ਦੁਨੀਆਂ ਸਾਡੇ ਵਲ ਸ਼ਾਂਤੀ ਦੂਤ ਵਜੋਂ ਵੇਖਦੀ ਹੈ ਪਰ ਸਾਡੇ ਅੰਦਰ ਫ਼ਿਰਕੂ ਨਫ਼ਰਤ ਦੀ ਜਵਾਲਾ.......

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਾਡੇ ਦੇਸ਼ ਦੇ ਆਗੂ ਦੁਨੀਆਂ ਵਿਚ ਸ਼ਾਂਤੀ ਦੇ ਮਸੀਹੇ ਬਣ ਰਹੇ ਹਨ ਜਦ ਸਾਡੇ ਅਪਣੇ ਦੇਸ਼ ਦੇ ਤਿਉਹਾਰਾਂ ......

photo

 

ਪ੍ਰਧਾਨ ਮੰਤਰੀ ਮੋਦੀ ਵਲੋਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਖ਼ਤਮ ਕਰਨ ਵਾਸਤੇ ਜੋ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਦਾ ਅਸਰ ਅਸੀ ਮਹਿਸੂਸ ਕਰ ਰਹੇ ਹਾਂ। ਭਾਰਤ ਨੂੰ ਵੱਡੇ ਦੇਸ਼ ਦੇ ਆਗੂ ਹੁਣ ਇਕ ਸ਼ਾਂਤੀ ਦੂਤ ਵਜੋਂ ਵੇਖ ਰਹੇ ਹਨ ਜਿਸ ਨਾਲ ਸਾਡੇ ਦੇਸ਼ ਦਾ ਰੁਤਬਾ ਉੱਚਾ ਹੁੰਦਾ ਹੈ। ਪਰ ਮਹਿਜ਼ ਛੇ ਦਿਨਾਂ ਮਗਰੋਂ ਮੱਧ ਪ੍ਰਦੇਸ਼ ਵਿਚ ਬਜਰੰਗ ਦਲ ਨੇ ਇਸ ਖ਼ੁਸ਼ੀ ਨੂੰ ਗਰਬੇ ਦੇ ਤਿਉਹਾਰ ਸਮੇਂ ਮਲੀਆਮੇਟ ਕਰ ਦਿਤਾ। ਵੱਖ ਵੱਖ ਧਰਮਾਂ ਵਾਲੇ ਇਸ ਸਾਂਝੇ ਹਿੰਦੁਸਤਾਨ ਵਿਚ ਕਦੇ ਤਿਉਹਾਰਾਂ ਦੀ ਵੰਡ ਧਰਮਾਂ ਅਨੁਸਾਰ ਨਹੀਂ ਵੇਖੀ ਗਈ, ਸਗੋਂ ਹਰ ਤਿਉਹਾਰ ਨੂੰ ਸਾਰੇ ਰਲ ਮਿਲ ਕੇ ਮਨਾਉਂਦੇ ਹਨ। ਪਰ ਇਸ ਵਾਰ ਬਜਰੰਗ ਦਲ ਤੇ ਮੱਧ ਪ੍ਰਦੇਸ਼ ਦੇ ਕਲਚਰ ਮੰਤਰੀ ਨੇ ਐਲਾਨ ਕਰ ਦਿਤਾ ਕਿ ਇਸ ਵਾਰ ਗਰਬੇ (ਗੁਜਰਾਤੀ ਨਾਚ) ਵਿਚ ਮੁਸਲਮਾਨ ਮੁੰਡੇ ਹਿੱਸਾ ਨਹੀਂ ਲੈਣਗੇ। ਜਿਹੜਾ ਮੁਸਲਮਾਨ ਕਿਸੇ ਗਰਬੇ ਵਿਚ ਸ਼ਾਮਲ ਹੋਇਆ,ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।

ਕਈ ਥਾਵਾਂ ਤੇ ਜਨਤਾ ਨੇ ਕੁੱਟ ਕੁੱਟ ਕੇ ਇਨਸਾਫ਼ ਅਪਣੇ ਹੱਥ ਵਿਚ ਲੈ ਲਿਆ। ਪਰ ਪੁਲਿਸ ਨੇ ਵੀ ਸੰਵਿਧਾਨਕ ਇਨਸਾਫ਼ ਦੀ ਪ੍ਰਕਿਰਿਆ ਨਾ ਨਿਭਾਈ। ਮੁਸਲਮਾਨ ਮੁੰਡਿਆਂ ਵਿਰੁਧ ਹਿੰਦੂ ਕੁੜੀਆਂ ਨੇ ਛੇੜਛਾੜ ਕਰਨ ਦਾ ਕੋਈ ਪਰਚਾ ਦਰਜ ਨਾ ਕਰਵਾਇਆ। ਕਿਸੇ ਕੁੜੀ ਨੇ ਸ਼ਿਕਾਇਤ ਹੀ ਨਾ ਕੀਤੀ। ਬਜਰੰਗ ਦਲ ਦੇ ਕਾਰਜ ਕਰਤਾ ਨੇ ਅਪਣੇ ਆਪ ਹਿੰਦੂ ਕੁੜੀਆਂ ਉਤੇ ਲਵ ਜਿਹਾਦ ਦੇ ਅਸਰ ਨੂੰ ਸ਼ੱਕ ਵਜੋਂ ਲੈ ਕੇ ਮੁਸਲਮਾਨਾਂ ਉਤੇ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲਗਾ ਕੇ ਪਰਚਾ ਦਰਜ ਕਰਵਾ ਦਿਤਾ। ਹੁਣ ਜਿਨ੍ਹਾਂ ਵਿਰੁਧ ਪਰਚੇ ਦਰਜ ਹੋਏ, ਉਨ੍ਹਾਂ ਦੇ ਘਰ ਵੀ ਬੁਲਡੋਜ਼ਰਾਂ ਨਾਲ ਪੁਲਿਸ ਵਲੋਂ ਢਾਹ ਢੇਰੀ ਕਰ ਦਿਤੇ ਗਏ ਹਨ।

ਇਸ ਵਿਰੁਧ ਦੇਸ਼ ਵਿਚ ਬਹੁਤ ਅਵਾਜ਼ਾਂ ਉਠ ਰਹੀਆਂ ਹਨ ਪਰ ਸਾਡੀਆਂ ਸਰਕਾਰਾਂ ਨੂੰ ਅਪਣੇ ਦੇਸ਼ ਵਿਚ ਹੋ ਰਹੀ ਨਾਇਨਸਾਫ਼ੀ ਨਜ਼ਰ ਨਹੀਂ ਆਉਂਦੀ। ਪਰ ਇਸ ਪਿਛੇ ਬੜੇ ਡੂੰਘੇ ਕਾਰਨ ਹਨ ਜੋ ਹਿੰਦੂ ਜਥੇਬੰਦੀਆਂ ਵਿਚ ਪਨਪਦੀ ਨਫ਼ਰਤ ਦਾ ਕਾਰਨ ਹਨ। ਪਿਛਲੇ ਹਫ਼ਤੇ ਇਕ ਕੁੜੀ ਦਾ ਬਲਾਤਕਾਰ ਕਰਨ ਤੋਂ ਬਾਅਦ ਬਲਾਤਕਾਰੀ ਵਲੋਂ ਆਖਿਆ ਗਿਆ ਕਿ ਹੁਣ ਮੈਨੂੰ ਜੰਨਤ ਨਸੀਬ ਹੋ ਸਕਦੀ ਹੈ। ਅਕਸਰ ਸੁਣਨ ਵਿਚ ਆਉਂਦਾ ਹੈ ਕਿ ਕੁੱਝ ਕੱਟੜ ਧਾਰਮਕ ਜਥੇਬੰਦੀਆਂ ਦੇ ਮਦਰੱਸਿਆਂ ਵਿਚ ਧਰਮ ਪ੍ਰਵਰਤਨ ਲਈ ਉਕਸਾਇਆ ਜਾਂਦਾ ਹੈ ਜਿਸ ਕਾਰਨ ‘ਲਵ ਜਿਹਾਦ’ ਇਕ ਅਜਿਹਾ ਫ਼ਿਕਰਾ ਬਣ ਗਿਆ ਹੈ ਜੋ ਲਵ (ਪਿਆਰ) ਦੀ ਪ੍ਰੀਭਾਸ਼ਾ ਦੇ ਬਿਲਕੁਲ ਉਲਟ ਹੈ। ਦੋਹਾਂ ਧਰਮਾਂ ਦੇ ਕਮਜ਼ੋਰ ਆਗੂਆਂ ਨੇ ਨਵੀਂ ਪੀੜ੍ਹੀ ਦੇ ਮਨ ਵਿਚ ਇਕ ਦੂਜੇ ਤੇ ਹਾਵੀ ਹੋਣ ਦੀ ਸੋਚ ਪਾ ਦਿਤੀ ਜਿਸ ਦਾ ਅਸਰ ਅੱਜ ਅਸੀ ਖ਼ੁਸ਼ੀ ਦੇ ਮੌਕਿਆਂ ਤੇ ਵੇਖ ਰਹੇ ਹਾਂ।

ਸਾਡੇ ਦੇਸ਼ ਦੇ ਆਗੂ ਦੁਨੀਆਂ ਵਿਚ ਸ਼ਾਂਤੀ ਦੇ ਮਸੀਹੇ ਬਣ ਰਹੇ ਹਨ ਜਦ ਸਾਡੇ ਅਪਣੇ ਦੇਸ਼ ਦੇ ਤਿਉਹਾਰਾਂ ਵਿਚ ਲਵ ਦੇ ਨਾਮ ਤੇ ਨਫ਼ਰਤ ਦੀਆਂ ਡਾਂਗਾਂ ਚਲ ਰਹੀਆਂ ਹਨ ਅਤੇ ਇਹ ਗ਼ਲਤੀਆਂ ਦੋਹਾਂ ਪਾਸਿਆਂ ਵਲੋਂ ਹੋ ਰਹੀਆਂ ਹਨ। ਇਥੇ ਸਿੱਖ ਧਰਮ ਦੇ ਆਗੂਆਂ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਕੱਟੜ ਤੋਂ ਕੱਟੜ ਫ਼ਿਰਕਾ ਪ੍ਰਸਤ ਸਿੱਖ ਆਗੂ ਵੀ ਕਦੇ ਧਰਮ ਪ੍ਰਵਰਤਨ ਦੀ ਗੱਲ ਨਹੀਂ ਕਰੇਗਾ। ਉਹ ਅਪਣੇ ਆਪ ਨੂੰ ਗੋਲੀਆਂ ਦਾ ਨਿਸ਼ਾਨਾ ਤਾਂ ਬਣਵਾ ਲਵੇਗਾ ਪਰ ਕਿਸੇ ਹੋਰ ਨੂੰ ਨਫ਼ਰਤ ਦਾ ਨਿਸ਼ਾਨਾ ਨਹੀਂ ਬਣਾਏਗਾ। ਇਸੇ ਕਰ ਕੇ ਭਾਵੇਂ ਪਾਕਿਸਤਾਨ ਨੇ ਸਾਡੇ ਪਾਸੇ ਅਸਲਾ ਭੇਜਣ ਵਿਚ ਕੋਈ ਕਸਰ ਨਹੀਂ ਛੱਡੀ, ਸਾਡੇ ਪੰਜਾਬ ਵਿਚ ਫ਼ਿਰਕੂ ਨਫ਼ਰਤ ਨਹੀਂ ਪਨਪੀ। ਅੱਜ ਜੇ ਇਸਾਈ ਧਰਮ ਦੇ ਕੁੱਝ ਤਬਕਿਆਂ ਵਲੋਂ ਧਰਮ ਪ੍ਰਵਰਤਨ ਦਾ ਯਤਨ ਚਲ ਰਿਹਾ ਹੈ, ਸਿਆਣੇ ਸਿੱਖ ਅਪਣੀਆਂ ਕਮਜ਼ੋਰੀਆਂ ਤੇ ਵਿਚਾਰ ਕਰ ਰਹੇ ਹਨ ਤਾਕਿ ਸਿੱਖ ਅਪਣੇ ਗੁਰੂ ਦੇ ਫ਼ਲਸਫ਼ੇ ਤੋਂ ਦੂਰ ਨਾ ਹੋਣ।

ਇਹੀ ਸੋਚ ਦੋਹਾਂ ਹਿੰਦੂ ਅਤੇ ਮੁਸਲਮਾਨ ਧਰਮ ਦੇ ਆਗੂਆਂ ਨੂੰ ਅਪਣਾਉਣੀ ਪਵੇਗੀ। ਅਪਣੀਆਂ ਕਮਜ਼ੋਰੀਆਂ ਨੂੰ ਸਮਝਣਾ ਤੇ ਸੁਧਾਰਨਾ ਚਾਹੀਦਾ ਹੈ ਤਾਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵਿਚ ਨਫ਼ਰਤ ਨਾ ਉਗਮੇ। ਸਾਡੀ ਸਿਆਸਤ ਤੇ ਵੀ ਦੇਸ਼ ਵਿਚ ਫੈਲਦੀ ਅੱਗ ਉਤੇ ਪਿਆਰ ਦਾ ਠੰਢਾ ਪਾਣੀ ਪਾ ਦੇਣਾ ਚਾਹੀਦਾ ਹੈ। ਸ਼ਾਂਤੀ ਘਰ ਵਿਚ ਵੀ ਚੰਗੀ ਲਗਦੀ ਹੈ।                      - ਨਿਮਰਤ ਕੌਰ