ਲੁਧਿਆਣੇ ਦਾ ਗੰਦਾ ਨਾਲਾ ਤੇ ਪ੍ਰਦੂਸ਼ਣ ਦੀ ਸਮੱਸਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

22 ਜੁਲਾਈ 2018 ਦੇ ਰੋਜ਼ਾਨਾ ਸਪੋਕਸਮੈਨ ਵਿਚ ਡਾ. ਸ਼ਿਵ ਪਰਾਸ਼ਰ ਜੀ ਨਾਲ ਬੀਬਾ ਨਿਮਰਤ ਕੌਰ ਜੀ ਦੀ ਕੀਤੀ ਇੰਟਰਵਿਊ ਪੜ੍ਹੀ.............

Dirty Drain of Ludhiana

22 ਜੁਲਾਈ 2018 ਦੇ ਰੋਜ਼ਾਨਾ ਸਪੋਕਸਮੈਨ ਵਿਚ ਡਾ. ਸ਼ਿਵ ਪਰਾਸ਼ਰ ਜੀ ਨਾਲ ਬੀਬਾ ਨਿਮਰਤ ਕੌਰ ਜੀ ਦੀ ਕੀਤੀ ਇੰਟਰਵਿਊ ਪੜ੍ਹੀ। ਡਾ. ਸ਼ਿਵ ਪਰਾਸ਼ਰ ਜੀ ਵਲੋਂ ਇਹ ਕਹਿਣਾ ਕਿ ''ਪੰਜਾਬ ਵਿਚ ਕੈਂਸਰ ਫੈਲਣ ਦੇ ਕਾਰਨਾਂ ਬਾਰੇ ਖੋਜ ਕਰਨ ਲਈ ਕੋਈ ਤਿਆਰ ਹੀ ਨਹੀਂ,'' ਪੰਜਾਬ ਵਿਚ ਬੈਠੇ ਵਿਗਿਆਨੀਆਂ, ਡਾਕਟਰਾਂ ਲਈ ਸ਼ਰਮ ਵਾਲੀ ਗੱਲ ਹੈ। ਕੋਈ ਸ਼ੱਕ ਨਹੀਂ ਕਿ ਹੁਣ ਕੈਂਸਰ ਦੀ ਨਾਮੁਰਾਦ ਬਿਮਾਰੀ ਸਾਰੇ ਹੀ ਪੰਜਾਬ ਵਿਚ ਫੈਲ ਚੁੱਕੀ ਹੈ। ਹੁਣੇ-ਹੁਣੇ ਕੁੱਝ ਕੁ ਦਿਨ ਪਹਿਲਾਂ ਮੇਰੇ ਜਾਣ ਪਛਾਣ ਵਾਲੇ ਦੋ ਸੱਜਣਾਂ ਦੀ ਮੌਤ ਦਾ ਕਾਰਨ ਕੈਂਸਰ ਹੀ ਸੀ। ਦੋਵੇਂ ਨਸ਼ਾ-ਰਹਿਤ ਇਨਸਾਨ ਸਨ ਪਰ ਬਿਮਾਰੀ ਦਾ ਇਲਾਜ ਫਿਰ ਵੀ ਨਾ ਹੋ ਸਕਿਆ।

ਸਾਲਾਂਬੱਧੀ ਪ੍ਰਵਾਰ ਮਰੀਜ਼ ਨੂੰ ਤੜਫ਼ਦਿਆਂ ਵੇਖ ਤੜਫ਼ਦੇ ਰਹੇ। ਆਰਥਕਤਾ ਦਾ ਭਾਰੀ ਨੁਕਸਾਨ ਹੋਇਆ। ਦਸ ਸਾਲ ਰਾਜਭਾਗ ਹੰਢਾ ਚੁੱਕੇ ਸ. ਬਾਦਲ ਦੀ ਧਰਮਪਤਨੀ ਦਾ ਦੇਹਾਂਤ ਵੀ ਕੈਂਸਰ ਨਾਲ ਹੋਇਆ। ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਦੇ ਪੁੱਤਰ ਸੰਨੀ ਬਰਾੜ ਦਾ ਦਿਹਾਂਤ ਵੀ ਕੈਂਸਰ ਨਾਲ ਹੋਇਆ। ਇਨ੍ਹਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਇਹ ਪੰਜਾਬ ਦੇ ਰਾਜਸੀ ਪ੍ਰਵਾਰ ਹਨ ਤੇ ਦਿੱਲੀ ਦਰਬਾਰ ਵਿਚ ਪਹੁੰਚ ਰਖਦੇ ਹਨ। ਕੋਈ ਸ਼ੱਕ ਨਹੀਂ ਇਨ੍ਹਾਂ ਨੇ ਅਪਣੇ ਪ੍ਰਵਾਰਕ ਮੈਂਬਰਾਂ ਦਾ ਵਿਦੇਸ਼ਾਂ ਵਿਚੋਂ ਵੀ ਇਲਾਜ ਕਰਵਾਇਆ ਪਰ ਉਨ੍ਹਾਂ ਦੀ ਬਿਮਾਰੀ ਠੀਕ ਨਾ ਹੋਈ।

ਹਾਂ, ਹੁਣ ਦੁਖਾਂਤ ਹੈ ਕਿ ਸਾਡੇ ਰਾਜਸੀ ਆਗੂ ਅਪਣੀ ਜਨਤਾ ਪ੍ਰਤੀ ਕਿੰਨੇ ਕੁ ਫ਼ਿਕਰਮੰਦ ਹਨ। ਦੋਹਾਂ ਪ੍ਰਵਾਰਾਂ ਵਲੋਂ ਅਜੇ ਤਕ ਕੈਂਸਰ ਦੇ ਇਲਾਜ ਲਈ ਜਾਂ ਬਠਿੰਡਾ ਤੋਂ ਰਾਜਸਥਾਨ ਨੂੰ ਚਲਦੀ ਕੈਂਸਰ ਟਰੇਨ ਨੂੰ ਰੋਕਣ ਲਈ ਕੋਈ ਠੋਸ ਕਦਮ ਵੀ ਨਹੀਂ ਚੁੱਕੇ ਗਏ। ਡਾ. ਸ਼ਿਵ ਪਰਾਸ਼ਰ ਬੇਬਾਕੀ ਨਾਲ ਕਹਿ ਗਏ ਹਨ ਕਿ ਕੈਂਸਰ ਦੇ ਕਾਰਨਾਂ ਦੀ ਖੋਜ ਕਰਨ ਲਈ ਕੋਈ ਵੀ ਇਥੇ ਤਿਆਰ ਨਹੀਂ ਮਿਲਦਾ। ਇਸੇ ਤਰ੍ਹਾਂ ਉਹ ਬੁੱਢਾ ਨਾਲਾ ਜੋ ਲੁਧਿਆਣੇ ਵਿਚੋਂ ਚਲਦਾ ਹੈ, ਉਸ ਬਾਰੇ ਕਹਿੰਦੇ ਹਨ ਕਿ ''ਜਦੋਂ ਅਸੀ ਬੁੱਢਾ ਨਾਲਾ ਵੇਖਣ ਗਏ ਤਾਂ ਕਰੀਬ 14-15 ਕਿਲੋਮੀਟਰ ਲੰਮੇ ਨਾਲੇ ਬਾਰੇ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਪਤਾ ਹੈ ਕਿ ਕਿਥੋਂ ਪ੍ਰਦੂਸ਼ਣ ਆ ਰਿਹਾ ਹੈ,

ਕੌਣ ਪ੍ਰਦੂਸ਼ਣ ਫੈਲਾ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਕੁੱਝ ਨਹੀਂ ਕਰ ਰਹੇ। ਜੇਕਰ ਪ੍ਰਦੂਸ਼ਣ ਰੋਕਣ ਲਈ ਅਸੀ ਉਸ ਥਾਂ ਤੇ (ਫੈਕਟਰੀਆਂ ਵਿਚ) ਹੀ ਫਿਲਟਰ ਲਗਾ ਦੇਈਏ, ਜਿਸ ਨਾਲ ਫੈਕਟਰੀਆਂ ਵਿਚੋਂ ਨਿਕਲਣ ਵਾਲਾ ਗੰਦਾ ਪਾਣੀ ਕੁੱਝ ਸਾਫ਼ ਹੋ ਸਕੇ ਤਾਂ ਬੁੱਢਾ ਨਾਲਾ ਅਪਣੇ ਆਪ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਪਰ ਅਫ਼ਸੋਸ ਕਿ ਇਸ ਬਾਰੇ ਕੋਈ ਕੁੱਝ ਵੀ ਨਹੀਂ ਕਰ ਰਿਹਾ।'' ਡਾਕਟਰ ਸਾਹਬ ਕਹਿੰਦੇ ਹਨ ਕਿ ਪੰਜਾਬ ਦੇ ਲੋਕ ਜੋ ਕੈਨੇਡਾ ਵਿਚ ਵਸਦੇ ਹਨ, ਉਹ ਅਪਣੇ ਪੰਜਾਬੀਆਂ ਲਈ ਕੁੱਝ ਕਰਨਾ ਲੋਚਦੇ ਹਨ ਪਰ ਪੰਜਾਬ ਦੇ ਸਿਆਸਤਦਾਨ ਸਿਰਫ਼ ਵੋਟ ਬੈਂਕ ਨੀਤੀਆਂ ਬਾਰੇ ਹੀ ਸੋਚਦੇ ਹਨ।

ਲੋਕ ਮਜਬੂਰ ਹਨ, ਗ਼ਰੀਬ ਗਰੀਬੀ ਨੇ ਜਕੜ ਰੱਖੇ ਹਨ ਤੇ ਕਿਸਾਨ ਖ਼ੁਦਕੁਸ਼ੀਆਂ ਤਕ ਪਹੁੰਚਾ ਦਿਤੇ ਗਏ ਹਨ। 1996-97 ਵਿਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਲੁਧਿਆਣੇ ਵਿਚ ਜਿਹੜੇ ਕਾਰਖ਼ਾਨੇ ਪ੍ਰਦੂਸ਼ਣ ਪਲਾਂਟਾਂ ਦੀ ਵਰਤੋਂ ਨਹੀਂ ਕਰਦੇ, ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿਉ। ਦੂਜੇ ਦਿਨ ਭਾਈਵਾਲ ਭਾਜਪਾ ਲੀਡਰਸ਼ਿਪ ਜਾ ਬੈਠੀ ਮੁੱਖ ਮੰਤਰੀ ਜੀ ਕੋਲ। ਬਿਆਨ ਗੰਧਲੀ ਸਿਆਸਤ ਦਾ ਰੂਪ ਧਾਰਨ ਕਰਦਾ ਹੋਇਆ ਸਿਰਫ਼ ਬਿਆਨ ਤਕ ਹੀ ਰਹਿ ਗਿਆ। ਅੱਜ 20 ਸਾਲ ਬਾਅਦ ਵੀ ਉਹੀ ਹਾਲ ਹੈ। ਪੰਜਾਬ ਦੀ ਬਰਬਾਦੀ ਪਿਛੇ ਰਾਜਸੀ ਘਰਾਣਿਆਂ ਦੀ ਗੰਧਲੀ ਸਿਆਸਤ ਮੁੱਖ ਰੂਪ ਵਿਚ ਜ਼ਿੰਮੇਵਾਰ ਹੈ। ਲੋਕ ਮਾਰੂ, ਸੂਬਾ ਉਜਾੜੂ ਸੋਚ ਭਾਰੂ ਹੈ।   -ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963