ਕੇਜਰੀਵਾਲ ਤੇ ਅਕਾਲੀਆਂ ਨੇ ਤੀਜੀ ਪੰਜਾਬੀ ਪਾਰਟੀ ਦੀ ਨੀਂਹ ਰੱਖ ਦਿਤੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪ੍ਰਵਾਰਵਾਦ ਤੇ ਹਾਈਕਮਾਨਾਂ ਦੀ ਤਾਨਾਸ਼ਾਹੀ ਦੇ ਸਤਾਏ ਹੋਏ ਸਾਰੇ ਲੋਕ ਇਕ ਛਤਰੀ ਹੇਠ?

Arvind Kejriwal

ਇਨ੍ਹਾਂ ਹਾਲਾਤ ਵਿਚ ਮੁਮਕਿਨ ਹੈ ਕਿ 2019 ਵਿਚ ਪੰਜਾਬ ਵਲੋਂ ਇਕ ਨਵੀਂ ਪਾਰਟੀ ਲੋਕ ਸਭਾ ਵਿਚ ਭੇਜੀ ਜਾਵੇ। ਇਸ ਨਵੀਂ ਬਣ ਰਹੀ ਜਥੇਬੰਦੀ ਦੇ ਸਾਰੇ ਮੈਂਬਰ ਸੂਬਾਈ ਹੱਕਾਂ ਦੀ ਲੜਾਈ ਲੜਨ ਦੀ ਸੋਚ ਉਤੇ ਵਿਸ਼ਵਾਸ ਰੱਖਣ ਵਾਲੇ ਹੋਣਗੇ। ਜੇ ਨਵਾਂ ਬਣਨ ਜਾ ਰਿਹਾ ਸੰਗਠਨ ਪ੍ਰਵਾਰਵਾਦ ਅਤੇ 'ਹਾਈਕਮਾਨਾਂ' ਦੀਆਂ ਤਾਨਾਸ਼ਾਹੀਆਂ ਤੋਂ ਬਚਿਆ ਰਹਿ ਗਿਆ ਤਾਂ ਪੰਜਾਬ ਦੇ ਲੋਕ ਇਕ ਵਾਰ ਫਿਰ ਤੋਂ ਤਜਰਬਾ ਕਰਨ ਵਾਸਤੇ ਤਿਆਰ ਲਗਦੇ ਹਨ।

ਅਕਾਲੀ ਦਲ ਅਤੇ ਆਮ ਆਦਮੀ ਪਾਰਟੀ੍ਰ (ਆਪ) ਹਾਈਕਮਾਨਾਂ ਨੇ ਅਪਣੇ ਬਾਗ਼ੀ ਆਗੂਆਂ ਨੂੰ ਕੱਢ ਕੇ ਪੰਜਾਬ ਦੀ ਰਾਜਨੀਤੀ ਦੀ ਝੋਲੀ ਵਿਚ ਜੋ ਨਵੀਆਂ ਸੰਭਾਵਨਾਵਾਂ ਪਾ ਦਿਤੀਆਂ ਹਨ, ਉਨ੍ਹਾਂ ਬਾਰੇ ਉਹ ਸ਼ਾਇਦ ਖ਼ੁਦ ਵੀ ਜਾਣੂ ਨਹੀਂ ਹਨ। ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਦਿੱਲੀ ਵਿਚ ਬੈਠੇ, ਕੇਂਦਰ ਦੀ ਦਖ਼ਲਅੰਦਾਜ਼ੀ ਨਾਲ ਜੂਝਦੇ ਆ ਰਹੇ ਸਨ, ਉਨ੍ਹਾਂ ਪੰਜਾਬ ਦੀ 'ਆਪ' ਇਕਾਈ ਨਾਲ ਆਪ ਵੀ ਉਸੇ ਕੇਂਦਰ ਵਾਲਾ ਸਲੂਕ ਹੀ ਕੀਤਾ ਹੈ।

ਜਿਸ ਤਰ੍ਹਾਂ ਕੇਜਰੀਵਾਲ ਦਿੱਲੀ ਦੇ ਹੱਕਾਂ ਵਾਸਤੇ ਕੇਂਦਰ ਨਾਲ ਲੜਦੇ ਰਹੇ ਹਨ ਅਤੇ ਹੁਣ ਦਿੱਲੀ ਦੀਆਂ ਨਜ਼ਰਾਂ ਵਿਚ ਅਪਣੀ ਥਾਂ ਬਣਾ ਚੁੱਕੇ ਹਨ, ਠੀਕ ਉਸੇ ਤਰ੍ਹਾਂ ਪੰਜਾਬ ਵਿਚ, ਭਾਜਪਾ ਵਾਂਗ ਹੀ, ਅਪਣੇ ਪੰਜਾਬੀ ਆਗੂਆਂ ਦੇ ਹੱਕ ਮਾਰ ਰਹੇ ਹਨ ਤੇ ਉਨ੍ਹਾਂ ਨੂੰ ਅਪਣੇ ਨਾਲ ਲੜਨ ਵਾਸਤੇ ਮਜਬੂਰ ਕਰ ਰਹੇ ਹਨ। ਪਰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਅਧਿਕਾਰਾਂ ਵਾਸਤੇ ਡਟੇ ਰਹੇ ਹਨ, ਉਸੇ ਤਰ੍ਹਾਂ ਹੁਣ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਪੰਜਾਬ ਦੀ ਆਵਾਜ਼ ਬਣ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਬਾਗ਼ੀਆਂ ਨੂੰ ਪਾਰਟੀ ਵਿਚੋਂ ਇਸ ਲਈ ਕਢਿਆ ਕਿਉਂਕਿ ਉਹ ਪੰਜਾਬ ਦੇ ਪਾਣੀਆਂ ਅਤੇ ਕਿਸਾਨਾਂ ਦਾ ਪੱਖ ਦਿੱਲੀ ਅੱਗੇ ਰੱਖ ਰਹੇ ਸਨ।

ਕੇਜਰੀਵਾਲ ਅਨੁਸਾਰ, ਕਿਸਾਨਾਂ ਵਲੋਂ ਸਾੜੀ ਜਾ ਰਹੀ ਪਰਾਲੀ, ਦਿੱਲੀ ਦੀ ਹਵਾ ਉਤੇ ਅਸਰ ਕਰਦੀ ਹੈ ਪਰ ਜੇ ਦਿੱਲੀ ਅਪਣੇ ਤੌਰ ਤਰੀਕੇ ਸੁਧਾਰ ਲੈਂਦੀ ਤਾਂ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ। ਕੇਜਰੀਵਾਲ ਨੇ ਤਾਂ ਪੰਜਾਬ ਨੂੰ ਦਿੱਲੀ ਦਾ ਦੋਸ਼ੀ ਕਹਿ ਦਿਤਾ ਪਰ 'ਆਪ' ਦੇ ਕਈ ਪੰਜਾਬੀ ਵਿਧਾਇਕ ਵੀ ਅਜਿਹੇ ਨਿਕਲੇ ਜਿਨ੍ਹਾਂ ਦੱਸ ਦਿਤਾ ਕਿ ਉਨ੍ਹਾਂ ਵਾਸਤੇ ਕੁਰਸੀ ਜ਼ਰੂਰੀ ਹੈ, ਪੰਜਾਬ ਦੇ ਹਿਤ ਜ਼ਰੂਰੀ ਨਹੀਂ। ਹੁਣ ਨਹੀਂ ਜਾਪਦਾ ਕਿ ਕੇਜਰੀਵਾਲ ਦੀ 'ਆਪ' ਦਾ ਅੱਜ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕੋਈ ਰੋਲ ਰਹਿ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਦੀ ਇਹ ਦਲੀਲ ਠੀਕ ਹੈ ਕਿ ਪਰਾਲੀ ਪੰਜਾਬ ਵਿਚ ਸੜੀ ਹੈ ਪਰ ਇਥੇ ਤਾਂ ਪ੍ਰਦੂਸ਼ਣ ਦਿਸਿਆ ਨਹੀਂ, ਦਿੱਲੀ ਕਿਵੇਂ ਪਹੁੰਚ ਗਿਆ? ਉਨ੍ਹਾਂ ਕੇਜਰੀਵਾਲ ਦੀ ਸਿਖਿਆ ਡਿਗਰੀ ਉਤੇ ਵੀ ਸ਼ੱਕ ਪ੍ਰਗਟ ਕੀਤਾ ਕਿਉਂਕਿ ਅੱਗ ਲੱਗੀ ਥਾਂ ਉਤੇ ਤਾਂ ਪ੍ਰਦੂਸ਼ਣ ਵਿਖਾ ਨਹੀਂ ਸਕੇ ਅਤੇ ਕਹਿ ਇਹ ਰਹੇ ਹਨ ਕਿ ਇਸ ਦਾ ਅਸਰ ਦਿੱਲੀ ਵਿਚ ਹੋਇਆ ਹੈ। ਪੰਜਾਬ ਵਿਚ ਵੀ ਨਹੀਂ ਹੋਇਆ, ਵਿਚਕਾਰ ਪੈਂਦੇ ਹਰਿਆਣੇ ਵਿਚ ਵੀ ਨਹੀਂ ਹੋਇਆ, ਫਿਰ ਇਹ ਦਿੱਲੀ ਕਿਵੇਂ ਪੁਜ ਗਿਆ? ਕੈਪਟਨ ਸਾਹਿਬ ਦਾ ਮਸ਼ਵਰਾ ਠੀਕ ਹੈ ਕਿ ਪਹਿਲਾਂ ਅਪਣੇ ਘਰ ਅੰਦਰ ਪਨਪਦੇ ਪ੍ਰਦੂਸ਼ਨ ਵਲ ਧਿਆਨ ਦਿਉ। 

ਅਕਾਲੀ ਦਲ ਨੇ ਸੇਖਵਾਂ ਨੂੰ ਪਾਰਟੀ 'ਚੋਂ ਕੱਢ ਕੇ ਵੀ ਉਨ੍ਹਾਂ ਨੂੰ ਪੰਜਾਬ ਦਾ ਹੀਰੋ ਬਣਾ ਦਿਤਾ ਹੈ। ਸੇਖਵਾਂ ਤਾਂ ਚਾਰ ਵਾਰ ਚੋਣਾਂ 'ਚ ਹਾਰ ਚੁੱਕੇ ਹਨ ਪਰ ਹੁਣ ਇਸ ਕਦਮ ਨਾਲ ਅਕਾਲੀ ਦਲ ਨੇ ਉਨ੍ਹਾਂ ਦਾ ਲੋਕਾਂ ਵਿਚ ਰੁਤਬਾ ਉੱਚਾ ਕਰ ਦਿਤਾ ਹੈ। ਅਕਾਲੀ ਹਾਈਕਮਾਨ ਅੱਜ ਜਿਸ ਗੱਲ ਨੂੰ ਪਾਰਟੀ ਵਿਰੋਧੀ ਕਾਰਵਾਈ ਆਖ ਰਹੀ ਹੈ, ਪੰਜਾਬ ਦੇ ਲੋਕ ਉਸ ਨੂੰ ਪੰਜਾਬ ਹਿਤੂ ਕਦਮ ਮੰਨ ਰਹੇ ਹਨ। ਅਕਾਲੀ ਹਾਈਕਮਾਨ ਨੇ ਇਕ ਵਾਰ ਫਿਰ ਇਸ ਗੱਲ ਦਾ ਸਬੂਤ ਦੇ ਦਿਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਦਾ  ਬਦਲਿਆ ਹੋਇਆ ਰੁਖ਼ ਅਜੇ ਵੀ ਭਾਂਪ ਨਹੀਂ ਰਹੀ।

ਉਹ ਹੰਕਾਰ ਦਾ ਵਿਖਾਵਾ ਕਰੀ ਜਾ ਰਹੇ ਹਨ ਜਦਕਿ ਇਸ ਵੇਲੇ ਉਨ੍ਹਾਂ ਕੋਲੋਂ ਸ਼ਰਮਿੰਦਗੀ, ਪਛਤਾਵੇ ਅਤੇ ਸਵੈਮੰਥਨ ਦੀ ਉਮੀਦ ਕੀਤੀ ਜਾਂਦੀ ਸੀ। ਦੋਹਾਂ ਹਾਈਕਮਾਨਾਂ ਨੇ ਵਿਖਾ ਦਿਤਾ ਹੈ ਕਿ ਦੋਹਾਂ ਪਾਰਟੀਆਂ ਵਿਚ ਉਹੀ ਤਾਨਾਸ਼ਾਹੀ ਕੰਮ ਕਰ ਰਹੀ ਹੈ ਜੋ ਰਵਾਇਤੀ ਪਾਰਟੀਆਂ ਵਿਚ ਚਲਦੀ ਆ ਰਹੀ ਸੀ। 'ਆਪ' ਦਾ ਇਹ ਰਵਈਆ ਦਸਦਾ ਹੈ ਕਿ ਤਾਕਤ ਮਿਲਣ ਤੇ ਅਰਵਿੰਦ ਕੇਜਰੀਵਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੀ ਚਾਰ ਕਦਮ ਅੱਗੇ ਵਧੇ ਹੋਏ ਡਿਕਟੇਟਰ ਲਗਦੇ ਹਨ। ਸ਼ਾਇਦ ਇਸੇ ਕਰ ਕੇ ਉਹ ਅਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਨਾਲੋਂ ਵੱਡਾ ਸਮਝਦੇ ਹਨ।

ਇਸ ਨਾਲ ਹੁਣ ਪੰਜਾਬ ਦੀ ਸਿਆਸਤ ਵਿਚ ਇਕ ਨਵੀਂ ਤੀਜੀ ਧਿਰ ਬਣਨੀ ਲਾਜ਼ਮੀ ਹੋ ਗਈ ਹੈ। ਇਨ੍ਹਾਂ 'ਆਪ' ਬਾਗ਼ੀਆਂ ਨਾਲ ਡਾ. ਧਰਮਵੀਰ ਗਾਂਧੀ ਦੇ ਹੱਥ ਮਿਲਣ ਦੀ ਵੱਡੀ ਸੰਭਾਵਨਾ ਹੈ ਅਤੇ ਜੇ ਟਕਸਾਲੀ ਅਕਾਲੀ ਵੀ ਇਸ ਨਵੀਂ ਧਿਰ ਵਿਚ ਸ਼ਾਮਲ ਹੋ ਗਏ ਤਾਂ ਕੀ ਪੰਜਾਬ ਮੁੜ ਇਕ ਤੀਜੇ ਪਿੜ ਨੂੰ ਮੌਕਾ ਦੇਵੇਗਾ? ਸਿਮਰਨਜੀਤ ਸਿੰਘ ਮਾਨ ਵੀ ਇਸ ਤੀਜੇ ਪਿੜ ਵਿਚ ਸ਼ਾਮਲ ਹੋਣ ਦਾ ਇਸ਼ਾਰਾ ਕਰ ਰਹੇ ਜਾਪਦੇ ਹਨ। ਕਾਂਗਰਸ, ਜਿਸ ਨੂੰ ਵੱਡਾ ਹੁੰਗਾਰਾ ਮਿਲਿਆ ਸੀ, ਹੁਣ ਲੋਕਾਂ ਦੇ ਦਿਲਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਸੱਤਾ ਪ੍ਰਾਪਤੀ ਮਗਰੋਂ, ਕਾਂਗਰਸੀ ਵੀ 'ਇਕ' ਨਹੀਂ ਰਹੇ ਸਗੋਂ ਧੜਿਆਂ ਵਿਚਲੀ ਦਰਾੜ ਵਧਦੀ ਜਾ ਰਹੀ ਹੈ।

ਜਨਤਾ ਕਾਂਗਰਸ ਨੂੰ ਹਰ ਚੋਣ ਵਿਚ ਇਸ ਕਰ ਕੇ ਜਿਤਾਉਂਦੀ ਆ ਰਹੀ ਸੀ ਕਿਉਂਕਿ ਉਸ ਨੂੰ 'ਆਪ' ਵਿਚ ਅਜੇ ਤਕ ਪੂਰਾ ਭਰੋਸਾ ਨਹੀਂ ਸੀ ਅਤੇ ਹੋਰ ਕੋਈ ਚਾਰਾ ਵੀ ਤਾਂ ਨਜ਼ਰ ਨਹੀਂ ਆ ਰਿਹਾ ਸੀ। ਜਨਤਾ ਕਾਂਗਰਸ ਤੋਂ ਕਈ ਵੱਡੇ ਕਦਮ ਚੁੱਕਣ ਦੀ ਆਸ ਰਖਣੀ ਸੀ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲਦੀ ਆ ਰਹੀ ਹੈ। ਇਨ੍ਹਾਂ ਹਾਲਾਤ ਵਿਚ ਮੁਮਕਿਨ ਹੈ ਕਿ 2019 ਵਿਚ ਪੰਜਾਬ ਵਲੋਂ ਇਕ ਨਵੀਂ ਪਾਰਟੀ ਲੋਕ ਸਭਾ ਵਿਚ ਭੇਜੀ ਜਾਵੇ। ਇਸ ਨਵੀਂ ਬਣ ਰਹੀ ਜਥੇਬੰਦੀ ਦੇ ਸਾਰੇ ਮੈਂਬਰ ਸੂਬਾਈ ਹੱਕਾਂ ਦੀ ਲੜਾਈ ਲੜਨ ਦੀ ਸੋਚ ਉਤੇ ਵਿਸ਼ਵਾਸ ਰੱਖਣ ਵਾਲੇ ਹੋਣਗੇ।

ਜੇ ਨਵਾਂ ਬਣਨ ਜਾ ਰਿਹਾ ਸੰਗਠਨ ਪ੍ਰਵਾਰਵਾਦ ਅਤੇ 'ਹਾਈਕਮਾਨਾਂ' ਦੀਆਂ ਤਾਨਾਸ਼ਾਹੀਆਂ ਤੋਂ ਬਚਿਆ ਰਹਿ ਗਿਆ ਤਾਂ ਪੰਜਾਬ ਦੇ ਲੋਕ ਇਕ ਵਾਰ ਫਿਰ ਤੋਂ ਤਜਰਬਾ ਕਰਨ ਵਾਸਤੇ ਤਿਆਰ ਲਗਦੇ ਹਨ। ਇਹ ਝਟਕਾ ਦੋਹਾਂ ਰਵਾਇਤੀ ਪਾਰਟੀਆਂ ਵਾਸਤੇ ਜ਼ਰੂਰੀ ਹੈ ਜਿਨ੍ਹਾਂ ਨੇ ਪੰਜਾਬ ਨੂੰ 'ਅਪਣਾ ਮਾਲ' ਸਮਝਣ ਦੀ ਸੋਚ ਅਪਣਾ ਕੇ ਇਥੇ ਚੰਗਾ ਰਾਜ-ਪ੍ਰਬੰਧ ਦੇਣ ਦੀ ਜ਼ਰੂਰਤ ਕਦੇ ਨਹੀਂ ਸਮਝੀ। ਇਹ ਤੀਜਾ ਧੜਾ, ਪੁਰਾਣੀ ਪੰਜਾਬ 'ਆਪ' ਨਾਲੋਂ ਜ਼ਿਆਦਾ ਪੰਜਾਬੀ ਹੋਣ ਦੀ ਮੁਹਾਰਤ ਰਖਦਾ ਹੈ।  -ਨਿਮਰਤ ਕੌਰ