ਪੰਜਾਬ ਵਿਚ ਨਸ਼ਿਆਂ ਦੀ ਹਾਲਤ ਨੂੰ ਲੈ ਕੇ ਸੁਪ੍ਰੀਮ ਕੋਰਟ ਵੀ ਨਾਰਾਜ਼

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿਰਫ਼ ਇਸੇ ਸਿਸਟਮ ਨਾਲ ਸਰਕਾਰ ਨੇ ਪੰਜਾਬ ਦੀ ਸ਼ਰਾਬ ਦੀ ਆਮਦਨ ਵਿਚ ਵਾਧਾ ਕਰ ਕੇ ਸਰਕਾਰ ਦਾ ਖ਼ਜ਼ਾਨਾ ਭਰਿਆ।

Supreme Court

 

ਨਕਲੀ ਸ਼ਰਾਬ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਵਲੋਂ ਪੰਜਾਬ ਵਿਰੁਧ ਬੜੀ ਸਖ਼ਤ ਟਿਪਣੀ ਕੀਤੀ ਗਈ ਅਤੇ ਇਸ ਟਿਪਣੀ ਨੂੰ ਲੈ ਕੇ, ਸਿਰਫ਼ ਪੰਜਾਬ ਸਰਕਾਰ ਨੂੰ ਹੀ ਨਹੀਂ ਬਲਕਿ ਕੇਂਦਰ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ। ਸੁਪਰੀਮ ਕੋਰਟ ਵਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਅੱਜ ਅਤੇ ਕਲ ਦੀ ਸਰਕਾਰ ਨਾਲ ਫ਼ਰਕ ਨਹੀਂ ਪੈਂਦਾ ਬਲਕਿ ਪੰਜਾਬ ਵਿਚ ਨਸ਼ੇ ਅਤੇ ਸਰਕਾਰ ਦੀ ਲਾਪ੍ਰਵਾਹੀ ਨਾਲ ਫ਼ਰਕ ਪੈਂਦਾ ਹੈ। ਸੁਪਰੀਮ ਕੋਰਟ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਸਿਰਫ਼ ਪਰਚੇ ਦਰਜ ਕਰ ਰਹੀ ਹੈ ਪਰ ਸਮੱਸਿਆ ਨਾਲ ਜੁੜੀਆਂ ਬਾਕੀ ਗੱਲਾਂ ਪ੍ਰਤੀ ਸੁਚੇਤ ਨਹੀਂ ਅਤੇ ਅਦਾਲਤ ਨੇ ਯਾਦ ਕਰਵਾਇਆ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਜੇ ਕਿਸੇ ਨੇ ਭਾਰਤ ਉਤੇ ਹਮਲਾ ਕਰਨਾ ਹੈ ਤਾਂ ਉਹ ਪੰਜਾਬ ਤੋਂ ਹੀ ਸ਼ੁਰੂ ਹੋਵੇਗਾ। ਗ਼ਰੀਬਾਂ ਅਤੇ ਜਵਾਨੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਅਦਾਲਤ ਵਲੋਂ ਪੰਜਾਬ ਸਰਕਾਰ ਤੋਂ ਇਕ ਠੋਸ ਨੀਤੀ ਦੀ ਮੰਗ ਕੀਤੀ ਗਈ ਹੈ।

ਪੰਜਾਬ ਸਰਕਾਰ ਲਈ ਜ਼ਰੂਰ ਹੀ ਕਟਹਿਰੇ ਵਿਚ ਖੜੇ ਹੋ ਕੇ ਜਵਾਬ ਦੇਣਾ ਬਣਦਾ ਹੈ ਕਿਉਂਕਿ ਅੱਜ ਹਰ ਕੋਈ ਪੰਜਾਬ ਵਿਚ ਵਧਦੇ ਨਸ਼ੇ ਅਤੇ ਸਰਕਾਰ ਦੀ ਲਾਪ੍ਰਵਾਹੀ ਤੋਂ ਚਿੰਤਿਤ ਹੈ। ਨਕਲੀ ਸ਼ਰਾਬ ਦਾ ਸਿਸਟਮ ਬੜੇ ਚਿਰਾਂ ਤੋਂ ਚਲਦਾ ਆ ਰਿਹਾ ਹੈ ਅਤੇ ਇਹ ਆਮ ਜਾਣੀ ਜਾਂਦੀ ਸਚਾਈ ਹੈ ਕਿ ਪਿਛਲੇ ਵਿਧਾਇਕਾਂ ਨੇ ਅਪਣੇ ਹਿੱਸੇ ਦੀ ਸ਼ਰਾਬ ਵੇਚਣ ਵਾਸਤੇ ਇਲਾਕੇ ਵੰਡ ਰੱਖੇ ਸਨ ਤੇ ਜਿਥੇ ਉਹ ਆਪ ਨਹੀਂ ਸਨ ਵੇਚ ਸਕਦੇ, ਉਥੇ ਉਹ ਗਲੀ ਵਿਚ ਦੇਸੀ ਸ਼ਰਾਬ ਵੇਚਣ ਵਾਲਿਆਂ ਤੋਂ ‘ਹਫ਼ਤਾ’ ਲੈ ਲੈਂਦੇ ਸਨ। ਸ਼ਰਾਬ ਮਾਫ਼ੀਆ, ਸਰਕਾਰ ਦੇ ਖ਼ਾਸਮ ਖ਼ਾਸ ਲੋਕ ਚਲਾਉਂਦੇ ਸਨ ਅਤੇ ਉਸ ਵਿਚੋਂ ਅਪਣਾ ਹਿੱਸਾ ਲੈਂਦੇ ਸਨ। ਕਿਹੜੀ ਸ਼ਰਾਬ ਕਿਸ ਸਮੇਂ ਮਹਿੰਗੀ ਕਰਨੀ ਹੈ ਤਾਕਿ ਦੇਸੀ ਦੀ ਵਿਕਰੀ ਵਧੇ, ਇਹ ਚਾਲਾਂ ਚੰਡੀਗੜ੍ਹ ਦੇ ਵੱਡੇ ਸਿਆਸਤਦਾਨਾਂ ਵਲੋਂ ਤੈਅ ਕੀਤੀਆਂ ਜਾਂਦੀਆਂ ਸਨ। ਹਾਲ ਹੀ ਵਿਚ ਅੰਮ੍ਰਿਤਸਰ ਵਿਚ ਜਿਹੜੀ ਗੋਲੀ ਚਲੀ ਸੀ, ਉਹ ਇਸ ਮਾਫ਼ੀਆ ਦੀ ਹੀ ਚਾਲ ਸੀ ਜਿਸ ਨੇ ਸ਼ਰਾਬ ਦੇ ਕਈ ਠੇਕੇਦਾਰਾਂ ਨੂੰ ਪੰਜਾਬ ਦੇ ਸਿਸਟਮ ਵਿਚ ਨਹੀਂ ਆਉਣ ਦਿਤਾ ਤਾਕਿ ਲੋਕ ਮਾਫ਼ੀਆ ਤੋਂ ਸ਼ਰਾਬ ਲੈਣ ਲਈ ਮਜਬੂਰ ਹੋ ਜਾਣ। ਸਿਰਫ਼ ਇਸੇ ਸਿਸਟਮ ਨਾਲ ਸਰਕਾਰ ਨੇ ਪੰਜਾਬ ਦੀ ਸ਼ਰਾਬ ਦੀ ਆਮਦਨ ਵਿਚ ਵਾਧਾ ਕਰ ਕੇ ਸਰਕਾਰ ਦਾ ਖ਼ਜ਼ਾਨਾ ਭਰਿਆ। ਪਰ ਜਿਹੜਾ ਮਾਫ਼ੀਆ ਹੈ, ਉਹ ਵੱਖ ਵੱਖ ਤਰੀਕੇ ਅਪਣਾ ਕੇ ਅਪਣੀਆਂ ਚਾਲਾਂ ਚਲਦਾ ਰਹਿੰਦਾ ਹੈ।

ਨਸ਼ੇ ਰੋਕਣ ਲਈ ਵੀ ਸਰਕਾਰ ਭਾਵੇਂ ਅਪਣੀ ਪੂਰੀ ਕੋਸ਼ਿਸ਼ ਕਰ ਰਹੀ ਹੋਵੇ ਪ੍ਰੰਤੂ ਇਹ ਜਾਲ ਫੈਲਦਾ ਜਾ ਰਿਹਾ ਹੈ ਅਤੇ ਇਸ ਵਿਚ ਕੇਂਦਰ ਵੀ ਫਸਦਾ ਜਾ ਰਿਹਾ ਹੈ ਕਿਉਂਕਿ ਅੱਧਾ ਪੰਜਾਬ ਬੀ.ਐਸ.ਐਫ਼ ਦੇ ਦਾਇਰੇ ਵਿਚ ਹੈ ਅਤੇ ਨਸ਼ਾ ਆਉਂਦਾ ਹੈ ਤੇ ਨਾਲ ਅਸਲਾ ਵੀ ਲੈ ਕੇ ਆਉੁਂਦਾ ਹੈ। ਇਹ ਸਿਸਟਮ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਟੁਟ ਨਹੀਂ ਰਿਹਾ ਅਤੇ ਇਥੇ ਕੇਂਦਰ ਨੂੰ ਬੀ.ਐਸ.ਐਫ਼ ਦੇ ਕੰਟਰੋਲ ਵਾਲੇ ਇਲਾਕਿਆਂ ਬੱਦੀ, ਗੁਜਰਾਤ ਵਿਚੋਂ ਨਸ਼ੇ ਪੰਜਾਬ ਵਿਚ ਭੇਜਣ ਦੇ ਰਸਤਿਆਂ ਬਾਰੇ ਚਿੰਤਾ ਕਰਨ ਦੀ ਲੋੜ ਹੈ। ਅੱਜ ਨਸ਼ਾ ਹਰਿਆਣਾ ਅਤੇ ਹਿਮਾਚਲ ਵਿਚ ਵੀ ਫੈਲ ਚੁੱਕਾ ਹੈ ਪਰ ਪ੍ਰਚਾਰ ਸਿਰਫ਼ ਪੰਜਾਬ ਬਾਰੇ ਕਰਨਾ ਸਿਆਸਤ ਹੈ, ਅਸਲ ਚਿੰਤਾ ਨਹੀਂ। 
ਪੰਜਾਬ ਸਰਕਾਰ ਲਈ ਚੌਕਸ ਹੋਣਾ ਜ਼ਰੂਰੀ ਹੈ ਅਤੇ ਜਾਂਚ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੇ ਕਿਹੜੇ ਵਿਧਾਇਕ ਪੁਰਾਣੇ ਸਿਸਟਮ ਨੂੰ ਬਰਕਰਾਰ ਰੱਖ ਰਹੇ ਹਨ। ਨਸ਼ੇ ਨੂੰ ਅਸਲ ਵਿਚ ਠੱਲ੍ਹ ਪਾਉਣ ਵਾਸਤੇ ਪੁਰਾਣੇ ਸਿਸਟਮ ਵਿਚ ਅਫ਼ਸਰਾਂ ਅਤੇ ਪੁਲਿਸ ਦੀ ਸ਼ਮੂਲੀਅਤ ਦੀ ਜਾਂਚ ਵੀ ਕਰਨੀ ਪਵੇਗੀ। ਇਸ ਧੰਦੇ ਵਿਚ ਮੁਨਾਫ਼ੇ ਮਾਮੂਲੀ ਨਹੀਂ ਅਤੇ ਜਦ ਕਿਸੇ ਦੇ ਮੂੰਹ ਤੇ ਖ਼ੂਨ ਲੱਗ ਜਾਵੇ ਤਾਂ ਉਸ ਨੂੰ ਆਮ ਤਰੀਕੇ ਨਾਲ ਨਹੀਂ ਰੋਕਿਆ ਜਾ ਸਕਦਾ। ਇਕ ਨਸ਼ਈ, ਨਸ਼ੇ ਵਾਸਤੇ ਅਪਣੇ ਸਕਿਆਂ ਦਾ ਕਤਲ ਵੀ ਕਰ ਸਕਦਾ ਹੈ ਅਤੇ ਲਾਲਚੀ ਅਪਣੀ ਜ਼ਮੀਰ ਦਾ।              -ਨਿਮਰਤ ਕੌਰ