ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ:ਮਜ਼ਦੂਰ ਤੇ ਵਿਦਿਆਰਥੀ ਖ਼ੁਦਕੁਸ਼ੀਆਂ ਕਰਨ 'ਚ ਕਿਸਾਨਾਂ ਤੋਂ ਵੀ ਅੱਗੇ ਲੰਘ ਗਏ
ਵਿਦਿਆਰਥੀਆਂ ਵਲੋਂ ਖ਼ੁਦਕੁੁਸ਼ੀਆਂ ਦਾ ਕਾਰਨ ਇਕੱਲਤਾ ਜਾਂ ਉਸ ’ਚੋਂ ਉਪਜੀ ਘੁਟਨ ਸੀ ਜਾਂ ਉਨ੍ਹਾਂ ’ਚੋਂ ਬਹੁਤਿਆਂ ਲਈ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਵੀ ਨਾ ਹੋਣਾ ਸੀ?
ਪਿਛਲੇ ਸਾਲ 10 ਫ਼ੀ ਸਦੀ ਤੋਂ ਵੱਧ ਲੋਕਾਂ ਨੇ ਖ਼ੁਦਕੁਸ਼ੀ ਦਾ ਰਾਹ ਅਪਣਾਇਆ। ਇਸ ਵਿਚ ਸੱਭ ਤੋਂ ਵੱਧ ਖ਼ੁਦਕੁਸ਼ੀਆਂ ਦਿਹਾੜੀ ਮਜ਼ਦੂਰਾਂ ਵਲੋਂ ਕੀਤੀਆਂ ਗਈਆਂ। ਫਿਰ ਸੱਭ ਤੋਂ ਵੱਧ ਵਾਧਾ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਵਿਚ ਆਇਆ ਜਿਥੇ 2019 ਵਿਚ 21 ਫ਼ੀ ਸਦੀ ਵੱਧ ਖ਼ੁਦਕੁਸ਼ੀਆਂ ਵਿਦਿਆਰਥੀਆਂ ਨੇ ਕੀਤੀਆਂ। ਬੇਰੁਜ਼ਗਾਰਾਂ ਦੀਆਂ ਖ਼ੁਦਕੁਸ਼ੀਆਂ ਵਿਚ ਵੀ 11.65 ਫ਼ੀ ਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ਕੋਵਿਡ 19 ਦੌਰਾਨ ਹੋਈ ਤਾਲਾਬੰਦੀ ਵਿਚ ਪਰਵਾਸੀ ਮਜ਼ਦੂਰਾਂ ਵਲੋਂ ਖ਼ੁਦਕੁਸ਼ੀਆਂ ਕੀਤੀਆਂ ਗਈਆਂ।
ਲਾਬੰਦੀ ਵਿਚ ਨਾ ਆਦਮਨ, ਨਾ ਪੈਸਾ, ਨਾ ਘਰੋਂ ਬਾਹਰ ਜਾਣ ਦੀ ਇਜਾਜ਼ਤ ਤੇ ਇਕੱਲਤਾ ਨੇ ਭਾਰਤੀਆਂ ਨੂੰ ਮਾਨਸਕ ਉਦਾਸੀ ਵਲ ਧਕੇਲ ਦਿਤਾ। ਕਈਆਂ ਕੋਲ ਮਨੋ ਵਿਗਿਆਨਕ ਦਾ ਸਹਾਰਾ ਲੈਣ ਦੀ ਸੋਚ ਹੀ ਨਹੀਂ ਸੀ ਤੇ ਕਈਆਂ ਕੋਲ ਸਾਧਨ ਹੀ ਨਹੀਂ ਸਨ। ਪਰ ਜਿਵੇਂ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਵਿਚ ਵੇਖਿਆ, ਪੈਸਾ, ਸ਼ੋਹਰਤ, ਪਿਆਰ, ਪ੍ਰਵਾਰ, ਡਾਕਟਰੀ ਇਲਾਜ ਹੋਣ ਦੇ ਬਾਵਜੂਦ ਵੀ ਸੁਸ਼ਾਂਤ ਨੇ ਖ਼ੁਦਕੁਸ਼ੀ ਕਰ ਲਈ ਸੀ। ਸੋ ਕਿਧਰੇ ਤਾਂ ਸੱਭ ਕੁੱਝ ਹੈ ਤੇ ਤਾਂ ਵੀ ਖ਼ੁਦਕੁਸ਼ੀ ਹੁੰਦੀ ਹੈ ਤੇ ਕਿਧਰ ਕੁੱਝ ਵੀ ਨਾ ਹੋਣ ਤੇ ਖ਼ੁਦਕੁਸ਼ੀ ਹੁੰਦੀ ਹੈ।
ਇਹ ਅੱਜ ਦੀ ਨਹੀਂ ਸਗੋਂ ਸਦੀਆਂ ਦੀ ਬਿਮਾਰੀ ਹੈ ਜਿਸ ਵਲ ਅੱਜ ਧਿਆਨ ਦਿਤਾ ਜਾ ਰਿਹੈ। ਪਰ ਜਿਹੜੀਆਂ 10 ਫ਼ੀ ਸਦੀ ਖ਼ੁਦਕੁਸ਼ੀਆਂ ਹੋਈਆਂ ਹਨ, ਕੀ ਉਹ ਇਸ ਬੀਮਾਰੀ ਕਾਰਨ ਹੋਈਆਂ ਹਨ ਜਾਂ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ? ਦਿਹਾੜੀ ਮਜ਼ਦੂਰ ਕਿਉਂ ਮਜਬੂਰ ਹੋਇਆ? ਉਸ ਦੀ ਖ਼ੁਦਕੁਸ਼ੀ ਮਾਨਸਕ ਉਦਾਸੀ ਸੀ ਜਾਂ ਉਸ ਦਾ ਖ਼ੁਦਕੁਸ਼ੀ ਦਾ ਕਾਰਨ ਕੁੱਝ ਹੋਰ ਹੀ ਸੀ? ਆਮ ਤੌਰ ਤੇ ਮਰਦਾਂ ਵਲੋਂ ਖ਼ੁਦਕੁਸ਼ੀਆਂ ਵੱਧ ਹੁੰਦੀਆਂ ਸਨ ਪਰ ਇਸ ਦਾ ਕਾਰਨ ਵੀ ਕੀ ਉਦਾਸੀ ਹੀ ਸੀ? ਵਿਦਿਆਰਥੀਆਂ ਤੇ ਤਾਲਾਬੰਦੀ ਦਾ ਅਸਰ ਕੁੱਝ ਅਲੱਗ ਹੀ ਸੀ ਪਰ ਖ਼ੁਦਕੁਸ਼ੀਆਂ ਕਿਉਂ?
ਇਨ੍ਹਾਂ 10 ਫ਼ੀ ਸਦੀ ਵਾਧੂ ਖ਼ੁਦਕੁਸ਼ੀਆਂ ਤੇ ਇਕ ਡੂੰਘੀ ਝਾਤ ਮਾਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦਾ ਕਾਰਨ ਆਮ ਮਾਨਸਕ ਤਣਾਅ ਨਹੀਂ ਸੀ ਪਰ ਕਿਤੇ ਨਾ ਕਿਤੇ ਸਾਡੇ ਸਿਸਟਮ ਦਾ ਫ਼ੇਲ ਹੋਣਾ ਸੀ ਜੋ ਇਸ ਵਰਗ ਦੇ ਦਰਦ ਨੂੰ ਸਮਝ ਨਹੀਂ ਸਕਿਆ। ਮਜ਼ਦੂਰਾਂ ਤੇ ਵਿਦਿਆਰਥੀਆਂ ਵਲੋਂ ਜੋ ਖ਼ੁਦਕੁਸ਼ੀਆਂ ਹੋਈਆਂ ਉਹ ਤਾਲਾਬੰਦੀ ਦਾ ਨਤੀਜਾ ਨਹੀਂ ਬਲਕਿ ਉਸ ਵਕਤ ਦੇ ਸ਼ਾਸਕ ਤੇ ਪ੍ਰਸ਼ਾਸਨ ਦੀ ਕਠੋਰਤਾ ਤੇ ਨਾਕਾਮੀ ਦਾ ਨਤੀਜਾ ਸੀ।
ਜੇ ਸਰਕਾਰ ਤਿਆਰੀ ਨਾਲ ਤਾਲਾਬੰਦੀ ਲਾਗੂ ਕਰਦੀ ਤੇ ਮਜ਼ਦੂਰਾਂ ਵਾਸਤੇ ਪੂਰੇ ਇੰਤਜ਼ਾਮ ਕਰ ਕੇ, ਮਹੀਨੇ ਦਾ ਖ਼ਰਚ, ਰਾਸ਼ਨ ਹਰ ਇਕ ਨੂੰ ਮੁਹਈਆ ਕਰਨ ਦਾ ਪ੍ਰਬੰਧ ਪਹਿਲਾਂ ਕਰਦੀ ਤਾਂ ਖ਼ੁਦਕੁਸ਼ੀ ਕਰਨ ਨੂੰ ਕੌਣ ਮਜਬੂਰ ਹੁੰਦਾ? ਮਜ਼ਦੂਰ ਦੀ ਦਿਹਾੜੀ ਵੀ ਵੈਸੇ ਰੋਜ਼ ਦੀ ਰੋਟੀ ਦਾ ਹੀ ਬੰਦੋਬਸਤ ਕਰਦੀ ਹੈ ਅਤੇ ਉਸ ਕੋਲ ਵਾਧੂ ਪੈਸਾ ਹੁੰਦਾ ਹੀ ਨਹੀਂ। ਜੇਕਰ ਮਜ਼ਦੂਰ ਕੋਲ ਵਾਧੂ ਪੈਸਾ (ਬੱਚਤ) ਹੋਵੇ ਤਾਂ ਉਹ ਖ਼ੁਦਕੁਸ਼ੀ ਕਿਉਂ ਕਰੇਗਾ?
ਵਿਦਿਆਰਥੀਆਂ ਵਲੋਂ ਖ਼ੁਦਕੁੁਸ਼ੀਆਂ ਦਾ ਕਾਰਨ ਇਕੱਲਤਾ ਜਾਂ ਉਸ ’ਚੋਂ ਉਪਜੀ ਘੁਟਨ ਸੀ ਜਾਂ ਉਨ੍ਹਾਂ ’ਚੋਂ ਬਹੁਤਿਆਂ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਵੀ ਨਾ ਹੋਣਾ ਸੀ? ਅਸੀ ਡਿਜੀਟਲ ਭਾਰਤ ਦਾ ਨਾਹਰਾ ਤਾਂ ਲਗਾ ਲਿਆ ਪਰ ਸਾਡੇ ਕੋਲ ਇਹ ਕਾਬਲੀਅਤ ਨਹੀਂ ਕਿ ਅਸੀ ਪੜ੍ਹਾਈ ਦੇ ਇਛੁਕ ਬੱਚੇ ਨੂੰ ਹੀ ਤਾਲਾਬੰਦੀ ਵਿਚ ਅਪਣੇ ਨਾਲ ਜੋੜੀ ਰਖੀਏ। ਔਰਤਾਂ ਦੀਆਂ ਨੌਕਰੀਆਂ ਗਈਆਂ, ਰਸੋਈਆਂ ਖ਼ਾਲੀ ਹੋਈਆਂ, ਬੇਰੁਜ਼ਗਾਰੀ ਦੀ ਦਰ ਵਿਚ ਹੋਰ ਵਾਧਾ ਹੋਇਆ ਤੇ ਖ਼ੁਦਕੁਸ਼ੀਆਂ ਦੀ ਦਰ ਵਿਚ ਵੀ ਵਾਧਾ ਹੋਇਆ। ਇਸ ਦਾ ਦੋਸ਼ ਸਾਡੀਆਂ ਸਰਕਾਰਾਂ ਸਿਰ ਲਗਦਾ ਹੈ ਜੋ ਆਕਸੀਜਨ ਦੀ ਸਪਲਾਈ, ਲੋੜ ਅਨੁਸਾਰ ਨਾ ਕਰ ਸਕੀਆਂ। ਸਰਕਾਰਾਂ ਅਪਣੀ ਜਾਣਕਾਰੀ ਵਾਸਤੇ ਇਨ੍ਹਾਂ 10 ਫ਼ੀ ਸਦੀ ਵਾਧੂ ਮੌਤਾਂ ਦਾ ਸਹੀ ਕਾਰਨ ਸਮਝ ਲੈਣ।
-ਨਿਮਰਤ ਕੌਰ