ਸੜਕਾਂ ਤੇ ਹਾਦਸੇ ਰੋਕਣ ਲਈ ਭਾਰੀ ਭਰਕਮ ਜੁਰਮਾਨੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਗ਼ਰੀਬ ਦੇਸ਼ ਦੇ ਆਮ ਲੋਕਾਂ ਦੇ ਖ਼ਾਲੀ ਬਟੂਏ ਦਾ ਧਿਆਨ ਰਖਣਾ ਵੀ ਜ਼ਰੂਰੀ ਹੈ

Heavy fines for preventing road accidents

ਅੱਜ ਪੂਰਾ ਭਾਰਤ ਨਵੇਂ ਮੋਟਰ ਸੁਰੱਖਿਆ ਬਿੱਲ 2019 ਦੇ ਲਾਗੂ ਹੋਣ ਮਗਰੋਂ ਕੁਰਲਾ ਰਿਹਾ ਹੈ। ਗੁਰੂਗ੍ਰਾਮ (ਗੁੜਗਾਉਂ) ਵਿਚ ਇਕ ਆਦਮੀ ਨੇ ਚਲਾਨ ਤੋਂ ਬਚਣ ਲਈ ਅਪਣੇ ਮੋਟਰਸਾਈਕਲ ਨੂੰ ਹੀ ਅੱਗ ਲਾ ਦਿਤੀ। ਕਿਸੇ ਹੋਰ ਨੂੰ 23 ਹਜ਼ਾਰ ਦਾ ਜੁਰਮਾਨਾ ਭਰਨਾ ਪਿਆ ਜਦਕਿ ਉਸ ਦੀ ਗੱਡੀ ਦੀ ਕੀਮਤ 44 ਹਜ਼ਾਰ ਹੈ। ਟਰੈਕਟਰ ਚਾਲਕ ਦਾ 50 ਹਜ਼ਾਰ ਰੁਪਏ ਦਾ ਚਲਾਨ ਕਟਿਆ ਗਿਆ। ਸਰਕਾਰਾਂ ਦੇ ਖ਼ਜ਼ਾਨੇ ਭਰਦੇ ਜਾ ਰਹੇ ਹਨ। ਪਰ ਲੋਕਾਂ ਦੇ ਦੁਖ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਲੋਕਾਂ ਦੀ ਤੇ ਲੋਕਾਂ ਵਲੋਂ ਸਰਕਾਰ ਦਾ ਵਿਚਾਰ ਪਿਛੇ ਰਹਿ ਗਿਆ ਹੈ ਤੇ ਲੋਕਾਂ ਨੂੰ ਦੰਡ ਦੇਣ ਵਾਲੀ ਸਰਕਾਰ ਦਾ ਵਿਚਾਰ ਅੱਗੇ ਆ ਗਿਆ ਹੈ। ਪੰਜਾਬ ਸਰਕਾਰ ਅਜੇ ਇਹ ਬਿਲ ਲਾਗੂ ਨਹੀਂ ਕਰ ਰਹੀ ਅਤੇ ਸ਼ਾਇਦ ਇਸ ਵਿਚ ਸੋਧ ਕਰ ਕੇ ਲਾਗੂ ਕਰ ਦੇਵੇ। ਬੰਗਾਲ ਸਰਕਾਰ ਨੇ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿਤਾ ਹੈ।

ਇਕ ਗ਼ਰੀਬ ਦੇਸ਼ ਵਿਚ ਏਨੇ ਮਹਿੰਗੇ ਜੁਰਮਾਨੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹੇ। ਸਰਕਾਰ ਇਨ੍ਹਾਂ ਜੁਰਮਾਨਿਆਂ ਨੂੰ ਇੰਗਲੈਂਡ, ਅਮਰੀਕਾ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਜੁਰਮਾਨਿਆਂ ਨਾਲ ਮੇਲ ਕੇ ਦਸ ਰਹੀ ਹੈ ਕਿ ਉਹ ਇਕੱਲੀ ਨਹੀਂ ਜੋ ਏਨੇ ਵੱਡੇ ਜੁਰਮਾਨੇ ਲਾਉਂਦੀ ਹੈ। ਠੀਕ ਹੈ, ਪਰ ਭਾਰਤੀਆਂ ਦੀ ਆਮਦਨ ਵੀ ਉਨ੍ਹਾਂ ਦੇਸ਼ਾਂ ਦੇ ਬਰਾਬਰ ਨਹੀਂ ਤੇ ਭਾਰਤੀਆਂ ਦੇ ਬਟੂਏ, ਉਨ੍ਹਾਂ ਦੇਸ਼ਾਂ ਦੇ ਆਮ ਲੋਕਾਂ ਦੇ ਬਟੂਏ ਦੇ ਮੁਕਾਬਲੇ ਖ਼ਾਲੀ ਹੀ ਹੁੰਦੇ ਹਨ। ਜਿਥੇ ਅੱਜ ਬੇਰੁਜ਼ਗਾਰੀ ਦੀਆਂ ਹੱਦਾਂ ਵਧੀਆਂ ਹੋਈਆਂ ਹੋਣ, ਵਪਾਰ ਠੱਪ ਹੋਣ ਦੇ ਕੰਢੇ ਹੋਵੇ, ਉਸ ਦੇਸ਼ ਵਿਚ ਏਨੇ ਭਾਰੀ ਭਰਕਮ ਜੁਰਮਾਨੇ ਨਹੀਂ ਜਚਦੇ।

ਪਰ ਸਰਕਾਰ ਦੀ ਸੋਚ ਖ਼ਜ਼ਾਨੇ ਭਰਨ ਦੀ ਨਹੀਂ ਬਲਕਿ ਭਾਰਤ ਨੂੰ ਸੜਕਾਂ ਉਤੇ ਗੱਡੀਆਂ ਚਲਾਉਣ ਦਾ ਸਹੀ ਤਰੀਕਾ ਸਿਖਾਉਣ ਦੀ ਹੈ। ਜਦੋਂ ਹਰ 10 ਮਿੰਟਾਂ ਵਿਚ ਸੜਕੀ ਹਾਦਸਿਆਂ ਕਰ ਕੇ 3 ਜਾਨਾਂ ਜਾਂਦੀਆਂ ਹਨ ਤਾਂ ਸਰਕਾਰ ਨੂੰ ਹੀ ਕੋਸੀਦਾ ਹੈ ਅਤੇ ਭਾਰਤੀ ਲੋਕ ਜਦੋਂ ਤਕ ਅਪਣੀ ਜੇਬ 'ਚੋਂ ਪੈਸਾ ਜਾਂਦਾ ਨਹੀਂ ਵੇਖਦੇ, ਉਦੋਂ ਤਕ ਉਨ੍ਹਾਂ ਨੂੰ ਫ਼ਰਕ ਵੀ ਨਹੀਂ ਪੈਂਦਾ।

ਆਮ ਗੱਲ ਹੈ ਕਿ ਸਾਡੇ ਸਾਹਮਣੇ ਐਂਬੂਲੈਂਸ ਨਿਕਲ ਜਾਂਦੀ ਹੈ ਪਰ ਗੱਡੀਆਂ ਰਾਹ ਨਹੀਂ ਦੇਂਦੀਆਂ। ਹਮਦਰਦੀ ਤਾਂ ਨਹੀਂ ਬਣ ਸਕੀ ਪਰ ਹੁਣ ਜੁਰਮਾਨੇ ਦੇ ਡਰ ਨਾਲ ਰਾਹ ਜ਼ਰੂਰ ਦੇਣਗੇ। ਕਿਹੜੀ ਥਾਂ ਗੱਡੀ ਖਲੋਤੀ ਹੈ, ਕਿਹੜੇ ਪਾਸੇ ਗੱਡੀ ਚਲਾਉਣੀ ਹੈ, ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ, ਫ਼ਾਲਤੂ ਹਾਰਨ ਨਹੀਂ ਵਜਾਉਣਾ, ਬੱਚਿਆਂ ਵਾਂਗ ਅੱਜ ਭਾਰਤ ਦੀ ਆਬਾਦੀ ਨੂੰ ਸਿਖਾਉਣ ਦੀ ਜ਼ਰੂਰਤ ਪੈ ਰਹੀ ਹੈ। ਇਹ ਉਸੇ ਤਰ੍ਹਾਂ ਦੇ ਬੱਚੇ ਹਨ ਜੋ ਨਹੀਂ ਸਮਝਦੇ ਕਿ ਬਿਜਲੀ ਦੀਆਂ ਤਾਰਾਂ ਨਾਲ ਖੇਡਣ ਨਾਲ ਮੌਤ ਹੋ ਜਾਂਦੀ ਹੈ। ਬੱਚਿਆਂ ਨੂੰ ਥੱਪੜ ਪੈਂਦੇ ਹਨ ਅਤੇ ਗੱਡੀ ਚਾਲਕਾਂ ਨੂੰ ਵੱਡਾ ਜੁਰਮਾਨਾ ਲਗਦਾ ਹੈ।

ਅਜੀਬ ਗੱਲ ਹੈ ਕਿ ਜਿਹੜਾ ਹੈਲਮੇਟ ਨਾ ਪਾਉਣ ਨਾਲ ਗੱਡੀ ਚਾਲਕ ਦੀ ਮੌਤ ਹੋ ਸਕਦੀ ਹੈ, ਉਸ ਤੋਂ ਬਚਣ ਲਈ ਲੋਕ ਬਹਾਨੇ ਘੜਨ ਲਗਦੇ ਹਨ। ਹੈਲਮੈਟ ਤੋਂ ਬਚਣ ਲਈ ਕੁੜੀਆਂ ਨੂੰ ਅਪਣਾ ਧਰਮ ਯਾਦ ਆ ਜਾਂਦਾ ਹੈ ਭਾਵੇਂ ਇਕ ਵੀ ਗੁਰੂ ਦਾ ਹੁਕਮ ਉਨ੍ਹਾਂ ਦੇ ਕਰਮਾਂ ਵਿਚ ਨਾ ਝਲਕਦਾ ਹੋਵੇ। ਅਸਲ ਵਿਚ ਜਿਸ ਦੇਸ਼ ਵਿਚ ਹੇਅਰ ਸਟਾਈਲ, ਜ਼ਿੰਦਗੀ ਤੋਂ ਜ਼ਿਆਦਾ ਮਹੱਤਵਪੂਰਨ ਹਨ, ਉਥੇ ਗੱਲ ਮਨਵਾਉਣ ਦਾ ਤਰੀਕਾ ਹੀ ਇਕੋ ਇਕ ਰਾਹ ਰਹਿ ਗਿਆ ਸੀ। ਸੀਟ ਬੈਲਟ ਪਾਉਣ ਨੂੰ ਅਪਣੀ ਮਰਦਾਨਗੀ ਉਤੇ ਸ਼ੱਕ ਸਮਝਣ ਵਾਲੇ ਅੱਜ ਜੁਰਮਾਨੇ ਦੇ ਡਰ ਕਾਰਨ ਸੁਰੱਖਿਅਤ ਰਹਿਣਗੇ।

ਸਾਡੀ ਸਰਕਾਰ ਹੁਣ ਅਪਣੀ ਜ਼ਿਦ ਪੁਗਾਉਣ ਵਿਚ ਮਾਹਰ ਹੋ ਗਈ ਹੈ ਪਰ ਥੋੜਾ ਜਨਤਾ ਦਾ ਪੱਖ ਵੀ ਧਿਆਨ ਵਿਚ ਰਖਣਾ ਚਾਹੀਦੈ। ਇਹ ਸਾਰੇ ਸਬਕ ਜੇ ਡਰਾਈਵਿੰਗ ਲਾਇਸੈਂਸ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਖਾਏ ਜਾਣ ਤਾਂ ਬਿਹਤਰ ਨਤੀਜੇ ਨਿਕਲ ਸਕਦੇ ਹਨ। ਅਤੇ ਸਰਕਾਰ ਵਲੋਂ ਧਿਆਨ ਰਖਿਆ ਜਾਏ ਕਿ ਇਹ ਜੁਰਮਾਨਾ ਟਰੈਫ਼ਿਕ ਪੁਲਿਸ ਵਾਸਤੇ ਗੱਡੀ ਚਾਲਕਾਂ ਤੋਂ ਪੈਸਾ ਕਢਵਾਉਣ ਦਾ ਜ਼ਰੀਆ ਨਾ ਬਣ ਜਾਏ। ਅੱਜ ਤਾਂ ਵਿਰੋਧ ਵੀ ਚਲ ਰਿਹਾ ਹੈ ਪਰ ਮੰਨ ਲੈਣਾ ਚਾਹੀਦਾ ਹੈ ਕਿ ਇਹ ਕਦਮ ਕਈ ਜਾਨਾਂ ਬਚਾਏਗਾ। ਅਤੇ ਜੇ ਯਕੀਨ ਨਾ ਹੋਵੇ ਤਾਂ ਕਿਸੇ ਉਸ ਨਾਲ ਗੱਲ ਕਰੋ ਜਿਸ ਨੇ ਅਪਣੇ ਦਿਲ ਦੇ ਟੁਕੜੇ ਨੂੰ ਸੜਕ ਹਾਦਸੇ ਵਿਚ ਗਵਾ ਲਿਆ ਹੋਵੇ। ਸੱਭ ਸਮਝ ਆ ਜਾਏਗੀ। -ਨਿਮਰਤ ਕੌਰ