ਗ਼ਰੀਬ ਕਿਸਾਨਾਂ ਦੇ ਫ਼ਾਇਦੇ ਦੀ ਗੱਲ
ਬੇਨਤੀ ਹੈ ਜੀ ਕਿ ਮੈਂ ਗ਼ਰੀਬ ਕਿਸਾਨਾਂ ਦੇ ਫ਼ਾਇਦੇ ਦੀ ਗੱਲ 'ਸਪੋਕਸਮੈਨ ਅਖ਼ਬਾਰ' ਰਾਹੀਂ ਸਰਕਾਰ ਤਕ ਪਹੁੰਚਾਉਣਾ ਚਾਹੁੰਦਾ ਹਾਂ, ਜਿਸ ਤੋਂ ਗ਼ਰੀਬ ਅਤੇ ਅਨਪੜ੍ਹ.............
ਬੇਨਤੀ ਹੈ ਜੀ ਕਿ ਮੈਂ ਗ਼ਰੀਬ ਕਿਸਾਨਾਂ ਦੇ ਫ਼ਾਇਦੇ ਦੀ ਗੱਲ 'ਸਪੋਕਸਮੈਨ ਅਖ਼ਬਾਰ' ਰਾਹੀਂ ਸਰਕਾਰ ਤਕ ਪਹੁੰਚਾਉਣਾ ਚਾਹੁੰਦਾ ਹਾਂ, ਜਿਸ ਤੋਂ ਗ਼ਰੀਬ ਅਤੇ ਅਨਪੜ੍ਹ ਕਿਸਾਨ ਬਹੁਤ ਪ੍ਰੇਸ਼ਾਨ ਹਨ। ਬਹੁਤ ਸਾਰੇ ਕਿਸਾਨ ਅਜਿਹੇ ਹਨ ਕਿ ਅਪਣੀ ਮਾਲਕੀ ਦੀ ਜ਼ਮੀਨ ਦੀ ਗਰਦਾਵਰੀ ਅਤੇ ਤਕਸੀਮ ਨਹੀਂ ਕਰਵਾ ਸਕੇ। ਅੱਗੇ ਜਾ ਕੇ ਬਹੁਤ ਹਿੱਸੇਦਾਰੀਆਂ ਬਣ ਗਈਆਂ ਹਨ ਜੋ ਕਿ 25-30 ਕਿੱਲਿਆਂ ਵਿਚ ਹੀ 15-20 ਹਿੱਸੇਦਾਰੀਆਂ ਹਨ ਅਤੇ ਕਈਆਂ ਨੇ ਅਪਣੀਆਂ ਜ਼ਮੀਨਾਂ ਵੇਚ ਦਿਤੀਆਂ ਹਨ। ਉਨ੍ਹਾਂ ਸਾਂਝੀਆਂ ਜ਼ਮੀਨਾਂ ਦੀਆਂ ਗਰਦਾਵਰੀਆਂ ਤੇ ਤਕਸੀਮਾਂ ਕਰਵਾਉਣੀਆਂ ਬਹੁਤ ਮੁਸ਼ਕਲ ਹਨ
ਤੇ ਜੇਕਰ ਇਕ ਦੋ ਆਦਮੀਆਂ ਨੇ ਤਕਸੀਮ ਜਾਂ ਗਰਦਾਵਰੀ ਕਰਾਉਣੀ ਹੋਵੇ ਤਾਂ ਤਹਿਸੀਲਦਾਰ ਰਾਹੀਂ ਵਕੀਲ ਕਰ ਕੇ ਤਕਸੀਮ ਕਰਵਾਉਣੀ ਪੈਂਦੀ ਹੈ ਤੇ ਖ਼ਰਚਾ, ਖੇਚਲ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਗ਼ਰੀਬ ਅਤੇ ਭੋਲਾਭਾਲਾ ਕਿਸਾਨ ਨਹੀਂ ਕਰ ਸਕਦਾ। ਅੱਗੇ ਪੀੜ੍ਹੀਆਂ ਤਕ ਜਾ ਕੇ ਇਹ ਜ਼ਮੀਨ ਲੜਾਈ ਦਾ ਕਾਰਨ ਬਣ ਜਾਂਦੀ ਹੈ। ਅਮੀਰ ਕਿਸਾਨ ਤਾਂ ਇਹ ਸੱਭ ਕਰਵਾ ਲੈਂਦੇ ਹਨ ਪਰ ਛੋਟਾ ਤੇ ਗ਼ਰੀਬ ਕਿਸਾਨ ਨਹੀਂ ਕਰਵਾ ਸਕਦਾ। ਇਸ ਲਈ ਸਰਕਾਰ ਤਕ ਇਹ ਗੱਲ ਪਹੁੰਚਾਈ ਜਾਵੇ ਤੇ ਇਸ ਦਾ ਕੋਈ ਸੌਖਾ ਹੱਲ ਲਭਿਆ ਜਾਵੇ।
ਅਜਿਹੇ ਕਿਸਾਨਾਂ ਦੀ ਗਰਦਾਵਰੀ ਅਤੇ ਤਕਸੀਮ ਦਾ ਹੱਲ ਪਟਵਾਰੀ ਤਕ ਹੀ ਹੱਲ ਹੋ ਜਾਵੇ ਅਤੇ ਇਸ ਦਾ ਖ਼ਰਚਾ ਬਹੁਤ ਘੱਟ ਹੋਵੇ। ਸੋ ਮੈਨੂੰ ਉਮੀਦ ਹੈ ਕਿ ਇਹ ਸਮੱਸਿਆ ਤੁਸੀ ਸਰਕਾਰ ਤਕ ਜ਼ਰੂਰ ਪਹੁੰਚਾਉਗੇ ਤਾਕਿ ਗ਼ਰੀਬ ਅਤੇ ਛੋਟੇ ਕਿਸਾਨਾਂ ਦਾ ਫ਼ਾਇਦਾ ਹੋ ਸਕੇ। ਸੋ ਮੈਂ ਉਮੀਦ ਕਰ ਕੇ ਹੀ 'ਸਪੋਕਸਮੈਨ' ਅਖ਼ਬਾਰ ਨੂੰ ਲਿਖ ਰਿਹਾ ਹਾਂ। ਮੈਂ ਕੋਈ 10 ਸਾਲ ਤੋਂ ਸਪੋਕਸਮੈਨ ਅਖ਼ਬਾਰ ਪੜ੍ਹ ਰਿਹਾ ਹਾਂ ਅਤੇ 'ਉੱਚਾ ਦਰ ਬਾਬੇ ਨਾਨਕ' ਦਾ ਵੀ ਮੈਂਬਰ ਹਾਂ। -ਬਲਵਿੰਦਰ ਸਿੰਘ, ਮੋਗਾ।