ਕਿਸਾਨ ਤੇ ਮਜ਼ਦੂਰ ਕੀ ਮੰਗਦੇ ਹਨ? ਰਾਮ ਲੀਲਾ ਗਰਾਊਂਡ, ਦਿੱਲੀ ਦੇ ਸੁਨੇਹੇ ਵਲ ਧਿਆਨ ਦਿਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਦੇਸ਼ ਭਰ ਤੋਂ ਕਿਸਾਨ ਅਤੇ ਖੇਤ ਮਜ਼ਦੂਰ ਨਾ ਸਿਰਫ਼ ਅਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਇਕੱਠੇ ਹੋਏ ਹਨ.............

Farmer organizations demonstrating protest

ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਦੇਸ਼ ਭਰ ਤੋਂ ਕਿਸਾਨ ਅਤੇ ਖੇਤ ਮਜ਼ਦੂਰ ਨਾ ਸਿਰਫ਼ ਅਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਇਕੱਠੇ ਹੋਏ ਹਨ ਬਲਕਿ ਦੇਸ਼ ਵਿਚ ਗ਼ਰੀਬ ਤੇ ਅਮੀਰ ਵਿਚਕਾਰ ਡੂੰਘੀ ਹੁੰਦੀ ਜਾ ਰਹੀ ਖਾਈ ਵਿਰੁਧ ਆਵਾਜ਼ ਚੁੱਕਣ ਆਏ ਹਨ। ਮੋਦੀ ਸਰਕਾਰ ਉਤੇ ਕਿਸਾਨਾਂ ਦੀ ਇਕ ਜਥੇਬੰਦੀ ਨੇ ਕਿਸਾਨ-ਵਿਰੋਧੀ ਅਤੇ ਵਪਾਰੀਆਂ ਦੀ ਸਰਕਾਰ ਹੋਣ ਦਾ ਇਲਜ਼ਾਮ ਲਾ ਕੇ ਅਪਣੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਦੀ ਆਮਦਨ ਦਾ ਟਾਕਰਾ ਨੀਰਵ ਮੋਦੀ, ਵਿਜੈ ਮਾਲਿਆ ਦੇ ਘਪਲਿਆਂ ਨਾਲ ਕਰ ਕੇ ਪੁਛਿਆ ਹੈ ਕਿ ਇਨ੍ਹਾਂ ਗ਼ਰੀਬਾਂ ਨੂੰ ਤਬਾਹੀ ਵਲ ਲਿਜਾਣ ਵਾਲੀਆਂ ਨੀਤੀਆਂ ਦਾ ਅੰਤ ਕੀ ਹੋਵੇਗਾ?

ਕਿਸਾਨ ਹੜ੍ਹ ਬਣ ਕੇ ਦੇਸ਼ ਭਰ 'ਚੋਂ ਆਏ ਹਨ ਅਤੇ ਭਾਵੇਂ ਇਸ ਨੂੰ 'ਖੱਬੇ ਪੱਖੀ' ਮਾਰਚ ਆਖਿਆ ਜਾ ਰਿਹਾ ਹੈ, ਸਿਰਫ਼ ਸਰਕਾਰ ਨੂੰ ਹੀ ਨਹੀਂ ਬਲਕਿ ਪੂਰੇ ਭਾਰਤ ਨੂੰ ਇਸ ਰੋਸ ਦੇ ਪਿਛੇ ਪਨਪਦੇ ਗੁੱਸੇ ਨੂੰ ਸਮਝਣ ਦੀ ਜ਼ਰੂਰਤ ਹੈ। 70 ਸਾਲਾਂ ਤੋਂ ਹਰ ਸਿਆਸਤਦਾਨ, ਕਿਸਾਨਾਂ ਨੂੰ ਜੁਮਲਿਆਂ ਨਾਲ ਬਹਿਲਾ ਫੁਸਲਾ ਕੇ ਅਪਣੇ ਵਾਸਤੇ ਵੋਟ ਖਿੱਚ ਲਿਜਾਂਦਾ ਹੈ। ਇਸ ਵਾਰ ਦਾ ਕਿਸਾਨ ਦੀ ਆਮਦਨ ਦੁਗਣੀ ਕਰਨ ਦਾ, ਜੁਮਲਾ ਕੁੱਝ ਜ਼ਿਆਦਾ ਹੀ ਵੱਡਾ ਸੀ ਜੋ ਸਰਕਾਰ, ਪੁਗਾਅ ਸਕਣ ਦੀ ਕਾਬਲੀਅਤ ਜਾਂ ਨੀਤ ਨਹੀਂ ਰਖਦੀ। 

ਪਰ ਪਿਛਲੇ 70 ਸਾਲਾਂ ਵਿਚ ਇਕ ਹੋਰ ਚੀਜ਼ ਬਦਲੀ ਹੈ। ਕਿਸਾਨ ਹੁਣ ਉਸ ਪਿਛੜੀ ਦੁਨੀਆਂ ਵਿਚ ਨਹੀਂ ਰਹਿ ਰਹੇ ਜਿਥੇ ਉਨ੍ਹਾਂ ਕੋਲ ਭਾਰਤ ਦੇ ਸ਼ਹਿਰਾਂ ਦੇ ਵਿਕਾਸ ਬਾਰੇ ਜਾਣਕਾਰੀ ਨਹੀਂ ਸੀ ਹੁੰਦੀ। ਕਿਸੇ ਵੀ ਸ਼ਹਿਰੀ ਨਾਲ ਕਿਸਾਨ ਦੇ ਕਰਜ਼ੇ ਦੀ ਗੱਲ ਕਰੋ ਤਾਂ ਉਹ ਆਖ ਦੇਂਦਾ ਹੈ ਕਿ ਇਹ ਕਿਸਾਨ ਦੀ ਗ਼ਲਤੀ ਹੈ, ਉਹ ਹਰ ਵੇਲੇ ਨਵੇਂ ਟਰੈਕਟਰ, ਨਵੀਆਂ ਗੱਡੀਆਂ ਖ਼ਰੀਦਦਾ ਰਹਿੰਦਾ ਹੈ, ਆਪ ਖੇਤਾਂ ਵਿਚ ਕੰਮ ਕਰਨ ਨੂੰ ਤਿਆਰ ਨਹੀਂ ਅਤੇ ਮਜ਼ਦੂਰਾਂ ਉਤੇ ਖ਼ਰਚਾ ਕਰਦਾ ਹੈ। ਇਹ ਉਹੀ ਸ਼ਹਿਰੀ ਹੈ ਜੋ ਅਪਣੇ ਰਹਿਣ-ਸਹਿਣ ਉਤੇ ਲੋੜੋਂ ਵੱਧ ਖ਼ਰਚਾ ਕਰਨ ਤੋਂ ਨਹੀਂ ਕਤਰਾਉਂਦਾ।

ਵੱਡੇ ਸਿਨੇਮਾ ਘਰਾਂ ਵਿਚ 500 ਰੁਪਏ ਦੀ ਟਿਕਟ ਖ਼ਰੀਦਦਾ ਹੈ ਅਤੇ ਦੋ ਰੁਪਏ ਦੇ ਮੱਕੀ ਦੇ ਦਾਣੇ ਵਾਸਤੇ 100 ਰੁਪਏ ਖ਼ੁਸ਼ੀ ਨਾਲ ਦੇ ਦੇਂਦਾ ਹੈ। ਪਰ ਕਿਸਾਨ ਦੇ ਟਮਾਟਰ ਜੇ 10 ਰੁਪਏ ਕਿੱਲੋ ਵੀ ਹੋ ਜਾਣ ਤਾਂ ਰੋਣਾ ਸ਼ੁਰੂ ਕਰ ਦੇਂਦਾ ਹੈ। ਪਰ ਉਹ ਰਸਤਾ ਜੋ ਸ਼ਹਿਰਾਂ ਅਤੇ ਪਿੰਡਾਂ ਨੂੰ ਦੋ ਵਖਰੇ ਸੰਸਾਰਾਂ ਵਿਚ ਵੰਡ ਦੇਂਦਾ ਸੀ, ਉਹ ਰਸਤਾ ਹੁਣ ਖੁਲ੍ਹ ਗਿਆ ਹੈ।

ਜਿਸ ਤਰ੍ਹਾਂ ਟੀ.ਵੀ., ਸੋਸ਼ਲ ਮੀਡੀਆ ਨੇ ਕਿਸਾਨ ਨੂੰ ਦੇਸ਼ ਦੇ 'ਵਪਾਰੀ' ਬਾਰੇ ਜਾਣਕਾਰੀ ਦੇ ਦਿਤੀ ਹੈ, ਕਿਸਾਨ ਵੀ ਹੁਣ ਅਪਣੀ ਮਿਹਨਤ ਦੀ ਕਦਰ ਮੰਗਦਾ ਹੈ। ਕਿਸਾਨਾਂ ਦੀਆਂ ਬਾਕੀ ਮੰਗਾਂ ਦੇ ਨਾਲ ਨਾਲ ਹੁਣ ਮਜ਼ਦੂਰ ਵਾਸਤੇ 18 ਹਜ਼ਾਰ ਦੀ ਆਮਦਨ ਇਕ ਬੜੀ ਸੁਲਝੀ ਹੋਈ ਅਤੇ ਯਥਾਰਥਵਾਦੀ ਮੰਗ ਹੈ। ਅੱਜ ਜੇ ਕੋਈ ਭਾਰਤ ਦੇਸ਼ ਦੇ ਅਸਲ ਵਿਕਾਸ ਦੀ ਗੱਲ ਸੋਚਦਾ ਹੈ ਤਾਂ ਕਿਸਾਨ ਨੂੰ ਨਜ਼ਰਅੰਦਾਜ਼ ਕਰ ਕੇ ਅਜਿਹਾ ਨਹੀਂ ਕਰ ਸਕਦਾ। ਕਿਸਾਨ ਦੀ ਮੰਗ ਅਤੇ ਟਿਪਣੀਆਂ ਧਿਆਨ ਮੰਗਦੀਆਂ ਹਨ।

-ਨਿਮਰਤ ਕੌਰ