ਕਿਸਾਨ ਦੀ ਪਰਾਲੀ ਦਾ ਧੂੰਆਂ ਬਨਾਮ ਰਾਵਣ ਦਾ ਧੂੰਆਂ, ਦੀਵਾਲੀ ਦਾ ਧੂੰਆਂ ਤੇ ਕਾਰਾਂ ਗੱਡੀਆਂ ਦਾ ਧੂੰਆਂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਤਿਉਹਾਰਾਂ ਦਾ ਮੌਸਮ ਆ ਗਿਆ ਹੈ ਤੇ ਰਾਮਲੀਲਾ ਮੈਦਾਨ ਵਿਚ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ।

Stubble burning, Ravana's smoke, Diwali Smoke & Cars Smoke!

ਤਿਉਹਾਰਾਂ ਦਾ ਮੌਸਮ ਆ ਗਿਆ ਹੈ ਤੇ ਰਾਮਲੀਲਾ ਮੈਦਾਨ ਵਿਚ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ। ਇਕ ਪਾਸੇ ਨੇਕੀ ਦੀ ਬੁਰਾਈ ਉਤੇ ਜਿੱਤ ਵਿਖਾਏ ਜਾਣ ਦੀ ਤਿਆਰੀ ਹੋ ਰਹੀ ਹੈ, ਦੂਜੇ ਪਾਸੇ ਕਿਸਾਨਾਂ ਵਲੋਂ ਜਨਤਾ ਦੇ ਪੇਟ ਅਤੇ ਉਨ੍ਹਾਂ ਦੀਆਂ ਥਾਲੀਆਂ ਭਰਨ ਵਾਸਤੇ ਕਿਸਾਨ ਤਿਆਰੀ ਕਰ ਰਹੇ ਹਨ। ਰਾਵਣ ਨੂੰ ਪਟਾਕਿਆਂ ਨਾਲ ਲੱਦਿਆ ਜਾਵੇਗਾ ਅਤੇ ਖੇਤਾਂ 'ਚੋਂ ਪਰਾਲੀ ਕੱਢਣ ਦੀ ਤਿਆਰੀ ਹੋਵੇਗੀ। ਦੋਹਾਂ ਹੀ ਤਿਆਰੀਆਂ ਦਾ ਅੰਤ ਅੱਗਾਂ ਅਤੇ ਧੂੰਆਂ ਹੈ। ਜਿਥੇ ਸਰਕਾਰਾਂ ਚੌਕੀਦਾਰੀ ਕਰ ਕੇ ਕਿਸਾਨ ਦੀਆਂ ਮਸ਼ੀਨਾਂ ਜ਼ਬਤ ਕਰ ਰਹੀਆਂ ਹਨ ਤੇ ਉਸ ਉਤੇ ਭਾਰੀ ਜੁਰਮਾਨੇ ਲਾ ਰਹੀਆਂ ਹਨ, ਉਥੇ ਦੂਜੇ ਪਾਸੇ ਸਾਰੇ ਲੋਕ ਇਕੱਠੇ ਹੋ ਕੇ ਪੈਸੇ ਇਕੱਠੇ ਕਰ ਰਹੇ ਹਨ ਤਾਕਿ ਉਨ੍ਹਾਂ ਦਾ ਰਾਵਣ ਦੂਜੇ ਦੇ ਰਾਵਣ ਦੇ ਮੁਕਾਬਲੇ ਜ਼ਿਆਦਾ ਧੂਮ-ਧੜੱਕੇ ਨਾਲ ਸਾੜਿਆ ਜਾਵੇ।

ਰਾਵਣ ਨੂੰ ਮਾਰਨ ਦੇ ਇਸ ਤਰੀਕੇ ਨਾਲ ਕਿਸੇ ਦੇ ਅੰਦਰ ਦੀ ਬੁਰਾਈ ਨਹੀਂ ਮਰ ਜਾਣੀ ਪਰ ਫਿਰ ਵੀ ਇਹ ਦਾਅਵਾ ਧਰਮ ਦਾ ਨਾਂ ਵਰਤ ਕੇ, ਕੀਤਾ ਜਾ ਰਿਹਾ ਹੈ। ਰਾਵਣ ਨੂੰ ਸਾੜਨ 'ਚੋਂ ਉਪਜੇ ਧੂੰਏਂ ਤੇ ਪਾਬੰਦੀ ਨਹੀਂ ਲਗਦੀ ਪਰ ਕਿਸਾਨ ਦੀ ਖੇਤੀ ਤੇ ਪਾਬੰਦੀਆਂ ਲੱਗ ਰਹੀਆਂ ਹਨ ਜਦਕਿ ਵਿਚਾਰਾ ਕਿਸਾਨ ਨਾ ਸਿਰਫ਼ ਅਪਣੀ ਰੋਜ਼ੀ ਕਮਾ ਰਿਹਾ ਹੁੰਦਾ ਹੈ ਸਗੋਂ  ਸਾਰੇ ਦੇਸ਼ ਦਾ ਖ਼ਿਆਲ ਵੀ ਰਖ ਰਿਹਾ ਹੁੰਦਾ ਹੈ। ਪਰ ਕਿਸਾਨ ਦੀ ਫ਼ਸਲ ਦੇ ਧੂੰਏਂ ਨੂੰ ਧਰਮ ਦੀ ਪ੍ਰਵਾਨਗੀ ਨਾ ਮਿਲੀ ਹੋਣ ਕਰ ਕੇ ਹੀ ਅਪਣੀ ਕਿਰਤ ਦੀ ਕਮਾਈ ਕਰਨ ਵਾਲੇ ਕਿਸਾਨ ਨੂੰ ਸਾਡਾ ਸਮਾਜ ਕਸੂਰਵਾਰ ਕਹਿ ਰਿਹਾ ਹੈ।

ਦਿੱਲੀ ਵਲ ਹਵਾਵਾਂ ਚਲ ਪੈਣਗੀਆਂ ਅਤੇ ਦੋਸ਼ ਸਿਰਫ਼ ਸਾਡੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਖੇਤਾਂ 'ਚੋਂ ਚਲੀਆਂ ਹਵਾਵਾਂ ਸਿਰ ਹੀ ਮੜ੍ਹਿਆ ਜਾਣਾ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਲਈ ਸਾਹ ਲੈਣਾ ਵੀ ਔਖਾ ਬਣਾ ਦਿਤਾ ਹੈ। ਦਿੱਲੀ ਦੇ ਆਸਪਾਸ ਦੇ ਸਾਰੇ ਸੂਬਿਆਂ ਨੇ ਰਾਵਣ ਦੀ ਮੌਤ ਦਾ ਧੂੰਆਂ ਭੇਜਣਾ ਹੈ ਜੋ ਕਿ ਕਿਸਾਨਾਂ ਦੇ ਖੇਤਾਂ ਤੋਂ ਕਿਤੇ ਵੱਧ ਹੋਵੇਗਾ। ਅੱਜ ਦੀ ਤਰੀਕ ਕਿਸਾਨਾਂ ਵਲੋਂ 54-60% ਪਰਾਲੀ ਸਾੜਨ ਉਤੇ ਰੋਕ ਲੱਗ ਗਈ ਹੈ ਪਰ ਕੀ ਦਿੱਲੀ ਦੇ ਪ੍ਰਦੂਸ਼ਣ ਤੇ ਏਨਾ ਫ਼ਰਕ ਨਜ਼ਰ ਆਵੇਗਾ?

ਹਰ ਸਾਲ ਵਾਂਗ ਇਸ ਸਾਲ ਵੀ ਕਿਸਾਨਾਂ ਉਤੇ ਇਲਜ਼ਾਮ ਥੋਪਣ ਦੀ ਤਿਆਰੀ ਸ਼ੁਰੂ ਹੋ ਚੁਕੀ ਹੈ। ਕਿਸਾਨ ਹੈਪੀ ਸੀਡਰ ਦੇ ਕੰਮ ਨਾਲ ਖ਼ੁਸ਼ ਨਹੀਂ ਹੈ ਪਰ ਉਸ ਨੂੰ ਮਜਬੂਰ ਕੀਤਾ ਜਾ ਰਿਹੈ ਕਿ ਉਹ ਇਸ ਦੀ ਵਰਤੋਂ ਜ਼ਰੂਰ ਕਰੇ। ਸਰਕਾਰ ਇਸ ਵਾਰੀ 3000 ਕੰਬਾਈਨਾਂ ਜ਼ਬਤ ਕਰਨ ਦੀ ਤਿਆਰੀ ਵਿਚ ਹੈ ਜਿਨ੍ਹਾਂ ਵਿਚ ਸਰਕਾਰ ਮੁਤਾਬਕ ਤਬਦੀਲੀ ਨਹੀਂ ਕੀਤੀ ਗਈ, ਪਰ ਕੀ ਦਿੱਲੀ ਦੇ ਇਕ ਇਕ ਘਰ 'ਚੋਂ 5-5 ਗੱਡੀਆਂ ਵਿਚੋਂ ਇਕ ਵੀ ਜ਼ਬਤ ਕੀਤੀ ਜਾ ਰਹੀ ਹੈ?

ਦਿੱਲੀ ਨੂੰ ਬਚਾਉਣ ਵਾਸਤੇ ਭਾਵੇਂ ਖ਼ੁਦ ਸਰਕਾਰ ਨੇ ਕੁੱਝ ਕਦਮ ਚੁੱਕੇ ਹਨ ਪਰ ਕੀ ਉਹ ਉਸ ਤਰ੍ਹਾਂ ਦੀ ਸਖ਼ਤੀ ਵਿਖਾਂਦੇ ਹਨ ਜੋ ਕਿਸਾਨਾਂ ਤੇ ਕੀਤੀ ਜਾ ਰਹੀ ਹੈ? ਦਿੱਲੀ ਦੇ ਸਕੂਲਾਂ ਵਿਚ ਬੱਚੇ ਸਿਰਫ਼ ਬਸਾਂ ਤੇ ਆਉਣ ਨਹੀਂ ਤਾਂ ਜੁਰਮਾਨਾ ਲਾਉਣ ਦਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਦਿੱਲੀ ਵਿਚ ਬੱਚਿਆਂ ਦੀ ਛੁੱਟੀ ਸਮੇਂ ਸੜਕਾਂ ਜਾਮ ਹੋ ਜਾਂਦੀਆਂ ਹਨ ਅਤੇ ਗੱਡੀਆਂ ਦੇ ਪ੍ਰਦੂਸ਼ਣ ਦੀ ਹਾਨੀ ਤੋਂ ਸੱਭ ਵਾਕਫ਼ ਹਨ। ਇਕ ਪ੍ਰਵਾਰ ਨੂੰ ਕਿੰਨੀਆਂ ਗੱਡੀਆਂ ਚਾਹੀਦੀਆਂ ਹਨ, ਇਹ ਫ਼ੈਸਲਾ ਦਿੱਲੀ ਵਾਲੇ ਖ਼ੁਦ ਕਰਨ ਅਤੇ ਜੇ ਅਣਗਿਣਤ ਗੱਡੀਆਂ ਹੀ ਚਾਹੀਦੀਆਂ ਹਨ, ਫਿਰ ਸਾਫ਼ ਹਵਾ ਲਈ ਕਿਸਾਨਾਂ ਦੇ ਗਲ ਨਾ ਪੈਣ।

ਦਿੱਲੀ ਵਿਚ ਆਮ ਦਿਨਾਂ ਵਿਚ ਸਾਹ ਲੈਣਾ ਹੋਵੇ ਤਾਂ ਜਾਪਦਾ ਹੈ ਜਿਵੇਂ ਤੁਸੀਂ ਹਵਾ ਨਾਲ ਰੇਤਾ ਵੀ ਅੰਦਰ ਖਿੱਚ ਰਹੇ ਹੋ। ਇਸ ਗੰਦੀ ਹਵਾ 'ਚ ਹੁਣ ਦੁਸਹਿਰਾ ਅਤੇ ਦੀਵਾਲੀ ਦੇ ਪਟਾਕਿਆਂ ਦਾ ਘੋਲ ਪਾ ਲਵੋ ਅਤੇ ਫਿਰ ਉਹੀ ਕਾਲੀ ਹਵਾ ਬਣ ਕੇ ਤਿਆਰ ਹੋ ਜਾਵੇਗੀ। ਪਰ ਦਿੱਲੀ ਫਿਰ ਵੀ ਸਾਰਾ ਦੋਸ਼ ਕਿਸਾਨਾਂ ਦੇ ਸਿਰ ਹੀ ਮੜ੍ਹੇਗੀ। ਅਪਣੀਆਂ ਆਦਤਾਂ ਬਦਲਣ ਲਈ ਤਿਆਰ ਹੋਣ ਵਿਚ ਇਨ੍ਹਾਂ ਨੂੰ ਬਹੁਤ ਤਕੱਲੁਫ਼ ਕਰਨਾ ਪੈਂਦਾ ਹੈ। ਜਿਹੜੀ ਦਿੱਲੀ ਕਦੇ ਦਿਲ ਵਾਲਿਆਂ ਦੀ ਹੁੰਦੀ ਸੀ, ਅੱਜ ਸਖਣੇ ਦਿਲਾਂ ਦਾ ਸ਼ਹਿਰ ਹੈ। ਉਹ ਪੰਜਾਬ ਦੇ ਕਿਸਾਨਾਂ ਦੀ ਹਾਲਤ ਦੀ ਗੰਭੀਰਤਾ ਨਹੀਂ ਸਮਝ ਪਾ ਰਹੇ ਅਤੇ ਉਸ ਤੇ ਅਪਣੇ ਸੁੱਖ ਆਰਾਮ ਦਾ ਭਾਰ ਵੀ ਪਾ ਰਹੇ ਹਨ। ਸਿਆਸਤ ਵੀ ਉਨ੍ਹਾਂ ਮਾਹਰਾਂ ਉਤੇ ਨਿਰਭਰ ਹੈ ਜੋ ਅੱਗੇ ਉਦਯੋਗਪਤੀਆਂ ਤੇ ਧੰਨਾ ਸੇਠਾਂ ਉਤੇ ਨਿਰਭਰ ਹਨ। ਜਦੋਂ ਕਿਸਾਨਾਂ ਉਤੇ ਸਖ਼ਤੀ ਕਰਨ ਨਾਲ ਵੀ ਦਿੱਲੀ ਸਾਫ਼ ਨਹੀਂ ਹੋਵੇਗੀ ਤਾਂ ਫਿਰ ਕੀ ਕਰਨਗੇ ਇਹ ਲੋਕ ਅਤੇ ਕਿਸ ਨੂੰ ਅਪਣੀ ਹਾਰ ਦਾ ਸ਼ਿਕਾਰ ਬਣਾਉਣਗੇ?
                                                                                                                                            -ਨਿਮਰਤ ਕੌਰ