ਸੱਤਾ ਵਿਹੂਣੇ ਭਾਊਆਂ ਦੀਆਂ ਜੱਫੀਆਂ ਸੱਤਾ ਲਈ ਤਰਲੇ ਮਾਰਨ ਵਾਸਤੇ ਨਾ ਕਿ ਪੰਜਾਬ ਦੇ ਮਸਲਿਆਂ ਵਾਸਤੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਸ ਜੱਫੀ ਤੇ ਇਸ ਮੰਚ ਉਤੇ ਹੋਈਆਂ ਮਜ਼ਾਕ ਦੀਆਂ ਗੱਲਾਂ ਨੇ ਅੱਜ ਪੰਜਾਬ ਦੇ ਆਗੂਆਂ ਦੇ ਦਿਲਾਂ ਵਿਚ ਕੁਰਸੀ ਤੇ ਪੈਸੇ ਦੇ ਮੋਹ ਨੂੰ ਸੱਭ ਸਾਹਮਣੇ ਬੇਨਕਾਬ ਕਰ ਦਿਤਾ ਹੈ

Navjot Singh Sidhu and Bikram Majithia


ਨਵਜੋਤ ਸਿੰਘ ਸਿੱਧੂ ਦੀ ਇਕ ਜੱਫੀ ਨੇ ਪੰਜਾਬ ਵਿਚ ਚਰਚਾਵਾਂ ਤੇ ਚਿੰਤਾਵਾਂ ਦਾ ਹੜ੍ਹ ਲਿਆ ਦਿਤਾ ਹੈ। ਚਿੰਤਾਵਾਂ ਤਾਂ ਕਾਂਗਰਸੀ ਵਰਕਰਾਂ ਨੂੰ ਲੱਗ ਗਈਆਂ ਹਨ ਜੋ ਸੋਚ ਰਹੇ ਹਨ ਕਿ ਹੁਣ ਉਨ੍ਹਾਂ ਦਾ ਇਕ ਹੋਰ ਆਗੂ ਉਨ੍ਹਾਂ ਵਲੋਂ ਕੀਤੇ ਗਏ ਜ਼ਮੀਨੀ ਪੱਧਰ ਦੇ ਕੰਮਾਂ ਨੂੰ ਠੋਕਰ ਮਾਰ ਕੇ ਸ਼ਾਇਦ ਅਪਣੇ ਪੁਰਾਣੇ ਘਰ ਵਾਪਸ ਜਾਣ ਵਾਲਾ ਹੈ। ‘ਮਾਝੇ ਦੇ ਜਰਨੈਲ’ ਵਜੋਂ ਮੰਨੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਦੀ ਨਵਜੋਤ ਸਿੰਘ ਸਿੱਧੂ ਕਾਰਨ ਵਿਰੋਧਤਾ ਕਰਨ ਵਾਲੇ ਵਰਕਰ ਅੱਜ ਘਬਰਾਏ ਹੋਏ ਹਨ।

 

ਪਰ ਸਿਆਸਤ ਵਿਚ ਕੁੱਝ ਵੀ ਮੁਮਕਿਨ ਹੈ। ਇਹ ਅਸੀ ਵੇਖਦੇ ਆ ਰਹੇ ਹਾਂ ਪਰ ਇਸ ਜੱਫੀ ਨੇ ਸੱਭ ਤੋਂ ਵੱਡੀ ਚਰਚਾ ਇਹ ਛੇੜ ਦਿਤੀ ਹੈ ਕਿ ਆਖ਼ਰ ਆਮ ਵੋਟਰ ਕਿਸ ਉਤੇ ਵਿਸ਼ਵਾਸ ਕਰੇ? ਨਵਜੋਤ ਸਿੱਧੂ, ਅਪਣੀ ਪਤਨੀ ਦੀ ਕੈਂਸਰ ਦੀ ਬੀਮਾਰੀ ਕਾਰਨ ਇਕ ਬੜੇ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਨ ਤੇ ਅਜਿਹੇ ਸਮੇਂ ਵਿਚ ਇਨਸਾਨ ਲੜਾਈ ਤੋਂ ਜ਼ਿਆਦਾ ਮਾਫ਼ੀ ਤੇ ਪਿਆਰ ਵਲ ਧਿਆਨ ਦੇਂਦਾ ਹੈ। ਨਵਜੋਤ ਸਿੰਘ ਸਿੱਧੂ ਹਾਲ ਹੀ ਵਿਚ ਉਨ੍ਹਾਂ ਵਲੋਂ ਅਨਜਾਣੇ ਵਿਚ ਗੁੱਸੇ ਕਾਰਨ ਹੋਈ ਕਿਸੇ ਦੀ ਮੌਤ ਲਈ ਜ਼ਿੰਮੇਵਾਰ ਮੰਨੇ ਜਾਣ ਕਰ ਕੇ ਅਦਾਲਤੀ ਹੁਕਮ ਸਦਕਾ ਇਕ ਸਾਲ ਦੀ ਕੈਦ ਕੱਟ ਕੇ ਆਏ ਹਨ। ਜ਼ਾਹਿਰ ਹੈ, ਉਨ੍ਹਾਂ ਲਈ ਬੜਾ ਭਾਵੁਕ ਸਮਾਂ ਹੈ, ਪਰ ਉਹ ਭੁੱਲ ਗਏ ਕਿ ਉਹ ਇਕ ਆਗੂ ਵੀ ਹਨ ਜਿਸ ਦਾ ਹਰ ਕੰਮ ਲੋਕਾਂ ਦੀਆਂ ਨਜ਼ਰਾਂ ਦਾ ਕੇਂਦਰ-ਬਿੰਦੂ ਬਣ ਜਾਂਦਾ ਹੈ।

 

ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਿਸ਼ਤੇ ਬਣਾਉਣ ਦੀ ਸਲਾਹ ਉਸ ਐਡੀਟਰ ਨੇ ਦਿਤੀ ਜੋ ਵਿਜੀਲੈਂਸ ਦੀ ਪੜਤਾਲ ਤੋਂ ਬਚਣ ਲਈ ਆਪ ਹੱਥ ਪੈਰ ਮਾਰ ਰਿਹਾ ਹੈ। ਪਰ ਕੀ ਅਜਿਹੇ ਰਿਸ਼ਤੇ ਵੀ ਬਣਾਏ ਜਾ ਸਕਦੇ ਹਨ ਜਿਥੇ ਨਵਜੋਤ ਸਿੰਘ ਸਿੱਧੂ ਨੇ ਨਸ਼ੇ ਦੇ ਵਪਾਰ ਤਕ ਦੇ ਇਲਜ਼ਾਮ ਬਿਕਰਮ ਮਜੀਠਿਆ ਉਤੇ ਲਗਾਏ ਹੋਣ? ਜਿਸ ਲਹਿਜੇ ਵਿਚ ਨਵਜੋਤ ਸਿੰਘ ਸਿੱਧੂ ਨੇ ਵਿਧਾਨਸਭਾ ਸੈਸ਼ਨ ਵਿਚ ਬਿਕਰਮ ਮਜੀਠਿਆ ਉਤੇ ਇਲਜ਼ਾਮ ਲਗਾਏ ਸਨ,  ਕੀ ਹਥ ਮਿਲਾਉਣ ਤਕ ਵੀ ਜਾਇਆ ਜਾ ਸਕਦਾ ਸੀ?  ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਣ ਤਕ ਤਾਂ ਗੱਲ ਸਮਝ ਵਿਚ ਆ ਸਕਦੀ ਹੈ, ਪਰ ਪਿਆਰ ਦੀ ਜੱਫੀ ਤੇ ਜੇਲ੍ਹ ਵਿਚ ਬਿਤਾਏ ਪਲਾਂ ਦੀਆਂ ਗੱਲਾਂ ਨੇ ਇਸ ਮੰਚ ਉਤੇ ਬੈਠੇ ਸਾਰੇ ਹਸਦੇ ਆਗੂਆਂ ਨੂੰ ਸੱਤਾ-ਪ੍ਰਾਪਤੀ ਦੇ ਇਕੋ ਮੁੱਦੇ ਤੇ ਕੇਂਦਰਤ ਕਰ ਦਿਤਾ ਤੇ ਹੋਰ ਗੱਲਾਂ ਰਸਮੀ ਜਹੀ ਜ਼ਬਾਨ-ਹਿਲਾਈ ਮਗਰੋਂ ਭੁਲ ਭੁਲਾ ਦਿਤੀਆਂ ਗਈਆਂ।

 

ਅੱਜ ਕਿੰਨੇ ਸਾਲ ਹੋ ਗਏ ਹਨ ਤੇ ਇਸ ਨਸ਼ੇ ਦੇ ਵਪਾਰ ’ਤੇ ਬਣੀ ਫ਼ਾਈਲ ਖੁਲ੍ਹਣ ਦਾ  ਨਾਂ ਹੀ ਨਹੀਂ ਲੈਂਦੀ। ਹਰ ਆਗੂ ਤੇ ਪੁਲਿਸ ਅਧਿਕਾਰੀ ਅਪਣੇ ਨਾਂ ਉਤੇ ਛਿੱਟੇ ਪੈਣ ਤੋਂ ਡਰ ਕੇ ਫ਼ਾਈਲ ਖੁਲ੍ਹਣ ਹੀ ਨਹੀਂ ਦੇਂਦਾ। ਪਰ ਉਨ੍ਹਾਂ ਮਾਂ-ਬਾਪ ਦਾ ਕੀ ਜੋ ਅਪਣੇ ਬੱਚਿਆਂ ਨੂੰ ਤੜਫ਼ ਤੜਫ਼ ਕੇ ਮਰਦੇ ਵੇਖ ਰਹੇ ਹਨ? ਐਤਵਾਰ ਦੀ ਸਵੇਰ ਇਕ ਵੀਡੀਉ ਵਾਇਰਲ ਹੋਇਆ ਜਿਸ ਵਿਚ ਇਕ ਨੌਜਵਾਨ ਅਪਣੇ ਆਪ ਨੂੰ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਤੜਫ਼ ਤੜਫ਼ ਕੇ ਜਾਨ ਦੇ ਰਿਹਾ ਹੈ। ਇਸ ਵੀਡੀਉ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ।

 

ਫਿਰ ਸਵਾਲ ਇਹ ਉਠਦਾ ਹੈ ਕਿ ਕੀ ਸਾਡੇ ਆਗੂਆਂ ਦੇ ਮਨਾਂ ਵਿਚ ਸਾਡੇ ਬੱਚਿਆਂ ਵਾਸਤੇ ਜ਼ਰਾ ਵੀ ਹਮਦਰਦੀ ਨਹੀਂ ਰਹਿ ਗਈ? ਇਨ੍ਹਾਂ ਨੂੰ ਅਪਣੀ ਹਾਰ-ਜਿੱਤ, ਅਪਣੀ ਕੁਰਸੀ ਤੋਂ ਇਲਾਵਾ ਕੁੱਝ ਨਜ਼ਰ ਹੀ ਨਹੀਂ ਆਉਂਦਾ। ਇਕ ਅਖ਼ਬਾਰ ਦੇ ਸਰਕਾਰੀ ਇਸ਼ਤਿਹਾਰ ਬੰਦ ਹੋਣ ਤੇ ਜੱਫੀਆਂ ਪਾਉਣ ਵਾਲੇ ਇਹ ਵੀ ਤਾਂ ਜਾਣਦੇ ਹੋਣਗੇ ਕਿ ਇਸ ਲੜਾਈ ਨੂੰ ਵਰਤ ਕੇ ਹੁਣ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਤੇ ਇਸੇ ਲਈ ਸੱਤਾ-ਵਿਹੂਣੇ ਤੇ ਕੁਰਸੀ ਲਈ ਤੜਪ ਰਹੇ ਭਾਊਆਂ ਦੀਆਂ ਜੱਫੀਆਂ ਪਵਾਈਆਂ ਜਾ ਰਹੀਆਂ ਹਨ। ਪਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਨਸ਼ਾ ਤਸਕਰੀ ਨੂੰ ਰੋਕਣ ਵਾਸਤੇ, ਪੰਜਾਬ ਦਾ ਪਾਣੀ ਬਚਾਉਣ ਵਾਸਤੇ, ਰਾਜਧਾਨੀ ਵਾਸਤੇ ਇਹ ਲੋਕ ਕਦੇ ਇਕੱਠੇ ਨਹੀਂ ਹੋਏ ਤੇ ਨਾ ਹੀ ਕਦੇ ਜੱਫੀਆਂ ਹੀ ਪਾਈਆਂ ਹਨ।

 

ਇਸ ਜੱਫੀ ਤੇ ਇਸ ਮੰਚ ਉਤੇ ਹੋਈਆਂ ਮਜ਼ਾਕ ਦੀਆਂ ਗੱਲਾਂ ਨੇ ਅੱਜ ਪੰਜਾਬ ਦੇ ਆਗੂਆਂ ਦੇ ਦਿਲਾਂ ਵਿਚ ਕੁਰਸੀ ਤੇ ਪੈਸੇ ਦੇ ਮੋਹ ਨੂੰ ਸੱਭ ਸਾਹਮਣੇ ਬੇਨਕਾਬ ਕਰ ਦਿਤਾ ਹੈ। ਇਹ ਜੱਫੀਆਂ ਦਰਸਾਉਂਦੀਆਂ ਹਨ ਕਿ ਕਿਉਂ ਪੰਜਾਬ ਦੇ ਅਵਾਮ ਨੇ ਸਾਰੀਆਂ ਰਵਾਇਤਾਂ ਦੇ ਉਲਟ ਜਾ ਕੇ ਪੰਜਾਬ ਦੇ ਹਾਕਮ ਬਦਲ ਲਏ ਪਰ ਇਹ ਵੀ ਕੋਈ ਨਾ ਭੁੱਲੇ ਕਿ ਜੇ ਸੱਤਾ ਦੇ ਨਵੇਂ ਮਾਲਕ ਵੀ ਉਸੇ ਰੰਗ ਵਿਚ ਰੰਗੇ ਗਏ ਤੇ ਨਸ਼ਾ ਮਾਫ਼ੀਆ ਬੰਦ ਨਾ ਕੀਤਾ ਤਾਂ ਨਵਾਂ ਬਦਲਾਅ ਵੀ ਆ ਸਕਦਾ ਹੈ।
-ਨਿਮਰਤ ਕੌਰ