Editorial: ਭਾਈ ਕਾਉਂਕੇ ਦੀ ਸ਼ਹਾਦਤ ਦਾ ਅਫ਼ਸੋਸਨਾਕ ਸੱਚ ਤੇ ਸੱਤਾ ਦੀ ਸਵਾਰੀ ਕਰਦੇ ਅਕਾਲੀਆਂ ਦਾ ਉਸ ਤੋਂ ਵੀ ਕੌੜਾ ਸੱਚ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਹੜੀ ਤਬਾਹੀ ਇੰਦਰਾ ਗਾਂਧੀ ਨੇ ਸ਼ੁਰੂ ਕੀਤੀ ਸੀ, ਉਸ ਨੂੰ ਅੱਜ ਅਪਣੇ ਆਪ ਨੂੰ ਪੰਥਕ ਆਗੂ ਅਖਵਾਉਣ ਵਾਲੇ ਅਕਾਲੀ ਲੋਕ, ਅਕਾਲੀ ਦਲ ਦਾ ਨਾਂ ਵਰਤ ਕੇ ਅੱਗੇ ਵਧਾ ਰਹੇ ਹਨ।

Gurdev Singh Kaunke

Editorial: ਜਥੇਦਾਰ ਕਾਉਂਕੇ ਦੀ ਮੌਤ ਦੇ ਸੱਚ ਦਾ 31 ਸਾਲਾਂ ਬਾਅਦ ਬਾਹਰ ਆਉਣਾ ਅਪਣੇ ਆਪ ਵਿਚ ਹੀ ਬੜੇ ਅਫ਼ਸੋਸ ਦੀ ਗੱਲ ਹੈ। ਜਿਹੜਾ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਜਾਂ ਸਿੱਖ ਸਰਕਾਰ ਹੋਵੇ ਤਾਂ ਸਿੱਖਾਂ ਦੇ ਹਿਤਾਂ ਦਾ ਧਿਆਨ ਤਾਂ ਜ਼ਰੂਰ ਰੱਖੇਗੀ, ਉਹ ਹੁਣੇ ਬੀਤ ਚੁਕੇ ਭਲੇ ਵੇਲਿਆਂ ਦੀ ਗੱਲ ਬਣ ਗਈ ਹੈ। ਪੰਜਾਬ ਵਿਚ ਅਕਾਲੀ ਸਰਕਾਰਾਂ ਨੇ ਸਿੱਖਾਂ, ਪੰਜਾਬ ਤੇ ਪੰਜਾਬੀ ਦਾ ਜ਼ਿਆਦਾ ਨੁਕਸਾਨ ਕੀਤਾ ਹੈ, ਕਿਉਂਕਿ ਹਾਕਮ ਦੀ ਕੁਰਸੀ ਤੇ ਬੈਠ ਕੇ ਅਕਾਲੀ ਹਾਕਮ ਵੀ ਕੌਮੀ ਹਿਤਾਂ ਦੀ ਬਜਾਏ ਨਿਜੀ ਹਿਤਾਂ ਦੀ ਰਾਖੀ ਨੂੰ ਹੀ ਪਹਿਲ ਦੇਣ ਲਗਦੇ ਹਨ। ਹੋਰ ਗੱਲਾਂ ਛੱਡੋ, ਜਥੇਦਾਰ ਕਾਉਂਕੇ ਦੀ ਸ਼ਹਾਦਤ ਦਾ ਪੂਰਾ ਪਤਾ ਅਕਾਲੀ ਸਰਕਾਰ ਨੂੰ ਸੀ ਪਰ ਇਸ ਨੇ ਜਾਣਬੁੱਝ ਕੇ ਇਸ ਨੂੰ ਲੁਕਾਈ ਰਖਿਆ।

ਸੱਤਾਧਾਰੀ ਅਕਾਲੀ ਨਿਝੱਕ ਹੋ ਕੇ ਆਪ ਵੀ ਸਿੱਖ ਹਿਤਾਂ ਨੂੰ ਅਣਗੌਲਿਆਂ ਕਰਨ ਲਗਦੇ ਹਨ ਤੇ ਅਕਾਲ ਤਖ਼ਤ ਦੇ ‘ਜਥੇਦਾਰਾਂ’ ਨੂੰ ਵੀ ਸਿੱਖਾਂ ਤੇ ਸਿੱਖੀ ਨਾਲ ਵੈਰ ਕਮਾਉਣ ਦੇ ਆਹਰੇ ਲਾ ਦੇਂਦੇ ਹਨ। ਕੋਈ ਗ਼ੈਰ-ਅਕਾਲੀ ਸਰਕਾਰ ਇਹ ਨਹੀਂ ਕਰ ਸਕਦੀ। ਜਥੇਦਾਰ ਕਾਉਂਕੇ ਵਰਗੇ ਹੋਰ ਬੜੇ ਸਿੱਖਾਂ ਨੂੰ ਬਹੁਤ ਹੀ ਦਰਦਨਾਕ ਤਰੀਕੇ ਨਾਲ ਖ਼ਤਮ ਕੀਤਾ ਗਿਆ ਤੇ ਜਿਹੜੇ ਕਾਰਨਾਂ ਕਰ ਕੇ ਭਾਈ ਰਾਜੋਆਣਾ ਵਰਗਿਆਂ ਨੇ ਅਪਣੇ ਆਪ ਨੂੰ ਕੁਰਬਾਨ ਕਰਨ ਦਾ ਫ਼ੈਸਲਾ ਕੀਤਾ ਸੀ, ਉਸ ਦੇ ਕਾਰਨ ਘੋਟਣਾ ਵਰਗੇ ਪੁਲਿਸ ਅਫ਼ਸਰ ਹੀ ਸਨ। ਪਹਿਲਾਂ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ ਗਿਆ, ਫਿਰ ਆਵਾਜ਼ ਚੁੱਕਣ ਦੀ ਕੋਸ਼ਿਸ਼ ਤੇ ਦਰਬਾਰ ਸਾਹਿਬ ਉਤੇ ਫ਼ੌਜ ਦਾ ਹਮਲਾ ਕਰਵਾਇਆ ਗਿਆ ਅਤੇ ਫਿਰ ਚੁਣ ਚੁਣ ਕੇ ਹੱਕ ਮੰਗਣ ਵਾਲੀ ਹਰ ਆਵਾਜ਼ ਨੂੰ ਗੁਰਦੇਵ ਸਿੰਘ ਕਾਉਂਕੇ ਵਾਂਗ ਜਾਂ ਜਸਵੰਤ ਸਿੰਘ ਖਾਲੜਾ ਵਾਂਗ ਬੰਦ ਕਰ ਦਿਤਾ ਗਿਆ।

ਪਰ ਅਫ਼ਸੋਸ ਕਿ ਕਹਾਣੀ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ।  ਕਹਾਣੀ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਜੋ ਰੀਪੋਰਟ ਤਦ ਦੇ ਐਸ.ਐਚ.ਓ. ਗੁਰਮੀਤ ਸਿੰਘ ਵਲੋਂ ਜਥੇਦਾਰ ਕਾਉਂਕੇ ਨੂੰ ਖ਼ਤਮ ਕਰਨ ਲਈ ਵਰਤੀ ਗਈ ਤੇ ਹੈਵਾਨੀਅਤ ਦਾ ਸੱਚ ਦਸਦੀ ਹੈ, ਉਹ 1998 ਵਿਚ ਬਾਦਲ ਸਰਕਾਰ ਨੂੰ ਦੇ ਦਿਤੀ ਗਈ ਸੀ ਜਿਨ੍ਹਾਂ ਨੇ ਅਪਣੇ 25 ਸਾਲਾਂ ਦੇ ਰਾਜ ਵਿਚ ਇਸ ਨੂੰ ਕਦੇ ਜਨਤਕ ਨਹੀਂ ਕੀਤਾ ਪਰ ਵਰਦੀਧਾਰੀ ਜਲਾਦ ਨੂੰ ਮਾਸੂਮ ਨੌਜੁਆਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਵਾਸਤੇ ਤਰੱਕੀਆਂ ਤੇ ਪੈਸਾ ਦਿਤਾ ਗਿਆ। ਕਾਂਗਰਸ ਸਰਕਾਰ ਤੋਂ ਕੀ ਉਮੀਦ ਰੱਖੀ ਜਾ ਸਕਦੀ ਸੀ ਕਿਉਂਕਿ ਇਸ ਦੀ ਸ਼ੁਰੂਆਤ ਹੀ ਉਸ ਨੇ ਕੀਤੀ ਸੀ ਪਰ ਅਕਾਲੀ ਸਰਕਾਰ ਨੇ ਜਲਾਦ ਘੋਟਣਾ ਨੂੰ ਬਚਾਅ ਕੇ ਰੱਖਣ ਤੋਂ ਇਲਾਵਾ ਹੋਰ ਵੀ ਬੜਾ ਕੁੱਝ ਦਿਤਾ। ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਸਾਹਮਣੇ ਆ ਕੇ ਦਸਿਆ ਹੈ ਕਿ ਕਿਸ ਤਰ੍ਹਾਂ ਜਲਾਦ ਘੋਟਣਾ ਨੇ ਹਿਰਾਸਤ ਵਿਚ ਇਕ ਕਾਰਜਕਾਰੀ ਜਥੇਦਾਰ ਨੂੰ ਹੈਵਾਨੀਅਤ ਨਾਲ ਕੋਹ ਕੋਹ ਕੇ ਮਾਰਿਆ ਤੇ ਅਖ਼ੀਰ ਜਿਸ ਦੇ ਸ੍ਰੀਰ ਨੂੰ ਟੋਟੇ ਟੋਟੇ ਕਰ ਕੇ ਨਹਿਰ ਵਿਚ ਸੁਟ ਦਿਤਾ।

ਪਰ ਕਹਾਣੀ ਇਥੇ ਹੀ ਖ਼ਤਮ ਨਹੀਂ ਹੁੰਦੀ ਤੇ ਹੁਣ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਹੋਰ ਦਰਦਨਾਕ ਤੱਥ ਸਾਹਮਣੇ ਰੱਖੇ ਗਏ ਹਨ। ਉਨ੍ਹਾਂ ਦਸਿਆ ਹੈ ਕਿ ਅੱਜ ਦੇ ਸਾਰੇ ਐਸ.ਜੀ.ਪੀ.ਸੀ. ਦੀਆਂ ਕੁਰਸੀਆਂ ’ਤੇ ਬੈਠੇ ਅਧਿਕਾਰੀ ਉਹ ਹਨ ਜਿਨ੍ਹਾਂ ਨੇ ਭਾਈ ਬਲਦੇਵ ਸਿੰਘ ਵਰਗੇ ਹੋਰ ਸੇਵਾਦਾਰਾਂ ਨੂੰ ਜਲਾਦ ਪੁਲਿਸ ਅਫ਼ਸਰ ਦੇ ਭੋਗ ’ਤੇ ਕੀਰਤਨ ਅਤੇ ਅਰਦਾਸ ਕਰਨ ਤੋਂ ਇਨਕਾਰ ਕਰਨ ’ਤੇ ਸ਼੍ਰੋਮਣੀ ਕਮੇਟੀ ਦੀ ਨੌਕਰੀ ਤੋਂ ਬਾਹਰ ਕਰ ਦਿਤਾ ਸੀ।

ਅੱਜ ਉਹੀ ਲੋਕ ਐਸ.ਜੀ.ਪੀ.ਸੀ. ਦੇ ਉੱਚ ਅਹੁਦਿਆਂ ’ਤੇ ਬੈਠ ਕੇ ਬੰਦੀ ਸਿੰਘਾਂ ਨੂੰ ਤੇ ਆਮ ਸਿੱਖਾਂ ਨੂੰ ਭਾਵੁਕ ਬਣਾ ਕੇ ਅਪਣੇ ਆਪ ਨੂੰ ਪੰਥਕ ਸਾਬਤ ਕਰਨ ਦੇ ਯਤਨ ਕਰ ਰਹੇ ਹਨ ਜਦਕਿ ਸਿੱਖ ਕੌਮ ਦੇ ਹਰ ਹੱਕ ਨੂੰ ਪੈਰਾਂ ਹੇਠ ਲਤਾੜਨ ਵਿਚ ਇੰਦਰਾ ਨਾਲ ਇਹ ਆਪ ਹੀ ਰਲੇ ਹੋਏ ਸਨ, ਇਸੇ ਕਰ ਕੇ ਇੰਦਰਾ ਨੇ ਇਨ੍ਹਾਂ ਨੂੰ ਮੁੜ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਕਰਵਾ ਦਿਤਾ ਸੀ। ਜਿਹੜੇ ਲੋਕ 23 ਸਾਲ ਪੰਜਾਬ ’ਤੇ ਰਾਜ ਕਰਨ ਦੌਰਾਨ ਕਦੇ ਵੀ ਕਿਸੇ ਬੰਦੀ ਸਿੰਘ ਦੇ ਹੱਕ ਵਿਚ ਨਹੀਂ ਬੋਲੇ ਤੇ ਜਲਾਦ ਅਫ਼ਸਰਾਂ ਵਿਰੁਧ ਸਖ਼ਤ ਕਦਮ ਚੁੱਕਣ ਦੀ ਬਜਾਏ, ਉਨ੍ਹਾਂ ਦੀਆਂ ਛਾਤੀਆਂ ’ਤੇ ਡੀਜੀਪੀ ਤਕ ਦੇ ਤਗ਼ਮੇ ਲਗਾਉਂਦੇ ਰਹੇ, ਜਿਨ੍ਹਾਂ ਅਪਣੀ ਚਾਪਲੂਸੀ ਕਰਨ ਵਾਲਿਆਂ ਦੇ ਹੱਥ ਵਿਚ ਸਿੱਖ ਸੰਸਥਾਵਾਂ ਦੀ ਵਾਗਡੋਰ ਫੜਾ ਕੇ ਸਿੱਖਾਂ ਨੂੰ ਗੁਰੂ ਤੋਂ ਦੂਰ ਕਰਨ ਦੀ ਸਾਜ਼ਿਸ਼ ਰਚੀ, ਉਹ ਅੱਜ ਅਪਣੇ ਆਪ ਨੂੰ ਪੰਥਕ ਸਾਬਤ ਕਰਨ ਵਿਚ ਲੱਗੇ ਹੋਏ ਹਨ।

ਹਰ ਪੰਥਕ ਮੁੱਦਾ ਭੁਲਾ ਕੇ ਸਾਰੇ ਬਾਗ਼ੀ ਅਕਾਲੀ ਆਗੂ ਇਨ੍ਹਾਂ ਵਿਚ ਸ਼ਾਮਲ ਹੁੰਦੇ ਜਾ ਰਹੇ ਹਨ ਤੇ ਆਖ ਰਹੇ ਹਨ ਕਿ ਇਹ ਪੰਥ ਦੀ ਏਕਤਾ ਵਾਸਤੇ ਕੀਤਾ ਜਾ ਰਿਹਾ ਹੈ ਪਰ ਅਸਲ ਵਿਚ ਇਹ ਅਪਣੀ ਕੁਰਸੀ ਤੇ ਤਿਜੋਰੀ ਵਾਸਤੇ ਸਿੱਖਾਂ ਦੇ ਜ਼ਖ਼ਮਾਂ ਨੂੰ ਰਿਸਦੇ ਛੱਡ ਕੇ ਅਪਣੀ ਰੋਜ਼ੀ ਰੋਟੀ ਲਈ ਸਿੱਖ ਸਿਧਾਂਤਾਂ ਦੀ ਬਲੀ ਦੇ ਰਹੇ ਹਨ। ਜਿਹੜੀ ਤਬਾਹੀ ਇੰਦਰਾ ਗਾਂਧੀ ਨੇ ਸ਼ੁਰੂ ਕੀਤੀ ਸੀ, ਉਸ ਨੂੰ ਅੱਜ ਅਪਣੇ ਆਪ ਨੂੰ ਪੰਥਕ ਆਗੂ ਅਖਵਾਉਣ ਵਾਲੇ ਅਕਾਲੀ ਲੋਕ, ਅਕਾਲੀ ਦਲ ਦਾ ਨਾਂ ਵਰਤ ਕੇ ਅੱਗੇ ਵਧਾ ਰਹੇ ਹਨ।
- ਨਿਮਰਤ ਕੌਰ