ਵਕੀਲਾਂ ਤੇ ਪੁਲਸੀਆਂ ਵਿਚਕਾਰ ਹਿੰਸਕ ਝੜਪਾਂ ਸਮਾਜ ਨੂੰ ਕੀ ਸੁਨੇਹਾ ਦੇਣਗੀਆਂ?
ਦਿੱਲੀ ਵਿਚ ਵਕੀਲਾਂ ਤੇ ਪੁਲਿਸ ਵਿਚਕਾਰ ਟਕਰਾਅ ਬੜਾ ਪੇਚੀਦਾ ਮਾਮਲਾ ਬਣ ਗਿਆ ਹੈ ਜਿਥੇ ਕਿਸੇ ਦੇ ਵੀ ਹੱਥ ਸਾਫ਼ ਸੁਥਰੇ ਨਹੀਂ ਰਹੇ। ਇਹ ਉਸੇ ਤਰ੍ਹਾਂ ਦੀ ਬੁਝਾਰਤ ਹੈ....
ਦਿੱਲੀ ਵਿਚ ਵਕੀਲਾਂ ਤੇ ਪੁਲਿਸ ਵਿਚਕਾਰ ਟਕਰਾਅ ਬੜਾ ਪੇਚੀਦਾ ਮਾਮਲਾ ਬਣ ਗਿਆ ਹੈ ਜਿਥੇ ਕਿਸੇ ਦੇ ਵੀ ਹੱਥ ਸਾਫ਼ ਸੁਥਰੇ ਨਹੀਂ ਰਹੇ। ਇਹ ਉਸੇ ਤਰ੍ਹਾਂ ਦੀ ਬੁਝਾਰਤ ਹੈ ਕਿ, 'ਅੰਡਾ ਪਹਿਲਾਂ ਆਇਆ ਸੀ ਜਾਂ ਮੁਰਗੀ?' ਜਿਸ ਦਾ ਜਵਾਬ ਕੁੱਝ ਵੀ ਦਿਤਾ ਜਾ ਸਕਦਾ ਹੈ ਅਤੇ ਦੋਵੇਂ ਜਵਾਬ ਗ਼ਲਤ ਵੀ ਹੋ ਸਕਦੇ ਹਨ। ਗੱਲ ਸ਼ੁਰੂ ਹੋਈ ਪਾਰਕਿੰਗ ਬਾਰੇ ਮਤਭੇਦ ਤੋਂ ਤੇ ਹਾਲਾਤ ਇਸ ਕਦਰ ਵਿਗੜ ਗਏ ਕਿ ਪਹਿਲੀ ਵਾਰ ਪੁਲਿਸ ਕਰਮਚਾਰੀ ਅਪਣੀ ਸੁਰੱਖਿਆ ਵਾਸਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਨਿਕਲ ਆਏ। ਪੁਲਿਸ ਕਰਮਚਾਰੀ ਇਸ ਕਦਰ ਨਰਾਜ਼ ਸਨ ਕਿ ਉਨ੍ਹਾਂ ਅਪਣੇ ਪੁਲਿਸ ਮੁਖੀ ਦੀ ਗੱਲ ਸੁਣਨ ਤੋਂ ਵੀ ਨਾਂਹ ਕਰ ਦਿਤੀ।
ਜਦ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦਬਕਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਵਿਰੁਧ ਵੀ ਨਾਹਰੇ ਮਾਰਨੇ ਸ਼ੁਰੂ ਕਰ ਦਿਤੇ। ਉਨ੍ਹਾਂ ਨੇ ਕਿਰਨ ਬੇਦੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਕਿਉਂਕਿ ਜਦ ਉਨ੍ਹਾਂ ਦੇ ਕਾਰਜਕਾਲ ਵਿਚ ਪੁਲਿਸ ਨਾਲ ਲੜਾਈ ਹੋਈ ਸੀ ਤਾਂ ਕਿਰਨ ਬੇਦੀ ਅਪਣੇ ਕਰਮਚਾਰੀਆਂ ਦੇ ਨਾਲ ਖੜੀ ਸੀ। ਪਰ ਅੱਜ ਸ਼ਾਇਦ ਕਿਰਨ ਬੇਦੀ ਵੀ ਅਪਣੀ ਫ਼ੋਰਸ ਨਾਲ ਨਹੀਂ ਖੜੀ ਹੋ ਸਕੇਗੀ ਕਿਉਂਕਿ ਇਸ ਮਾਮਲੇ ਵਿਚ ਪੁਲਿਸ ਵੀ ਉਨੀ ਹੀ ਗ਼ਲਤ ਹੈ ਜਿੰਨੇ ਕਿ ਵਕੀਲ ਹਨ।
ਗ਼ਲਤ ਪਾਰਕਿੰਗ ਕਰਨ ਦੀ ਪਹਿਲੀ ਗ਼ਲਤੀ ਵਕੀਲ ਨੇ ਕੀਤੀ। ਉਸ ਨੂੰ ਜੁਰਮਾਨਾ ਲਗਾਉਣਾ ਚਾਹੀਦਾ ਸੀ ਤੇ ਡਿਊਟੀ ਤੇ ਖੜੇ ਕਾਂਸਟੇਬਲ ਦੀ ਗੱਲ ਮੰਨਣੀ ਚਾਹੀਦੀ ਸੀ। ਪਰ ਗ਼ਲਤ ਪਾਰਕਿੰਗ ਵਾਸਤੇ ਵਕੀਲ ਨੂੰ ਅਪਰਾਧੀਆਂ ਦੇ ਲਾਕਅੱਪ ਵਿਚ ਲੈ ਕੇ ਬੰਦ ਕਰ ਕੇ ਕੁਟਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ। ਅਪਣੇ ਸਾਥੀ ਵਕੀਲ ਦੀ ਇਹ ਹਾਲਤ ਵੇਖ ਕੇ ਦੂਜੇ ਸਾਰੇ ਵਕੀਲ ਆਪੇ ਤੋਂ ਬਾਹਰ ਹੋ ਗਏ ਤੇ ਪੁਲਿਸ ਤੇ ਹੀ ਹਾਵੀ ਹੋ ਗਏ। ਇਕ ਬੇਕਾਬੂ ਭੀੜ ਨੇ ਪੁਲਿਸ ਨੂੰ ਮਾਰਿਆ ਕੁਟਿਆ, ਗੱਡੀ ਸਾੜ ਦਿਤੀ ਗਈ ਤੇ ਫਿਰ ਪੁਲਿਸ ਨੇ ਵਕੀਲਾਂ ਦੇ ਚੈਂਬਰ ਵਿਚ ਜਾ ਕੇ ਤੋੜ ਭੰਨ ਕੀਤੀ।
ਉਸ ਤੋਂ ਬਾਅਦ ਵਕੀਲਾਂ ਨੇ ਪੁਲਿਸ ਵਿਰੁਧ ਅਪਣਾ ਹਮਲਾ ਜਾਰੀ ਰਖਿਆ ਤੇ ਇਕ ਵੀਡੀਉ ਵੀ ਸੱਭ ਦੇ ਸਾਹਮਣੇ ਆਈ ਜਿਸ ਵਿਚ ਇਕ ਪੁਲਿਸ ਅਫ਼ਸਰ ਵਕੀਲ ਕੋਲੋਂ ਥੱਪੜ ਖਾਂਦਾ ਹੋਇਆ ਅਪਣੀ ਜਾਨ ਬਚਾ ਕੇ ਭੱਜ ਰਿਹਾ ਸੀ। ਜਦ ਅਦਾਲਤ ਵਲੋਂ ਵਕੀਲਾਂ ਨੂੰ ਭਰੋਸਾ ਮਿਲਿਆ ਤੇ ਜਾਂਚ ਦੇ ਹੁਕਮ ਹੋਏ, ਸਿਆਸੀ ਲੋਕ ਵਕੀਲ ਦਾ ਹਾਲ ਚਾਲ ਪੁਛਣ ਚਲੇ ਗਏ। ਇਸ ਮਗਰੋਂ ਪੁਲਿਸ ਕਾਂਸਟੇਬਲਾਂ ਨੇ ਅਪਣੇ ਹੀ ਹੈੱਡ ਕੁਆਰਟਰ ਵਿਰੁਧ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿਤਾ। ਜੇਕਰ ਦੋਹਾਂ ਧਿਰਾਂ ਨੂੰ ਬਰਾਬਰ ਰੱਖ ਕੇ ਵੇਖਿਆ ਜਾਵੇ ਤਾਂ ਦੋਵੇਂ ਗ਼ਲਤ ਹਨ। ਪਰ ਜੇ ਉਨ੍ਹਾਂ ਦੇ ਪੇਸ਼ੇ ਮੁਤਾਬਕ ਉਨ੍ਹਾਂ ਦੀ ਵਰਦੀ ਵਲ ਵੇਖਿਆ ਜਾਵੇ ਤਾਂ ਪੁਲਿਸ ਦਾ ਪਲੜਾ ਹੌਲਾ ਪੈ ਜਾਂਦਾ ਹੈ।
ਵਰਦੀ ਨਾਲ ਤਾਕਤ ਆਉਂਦੀ ਹੈ, ਅਸਲਾ ਆਉਂਦਾ ਹੈ ਪਰ ਨਾਲ-ਨਾਲ ਅਨੁਸਾਸ਼ਨ ਵਿਚ ਰਹਿਣਾ ਵੀ ਆਉਣਾ ਚਾਹੀਦਾ ਹੈ ਜੋ ਦਸਦਾ ਹੈ ਕਿ ਕਿਹੜੀ ਸਥਿਤੀ ਵਿਚ ਕਿੰਨੀ ਤਾਕਤ ਇਸਤੇਮਾਲ ਕਰਨੀ ਚਾਹੀਦੀ ਹੈ ਤੇ ਜਿਸ ਕਿਸੇ ਨੇ ਗੱਡੀ ਦੀ ਗ਼ਲਤ ਪਾਰਕਿੰਗ ਕੀਤੀ ਸੀ, ਉਸ ਦੀ ਗੱਡੀ ਜ਼ਬਤ ਕਰ ਕੇ ਸੁਨੇਹਾ ਭੇਜਿਆ ਜਾ ਸਕਦਾ ਸੀ। ਪਰ ਵਕੀਲ ਨੂੰ ਜੇਲ ਵਿਚ ਸੁੱਟਣ ਦੀ ਗ਼ਲਤੀ ਪੁਲਿਸ ਤੋਂ ਸ਼ੁਰੂ ਹੁੰਦੀ ਹੈ ਤੇ ਅੱਜ ਜਾਪਦਾ ਹੈ ਕਿ ਇਸ ਮਾਮਲੇ ਵਿਚ ਕਾਫ਼ੀ ਗ਼ਲਤੀਆਂ ਪੁਲਿਸ ਦੇ ਮੱਥੇ ਉਤੇ ਆ ਲੱਗਣਗੀਆਂ। ਵਕੀਲਾਂ ਨੇ ਵੀ ਅੱਗੋਂ ਘੱਟ ਨਾ ਕੀਤੀ, ਖ਼ਾਸ ਕਰ ਕੇ ਜਦ ਉਨ੍ਹਾਂ ਨੇ ਬੇਕਸੂਰ ਪੁਲਿਸ ਅਫ਼ਸਰਾਂ ਨੂੰ ਅਗਲੇ ਦਿਨ ਵੀ ਘੇਰ ਕੇ ਮਾਰਿਆ ਕੁਟਿਆ। ਉਨ੍ਹਾਂ ਦਾ ਪੇਸ਼ਾ ਹੀ ਅਜਿਹਾ ਹੈ ਕਿ ਉਨ੍ਹਾਂ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦੀ ਬਹਿਸ ਕਰਨ ਦੀ ਆਦਤ ਉਨ੍ਹਾਂ ਨੂੰ ਜੇਲ ਵਿਚ ਅਪਰਾਧੀਆਂ ਨਾਲ ਜਾ ਬਿਤਾਏਗੀ।
ਦੋਹਾਂ ਧਿਰਾਂ ਦਾ ਹੰਕਾਰ ਸਾਹਮਣੇ ਆ ਰਿਹਾ ਹੈ ਕਿ ਅਸੀ ਤਾਂ ਕਾਨੂੰਨ ਦੇ ਰਾਖੇ ਹਾਂ, ਸਾਡੇ ਉਤੇ ਵਾਰ ਕਰਨ ਵਾਲਾ ਕੌਣ ਹੁੰਦਾ ਹੈ? ਜੇਕਰ ਪੁਲਿਸ ਦੀ ਵਰਦੀ ਤੇ ਵਕੀਲ ਦਾ ਕਾਲਾ ਕੋਟ ਹਟਾ ਦਿਤਾ ਜਾਵੇ ਤਾਂ ਉਹ ਆਮ ਇਨਸਾਨ ਹੀ ਤਾਂ ਹਨ ਤੇ ਆਮ ਇਨਸਾਨ ਵਲੋਂ ਇਸ ਤਰ੍ਹਾਂ ਦੇ ਵਿਉਹਾਰ ਨੂੰ ਗੁੰਡਾਗਰਦੀ ਹੀ ਤਾਂ ਆਖਿਆ ਜਾਵੇਗਾ। ਆਮ ਆਦਮੀ ਬਾਰੇ ਇਹੀ ਟਿਪਣੀ ਕੀਤੀ ਜਾਵੇਗੀ ਕਿ ਇਹ ਅਨਪੜ੍ਹ, ਗ਼ੈਰ-ਜ਼ਿੰਮੇਵਾਰ ਸਿਰਫਿਰੇ ਵਿਹਲੇ ਅਵਾਰਾ ਗੁੰਡੇ ਹਨ ਜਿਨ੍ਹਾਂ ਨੂੰ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ।
ਪਰ ਇਨ੍ਹਾਂ ਦੀਆਂ ਵਰਦੀਆਂ ਕਾਰਨ ਹੀ ਇਹ ਟਿਪਣੀ ਨਹੀਂ ਕੀਤੀ ਜਾ ਰਹੀ। ਇਹ ਲੜਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੇਕਰ ਏਨੀ ਵਿਦਿਆ ਹਾਸਲ ਕਰਨ ਮਗਰੋਂ ਵੀ ਇਹ ਵਰਦੀ ਵਾਲੇ ਤੇ ਕਾਲੇ ਕੋਟ ਵਾਲੇ ਅਪਣੀ ਤਾਕਤ ਦੀ ਸੀਮਾ ਤੇ ਦੂਜੇ ਦੀ ਜ਼ਿਆਦਤੀ ਸਾਹਮਣੇ ਅਪਣੇ ਮਿਸਾਲੀ ਰਵਈਏ ਦਾ ਵਿਖਾਵਾ ਨਹੀਂ ਕਰ ਸਕਦੇ ਤਾਂ ਇਸ ਨੂੰ ਡਾਢੀ ਅਫ਼ਸੋਸਨਾਕ ਪਿਰਤ ਹੀ ਕਿਹਾ ਜਾ ਸਕਦਾ ਹੈ। ਜਦ ਲੋਕਤੰਤਰ ਵਿਚ ਕਾਨੂੰਨ ਦੀ ਸੁਰੱਖਿਆ ਕਰਨ ਵਾਲੇ ਹੀ ਅਪਣੀ ਵਰਦੀ ਦੇ ਹੰਕਾਰ ਵਿਚ ਗੁਆਚ ਜਾਣਗੇ ਤਾਂ ਫਿਰ ਆਮ ਆਦਮੀ ਦੀ ਮਦਦ ਲਈ ਕੌਣ ਅੱਗੇ ਆਵੇਗਾ? ਇਹੀ ਕਾਰਨ ਹੈ ਕਿ ਅੱਜ ਪੁਲਿਸ ਤੇ ਵਕੀਲਾਂ, ਦੋਹਾਂ ਦੇ ਹੱਕ ਵਿਚ ਆਮ ਜਨਤਾ ਨਹੀਂ ਭੁਗਤ ਰਹੀ। ਦੋਵੇਂ ਧਿਰਾਂ ਸ਼ੀਸ਼ੇ ਵਿਚ ਅਪਣਾ ਇਹ ਵਿਗੜਿਆ ਰੂਪ ਵੇਖ ਕੇ ਜਾਂ ਤਾਂ ਸੁਧਾਰ ਦਾ ਰਾਹ ਚਲ ਪੈਣਗੀਆਂ ਤੇ ਜਾਂ ਫਿਰ ਪਹਿਲੇ ਰਾਹ ਤੇ ਚਲਦੀਆਂ ਹੋਰ ਹੇਠਾਂ ਡਿਗਦੀਆਂ ਜਾਣਗੀਆਂ। -ਨਿਮਰਤ ਕੌਰ