ਪ੍ਰਧਾਨ ਮੰਤਰੀ ਮੋਦੀ ਤੇ ਕਿਸਾਨਾਂ ਵਿਚਕਾਰ ਮਿਟ ਨਾ ਰਹੀ ਦੂਰੀ ਦੇ ਅਫ਼ਸੋਸਨਾਕ ਨਤੀਜੇ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦੂਜੇ ਪਾਸੇ ਨਫ਼ਰਤ, ਡਰ, ਰਾਸ਼ਟਰੀ ਸੁਰੱਖਿਆ, ਝੂਠੀ ਤੋਹਮਤਬਾਜ਼ੀ ਤੇ ਨਫ਼ਰਤ ਨਾਲ ਪੰਜਾਬੀ ਨਹੀਂ ਡਰਨ ਵਾਲੇ।

Photo

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਪੰਜਾਬ ਵਿਚ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਵਾਸਤੇ ਆ ਰਹੇ ਸਨ, ਨੂੰ ਬਿਨਾਂ ਅਪਣੀ ਰੈਲੀ ਨੂੰ ਸੰਬੋਧਨ ਕੀਤਿਆਂ ਹੀ, ਵਾਪਸ ਮੁੜਨਾ ਪਿਆ। ਇਹ ਸਚਮੁਚ ਬੜੀ ਦੁਖਦਾਈ ਗੱਲ ਹੋਈ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਅੱਜ ਵੀ ਪ੍ਰਧਾਨ ਮੰਤਰੀ ਤੇ ਕਿਸਾਨਾਂ ਵਿਚਕਾਰ ਦੂਰੀਆਂ ਬਰਕਰਾਰ ਹਨ। ਇਸ ਮਾਮਲੇ ਨੂੰ ਸਿਆਸੀ ਰੰਗਤ ਕਾਂਗਰਸ ਤੇ ਭਾਜਪਾ ਦੋਹਾਂ ਵਲੋਂ ਦਿਤੀ ਜਾ ਰਹੀ ਹੈ। ਭਾਜਪਾ ਵਲੋਂ ਕਾਂਗਰਸ ਸਰਕਾਰ ਉਤੇ ਕਮਜ਼ੋਰ ਸੁਰੱਖਿਆ ਪ੍ਰਬੰਧਾਂ ਦੇ ਦੋਸ਼ ਲਗਾਏ ਜਾ ਰਹੇ ਹਨ ਤੇ ਕਾਂਗਰਸ ਵਲੋਂ ਆਖਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਅਨੁਸਾਰ, ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਪਹੁੰਚਣਾ ਸੀ ਤੇ ਸੜਕ ਰਾਹੀਂ ਜਾਣ ਦਾ ਫ਼ੈਸਲਾ ਆਖ਼ਰੀ ਮੌਕੇ ਲਿਆ ਗਿਆ ਸੀ ਕਿਉਂਕਿ ਬਾਰਸ਼ ਕਾਰਨ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਸੀ ਹੋ ਸਕਦਾ।

ਪੰਜਾਬ ਪੁਲਿਸ ਨਾਲ ਐਸ.ਪੀ.ਜੀ ਵੀ ਸੜਕੀ ਸਫ਼ਰ ਵਾਸਤੇ ਤਿਆਰ ਨਹੀਂ ਸਨ ਕਿਉਂਕਿ ਉਹ ਅਪਣੇ ਕਾਫ਼ਲੇ ਵਿਚ ਰਸਮੀ 6-7 ਗੱਡੀਆਂ ਦੀ ਬਜਾਏ ਇਕੋ ਹੀ ਲੈ ਕੇ ਆਏ ਸਨ। ਪ੍ਰਧਾਨ ਮੰਤਰੀ ਨੇ ਬਠਿੰਡਾ ਵਾਪਸ ਪਹੁੰਚ ਕੇ ਅਪਣੀ ਜਾਨ ਬੱਚ ਜਾਣ ਦਾ ਵਿਅੰਗ ਤਾਂ ਕੱਸ ਦਿਤਾ ਪਰ ਅਸਲ ਵਿਚ ਉਨ੍ਹਾਂ ਦੀ ਜਾਨ ਨੂੰ ਪੰਜਾਬ ਵਿਚ ਕੋਈ ਖ਼ਤਰਾ ਨਹੀਂ ਸੀ ਤੇ ਨਾ ਹੀ ਹੋਵੇਗਾ। ਭਾਰਤ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰਖਣ ਵਾਲੇ ਪੰਜਾਬੀ ਅਪਣੀ ਨਰਾਜ਼ਗੀ ਦਾ ਪ੍ਰਗਟਾਵਾ ਸਾਊ ਲੋਕਾਂ ਵਾਂਗ ਤੇ ਪੂਰੇ ਸੰਜਮ ਨਾਲ ਕਰਨਾ ਚਾਹੁੰਦੇ ਸਨ ਨਾਕਿ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।

 

ਅਫ਼ਸੋਸ ਹੈ ਕਿ ਨਵੀਂ ਪਾਰਟੀ ਵਿਚ ਅਪਣੀ ਵਿਸ਼ੇਸ਼ ਥਾਂ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਤੇ ਮਨਜਿੰਦਰ ਸਿੰਘ ਸਿਰਸਾ ਹੁਣ ਇਸ ਸਾਰੇ ਮਾਮਲੇ ਨੂੰ ਆਈ.ਐਸ.ਆਈ. ਦੀ ਸੋਚ ਨਾਲ ਮੇਲਦੇ ਹੋਏ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਹ ਲੋਕ ਅਪਣੀ ਨਵੀਂ ਪਾਰਟੀ ਨੂੰ ਖ਼ੁਸ਼ ਕਰਨ ਵਿਚ ਇਸ ਕਦਰ ਮਸਰੂਫ਼ ਹਨ ਕਿ ਇਨ੍ਹਾਂ ਲਈ ਇਹ ਸਮਝਣਾ ਅਜੇ ਕਠਨ ਹੈ ਕਿ ਇਹੀ ਕਾਰਨ ਸਨ ਜਿਨ੍ਹਾਂ ਕਰ ਕੇ ਭਾਜਪਾ ਤੇ ਸਿੱਖਾਂ ਵਿਚਕਾਰ ਦੂਰੀਆਂ ਘੱਟ ਨਹੀਂ ਰਹੀਆਂ। ਸਿੱਖਾਂ ਦੀ ਨਾਰਾਜ਼ਗੀ ਨੂੰ ਸਮਝਣ ਦੀ ਥਾਂ, ਉਨ੍ਹਾਂ ਉਤੇ ਅਣਹੋਏ ਜਹੇ ਨਵੇਂ ਦੋਸ਼ ਥੱਪ ਕੇ ਅਪਣੇ ਆਪ ਨੂੰ ਦੁਧ ਧੋਤਾ ਸਾਬਤ ਕਰਨ ਦੀ ਚੇਸ਼ਟਾ ਹੀ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦੇਂਦੀ।

 

 

ਇਕ ਹੋਰ ਕਾਰਨ ਵੀ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ ਤੇ ਉਹ ਕਾਰਨ ਹੈ ਹਜ਼ਾਰਾਂ ਵਾਸਤੇ ਤਿਆਰ ਕੀਤੀ ਰੈਲੀ ਵਾਲੀ ਥਾਂ ਤੇ ਅੰਦਾਜ਼ਨ 500 ਲੋਕਾਂ ਦੀ ਮੌਜੂਦਗੀ। ਜੇ ਪ੍ਰਧਾਨ ਮੰਤਰੀ ਰੈਲੀ ਤੇ ਪਹੁੰਚੇ ਹੁੁੰਦੇ ਤਾਂ ਉਹ ਖ਼ਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਦੇ। ਅਸਲ ਨਿਰਾਸ਼ਾ ਦਾ ਸਾਹਮਣਾ ਉਨ੍ਹਾਂ ਨੂੰ ਉਦੋਂ ਕਰਨਾ ਪੈਂਦਾ। ਉਨ੍ਹਾਂ ਨੂੰ ਇਹੀ ਦਸਿਆ ਗਿਆ ਸੀ ਕਿ ਖੇਤੀ ਕਾਨੂੰਨ ਵਾਪਸ ਲੈਣ ਨਾਲ ਪੰਜਾਬ ਹੁਣ ਖ਼ੁਸ਼ ਹੋ ਜਾਵੇਗਾ ਤੇ ਕੁੱਝ ਨਵੇਂ ਵਾਅਦਿਆਂ ਨਾਲ ਉਹ ਪੰਜਾਬ ਦਾ ਦਿਲ ਜਿੱਤ ਲੈਣਗੇ। ਇਹ ਨਸੀਹਤ ਦੇਣ ਵਾਲੇ ਉਹ ਆਗੂ ਹਨ ਜਿਨ੍ਹਾਂ ਕਾਂਗਰਸ ਵਿਚ ਇਹੀ ਰਣਨੀਤੀ ਲਾਗੂ ਕਰਵਾਈ ਸੀ ਤੇ ਅੱਜ ਉਹ ਅਪਣੀ ਪਾਰਟੀ ਵਿਚੋਂ ਹੀ ਕੱਢੇ ਗਏ ਹਨ।

ਦੂਜੇ ਪਾਸੇ ਨਫ਼ਰਤ, ਡਰ, ਰਾਸ਼ਟਰੀ ਸੁਰੱਖਿਆ, ਝੂਠੀ ਤੋਹਮਤਬਾਜ਼ੀ ਤੇ ਨਫ਼ਰਤ ਨਾਲ ਪੰਜਾਬੀ ਨਹੀਂ ਡਰਨ ਵਾਲੇ। ਕਿਸਾਨ ਦੇ ਦਿਲ ਨੂੰ ਠੇਸ ਲੱਗੀ ਹੈ। ਉਹ ਚਾਹੁੰਦਾ ਹੈ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ 813 ਕਿਸਾਨਾਂ ਦੀ ਮੌਤ ਅਤੇ ਲਾਚਾਰੀ ਤੇ ਅਫ਼ਸੋਸ ਪ੍ਰਗਟ ਕਰੇ। ਉਹ ਚਾਹੁੰਦੇ ਹਨ ਕਿ ਲਖੀਮਪੁਰ ਕਾਂਡ ਦਾ ਅਸਲ ਖਲਨਾਇਕ ਕੇਂਦਰੀ ਮੰਤਰੀ ਅਪਣੇ ਅਹੁਦੇ ਤੋਂ ਹਟਾਇਆ ਜਾਵੇ।ਜਿਸ ਰਸਤੇ ਉਤੇ ਭਾਜਪਾ ਚਲਣਾ ਚਾਹ ਰਹੀ ਸੀ, ਕੀ ਉਹ ਫ਼ੇਲ੍ਹ ਹੋ ਗਿਆ ਹੈ? ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਫ਼ਤਿਹ ਜੰਗ ਬਾਜਵਾ ਰਲ ਕੇ ਇਕ ਮੈਦਾਨ ਤਕ ਨਾ ਭਰ ਸਕੇ।

 

ਭਾਵੇਂ ਚਰਚਾਵਾਂ ਵਿਚ, ਸੁਰੱਖਿਆ ਪ੍ਰਬੰਧਾਂ ਵਿਚ ਕਮੀ ਦਾ ਦੋਸ਼ ਲਾ ਕੇ, ਕਾਂਗਰਸ ਨੂੰ ਜਿੰਨਾ ਮਰਜ਼ੀ ਭੰਡ ਲਿਆ ਜਾਵੇ, ਅਸਲ ਕਾਰਨ ਰੈਲੀ ਦੀਆਂ ਖ਼ਾਲੀ ਕੁਰਸੀਆਂ ਸਨ ਤੇ ਭਾਜਪਾ ਨੂੰ ਬੈਠ ਕੇ ਸੋਚਣਾ ਪਵੇਗਾ ਕਿ ਆਖ਼ਰ ਅਜੇ ਵੀ ਕਿਸਾਨ ਏਨੇ ਨਰਾਜ਼ ਕਿਉਂ ਹਨ? ਕਿਸਾਨਾਂ ਨੂੰ ਕਾਂਗਰਸ ਰਾਜ ਵਿਚ ਸਿਰਫ਼ ਪੰਜਾਬ ਵਿਚ ਹੀ ਪੂਰੀ ਖੁਲ੍ਹ ਮਿਲੀ ਹੋਈ ਹੈ ਤੇ ਇਥੇ ਹੀ ਉਹ ਸੱਚੀ ਤਸਵੀਰ ਦਿਸ ਰਹੀ ਹੈ ਜਿਸ ਵਲ ਵੇਖ ਕੇ, ਭਾਜਪਾ ਚਾਹੇ ਤਾਂ ਅਸਲੀਅਤ ਨੂੰ ਪਹਿਚਾਣ ਸਕਦੀ ਹੈ।   -ਨਿਮਰਤ ਕੌਰ