Editorial: ਕੈਨੇਡਾ ਨੇ ਭਾਰਤੀਆਂ ਲਈ ਉਥੇ ਹੋਰ ਦੋ ਸਾਲ ਲਈ ਜਾਇਦਾਦ ਖ਼ਰੀਦਣ ਤੇ ਪਾਬੰਦੀ ਕਿਉਂ ਲਗਾਈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਆਸਟ੍ਰੇਲੀਆ ਵੀ ਵਿਦਿਆਰਥੀਆਂ ਵਾਸਤੇ ਨਿਯਮਾਂ ਵਿਚ ਕੈਨੇਡਾ ਵਾਂਗ ਸਖ਼ਤੀ ਲਿਆਉਣ ਦੀ ਤਿਆਰੀ ਵਿਚ ਹੈ।

Why did Canada ban Indians from buying property there for another two years?

Editorial: ਕੈਨੇਡਾ ਨੇ ਨਵੇਂ ਨਿਯਮ ਬਣਾਏ ਹਨ ਜਿਨ੍ਹਾਂ ਮੁਤਾਬਕ ਹੁਣ ਅਗਲੇ ਦੋ ਸਾਲ ਵਾਸਤੇ ਪ੍ਰਵਾਸੀ ਲੋਕ ਕੈਨੇਡਾ ’ਚ ਘਰ ਨਹੀਂ ਖ਼ਰੀਦ ਸਕਦੇ। ਦਸਿਆ ਗਿਆ ਹੈ ਕਿ ਇਹ ਕਦਮ ਕੈਨੇਡਾ ਵਿਚ ਘਰਾਂ ਦੀ ਕਮੀ ਨਾਲ ਨਜਿਠਣ ਲਈ ਕੀਤਾ ਗਿਆ ਹੈ ਕਿਉਂਕਿ ਪ੍ਰਵਾਸੀ ਕੈਨੇਡਾ ਵਿਚ ਮਿਲਦੇ ਸਸਤੇ ਘਰਾਂ ਦੀ ਨੀਤੀ ਦਾ ਫ਼ਾਇਦਾ ਬਹੁਤ ਜ਼ਿਆਦਾ ਉਠਾ ਰਹੇ ਸਨ ਤੇ ਕੈਨੈਡਾ ਦੇ ਨਾਗਰਿਕਾਂ ਵਿਚ ਬੇਘਰਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਸੀ।

ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਹ ਕੱਟੜਵਾਦ ਦੀ ਵਧਦੀ ਰਾਜਨੀਤੀ ਦਾ ਅਸਰ ਹੈ ਕਿਉਂਕਿ ਕੈਨੇਡਾ ਦੇ ਵੱਖ ਵੱਖ ਸੂਬਿਆਂ ਵਿਚ ਪ੍ਰਵਾਸੀਆਂ ਦੇ ਘਰਾਂ ਦੀ ਹਿੱਸੇਦਾਰੀ ਦੋ ਫ਼ੀ ਸਦੀ ਤੋਂ ਲੈ ਕੇ ਛੇ ਫ਼ੀਸਦੀ ਤਕ ਹੈ। ਪਰ ਇਸ ਕਦਮ ਨੇ ਸਾਬਤ ਕਰ ਦਿਤਾ ਹੈ ਕਿ ਕੈਨੇਡਾ ਦੀ ਸਰਕਾਰ ਵਾਸਤੇ ਪ੍ਰਵਾਸੀਆਂ ਦਾ ਰੁਤਬਾ ਸਾਡੇ ਸੂਬੇ ਵਿਚ ਰਹਿੰਦੇ ਪ੍ਰਵਾਸੀਆਂ ਵਰਗਾ ਹੀ ਬਣ ਰਿਹਾ ਹੈ। ਅਸੀ ਆਮ ਵੇਖਿਆ ਹੈ ਕਿ ਕਦੇ ਮਹਾਰਾਸ਼ਟਰ ਵਿਚ ਤੇ ਕਦੇ ਕਦੇ ਸਾਡੇ ਪੰਜਾਬ ਵਿਚ ਵੀ ਪ੍ਰਵਾਸੀ ਮਜ਼ਦੂਰਾਂ ਦੀ ਦੂਜੀ ਪੀੜ੍ਹੀ ਦੀ ਚੜ੍ਹਤ ਤੇ ਨਾਰਾਜ਼ਗੀ ਆ ਜਾਂਦੀ ਹੈ ਤੇ ਮੁੱਠੀ ਭਰ ਲੋਕ ਬਹੁਮਤ ਲਈ ਖ਼ਤਰਾ ਲੱਗਣ ਲੱਗ ਜਾਂਦੇ ਹਨ।

ਕੈਨੇਡਾ ਨੇ ਪਿਛਲੇ ਕੁੱਝ ਸਮੇਂ ਵਿਚ ਵਿਦਿਆਰਥੀਆਂ ਦੇ ਦੇਸ਼ ਵਿਚ ਆਉਣ ਦੇ ਨਿਯਮਾਂ ਨੂੰ ਲੈ ਕੇ ਸਖ਼ਤੀ ਕੀਤੀ ਹੋਈ ਹੈ। ਪਹਿਲਾਂ ਉਨ੍ਹਾਂ ਵੀਜ਼ੇ ਵਾਸਤੇ ਬੈਂਕ ਵਿਚ ਰੱਖੇ ਪੈਸੇ ਦੀ ਰਕਮ ਦੁਗਣੀ ਕੀਤੀ, ਰਹਿਣ ਸਹਿਣ ਵਾਸਤੇ ਖ਼ਰਚੇ ਦੀ ਲੋੜ ਵਧਾਈ ਤੇ ਫਿਰ ਜੀਵਨ ਸਾਥੀ ਲਈ ਵੀਜ਼ੇ ’ਤੇ ਜਾਣ ਦਾ ਰਸਤਾ ਵੀ ਬੰਦ ਕਰ ਦਿਤਾ।
ਇਹ ਕਦਮ ਪੰਜਾਬ ’ਚ ਖ਼ਾਸ ਕਰ ਕੇ ਇਕ ਵੱਡੀ ਚਿੰਤਾ ਲਗਾ ਗਈ ਹੈ ਕਿਉਂਕਿ ਅੱਜ ਪੰਜਾਬ ਵਿਚ ਚਲ ਰਿਹਾ ਸੱਭ ਤੋਂ ਵੱਡਾ ਵਪਾਰ ਵਿਦੇਸ਼ਾਂ ਨੂੰ ਜਾਣ ਦੀ ਤਿਆਰੀ ਕਰਦੇ ਆਈਲੈਟ ਕੇਂਦਰ ਜਾਂ ਵੀਜ਼ਾ ਤੇ ਇਮੀਗ੍ਰੇਸ਼ਨ ਕੇਂਦਰ ਹਨ।

ਇਹ ਦੁਕਾਨਾਂ ਚੱਪੇ ਚੱਪੇ ’ਤੇ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਵੀ ਵੱਧ ਗਿਣਤੀ ਵਿਚ ਹਨ ਤੇ ਇਨ੍ਹਾਂ ਦਾ ਵੱਡਾ ਧੰਦਾ ਚਲਦਾ ਹੈ। ਇਕ ਪਾਸੇ ਸਹੀ ਰਸਤੇ ਵਲ ਭੇਜਣ ਵਾਲੇ ਤੇ ਦੂਜੇ ਪਾਸੇ ਡੰਕੀ ਲਗਾ ਕੇ ਭੇਜਣ ਵਾਲੇ ਏਜੰਟ ਹਨ। ਡੰਕੀ ਦਾ ਰਸਤਾ ਵੀ ਹੁਣ ਵਿਦੇਸ਼ੀ ਸਰਕਾਰਾਂ ਦੀ ਨਜ਼ਰ ਵਿਚ ਹੈ ਜਿਵੇਂ ਅਸੀ ਵੇਖਿਆ ਕਿ ਫ਼ਰਾਂਸ ਨੇ ਇਕ ‘ਡੰਕੀਆਂ’ ਨਾਲ ਲੱਦਿਆ ਹਵਾਈ ਜਹਾਜ਼ ਹੀ ਵਾਪਸ ਭੇਜ ਦਿਤਾ। ਕਈ ਲੋਕ ਚਿੰਤਾ ਵੀ ਜਤਾਉਂਦੇ ਹਨ ਕਿ ਪੰਜਾਬ ਦਾ ਪੈਸਾ, ਵੀਜ਼ਿਆਂ, ਪਾਸਪੋਰਟਾਂ ਅਤੇ ਵਿਦੇਸ਼ਾਂ ਵਿਚ ਪੜ੍ਹਾਈ ਵਲ ਜਾ ਰਿਹਾ ਹੈ ਪਰ ਹਿਸਾਬ ਵਿਚ ਇਹ ਜੋੜਨਾ ਭੁਲ ਜਾਂਦੇ ਹਨ ਕਿ ਪ੍ਰਵਾਸੀ ਭਾਰਤ ਨੂੰ ਮੁੜ ਜੀ.ਡੀ.ਪੀ. ਦਾ 3 ਫ਼ੀ ਸਦੀ ਵਾਪਸ ਭੇਜ ਦੇਂਦੇ ਹਨ ਜੋ ਕਿ ਲਾਗਤ ਤੋਂ ਵੱਧ ਬਣਦਾ ਹੈ। ਇਸ ਰਸਤੇ ਪੈਸਾ ਵਾਪਸ ਆਉਣੋਂ ਰੁਕਣਾ ਵੀ ਭਾਰਤ ਤੇ ਪੰਜਾਬ ਦਾ ਨੁਕਸਾਨ ਕਰੇਗਾ।

ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਆਸਟ੍ਰੇਲੀਆ ਵੀ ਵਿਦਿਆਰਥੀਆਂ ਵਾਸਤੇ ਨਿਯਮਾਂ ਵਿਚ ਕੈਨੇਡਾ ਵਾਂਗ ਸਖ਼ਤੀ ਲਿਆਉਣ ਦੀ ਤਿਆਰੀ ਵਿਚ ਹੈ। ਇਥੇ ਸਾਨੂੰ ਸਮਝਣਾ ਹੋਵੇਗਾ ਕਿ ਸਾਡਾ ਵੀ ਕਸੂਰ ਥੋੜਾ ਨਹੀਂ ਕਿਉਂਕਿ ਅਸੀ ਅਪਣੀ ਛਵੀ ਨੂੰ ਇਸ ਕਦਰ ਖ਼ਰਾਬ ਕੀਤਾ ਹੈ ਕਿ ਜਿਹੜੇ ਦੇਸ਼ ਸਾਨੂੰ ਅਪਣੇ ਸਿਸਟਮ ਦਾ ਹਿੱਸਾ ਬਣਾਉਂਦੇ ਸਨ, ਅੱਜ ਅਪਣੇ ਦਰਵਾਜ਼ਿਆਂ ਤੇ ਸਾਡੇ ਵਾਸਤੇ ਜੰਦਰਾ ਲਗਾਉਣ ਬਾਰੇ ਸੋਚ ਰਹੇ ਹਨ।

ਅਸੀ ਕਿਸ ਤਰ੍ਹਾਂ ਇਕ ਅਣਚਾਹੇ ਮਹਿਮਾਨ ਬਣੇ, ਇਸ ਬਾਰੇ ਅਸੀ ਆਪ ਵੀ ਜਾਣੂ ਹਾਂ। ਜਦ ਤਕ ਅਸੀ ਜਾ ਕੇ ਵਿਦੇਸ਼ਾਂ ਦੀ ਤਰੱਕੀ ’ਚ ਯੋਗਦਾਨ ਪਾਉਂਦੇ ਰਹਾਂਗੇ, ਦਰਵਾਜ਼ੇ ਖੁਲ੍ਹੇ ਰਹਿਣਗੇ ਪਰ ਜਦ ਮਹਿਮਾਨ-ਨਿਵਾਜ਼ੀ ਦੀ ਦੁਰਵਰਤੋਂ ਹੋਵੇਗੀ ਤਾਂ ਫਿਰ ਇਸੇ ਤਰ੍ਹਾਂ ਦੇ ਹਾਲਾਤ ਹੀ ਬਣਨਗੇ। ਕਾਨੂੰਨ ਦੀ ਦੁਰਵਰਤੋਂ, ਡੰਕੀ, ਆਈਲੈਟਸ ਵਾਲੇ ਵਿਆਹ, ਕਾਲਜ ਦੀਆਂ ਫ਼ਰਜ਼ੀ ਡਿਗਰੀਆਂ ਦੀ ਆੜ ਵਿਚ ਵਿਦੇਸ਼ਾਂ ਵਿਚ ਗ਼ਲਤ ਰਾਹ, ਗੁੰਡੇ ਤੇ ਨਸ਼ੇ ਦੇ ਗਿਰੋਹਾਂ ਨੇ ਸਚਮੁਚ ਹੀ ਲੋਕਾਂ ਦੇ ਰਸਤੇ ਮੁਸ਼ਕਲਾਂ ਨਾਲ ਭਰ ਦਿਤੇ ਹਨ। ਅੱਜ ਪੰਜਾਬ ਵਿਚ ਇਨ੍ਹਾਂ ਪ੍ਰਤੀ ਜਾਗਰੂਕਤਾ ਤੇ ਕਾਨੂੰਨ ਦਾ ਸ਼ਿਕੰਜਾ ਜ਼ਰੂਰੀ ਹੈ ਨਹੀਂ ਤਾਂ ਇਕ ਵਧੀਆ ਤਰੱਕੀ ਦਾ ਰਾਹ ਯੋਗ ਬੱਚਿਆਂ ਵਾਸਤੇ ਵੀ ਬੰਦ ਹੋ ਜਾਏਗਾ।                                     - ਨਿਮਰਤ ਕੌਰ