ਪੁਲਵਾਮਾ ਦੇ ਦੋ ਸ਼ਹੀਦਾਂ ਦੀਆਂ ਪਤਨੀਆਂ ਨੂੰ ਵੀ ਬਾਲਾਕੋਟ ਹਵਾਈ ਹਮਲੇ ਬਾਰੇ ਸ਼ੰਕੇ ਹਨ ਤਾਂ ਸਰਕਾਰ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੋਈ ਭਾਰਤੀ ਦਿਲੋਂ ਨਹੀਂ ਚਾਹੁੰਦਾ ਹੋਵੇਗਾ ਕਿ ਉਹ ਅਪਣੀ ਸਰਕਾਰ ਨੂੰ ਝੂਠਾ ਆਖੇ। ਘਰ ਦੀਆਂ ਗੱਲਾਂ ਉਤੇ ਪਰਦਾ ਪਾਉਣ ਦੀ ਰਵਾਇਤ ਸਰਕਾਰ ਉਤੇ ਵੀ ਲਾਗੂ ਹੁੰਦੀ ਹੈ...

Pulwama attack

ਕੋਈ ਭਾਰਤੀ ਦਿਲੋਂ ਨਹੀਂ ਚਾਹੁੰਦਾ ਹੋਵੇਗਾ ਕਿ ਉਹ ਅਪਣੀ ਸਰਕਾਰ ਨੂੰ ਝੂਠਾ ਆਖੇ। ਘਰ ਦੀਆਂ ਗੱਲਾਂ ਉਤੇ ਪਰਦਾ ਪਾਉਣ ਦੀ ਰਵਾਇਤ ਸਰਕਾਰ ਉਤੇ ਵੀ ਲਾਗੂ ਹੁੰਦੀ ਹੈ ਅਤੇ ਹਮਲੇ ਤੋਂ ਇਕ ਦਿਨ ਬਾਅਦ ਸਾਰੇ ਦੇਸ਼ ਵਿਚ ਇਕ ਆਵਾਜ਼ ਵੀ ਅਪਣੀ ਸਰਕਾਰ ਵਿਰੁਧ ਨਹੀਂ ਸੀ ਉੱਠੀ। ਪਰ ਜੇ ਵਿਧਵਾਵਾਂ ਅੱਜ ਆਵਾਜ਼ ਚੁੱਕ ਰਹੀਆਂ ਹਨ, ਤੱਥ ਸਰਕਾਰ ਨੂੰ ਝੁਠਲਾ ਰਹੇ ਹਨ ਤਾਂ ਫਿਰ ਸਰਕਾਰ ਲਈ ਵੀ ਸੱਚ ਪੇਸ਼ ਕਰਨਾ ਜ਼ਰੂਰੀ ਹੋ ਜਾਂਦਾ ਹੈ। ਕੀ ਇਹ ਸਿਰਫ਼ ਚੋਣਾਂ ਜਿੱਤਣ ਲਈ ਸਾਰੀ ਚਾਲ ਚੱਲੀ ਗਈ ਸੀ ਜਾਂ ਉਨ੍ਹਾਂ ਵਿਧਵਾਵਾਂ ਦੀ ਪੁਕਾਰ ਲਈ ਭਾਰਤ ਸਰਕਾਰ ਇਕ ਲਾਸ਼ ਵੀ ਸਬੂਤ ਸੁਣ ਕੇ ਪੇਸ਼ ਕਰ ਸਕਦੀ ਹੈ?

ਪੁਲਵਾਮਾ ਹਮਲੇ ਨੂੰ ਲੈ ਕੇ ਸਿਆਸਤ ਤਾਂ ਰੁਕਣੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦੀ ਬਾਣ ਹੋਰ ਵੀ ਤਿੱਖੇ ਹੋਈ ਜਾ ਰਹੇ ਹਨ ਅਤੇ ਨਾਲ ਦੀ ਨਾਲ ਵਿਰੋਧੀ ਧਿਰ ਵੀ ਹੁਣ ਚੁੱਪ ਰਹਿਣ ਦੀ ਆਦਤ ਭੁਲਾ ਚੁੱਕੀ ਹੈ। ਤੂੰ ਤੂੰ ਮੈਂ ਮੈਂ ਦੀਆਂ ਇਨ੍ਹਾਂ ਲਲਕਾਰਾਂ ਵਿਚੋਂ ਦਿਲ ਨੂੰ ਚੀਰਦੀ ਦੋ ਵਿਧਵਾਵਾਂ ਦੀ ਪੁਕਾਰ ਆਈ ਹੈ ਜਿਸ ਨੂੰ ਸੁਣਨ ਲਈ ਸਾਡੇ ਸਿਆਸਤਦਾਨਾਂ ਨੂੰ ਅਪਣੀ ਪਿੱਠ ਥਪਥਪਾਉਣ ਤੋਂ ਰੁਕ ਕੇ, ਇਨ੍ਹਾਂ ਵਿਧਵਾਵਾਂ ਦੀ ਗੱਲ ਸੁਣਨ ਦੀ ਹਿੰਮਤ ਜੁਟਾਉਣੀ ਪਵੇਗੀ।

ਜਿਸ ਥਾਂ ਉਤੇ ਫ਼ੌਜ ਨੂੰ ਬੰਬ ਸੁੱਟਣ ਦੀ ਹਦਾਇਤ ਸੀ, ਜੇ ਖ਼ੁਫ਼ੀਆ ਏਜੰਸੀਆਂ ਉਥੇ ਕਾਇਮ ਕੀਤੇ ਜੈਸ਼ ਦੇ ਕੈਂਪ ਬਾਰੇ ਜਾਣਕਾਰੀ ਰਖਦੀਆਂ ਸਨ ਤਾਂ ਫਿਰ ਉਹੀ ਖ਼ੁਫ਼ੀਆ ਏਜੰਸੀਆਂ ਤਸਵੀਰਾਂ ਕਿਉਂ ਨਹੀਂ ਸਨ ਖਿੱਚ ਸਕਦੀਆਂ? ਜੈਸ਼ ਭਾਰਤ ਵਿਚ 300 ਕਿਲੋ ਆਰ.ਡੀ.ਐਕਸ. ਭੇਜ ਸਕਦੀ ਹੈ ਪਰ ਭਾਰਤ ਅਪਣੇ ਹਮਲੇ ਦਾ ਸਬੂਤ ਨਹੀਂ ਦੇ ਸਕਦਾ। 

ਸਰਕਾਰ ਨੇ ਰਿਊਟਰ (ਕੌਮਾਂਤਰੀ ਖ਼ਬਰ ਏਜੰਸੀ) ਦੇ ਪੱਤਰਕਾਰਾਂ ਨੂੰ ਅਪਣੇ ਹਮਲੇ ਤੋਂ ਬਾਅਦ ਦੇ ਨੁਕਸਾਨ ਬਾਰੇ ਆਪ ਦਸਿਆ ਸੀ। ਇਸ ਸੰਸਥਾ ਦੇ ਕੋਮਾਂਤਰੀ ਪੱਤਰਕਾਰ ਦੋ ਵਾਰੀ ਉਸ ਇਲਾਕੇ ਦਾ ਦੌਰਾ ਕਰ ਆਏ ਹਨ ਪਰ ਹਮਲੇ ਦਾ ਕੋਈ ਨਿਸ਼ਾਨ ਉਨ੍ਹਾਂ ਨੂੰ ਨਹੀਂ ਮਿਲਿਆ। ਉਪਗ੍ਰਹਿ ਦੀਆਂ ਪਹਿਲੀਆਂ ਤਸਵੀਰਾਂ ਅਤੇ 4 ਮਾਰਚ, 2019 ਦੇ ਉਸ ਜੈਸ਼ ਮਦਰੱਸੇ ਦੀਆਂ ਤਸਵੀਰਾਂ ਮਿਲਾਈਆਂ ਜਾ ਚੁਕੀਆਂ ਹਨ। ਕਿਸੇ ਇਮਾਰਤ ਨੂੰ ਨੁਕਸਾਨ ਨਹੀਂ ਪੁੱਜਾ।

ਜਦੋਂ ਇਮਾਰਤ ਉਤੇ ਝਰੀਟ ਨਹੀਂ ਲੱਗੀ ਤਾਂ ਲਾਸ਼ ਕਿਥੋਂ ਆਵੇਗੀ? ਕੋਈ ਭਾਰਤੀ ਦਿਲੋਂ ਨਹੀਂ ਚਾਹੁੰਦਾ ਹੋਵੇਗਾ ਕਿ ਉਹ ਅਪਣੀ ਸਰਕਾਰ ਨੂੰ ਝੂਠਾ ਆਖੇ। ਘਰ ਦੀਆਂ ਗੱਲਾਂ ਉਤੇ ਪਰਦਾ ਪਾਉਣ ਦੀ ਰਵਾਇਤ ਸਰਕਾਰ ਉਤੇ ਵੀ ਲਾਗੂ ਹੁੰਦੀ ਹੈ ਅਤੇ ਹਮਲੇ ਤੋਂ ਇਕ ਦਿਨ ਬਾਅਦ ਸਾਰੇ ਦੇਸ਼ ਵਿਚ ਇਕ ਆਵਾਜ਼ ਵੀ ਅਪਣੀ ਸਰਕਾਰ ਵਿਰੁਧ ਨਹੀਂ ਸੀ ਉੱਠੀ। 

ਪਰ ਜੇ ਸ਼ਹੀਦਾਂ ਦੀਆਂ ਵਿਧਵਾਵਾਂ ਅੱਜ ਆਵਾਜ਼ ਚੁੱਕ ਰਹੀਆਂ ਹਨ, ਤੱਥ ਸਰਕਾਰ ਨੂੰ ਝੁਠਲਾ ਰਹੇ ਹਨ ਤਾਂ ਫਿਰ ਸਰਕਾਰ ਲਈ ਵੀ ਸੱਚ ਪੇਸ਼ ਕਰਨਾ ਜ਼ਰੂਰੀ ਬਣ ਜਾਂਦਾ ਹੈ। ਕੀ ਇਹ ਸਿਰਫ਼ ਚੋਣਾਂ ਜਿੱਤਣ ਲਈ ਸਾਰੀ ਚਾਲ ਚੱਲੀ ਗਈ ਸੀ ਜਾਂ ਉਨ੍ਹਾਂ ਵਿਧਵਾਵਾਂ ਦੀ ਪੁਕਾਰ ਸੁਣ ਕੇ ਭਾਰਤ ਸਰਕਾਰ ਇਕ ਲਾਸ਼ ਵੀ ਸਬੂਤ ਵਜੋਂ ਪੇਸ਼ ਕਰ ਸਕਦੀ ਹੈ?

'ਕਾਤਲ' 10 ਸਾਲ ਬਾਅਦ 'ਬੇਕਸੂਰ' ਸਾਬਤ ਹੋਏ!!
ਸੁਪਰੀਮ ਕੋਰਟ ਨੇ 6 ਵਿਅਕਤੀਆਂ ਦੀ ਸਜ਼ਾ-ਏ-ਮੌਤ ਰੱਦ ਕਰ ਦਿਤੀ ਹੈ। ਇਨ੍ਹਾਂ 6 ਜਣਿਆਂ ਨੂੰ ਡਕੈਤੀ, ਕਤਲ ਅਤੇ ਸਮੂਹਕ ਬਲਾਤਕਾਰ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਿਤੀ ਗਈ ਸੀ। ਹੁਣ ਅਦਾਲਤ ਨੇ ਸਬੂਤਾਂ ਦੇ ਆਧਾਰ ਤੇ ਇਹ ਨਹੀਂ ਆਖਿਆ ਕਿ ਇਨ੍ਹਾਂ ਦੀ ਸਜ਼ਾ ਘਟਾ ਦਿਤੀ ਜਾਵੇ ਬਲਕਿ ਇਨ੍ਹਾਂ ਛੇ ਵਿਅਕਤੀਆਂ ਨੂੰ ਬੇਕਸੂਰ ਐਲਾਨਿਆ ਗਿਆ ਹੈ। ਇਨ੍ਹਾਂ ਛੇ ਜਣਿਆਂ ਨੂੰ ਪਿਛਲੇ ਦਸ ਸਾਲ, ਮੌਤ ਦੀ ਸਜ਼ਾ ਮਿਲੀ ਹੋਣ ਕਰ ਕੇ ਸੱਭ ਤੋਂ ਵੱਖ ਰਖਿਆ ਗਿਆ ਸੀ ਜਿਥੇ ਇਨ੍ਹਾਂ ਨੂੰ ਕਿਸੇ ਹੋਰ ਕੈਦੀ ਨਾਲ ਗੱਲਬਾਤ ਕਰਨ ਦੀ ਆਜ਼ਾਦੀ ਨਹੀਂ ਸੀ। ਇਨ੍ਹਾਂ ਸਾਰਿਆਂ ਨੂੰ ਹੁਣ ਮਾਨਸਿਕ ਬਿਮਾਰੀਆਂ ਚੰਬੜ ਚੁਕੀਆਂ ਹਨ। ਅਦਾਲਤ ਨੇ 5 ਲੱਖ ਦਾ ਹਰਜਾਨਾ ਮਹਾਰਾਸ਼ਟਰ ਸਰਕਾਰ ਨੂੰ ਭਰਨ ਦੇ ਹੁਕਮ ਦਿਤੇ ਹਨ ਅਤੇ ਜਾਂਚ ਏਜੰਸੀ ਨੂੰ ਡਾਂਟਿਆ ਵੀ ਹੈ।

ਕੀ ਇਨ੍ਹਾਂ ਛੇ ਵਿਅਕਤੀਆਂ ਨੂੰ ਹੁਣ ਨਿਆਂ ਮਿਲ ਗਿਆ ਹੈ? ਮਾਸੂਮਾਂ ਨੂੰ 10 ਸਾਲ ਦੁਨੀਆਂ ਤੋਂ ਵੱਖ ਕਰ ਕੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗਾੜਨ ਦੀ ਪ੍ਰਕਿਰਿਆ ਨੂੰ ਨਿਆਂ ਆਖਦੇ ਹਨ? ਠੀਕ ਹੈ, ਦੇਰ ਹੋਈ ਹੈ ਪਰ ਅੰਧੇਰ ਨਹੀਂ ਹੋਇਆ ਪਰ ਇਹ ਦੇਰ ਵੀ ਇਕ ਅਪਰਾਧ ਤੋਂ ਘੱਟ ਨਹੀਂ। ਜਦੋਂ ਸਾਡਾ ਸਮਾਜ ਅਪਣੇ ਹਰ ਨਾਗਰਿਕ ਦੇ ਹੱਕਾਂ ਪ੍ਰਤੀ ਉਸੇ ਤਰ੍ਹਾਂ ਜਾਗਰੂਕ ਹੋਵੇਗਾ ਜਿਸ ਤਰ੍ਹਾਂ ਉਹ ਕਿਸੇ ਵੀ.ਆਈ.ਪੀ. ਦੇ ਹੱਕਾਂ ਬਾਰੇ ਹੁੰਦਾ ਹੈ ਤਾਂ ਭਾਰਤ ਅਸਲ ਵਿਚ ਇਕ ਵੱਡੀ ਤਾਕਤ ਬਣਨ ਵਲ ਚੱਲੇਗਾ। ਅੱਜ ਤਾਂ ਅੰਕੜੇ ਅਤੇ ਬਿਆਨਬਾਜ਼ੀ ਦੇ ਮਾਹਰ, ਅਵਾਮ ਨੂੰ ਭੇਡਾਂ ਵਾਂਗ ਕਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ ਲੈ ਜਾਂਦੇ ਹਨ। ਨਿਆਂ ਘੱਟ, ਅਨਿਆਂ ਦੀ ਕਮੀ ਨਹੀਂ।  - ਨਿਮਰਤ ਕੌਰ