Editorial: ਦੁਨੀਆਂ ਦੇ 143 ਦੇਸ਼ਾਂ ’ਚੋਂ 126 ਦੇਸ਼ਾਂ ਦੇ ਲੋਕ, ਸਾਡੇ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿੰਨੀ ਵੀ ਦੌਲਤ ਇਕੱਠੀ ਕਰ ਲਵੋ, ਜੇ ਤੁਹਾਡੇ ਬੱਚੇ ਖ਼ੁਸ਼ ਨਹੀਂ ਤਾਂ ਫਿਰ ਇਕ ਪੈਸੇ ਜਿੰਨੀ ਵੀ ਕੀਮਤ ਨਹੀਂ।

Image: For representation purpose only.

Editorial: 2024 ਦੇ ‘ਵਿਸ਼ਵ ਖ਼ੁਸ਼ੀ ਦਿਵਸ’ ਸਰਵੇਖਣ ਨੇ ਭਾਰਤੀਆਂ ਨੂੰ ਖ਼ੁਸ਼ੀ ਦੇ ਸਕੇਲ ਤੇ 143 ਦੇਸ਼ਾਂ ’ਚੋਂ 126ਵੇਂ ਸਥਾਨ ’ਤੇ ਰਖਿਆ ਹੈ। ਯਾਨੀ ਅਸੀ ਇਸ ਦੇਸ਼ ਦੇ ਵਸਨੀਕ ਅੱਜ ਖ਼ੁਸ਼ੀ ਦੇ ਮਾਮਲੇ ਵਿਚ ਦੁਨੀਆਂ ਦੇ ਹੇਠਲੇ 20 ਦੇਸ਼ਾਂ ’ਚ ਆਉਂਦੇ ਹਾਂ। ਅਰਥਾਤ 143 ਦੇਸ਼ਾਂ ਵਿਚੋਂ ਭਾਰਤੀ ਲੋਕ, ਦੁਨੀਆਂ ਤੋਂ ਵੱਧ ਉਦਾਸ ਤੇ ਚਿੰਤਾ-ਗ੍ਰਸਤ ਲੋਕ ਹਨ ਤੇ 125 ਦੇਸ਼ਾਂ ਦੇ ਲੋਕ ਸਾਡੇ ਨਾਲੋਂ ਜ਼ਿਆਦਾ ਖ਼ੁਸ਼ ਹਨ। ਇਸ ਦੀਆਂ ਗਹਿਰਾਈਆਂ ਵਿਚ  ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ ਤਾਂ ਸਾਡੀ ਅੱਜ ਦੀ ਨੌਜੁਆਨ ਪੀੜ੍ਹੀ ਜੋ ਕਿ 25-30 ਦੀ ਉਮਰ ਤੋਂ ਹੇਠਾਂ ਦੀ ਹੈ, ਸੱਭ ਤੋਂ ਘੱਟ ਖ਼ੁਸ਼ ਹੈ। ਸਾਡੇ ’ਚੋਂ ਵਡੇਰੀ ਉਮਰ ਦੇ ਆਦਮੀ ਸੱਭ ਤੋਂ ਜ਼ਿਆਦਾ ਖ਼ੁਸ਼ ਹਨ।

ਅਨੇਕਾਂ ਪੱਖ ਫਰੋਲੇ ਜਾਣ ਤਾਂ ਖ਼ੁਸ਼ੀ, ਸਮਾਜਕ ਰਿਸ਼ਤਿਆਂ, ਨਿਜੀ ਆਜ਼ਾਦੀ, ਸਿਹਤ ਅਤੇ ਭ੍ਰਿਸ਼ਟਾਚਾਰ ਤੇ ਨਿਰਭਰ ਹੋ ਜਾਂਦੀ ਹੈ। ਇਹ ਸੱਭ ਆਰਥਕ ਪਾੜੇ ਨਾਲ ਵੀ ਜੁੜਿਆ ਹੋਇਆ ਹੈ। ਨੌਜੁਆਨ ਪੀੜ੍ਹੀ ਵਿਚ ਤਣਾਅ ਨਾਲ ਜੁੜੀਆਂ ਬਿਮਾਰੀਆਂ ਦੀ ਹੋਂਦ ਵਧਦੀ ਜਾਂਦੀ ਹੈ ਤੇ ਹਰ ਤਿੰਨਾਂ ’ਚੋਂ ਇਕ ਨੌਜੁਆਨ ਤਣਾਅ ਦੀ ਬਿਮਾਰੀ ਦਾ ਸ਼ਿਕਾਰ ਹੈ। ਇਹੀ ਪੀੜ੍ਹੀ ਹੈ ਜੋ ਅਪਣੇ ਸਮਾਜ ਤੋਂ ਇਸ ਕਦਰ ਨਿਰਾਸ਼ ਤੇ ਮਾਯੂਸ ਹੈ ਕਿ ਅਪਣੀ ਵੋਟ ਦੀ ਵਰਤੋਂ ਪਹਿਲੀ ਵਾਰ ਕਰਨ ਦਾ ਮੌਕਾ ਮਿਲਣ ’ਤੇ ਵੀ, ਉਸ ਵਿਚ ਕੋਈ ਉਤਸ਼ਾਹ ਨਹੀਂ ਤੇ ਅਜੇ ਤਕ ਸਿਰਫ਼ 38 ਫ਼ੀ ਸਦੀ ਨੌਜੁਆਨਾਂ ਨੇ ਅਪਣੇ ਆਪ ਨੂੰ ਚੋਣਾਂ ਵਿਚ ਵੋਟ ਪਾਉਣ ਵਾਸਤੇ ਰਜਿਸਟਰ ਕਰਵਾਇਆ ਹੈ।

ਭਾਰਤ ਵਿਚ ਐਸੀਆਂ ਸੋਚਾਂ ਦਾ ਵਾਸ ਹੈ ਜਿਨ੍ਹਾਂ ਨੇ ਇਨਸਾਨ ਨੂੰ ਨਿਜੀ ਤੌਰ ’ਤੇ ਅਪਣੇ ਆਪ ਨੂੰ ਘੜਨ ਦੇ ਬੜੇ ਆਸਾਨ ਤਰੀਕੇ ਦਰਸਾਏ ਹਨ। ਭਾਵੇਂ ਉਹ ਧਿਆਨ ਲਗਾਉਣ ਦੇ ਤਰੀਕੇ ਹੋਣ ਜਾ ਯੋਗਾ ਹੋਵੇ ਜਾਂ ਕੁਦਰਤ ਨਾਲ ਜੁੜਨ ਦੇ ਰਸਤੇ ਹੋਣ, ਭਾਰਤ ਵਿਚ ਮਾਰਗ ਦਰਸ਼ਕਾਂ ਤੇ ਗੁਰੂਆਂ ਦੀ ਅਮੀਰ ਬਾਣੀ ਦੀ ਕੋਈ ਕਮੀ ਨਹੀਂ। ਪਰ ਅੱਜ ਦੀ ਪੀੜ੍ਹੀ ਦੇ ਦੁਖ ਦਰਸਾਉਂਦੇ ਹਨ ਕਿ ਅਸੀ ਸ਼ਾਇਦ ਅਪਣੀ ਬੁਨਿਆਦ ਪੱਖੋਂ ਕਮਜ਼ੋਰ ਹੋ ਗਏ ਹਾਂ।

ਸ਼ਾਇਦ ਆਸਾਨ ਤੇ ਮੁਫ਼ਤ ਇੰਟਰਨੈੱਟ ਤੇ ਫ਼ੋਨ ਨੇ ਸਾਡੇ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਬਦਲ ਦਿਤੀ ਹੈ। ਫ਼ੋਨ ਤੇ ਪਿਆਰ ਦੀ ਭਾਲ ਕਰਦੀ ਪੀੜ੍ਹੀ ਸ਼ਾਇਦ ਅਸਲ ਰਿਸ਼ਤਿਆਂ ਦੀ ਸੰਭਾਲ ਕਰਨੀ ਭੁੱਲ ਗਈ ਹੈ ਜਾਂ ਸਾਡੇ ਵੱਡੇ ਇਨ੍ਹਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਾਸਤੇ ਨੌਜੁਆਨਾਂ ਨੂੰ ਅਪਣੀ ਅਸਲ ਪਹਿਚਾਣ ਨਾਲ ਵਾਕਫ਼ ਕਰਵਾਉਣਾ ਭੁਲ ਗਏ ਹਨ। ਹਰ ਇਕ ਨੂੰ ਪੈਸੇ ਤੇ ਤਾਕਤ ਦੀ ਪੌੜੀ ਚੜ੍ਹਨ ਦੀ ਕਾਹਲੀ ਹੈ ਪਰ ਕੀ ਨੌਜੁਆਨਾਂ ਨੂੰ ਜ਼ਰਾ ਰੁਕ ਕੇ ਧਿਆਨ ਕਰਨ ਦੀ ਸਮਰੱਥਾ ਵੀ ਦਿਤੀ ਗਈ ਹੈ?

ਕਿਤਾਬਾਂ ’ਚੋਂ ਉੱਚੀਆਂ ਉੱਚੀਆਂ ਗੱਲਾਂ ਪੜ੍ਹ ਕੇ ਇਹ ਜਦ ਸਮਾਜ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਨੂੰ ਅਸਲੀਅਤ ਸਮਝ ਆਉਂਦੀ ਹੈ। ਕੰਮ ਸਿਸਟਮ ਵਿਚ ਨਹੀਂ ਬਲਕਿ ਸਿਸਟਮ ਦੇ ਬਾਹਰ ਦੇ ਰਸਤੇ ਤੋਂ ਹੁੰਦਾ ਹੈ। ਮਿਹਨਤ, ਸਚਾਈ ਦੀ ਕੀਮਤ ਨੋਟਾਂ ਸਾਹਮਣੇ ਕੁੱਝ ਨਹੀਂ ਮੰਨੀ ਜਾਂਦੀ। ਉਨ੍ਹਾਂ ਦੀ ਪੜ੍ਹਾਈ ਦੀ ਕੀਮਤ ਵੀ ਹੁਣ ਘੱਟ ਹੀ ਰਹੀ ਹੈ। ਇਸ ਸਾਲ ਆਈ.ਆਈ.ਟੀ. ਮੁੰਬਈ ਜੋ ਕਿ ਦੇਸ਼ ਦੀ ਸਰਬ-ਸ੍ਰੇਸ਼ਟ ਸੰਸਥਾ ਹੈ ਤੇ ਜਿਸ ਵਿਚ ਦਾਖ਼ਲਾ ਲੈਣ ਦੀ ਚੁਨੌਤੀ ਮੁੱਠੀ ਭਰ ਲੋਕ ਹੀ ਸਵੀਕਾਰ ਕਰ ਸਕਦੇ ਹਨ, ਉਸ ਸੰਸਥਾ ’ਚ 38 ਫ਼ੀ ਸਦੀ ਪਾਸ ਹੋਣ ਵਾਲਿਆਂ ਨੂੰ ਨੌਕਰੀ ਨਹੀਂ ਮਿਲੀ।

ਨੌਜੁਆਨ ਸਾਡੇ ਲਈ, ਸਾਡੀ ਸੱਭ ਤੋਂ ਵੱਡੀ ਤਾਕਤ ਹਨ ਤੇ ਅੱਜ ਹਰ ਦਿਨ ਇਕ ਨਵਾਂ ਸਰਵੇਖਣ ਦਰਸਾ ਰਿਹਾ ਹੈ ਕਿ ਇਨ੍ਹਾਂ ਦੀਆਂ ਤਕਲੀਫ਼ਾਂ ਵੱਧ ਰਹੀਆਂ ਹਨ। ਇਹ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਕਿੰਨੀ ਵੀ ਦੌਲਤ ਇਕੱਠੀ ਕਰ ਲਵੋ, ਜੇ ਤੁਹਾਡੇ ਬੱਚੇ ਖ਼ੁਸ਼ ਨਹੀਂ ਤਾਂ ਫਿਰ ਇਕ ਪੈਸੇ ਜਿੰਨੀ ਵੀ ਕੀਮਤ ਨਹੀਂ। ਕਦੇ ਪੱਛਮ ਸਾਡੇ ਤੋਂ ਇਹ ਸਿਖਦਾ ਸੀ ਪਰ ਅੱਜ ਅਸੀ ਪੈਸੇ ਪਿੱਛੇ ਅਪਣੀ ਅਸਲ ਦੌਲਤ ਨੂੰ ਤਬਾਹੀ ਵਲ ਧਕੇਲ ਰਹੇ ਹਾਂ।
- ਨਿਮਰਤ ਕੌਰ