ਖੇਤੀ ਕਾਨੂੰਨ ਵਿਚ ਆਗੂਆਂ ਨੂੰ ਆਪਣੀ ਚੜ੍ਹਾਈ ਦਾ ਰਸਤਾ ਨਜ਼ਰ ਆ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਵੀ ਜੋਸ਼ ਦੀ ਕੋਈ ਘਾਟ ਨਹੀਂ, ਨੌਜਵਾਨਾਂ ਦਾ ਜੋਸ਼ ਸੜਕਾਂ ਉਤੇ ਹੜ੍ਹ ਵਾਂਗ ਵਹਿ ਰਿਹਾ ਹੈ

File Photo

ਐਤਵਾਰ ਦਾ ਦਿਨ ਪੰਜਾਬ ਵਾਸਤੇ ਇਕ ਉਤਸ਼ਾਹ ਭਰਿਆ ਦਿਨ ਸਾਬਤ ਹੋਣ ਦੀ ਬਜਾਏ ਇਕ ਵੱਡੀ ਚੁਨੌਤੀ ਬਣ ਕੇ ਵਿਖਾ ਗਿਆ। ਇਹ ਦਿਨ ਦਸ ਗਿਆ ਕਿ ਇਤਿਹਾਸ ਦੇ ਪੰਨਿਆਂ ਤੋਂ ਕੋਈ ਕੀਮਤੀ ਪਾਠ ਅਸੀ ਅਜੇ ਵੀ ਨਹੀਂ ਸਿਖਿਆ। ਪੰਜਾਬ ਦੇ ਇਤਿਹਾਸ ਵਿਚ ਆਗੂਆਂ ਦੀ ਸਦਾ ਹੀ ਕਮੀ ਰਹੀ ਹੈ ਅਰਥਾਤ ਉਹ ਆਗੂ ਜੋ ਅਪਣੀ ਚੜ੍ਹਤ ਜਾਂ ਕੁਰਸੀ ਵਾਸਤੇ ਨਹੀਂ ਬਲਕਿ ਪੰਜਾਬ ਵਾਸਤੇ ਲੜਨ ਦੀ ਸਮਰੱਥਾ ਰਖਦੇ ਹੋਣ।

ਅੱਜ ਵੀ ਜੋਸ਼ ਦੀ ਕੋਈ ਘਾਟ ਨਹੀਂ, ਨੌਜਵਾਨਾਂ ਦਾ ਜੋਸ਼ ਸੜਕਾਂ ਉਤੇ ਹੜ੍ਹ ਵਾਂਗ ਵਹਿ ਰਿਹਾ ਹੈ। ਜੇ ਬੀਬੀਆਂ ਦੀ ਕਮੀ ਪਹਿਲੇ ਕੁੱਝ ਮੰਚਾਂ ਉਤੇ ਮਹਿਸੂਸ ਹੋਈ ਤਾਂ ਉਹ ਵੀ ਪੂਰੀ ਹੁੰਦੀ ਜਾਪਦੀ ਹੈ। ਬਜ਼ੁਰਗ ਕਿਸਾਨ ਅੱਜ ਪੰਜਾਬ ਦੇ ਨੌਜਵਾਨ ਵਲ ਫ਼ਖ਼ਰ ਨਾਲ ਵੇਖ ਰਿਹਾ ਹੈ। ਕਈ ਕਿਸਾਨ ਆਖ ਰਹੇ ਹਨ ਕਿ ਕੋਰੋਨਾ ਦੌਰ ਵਿਚ ਸਾਡੇ ਨੌਜਵਾਨਾਂ ਨੇ ਖੇਤੀ ਕਰ ਕੇ ਵਿਖਾ ਦਿਤੀ ਕਿ ਮੁਸੀਬਤ ਪੈਣ ਉਤੇ ਇਹ ਸਾਡੇ ਨਾਲ ਹਨ। ਫ਼ੌਜੀ ਤਿਆਰ ਹੈ ਪਰ ਆਗੂ ਕਿਥੇ ਹਨ?

ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। ਇਸ ਅੰਦੋਲਨ ਦੇ ਸਮਰਥਨ ਵਿਚ ਇਕੱਠ ਕੀਤੇ ਗਏ ਤੇ ਕ੍ਰਾਂਤੀਕਾਰੀ ਯੁਵਾ ਸਮਾਜ ਸੇਵੀਆਂ ਨੇ 'ਚਲੋ ਸ਼ੰਭੂ' ਦਾ ਨਾਹਰਾ ਦਿਤਾ। ਗੀਤਕਾਰ-ਕਲਾਕਾਰ ਅਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਉਤਰੇ ਸਨ ਪਰ ਜਦੋਂ ਕਈਆਂ ਦੇ ਮੂੰਹੋਂ ਖ਼ਾਲਿਸਤਾਨ ਜਾਂ ਅਪਣੀ ਆਜ਼ਾਦੀ ਦਾ ਨਾਹਰਾ ਨਿਕਲਣਾ ਸ਼ੁਰੂ ਹੋ ਗਿਆ ਤਾਂ ਉਹ ਵੀ ਪਿਛੇ ਹਟ ਗਏ।

ਸਿਆਣਿਆਂ ਨੇ ਚੇਤਾਵਨੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਕਿ ਨੌਜਵਾਨਾਂ ਵਿਚ ਸ਼ਰਾਰਤੀ ਤੱਤ ਮਿਲਾਏ ਜਾ ਰਹੇ ਹਨ ਜਿਸ ਨਾਲ ਜੋਸ਼ ਖ਼ਤਮ ਹੋ ਜਾਵੇ ਕਿਉਂਕਿ ਇਸ ਤਰ੍ਹਾਂ ਕਈ ਵਾਰ ਕੀਤਾ ਗਿਆ ਹੈ। 'ਅਤਿਵਾਦੀ' ਸ਼ਬਦ ਪੰਜਾਬ ਦੇ ਨੌਜਵਾਨਾਂ ਨਾਲ ਐਸਾ ਜੋੜ ਦਿਤਾ ਗਿਆ ਹੈ ਕਿ ਕੋਈ ਹੌਲੀ ਜਹੀ ਵਿਰੋਧ ਆਵਾਜ਼ ਨਿਕਲਣ ਤੇ ਵੀ 'ਅਤਿਵਾਦੀ' ਲਫ਼ਜ਼ ਇੰਜ ਗੂੰਜਣ ਲਗਦਾ ਹੈ ਜਿਵੇਂ ਕੋਈ ਤੂਫ਼ਾਨ ਆ ਰਿਹਾ ਹੋਵੇ। ਸਿਆਸੀ ਮੰਚ ਹੋਵੇ ਜਾਂ ਕਿਸਾਨੀ ਰਾਹੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਤਾਂ ਲੜਨਾ ਹੀ ਪੈਣਾ ਹੈ।

ਪਰ ਇਥੇ ਆ ਕੇ ਪੰਜਾਬ ਦੀ ਇਕ ਵੱਡੀ ਤਰਾਸਦੀ ਸ਼ੁਰੂ ਹੋ ਜਾਂਦੀ ਹੈ ਕਿ ਹਰ ਕੋਈ ਅਪਣੇ ਆਪ ਨੂੰ ਵੱਡਾ ਮੰਨਣ ਦੀ ਸ਼ਰਤ ਰੱਖ ਦੇਂਦਾ ਹੈ। ਕਾਂਗਰਸ ਦੇ ਮੰਚ ਉਤੇ ਵੀ ਇਹੀ ਹੋਇਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਅਪਣੀ ਹੀ ਪਾਰਟੀ ਉਤੇ ਵਾਰ ਕਰ ਦਿਤਾ। ਉਹ ਡੇਢ ਸਾਲ ਬਾਅਦ ਮੰਚ ਉਤੇ ਬੋਲੇ ਸਨ ਤੇ ਬੋਲ ਕੇ ਖ਼ੁਸ਼ ਵੀ ਹੋਏ। ਪਰ ਵਕਤ ਸੀ ਕਿ ਕਿਸਾਨ ਨੂੰ ਸਹੀ ਦਿਸ਼ਾ ਅਤੇ ਉਮੀਦ ਬਾਰੇ ਸਲਾਹ ਦੇਣ ਦੀ ਨਾਕਿ ਦੂਰੀਆਂ ਬਣੀਆਂ ਰਹਿਣ ਦਾ ਸਬੂਤ ਦੇਣ ਦੀ।

ਸ਼ਾਇਦ ਜੇ ਵੱਡੇ ਆਗੂ ਸਿੱਧੂ ਨੂੰ ਪਿਆਰ ਨਾਲ ਮਿਲੇ ਹੁੰਦੇ ਤਾਂ ਨਵਜੋਤ ਸਿੰਘ ਉਨ੍ਹਾਂ ਉਤੇ ਹੀ ਵਾਰ ਨਾ ਕਰਦਾ ਪਰ ਜੇ ਨਵਜੋਤ ਸਿੰਘ ਸਿੱਧੂ ਇਕ ਟੀਮ ਨਾਲ ਚਲਣ ਵਾਲਾ ਹੁੰਦਾ ਤਾਂ ਉਹ ਵੀ ਸੰਜਮ ਦੀ ਵਰਤੋਂ ਕਰ ਲੈਂਦਾ। ਅਕਾਲੀ ਦਲ ਬਾਦਲ, ਅਕਾਲੀ ਦਲ ਟਕਸਾਲੀ ਤੇ ਅਕਾਲੀ ਦਲ ਢੀਂਡਸਾ ਆਦਿ ਆਗੂ ਵੀ ਇਸੇ 'ਮੈਂ' ਦੀ ਬਿਮਾਰੀ ਕਾਰਨ ਵੰਡੇ ਹੋਏ ਸਨ। ਇਸ 'ਮੈਂ ਦੇ ਚੱਕਰ' ਵਿਚ ਅੱਜ ਹਰ ਵਿਰੋਧੀ ਧਿਰ ਤੇ ਹਰ ਸਿਆਸੀ ਪਾਰਟੀ ਵਿਚ ਸੰਪੂਰਨ ਏਕਤਾ ਦੀ ਦੇਵੀ ਰੁੱਸੀ ਹੋਈ ਬੈਠੀ ਦਿਸਦੀ ਹੈ।

ਹਰੀਸ਼ ਰਾਵਤ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਆਖਿਆ ਜਾਣਾ ਸਿੱਧੂ ਲਈ ਕਾਫ਼ੀ ਸੀ। ਕਾਂਗਰਸ ਰੈਲੀ ਵਿਚ ਇਕ ਦੂਜੇ ਦਾ ਸਤਿਕਾਰ ਸਹਿਤ ਜ਼ਿਕਰ ਕਰ ਕੇ ਅਪਣੀ ਪਾਰਟੀ ਦੀ ਏਕਤਾ ਵਿਖਾਉਣ ਦਾ ਸਮਾਂ ਸੀ ਪਰ ਇਹ ਨਹੀਂ ਕਰ ਪਾਏ ਕਿਉਂਕਿ ਹੰਕਾਰ ਦੀ ਭੁੱਖ ਇਕ ਖੂਹ ਵਾਂਗ ਨਹੀਂ ਬਲਕਿ ਇਕ ਸਮੁੰਦਰ ਦੀ ਗਹਿਰਾਈ ਵਰਗੀ ਅਪਣਾ ਅਸਰ ਵਿਖਾ ਰਹੀ ਸੀ।

ਮੰਚ ਉਤੇ ਖੜੇ ਹੋ ਕੇ ਇਕ ਦੂਜੇ ਨੂੰ ਨਜ਼ਰਅੰਦਾਜ਼ ਕਰਨਾ ਵਖਰਾ ਹੁੰਦਾ ਹੈ ਪਰ ਇਕ ਦੂਜੇ ਨੂੰ ਵੰਡਣਾ, ਗੁਨਾਹ ਵੀ ਬਣ ਸਕਦਾ ਹੈ। ਨਵਜੋਤ ਸਿੰਘ ਸਿੱਧੂ ਵਲੋਂ ਇਹ ਕਹਿਣਾ ਕਿ ਪੰਜਾਬ ਵਲੋਂ ਐਮ.ਐਸ.ਪੀ. ਭਰੀ ਜਾਣ ਦੀ ਪਹਿਲ ਕਰਨੀ ਚਾਹੀਦੀ ਹੈ, ਅਕਾਲੀਆਂ ਦੇ ਵਿਛਾਏ ਜਾਲ ਵਿਚ ਫਸਣ ਵਾਲੀ ਗੱਲ ਸੀ। ਅਕਾਲੀ ਇਹ ਗੱਲ ਇਸ ਲਈ ਆਖ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਕੋਲ ਸਾਲਾਨਾ 60,000 ਕਰੋੜ ਅਦਾ ਕਰਨ ਲਈ ਨਹੀਂ ਹਨ

ਤੇ ਨਾ ਹੀ ਪੰਜਾਬ ਸਰਕਾਰ ਸਾਰਾ ਪੰਜਾਬ ਦਾ ਅਨਾਜ ਆਪ ਚੁਕ ਸਕਦੀ ਹੈ। ਇਹ ਗੱਲ ਸਟੇਜ ਤੇ ਕਹਿਣ ਤੋਂ ਪਹਿਲਾਂ ਆਪਸ ਵਿਚ ਵਿਚਾਰ ਲੈਣੀ ਚਾਹੀਦੀ ਸੀ। ਨਵਜੋਤ ਸਿੰਘ ਸਿੱਧੂ ਭਾਵੁਕ ਹੋ ਗਏ। ਹਰ ਇਕ ਨੂੰ 2022 ਦੀ ਚੋਣ ਨਜ਼ਰ ਆ ਰਹੀ ਹੈ ਤੇ ਉਹ ਖੇਤੀ ਕਾਨੂੰਨ ਅਪਣੀ ਚੜ੍ਹਾਈ ਦਾ ਜ਼ਰੀਆ ਬਣਾਉਣ ਚਾਹੁੰਦਾ ਹੈ।              - ਨਿਮਰਤ ਕੌਰ