‘ਏਅਰ ਇੰਡੀਆ’ ਦਾ ‘ਮਹਾਰਾਜਾ’ ਵਾਪਸ ਇਸ ਦੇ ਬਾਨੀ ਟਾਟਾ ਕੋਲ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਭਾਰਤ ਵਿਚ ਮੁਕੇਸ਼ ਅੰਬਾਨੀ ਤੇ ਅਡਾਨੀ ਸੱਭ ਤੋਂ ਅਮੀਰ ਇਨਸਾਨ ਹਨ ਭਾਵੇਂ ਕਿ ਰਤਨ ਟਾਟਾ ਦਾ ਰੁਤਬਾ ਉਨ੍ਹਾਂ ਦੋਹਾਂ ਤੋਂ ਕਿਤੇ ਉੱਚਾ ਹੈ।

Air India's 'Maharaja' back to its founder Tata!

ਜਿਸ ਦੇਸ਼ ਵਿਚ ਗ਼ਰੀਬੀ ਅਮੀਰੀ ਦਾ ਅੰਤਰ ਸਿਖਰ ਤੇ ਹੋਵੇ ਤੇ ਵਪਾਰ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਵੇ, ਉਸ ਦੇਸ਼ ਵਿਚ ਟਾਟਾ ਵਲੋਂ ਏਅਰ ਇੰਡੀਆ ਦੀ ਨਿਲਾਮੀ ਜਿੱਤਣ ਤੇ ਖ਼ੁਸ਼ੀ ਮਨਾਈ ਜਾਣੀ ਹੈਰਾਨੀਜਨਕ, ਹੈ ਵੀ ਤੇ ਨਹੀਂ ਵੀ। ਮੋਦੀ ਸਰਕਾਰ ਇਸ ਜਿੱਤ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਲਗਦੀ ਪਰ ਜੇ ਅੰਬਾਨੀ ਜਾਂ ਅਡਾਨੀ ਜਿੱਤੇ ਹੁੰਦੇ ਤਾਂ ਸਰਕਾਰ ਦੇ ਰਵਈਏ ਤੇ ਲੋਕਾਂ ਦੀ ਰਾਏ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ। ਰਤਨ ਟਾਟਾ ਤੇ ਮੁਕੇਸ਼ ਅੰਬਾਨੀ ਦੀ ਸੋਚ ਦਾ ਅੰਤਰ ਹੀ ਲੋਕਾਂ ਦੀ ਸੋਚ ਵਿਚਲੇ ਅੰਤਰ ਦਾ ਸੂਚਕ ਹੈ। 

ਅੱਜ ਦੀ ਤਰੀਕ ਏਅਰ ਇੰਡੀਆ ਦਾ ਹਾਲ ਇਹ ਹੈ ਕਿ ਜੇ ਉਸ ਨੂੰ ਕੋਈ ਖ਼ਰੀਦਦਾਰ ਨਾ ਮਿਲਿਆ ਤਾਂ ਉਹ ਬੰਦ ਹੋ ਜਾਵੇਗੀ। ਇਹ ਸਚਮੁਚ ਦਾ ਇਕ ਦੁਖਾਂਤ ਹੋਵੇਗਾ ਕਿਉਂਕਿ ਏਅਰ ਇੰਡੀਆ ਭਾਰਤ ਦੀ ਪਹਿਲੀ ਉੜਾਨ ਸੀ ਜੋ ਕਿ ਇਕ ਭਾਰਤੀ ਪਾਇਲਟ ਨੇ ਹਵਾ ਵਿਚ ਉਡਾਈ ਸੀ। ਉਹ ਪਾਇਲਟ ਜਹਾਂਗੀਰ ਰਤਨ ਦਾਮੋਦਰ ਟਾਟਾ ਸੀ ਜਿਸ ਨੇ ਇਕ ਹਵਾਈ ਸਫ਼ਰ ਕਰਨ ਤੋਂ ਬਾਅਦ ਭਾਰਤ ਦੀ ਅਪਣੀ ਹਵਾਈ ਜਹਾਜ਼ ਕੰਪਨੀ ਬਣਾਉਣ ਦਾ ਸੁਪਨਾ ਵੇਖਿਆ ਸੀ। ਉਹ ਪਹਿਲਾ ਭਾਰਤੀ ਸੀ ਜਿਸ ਨੂੰ ਪਾਇਲਟ ਦਾ ਲਾਇਸੰਸ ਮਿਲਿਆ ਜਿਸ ਦਾ ਨੰ. 1 ਸੀ।

1932 ਵਿਚ ਇਕ ਹਵਾਈ ਜਹਾਜ਼ ਨਾਲ ਸ਼ੁਰੂ ਹੋਈ ਇਹ ਕੰਪਨੀ ਕਦੇ ਦੁਨੀਆਂ ਦੀ ਅਵੱਲ ਏਅਰ ਲਾਈਨਾਂ ਵਿਚੋਂ ਇਕ ਸੀ। 1960 ਵਿਚ ਜੇ.ਆਰ.ਡੀ. ਟਾਟਾ ਦੀ ਇਸ ਕੰਪਨੀ ਨੂੰ ਸਰਕਾਰੀ ਬਣਾ ਲਿਆ ਗਿਆ ਤੇ ਹੌਲੀ ਹੌਲੀ ਸਿਆਸਤਦਾਨਾਂ ਦੇ ਹੱਥ ਲੱਗੀ ਇਹ ਬੇਹਤਰੀਨ ਕੰਪਨੀ ਅੱਜ ਬੰਦ ਹੋਣ ਤੇ ਆ ਗਈ ਹੈ। ਜੇ 90 ਸਾਲਾਂ ਬਾਅਦ ਇਹ ਕੰਪਨੀ ਅੱਜ ਟਾਟਾ ਦੇ ਘਰ ਵਾਪਸ ਜਾਂਦੀ ਹੈ ਤਾਂ ਇਸ ਦੀ ਘਰ ਵਾਪਸੀ ਦਾ ਜਸ਼ਨ ਮਨਾਉਣ ਦੇ ਕਈ ਕਾਰਨ ਹਨ। ਪਹਿਲਾ ਤਾਂ ਇਹੀ ਕਿ ਜਿਸ ਘਰਾਣੇ ਦੇ ਸੁਪਨੇ ਤੇ ਮਿਹਨਤ ਨਾਲ ਇਹ ਹਵਾਈ ਕੰਪਨੀ ਸ਼ੁਰੂ ਹੋਈ ਸੀ, ਉਸ ਤੋਂ ਬਿਹਤਰ ਹੋਰ ਕੌਣ ਹੋਵੇਗਾ ਜੋ ਇਸ ਨੂੰ ਦੁਬਾਰਾ ਨੀਲ ਗਗਨ ਦਾ ‘ਮਹਾਰਾਜਾ’ ਬਣਾ ਦੇਵੇ।

ਦੂਜਾ ਕਾਰਨ ਇਹ ਹੈ ਕਿ ਟਾਟਾ ਗਰੁਪ ਵਾਸਤੇ ਭਾਵੇਂ ਏਅਰ ਇੰਡੀਆ ਹੋਵੇ, ਭਾਵੇਂ ਤਾਜ ਹੋਟਲ ਹੋਵੇ, ਉਨ੍ਹਾਂ ਅਪਣੇ ਰਾਸ਼ਟਰ ਪ੍ਰੇ੍ਰਮ ਨੂੰ ਹਮੇਸ਼ਾ ਸੱਭ ਤੋਂ ਅੱਗੇ ਰਖਿਆ ਹੈ। ਰਤਨ ਟਾਟਾ ਵਿਦੇਸ਼ ਵਿਚ ਪੜ੍ਹ ਕੇ ਆਏ ਸਨ। ਉਨ੍ਹਾਂ ਦਾ ਕੰਮ ਅਮਰੀਕਾ ਵਿਚ ਹੈ। ਉਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਹਨ ਤੇ ਉਹ ਏਅਰ ਇੰਡੀਆ ਨੂੰ ਸਿਰਫ਼ ਇਕ ਉਦਯੋਗ ਵਾਂਗ ਨਹੀਂ ਬਲਕਿ ਆਜ਼ਾਦ ਭਾਰਤ ਦੇ ਸੁਪਨਿਆਂ ਦੀ ਉਡਾਰੀ ਨੂੰ ਬਰਕਰਾਰ ਰਖਣ ਦੀ ਸੋਚ ਵਾਂਗ ਬਚਾਉਣ ਦੇ ਯਤਨ ਕਰਨਗੇ। ਪਰ ਮੁੱਖ ਕਾਰਨ ਰਤਨ ਟਾਟਾ ਦੀ ਸੋਚ ਹੈ ਜੋ ਸਾਰੇ ਟਾਟਾ ਗਰੁਪ ਵਿਚ ਝਲਕਦੀ ਹੈ। ਟਾਟਾ ਗਰੁਪ ਵਿਚ ਕੰਮ ਕਰਨ ਵਾਲੇ ਲੋਕ ਇਸ ਗਰੁਪ ਦਾ ਹਿੱਸਾ ਬਣਦੇ ਹਨ ਜਿਥੇ ਉਦਯੋਗ ਦੇ ਨਾਲ ਨਾਲ ਉਹ ਵੀ ਵਧਦੇ ਹਨ।

ਅੱਜ ਭਾਰਤ ਵਿਚ ਮੁਕੇਸ਼ ਅੰਬਾਨੀ ਤੇ ਅਡਾਨੀ ਸੱਭ ਤੋਂ ਅਮੀਰ ਇਨਸਾਨ ਹਨ ਭਾਵੇਂ ਕਿ ਰਤਨ ਟਾਟਾ ਦਾ ਰੁਤਬਾ ਉਨ੍ਹਾਂ ਦੋਹਾਂ ਤੋਂ ਕਿਤੇ ਉੱਚਾ ਹੈ। ਇਹ ਵੀ ਮੰਨਿਆ ਜਾਂਦਾ ਹੈ ਜੇ ਕਿ ਰਤਨ ਟਾਟਾ ਚੈਰਿਟੀ (ਦਾਨ) ਨਾ ਕਰਦੇ ਤਾਂ ਉਹ ਦੁਨੀਆਂ ਦੇ ਵੱਡੇ ਅਮੀਰਾਂ ਵਿਚ ਹੁੰਦੇ। ਟਾਟਾ ਗਰੁਪ ਦੀ ਪ੍ਰਵਾਰਕ ਦੌਲਤ ਵਿਚੋਂ 68 ਫ਼ੀ ਸਦੀ ਦੌਲਤ ਭਲਾਈ ਦੇ ਕੰਮਾਂ ਵਿਚ ਲਗਾਈ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੀ ਨਿਜੀ ਦੌਲਤ ਘੱਟ ਹੈ। ਰਤਨ ਟਾਟਾ ਵਲੋਂ ਭਾਰਤ ਵਿਚ ਹੀ ਨਹੀਂ ਬਲਕਿ ਅਮਰੀਕਾ ਵਿਚ ਵੀ ਭਲਾਈ ਦੇ ਕੰਮਾਂ ਵਿਚ ਯੋਗਦਾਨ ਦਿਤਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦਾ ਰੁਤਬਾ ਅੰਤਰਰਾਸ਼ਟਰੀ ਪੱਧਰ ਦਾ ਹੈ।

ਉਨ੍ਹਾਂ ਦੀ ਸੋਚ ਇਹ ਆਖਦੀ ਹੈ ਕਿ ਜਿਸ ਸਮਾਜ ਵਿਚ ਉਹ ਕੰਮ ਕਰ ਰਹੇ ਹਨ, ਜਿਸ ਤੋਂ ਉਹ ਅਮੀਰ ਬਣੇ ਹਨ, ਜੇ ਉਸ ਦੀ ਭਲਾਈ ਦਾ ਹਿੱਸਾ ਨਾ ਬਣਨ ਤਾਂ ਇਹ ਦੌਲਤ ਕਿਸ ਕੰਮ ਦੀ? ਪਰ ਨਾ ਉਹ ਅਪਣੇ ਭਲਾਈ ਕੰਮਾਂ ਦਾ ਢੰਡੋਰਾ ਪਿਟਦੇ ਹਨ ਤੇ ਨਾ ਉਹ ਅੱਗੋਂ ਵਧਣੋਂ ਹੀ ਰੁਕਦੇ ਹਨ। ਜੇ ਇਸ ਤਰ੍ਹਾਂ ਦੇ ਉਦਯੋਗਪਤੀ ਹੋਰ ਆ ਜਾਣ ਤਾਂ ਭਾਰਤ ਵਿਚ ਸਰਕਾਰਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਚਾਈਆਂ ਤੇ ਲਿਜਾਇਆ ਜਾ ਸਕਦਾ ਹੈ। ਜੇ ਟਾਟਾ ਖੇਤੀ ਵਿਚ ਆਉਣਾ ਚਾਹੁੰਦੇ ਤਾਂ ਕਿਸਾਨਾਂ ਲਈ ਸੜਕਾਂ ਤੇ ਬੈਠਣ ਦੀ ਨੌਬਤ ਨਾ ਆਉਂਦੀ। ਉਮੀਦ ਕਰਦੇ ਹਾਂ ਕਿ ਸਰਕਾਰ ਏਅਰ ਇੰਡੀਆ ਨੂੰ ਵਾਪਸ ਟਾਟਾ ਘਰਾਣੇ ਵਿਚ ਭੇਜ ਕੇ ਭਾਰਤ ਦੇ ਇਕ ਮਹਾਰਾਜੇ ਨੂੰ ਸਦੀਵੀ ਤੌਰ ਤੇ ਦੇਸ਼ ਦੀ ਸ਼ਾਨ ਬਣਨ ਦਾ ਮੌਕਾ ਦੇਵੇ।                 -ਨਿਮਰਤ ਕੌਰ