਦਾ ਸੱਚ ਦੁਨੀਆਂ ਸਾਹਮਣੇ ਪੇਸ਼ ਕੀਤਾ।

ਜੇਲ੍ਹਾਂ ਵਿਚ ਚਲ ਰਹੇ ਜੇਲ੍ਹ ਵਪਾਰ ਦੀ ਵਾਗਡੋਰ ਜੇਲ੍ਹ ਅਧਿਕਾਰੀਆਂ ਦੇ ਹੱਥ ਵਿਚ ਹੀ ਦਸੀ ਗਈ ਤੇ ਉਸ ਨੇ ਇਹ ਵੀ ਦਸਿਆ ਕਿ ਛਾਪੇ ਤੋਂ ਇਕ ਘੰਟਾ ਪਹਿਲਾਂ ਜਾਣਕਾਰੀ ਆ ਜਾਂਦੀ ਹੈ ਤੇ ਫਿਰ ਵੱਡੇ ਅਫ਼ਸਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਸੱਭ ਸਫ਼ਾਈ ਹੋ ਜਾਂਦੀ ਹੈ। ਪਿੰਡ ਦੀਆਂ ਸੱਥਾਂ ’ਚ ਬੈਠੇ ਲੋਕ ਆਮ ਆਖਦੇ ਹਨ ਕਿ ਪਿੰਡ ਦੇ ਐਸ.ਐਚ.ਓ. ਦੀ ਸ਼ਮੂਲੀਅਤ ਬਿਨਾਂ ਨਸ਼ਾ ਨਹੀਂ ਵਿਕ ਸਕਦਾ ਤੇ ਨਸ਼ਾ ਤਸਕਰਾਂ ਨੂੰ ਛੱਡ ਦੇਣ ਦੇ ਰੇਟ ਤੈਅ ਹੁੰਦੇ ਹਨ।

ਪਿਛਲੇ ਮਹੀਨੇ ਆਈ ਐਨ.ਸੀ.ਆਰ.ਬੀ. ਦੀ ਰੀਪੋਰਟ ਮੁਤਾਬਕ ਪੰਜਾਬ ਵਿਚ 66 ਲੱਖ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਨਸ਼ੇ ਦੇ ਆਦੀ ਹਨ ਜਿਸ ਵਿਚ ਸ਼ਰਾਬੀਆਂ ਦੀ ਗਿਣਤੀ ਸ਼ਾਮਲ ਨਹੀਂ ਕੀਤੀ ਗਈ। ਇਨ੍ਹਾਂ ’ਚੋਂ 6,77,900 ਬੱਚੇ ਹਨ ਜਿਨ੍ਹਾਂ ਦੀ ਉਮਰ 10 ਤੋਂ 17 ਸਾਲ ਵਿਚਕਾਰ ਹੈ। ਸਾਡੀ ਜਵਾਨੀ ਮੁੜ ਤੋਂ ਤਬਾਹੀ ਵਲ ਜਾ ਰਹੀ ਹੈ ਤੇ ਜ਼ਹਿਰ ਅਸੀ ਆਪ ਫੈਲਾ ਰਹੇ ਹਾਂ।

ਨਸ਼ਾ ਲਿਆਉਣ ਵਾਲਿਆਂ, ਉਸ ਨੂੰ ਫੈਲਾਉਣ ਵਾਲਿਆਂ ਨੂੰ ਤਾਂ ਹੁਣ ਫੜਨ ਦਾ ਹੁਣ ਕੋਈ ਫ਼ਾਇਦਾ ਨਹੀਂ ਰਿਹਾ ਕਿਉਂਕਿ ਹੁਣ ਤਸਕਰੀ ਦਾ ਜਾਲ ਸਾਡੇ ਸਿਸਟਮ ਵਿਚ ਪੈਰ ਜਮਾ ਚੁੱਕਾ ਹੈ।  ਪੰਜਾਬ ਪੁਲਿਸ ਦੇ ਵੱਡੇ ਅਫ਼ਸਰ ਤਾਂ ਹਰ ਥਾਣੇ ’ਚ ਨਹੀਂ ਬੈਠ ਸਕਦੇ, ਨਾ ਡੀਜੀਪੀ ਆਪ ਹਰ ਜੇਲ੍ਹ ਵਿਚ ਜਾ ਕੇ ਨਸ਼ਾ ਫੜ ਸਕਦਾ ਹੈ ਪਰ ਜਦ ਤਕ ਪੰਜਾਬ ਪੁਲਿਸ ਦੇ ਅੰਦਰੋਂ ਸਫ਼ਾਈ ਦੀ ਲਹਿਰ ਸ਼ੁਰੂ ਨਹੀਂ ਹੁੰਦੀ, ਹਰ ਮੁਹਿੰਮ ਫ਼ੇਲ੍ਹ ਹੁੰਦੀ ਜਾਵੇਗੀ।

ਤਸਕਰਾਂ ਨੇ ਬੜੀ ਚਲਾਕੀ ਨਾਲ ਜਾਲ ਫੈਲਾਇਆ ਤੇ ਹੁਣ ਚਤੁਰਾਈ ਨਾਲ ਹੀ ਜਾਲ ਖ਼ਤਮ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਬਦਲ ਗਏ, ਮੰਤਰੀ ਬਦਲ ਗਏ ਪਰ ਜ਼ਮੀਨ ’ਤੇ ਚੱਲਣ ਵਾਲੀ ਸੈਨਾ ਵਿਚ ਜੋ ਨਸ਼ਾ ਤਸਕਰੀ ਨੇ ਕਮਜ਼ੋਰ ਕੜੀਆਂ ਫੜੀਆਂ ਹਨ, ਉਨ੍ਹਾਂ ਨੂੰ ਤੋੜਨਾ ਪਵੇਗਾ ਨਹੀਂ ਤਾਂ ਸਾਡੇ ਪੁੱਤਰ ਨਹੀਂ ਬਚਣਗੇ।                              - ਨਿਮਰਤ ਕੌਰ