ਅਜੇ ਸਿੰਘ ਬਾਂਗਾ ਤੇ ਦਿਲਜੀਤ ਦੁਸਾਂਝ ਨੇ ਅਪਣੇ ਕੰਮ ਨਾਲ ਸੰਸਾਰ ਭਰ ਵਿਚ ਸਿੱਖਾਂ ਦਾ ਨਾਂ ਉੱਚਾ ਕੀਤਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਲਜੀਤ ਦੁਸਾਂਝ ਅਤੇ ਅਜੇ ਬਾਂਗਾ ਨੇ ਕਰੜੀ ਮਿਹਨਤ ਤੇ ਕਿਰਤ ਦੀ ਕਮਾਈ ਕੀਤੀ ਹੈ ਜਿਸ ਸਦਕਾ ਉਹ ਇਹਨਾਂ ਉਚਾਈਆਂ ’ਤੇ ਪਹੁੰਚ ਕੇ ਸਿੱਖ ਕੌਮ ਦੀ ਸ਼ਾਨ ਨੂੰ ਵਧਾ ਸਕੇ

photo

 

ਦਲਜੀਤ ਦੁਸਾਂਝ ਨੇ ਇਕ ਵਾਰ ਫਿਰ ਅੱਜ ਸਿੱਖੀ ਦਾ ਮਾਣ ਵਧਾਉਂਦੇ ਹੋਏ ਦਿਲ ਜਿੱਤ ਲਿਆ ਹੈ। ਉਨ੍ਹਾਂ ਦੀ ਅਦਾਕਾਰੀ, ਉਨ੍ਹਾਂ ਦਾ ਸੰਗੀਤ ਬੜੀਆਂ ਉਚਾਈਆਂ ਪਾਰ ਕਰ ਚੁੱਕਾ ਹੈ। ਉਸ ਨੇ ਹਾਲ ਹੀ ਵਿਚ, ਅੰਤਰਰਾਸ਼ਟਰੀ ਸੰਗੀਤ ਫ਼ੈਸਟੀਵਲ, ਕੋਚੀਲਾ ਵਿਚ ਪਹਿਲੇ ਹਿੰਦੁਸਤਾਨੀ ਗਾਇਕ ਦੇ ਤੌਰ ਤੇ ਹਿੱਸਾ ਲਿਆ ਅਤੇ ਅਪਣੀ ਸੋਹਣੀ ਦਸਤਾਰ ਤੇ ਪੰਜਾਬੀ ਸੰਗੀਤ ਦੀ ਪੇਸ਼ਕਾਰੀ ਬਾਖ਼ੂਬੀ ਕਰ ਕੇ, ਉਹਨਾਂ ਸਾਰਿਆਂ ’ਦੇ ਮੂੰਹ ’ਤੇ ਕਰਾਰਾ ਥੱਪੜ ਅਪਣੀ ਸਫ਼ਲਤਾ ਨਾਲ ਮਾਰ ਦਿਤਾ ਜੋ ਸਿੱਖਾਂ ਦੀ ਕਾਬਲੀਅਤ ’ਤੇ ਸਵਾਲ ਚੁਕਦੇ ਹਨ। ਅੱਜ ਉਹਨਾਂ ਵਾਸਤੇ ਸਤਿਕਾਰ ਹਜ਼ਾਰਾਂ ਗੁਣਾਂ ਵੱਧ ਗਿਆ ਜਦ  ਉਨ੍ਹਾਂ ਨੇ ਇਹ ਬਿਆਨ ਦਿਤਾ ਕਿ ਉਨ੍ਹਾਂ ਵਲੋਂ ਉਸ ਵਿਆਹ ਵਿਚ ਹੀ ਪੇਸ਼ਕਾਰੀ ਦਿਤੀ ਜਾਵੇੇਗੀ ਜਿੱਥੇ ਕੁੜੀਆਂ ਵਾਲਿਆਂ ਤੋਂ ਦਾਜ ਨਹੀਂ ਲਿਆ ਜਾਵੇਗਾ। ਦਲਜੀਤ ਦੁਸਾਂਝ ਨੇ ਅੱਜ ਸਿੱਖੀ ਦਾ ਸਹੀ ਰੂਪ ਪੇਸ਼ ਕੀਤਾ ਹੈ। ਸਿੱਖੀ ਸਿਰਫ਼ ਦਿਖ ਤਕ ਸੀਮਤ ਨਹੀਂ ਬਲਕਿ ਉਹ ਤੁਹਾਡੇ ਕਿਰਦਾਰ ਨੂੰ ਘੜਨ ਦਾ ਸਫ਼ਰ ਵੀ ਹੈ।

ਜਿਥੇ ਅਸੀ ਪੰਜਾਬ ਵਿਚ ਸਮਾਜਕ ਪਧਰ ਤੇ ਭਾਰੀ ਗਿਰਾਵਟ ਵੇਖ ਰਹੇ ਹਾਂ, ਉਥੇ ਦਲਜੀਤ ਦੁਸਾਂਝ ਵਰਗੇ ਸਿੱਖੀ ਦੀ ਸਹੀ ਪਛਾਣ ਨੂੰ ਉਜਾਗਰ ਕਰ ਰਹੇ ਹਨ। ਉਹਨਾਂ ਦਾਜ ਦੀ ਵਧਦੀ ਪ੍ਰਥਾ ਖ਼ਿਲਾਫ਼ ਜੋ ਕਦਮ ਚੁਕਿਆ ਹੈ, ਉਸ ਨਾਲ ਕਈ ਨੌਜੁਆਨ ਸੋਚਣ ਲਈ ਮਜਬੂਰ ਜ਼ਰੂਰ ਹੋਣਗੇ। 2017 ਵਿਚ ਦਲਜੀਤ ਦੁਸਾਂਝ ਨੇ ‘ਸੁਪਰ ਸਿੰਘ’ ਨਾਮ ਦੀ ਫ਼ਿਲਮ ਕੀਤੀ ਸੀ ਜਿਸ ਦੇ ਪਿੱਛੇ ਇਕ ਸਿੱਖ ਪਿਤਾ ਦੀ ਪ੍ਰੇਰਨਾ ਸੀ ਕਿ ਉਸ ਦੇ ਬੱਚੇ ਇਕ ਸਿੱਖ ਕਲਾਕਾਰ ਨੂੰ ਵੀ ਇਕ ‘ਸੁਪਰ ਹੀਰੋ’ ਦੇ ਕਿਰਦਾਰ ਵਿਚ ਵੇਖ ਕੇ ਮਾਣ ਮਹਿਸੂਸ ਕਰਨ।

ਅੱਜ ਅਜੇ ਸਿੰਘ ਬਾਂਗਾ ਦੀ ਤਾਰੀਫ਼ ਵਿਸ਼ਵ ਦੇ ਸੱਭ ਤੋਂ ਤਾਕਤਵਰ ਅਹੁਦੇ ’ਤੇ ਪਹੁੰਚਣ ਵਾਲੇ ਅਮਰੀਕਾ ਦੇ ਪ੍ਰਧਾਨ ਵਲੋਂ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਅਜੇ ਸਿੰਘ ਬਾਂਗਾ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਆਖਿਆ ਹੈ ਕਿ ‘‘ਜੋ ਬਾਇਡਨ, ਅਜੇ ਬਾਂਗਾ ਵਲੋਂ ਵਿਸ਼ਵ-ਵਿਆਪੀ ਚੁਨੌਤੀਆਂ ਦਾ ਹੱਲ ਲੱਭਣ ਦਾ ਇੰਤਜ਼ਾਰ ਕਰ ਰਿਹਾ ਹੈ।’’ ਇਕ ਪੱਕਾ ਗੁਰਸਿੱਖ ਹੁੰਦੇ ਹੋਏ, ਸੰਸਾਰ ਦੇ ਵੱਡੇ ਕਾਰਪੋਰੇਟ ਜਗਤ ਵਿਚ ਐਸੀਆਂ ਉਚਾਈਆਂ ਤਕ ਪਹੁੰਚਣਾ, ਜੁਮਲੇਬਾਜ਼ੀ ਦੇ ਸਿਰ ’ਤੇ ਸੰਭਵ ਨਹੀਂ ਹੋਇਆ ਅਤੇ ਨਾ ਹੀ ਤਾਕਤ ਦੀ ਝੂਠੀ ਪ੍ਰਦਰਸ਼ਨੀ ਦੇ ਸਿਰ ’ਤੇ ਬਲਕਿ ਇਹ ਅਹੁਦਾ ਸਿਰਫ਼ ਤੇ ਸਿਰਫ਼ ਉਹਨਾਂ ਨੂੰ ਕਾਬਲੀਅਤ ਦੇ ਸਿਰ ’ਤੇ ਮਿਲਿਆ ਹੈ।

ਪਰ ਦੋਹਾਂ, ਦਲਜੀਤ ਦੁਸਾਂਝ ਅਤੇ ਅਜੇ ਬਾਂਗਾ ਨੇ ਕਰੜੀ ਮਿਹਨਤ ਤੇ ਕਿਰਤ ਦੀ ਕਮਾਈ ਕੀਤੀ ਹੈ ਜਿਸ ਸਦਕਾ ਉਹ ਇਹਨਾਂ ਉਚਾਈਆਂ ’ਤੇ ਪਹੁੰਚ ਕੇ ਸਿੱਖ ਕੌਮ ਦੀ ਸ਼ਾਨ ਨੂੰ ਵਧਾ ਸਕੇ ਹਨ। ਪਰ ਅਫ਼ਸੋਸ ਉਦੋਂ ਹੁੰਦਾ ਹੈ ਜਦ ਸਾਡੇ ਨੌਜੁਆਨ ਅਜਿਹੀਆਂ ਉਦਾਹਰਣਾਂ ਤੋਂ ਪ੍ਰੇਰਿਤ ਨਹੀਂ ਹੁੰਦੇ ਕਿਉਂਕਿ ਇਸ ਤਰ੍ਹਾਂ ਦੇ ਸਿੰਘ-ਸਿੰਘਣੀਆਂ ਸਾਡੇ ਆਸ ਪਾਸ ਵੀ ਬਹੁਤ ਹਨ। ਉਚਾਈਆਂ ’ਤੇ ਵੀ ਹਨ ਤੇ ਆਮ ਜ਼ਿੰਦਗੀ ਵਿਚ ਵੀ ਹਨ ਪਰ ਸਾਡੇ ਨੌਜੁਆਨ ਆਕਰਸ਼ਿਤ ਸਿਰਫ਼ ਉਹਨਾਂ ਵਲ ਹੁੰਦੇ ਹਨ ਜੋ ਸਿੱਖੀ ਸੋਚ ਤੋਂ ਦੂਰ ਜਾ ਚੁਕੇ ਹੁੰਦੇ ਹਨ। ਕੁੜੀਆਂ ਦਾ ਸ਼ੋਸ਼ਣ ਢੋਂਗੀ ਬਾਬੇ ਕਰਦੇ ਹਨ ਤੇ ਇਹ ਫਿਰ ਵੀ ਉਹਨਾਂ ਦੇ ਸਾਹਮਣੇ ਹੀ ਝੁਕਦੇ ਹਨ। ਕਿਰਤ ਦੀ ਕਮਾਈ ਵਾਲੇ ਕਦੇ ਦਾਨ ਵਿਚ ਮਰਸੀਡੀਜ਼ ਤੇ ਲਗਜ਼ਰੀ ਨਹੀਂ ਲੈਣਗੇ ਪਰ ਫਿਰ ਵੀ ਨੌਜੁਆਨ ਉਹਨਾਂ ਪਿੱਛੇ ਚਲਦੇ ਹਨ। ਅਸਲ ਫ਼ੌਲਾਦੀ ਤਾਂ ਦਲਜੀਤ ਦੁਸਾਂਝ ਹਨ ਜਿਨ੍ਹਾਂ ਨੇ ਵਿਆਹਾਂ ਵਿਚ ਕੁੜੀਆਂ ਦੇ ਮਾਪਿਆਂ ਤੋਂ ਹੁੰਦੀ ਲੁੱਟ ਸਬੰਧੀ ਆਵਾਜ਼ ਚੁੱਕੀ ਹੈ। ਵੇਖਦੇ ਹਾਂ ਕਿ ਕਿੰਨੇ ਕੁ ਨੌਜੁਆਨ ਅਪਣੇ ਵਿਆਹਾਂ ਭਾਵ ਵਿਆਹ ਦੇ ਪਵਿੱਤਰ ਬੰਧਨ ਨੂੰ ਵਪਾਰ ਬਣਨ ਤੋਂ ਰੋਕਣਗੇ। ਅਜੇ ਬਾਂਗਾ ਤੇ ਦਲਜੀਤ ਦੁਸਾਂਝ ਦਾ ਦਿਲੋਂ ਧਨਵਾਦ ਤੇ ਬਹੁਤ ਬਹੁਤ ਮੁਬਾਰਕਾਂ!!      

 -ਨਿਮਰਤ ਕੌਰ