ਨਹੀਂ ਬੋਲਣ ਦੇਣਗੀਆਂ ਸੱਤਾ ਹਮਾਇਤੀ ਭੀੜਾਂ, ਯੂਨੀਵਰਸਟੀਆਂ ਦੇ ਬੱਚਿਆਂ ਨੂੰ ਵੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਾਫ਼ ਹੈ ਕਿ ਜਿਸ ਨੂੰ ਖੱਬੇਪੱਖੀ, ਸੰਵਿਧਾਨ ਜਾਂ ਕੇਂਦਰ ਵਿਰੋਧੀ ਮੰਨਿਆ ਜਾਂਦਾ ਹੈ, ਪੁਲਿਸ ਉਸ ਦੀ ਮਦਦ 'ਤੇ ਨਹੀਂ ਆਵੇਗੀ

Photo

ਆਖਿਆ ਤਾਂ ਇਹੀ ਜਾਂਦਾ ਹੈ ਕਿ ਦਿੱਲੀ ਦਿਲ ਵਾਲਿਆਂ ਦੀ ਹੈ ਪਰ ਜਿਸ ਤਰ੍ਹਾਂ ਆਜ਼ਾਦ ਭਾਰਤ ਵਿਚ ਵਾਰ-ਵਾਰ ਦਿੱਲੀ ਵਿਚ ਭੀੜਾਂ ਨੂੰ ਦਿੱਲੀ ਪੁਲਿਸ ਦੀ ਸ਼ਹਿ 'ਤੇ, ਇਸ ਸ਼ਹਿਰ ਨੂੰ ਨਰਕ ਬਣਾਉਣ ਦੀ ਇਜਾਜ਼ਤ ਹਾਕਮ ਧਿਰ ਦਿੰਦੀ ਹੈ, ਇਸ ਦੇ ਦਿਲ ਵਾਲੀ ਹੋਣ 'ਤੇ ਸਵਾਲ ਉਠਣ ਲੱਗ ਪੈਂਦੇ ਹਨ। ਭਾਰਤ ਦੇਸ਼ ਦੀ ਰਾਜਧਾਨੀ ਵਿਚ ਜੋ ਕਹਿਰ ਵਿਦਿਆਰਥੀਆਂ ਉਪਰ ਢਾਹਿਆ ਜਾ ਰਿਹਾ ਹੈ, ਉਸ ਦੀ ਤੁਲਨਾ ਜੇ ਹਿਟਲਰ ਦੀ ਨਾਜ਼ੀ ਫ਼ੌਜ ਨਾਲ ਨਾ ਕੀਤੀ ਜਾਵੇ ਤਾਂ ਹੋਰ ਕਿਸ ਨਾਲ ਕੀਤੀ ਜਾਵੇ?

ਕਲ ਰਾਤ ਨੂੰ 'ਜਵਾਹਰ ਲਾਲ ਨਹਿਰੂ 'ਵਰਸਿਟੀ' ਵਿਚ ਜਿਸ ਤਰ੍ਹਾਂ ਗੁੰਡਿਆਂ ਵਾਂਗ ਏ.ਬੀ.ਵੀ.ਪੀ. ਦੇ ਵਿਦਿਆਰਥੀ ਅਤੇ ਭਾਜਪਾ ਦੇ ਆਗੂ (ਜਿਨ੍ਹਾਂ ਦੀ ਪਹਿਚਾਣ ਜ਼ਿਆਦਾਤਰ ਮਹਿਰੌਲੀ ਦੇ ਰਹਿਣ ਵਾਲਿਆਂ ਵਜੋਂ ਹੋਈ ਹੈ) ਨੇ ਇਸ ਯੂਨੀਵਰਸਟੀ ਵਿਚ ਦਾਖ਼ਲ ਹੋ ਕੇ ਜੋ ਕਹਿਰ ਢਾਹਿਆ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ।

ਚਸ਼ਮਦੀਦ ਗਵਾਹਾਂ ਮੁਤਾਬਕ ਕਈ ਚਿਹਰੇ ਪਛਾਣੇ ਗਏ ਅਤੇ ਇਹ ਵੀ ਸਾਹਮਣੇ ਆਇਆ ਕਿ ਵਸੰਤ ਵਿਹਾਰ ਦੇ ਐਸ.ਐਚ.ਉ. ਦੀ ਨਿਗਰਾਨੀ ਹੇਠ ਇਹ ਸਾਰਾ ਕਾਂਡ ਵਾਪਰਿਆ। ਦੋ ਘੰਟਿਆਂ ਵਾਸਤੇ ਬਿਜਲੀ ਬੰਦ ਕਰ ਦਿਤੀ ਗਈ। ਤਕਰੀਬਨ 11:30 ਵਜੇ ਪੁਲਿਸ ਦੀ ਦੇਖ-ਰੇਖ ਹੇਠ ਇਸ ਭੀੜ ਨੂੰ ਸੁਰੱਖਿਅਤ ਅਪਣਾ ਏਜੰਡਾ ਪੂਰਾ ਕਰਨ ਤੋਂ ਬਾਅਦ ਗੱਡੀਆਂ ਵਿਚ ਬਿਠਾ ਕੇ ਵਾਪਸ ਭੇਜ ਦਿਤਾ ਗਿਆ ਜਿਸ ਤੋਂ ਬਾਅਦ ਹੀ ਪੁਲਿਸ ਹਰਕਤ ਵਿਚ ਆਈ।

ਪੁਲਿਸ ਗੇਟ ਦੇ ਬਾਹਰ ਹੱਥ ਜੋੜ ਕੇ ਖੜੀ ਸੀ ਅਤੇ ਉਨ੍ਹਾਂ ਸਾਹਮਣੇ ਹੀ ਬਾਹਰ ਆਮ ਜਨਤਾ ਨਾਲ ਭੀੜ ਨੇ ਹੱਥੋ-ਪਾਈ ਕੀਤੀ, ਜਿਸ ਵਿਚ ਯੋਗਿੰਦਰ ਯਾਦਵ ਵੀ ਸ਼ਾਮਲ ਸਨ। ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ, ਜਦ ਤਕ ਕਿ ਗੁੰਡੇ ਸੁਰੱਖਿਅਤ ਹਾਲਤ ਵਿਚ ਉਥੋਂ ਚਲੇ ਨਾ ਗਏ। ਇਸ ਦੌਰਾਨ ਪੁਲਿਸ ਹੈਲਪਲਾਈਨ ਨੂੰ ਤਕਰੀਬਨ 150 ਕਾਲਾਂ ਮਦਦ ਵਾਸਤੇ ਕੀਤੀਆਂ ਗਈਆਂ ਪਰ ਕੋਈ ਕਦਮ ਨਾ ਚੁਕਿਆ ਗਿਆ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 'ਵਰਸਿਟੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਇਜਾਜ਼ਤ ਵਾਈਸ ਚਾਂਸਲਰ ਦੇ ਸਕਦੇ ਸਨ ਪਰ ਉਹ ਨਾ ਤਾਂ ਇਸ ਕਾਂਡ ਦੌਰਾਨ ਅਤੇ ਨਾ ਇਸ ਤੋਂ ਬਾਅਦ ਹੀ ਵਿਦਿਆਰਥੀਆਂ ਦੀ ਸਾਰ ਲੈਣ ਆਏ। ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਵਾਈਸ ਚਾਂਸਲਰ ਦੀ ਵੀ ਹਮਾਇਤ ਪ੍ਰਾਪਤ ਸੀ ਪਰ ਅਜੇ ਤਕ ਕੋਈ ਚਮਸ਼ਮਦੀਦ ਗਵਾਹ ਸਾਹਮਣੇ ਨਹੀਂ ਆਇਆ।

ਸਾਫ਼ ਹੈ ਕਿ ਜਿਸ ਨੂੰ ਖੱਬੇਪੱਖੀ, ਸੰਵਿਧਾਨ ਜਾਂ ਕੇਂਦਰ ਵਿਰੋਧੀ ਮੰਨਿਆ ਜਾਂਦਾ ਹੈ, ਪੁਲਿਸ ਉਸ ਦੀ ਮਦਦ 'ਤੇ ਨਹੀਂ ਆਵੇਗੀ ਕਿਉਂਕਿ ਇਹ ਉਹੀ ਪੁਲਿਸ ਹੈ ਜੋ ਕੁੱਝ ਹਫ਼ਤੇ ਪਹਿਲਾਂ ਹੀ ਬਿਨਾ ਇਜਾਜ਼ਤ ਤੋਂ ਜਾਮਿਆ ਯੂਨੀਵਰਸਟੀ ਅੰਦਰ ਦਾਖ਼ਲ ਹੋਈ ਅਤੇ ਪੜ੍ਹਦੇ ਵਿਦਿਆਰਥੀਆਂ 'ਤੇ ਲਾਠੀਆਂ, ਗੋਲੀਆਂ ਵਰ੍ਹਾਉਣ ਤੋਂ ਵੀ ਕਤਰਾਈ ਨਹੀਂ ਸੀ।

ਦਿੱਲੀ ਪੁਲਿਸ 1984 ਤੋਂ ਬਣਾਈ ਪ੍ਰਥਾ ਦਾ ਪਾਲਣ ਕਰ ਰਹੀ ਹੈ। ਉਹ ਇਕ ਪਾਲਤੂ ਵਾਂਗ ਅਪਣੇ ਹਾਕਮਾਂ ਦੇ ਇਸ਼ਾਰੇ 'ਤੇ ਭੀੜਾਂ ਦੀ ਸੁਰੱਖਿਆ ਕਰਨ ਵਿਚ ਅਪਣੀ ਪੂਰੀ ਤਾਕਤ ਲਾਉਂਦੀ ਹੈ। ਕਾਂਗਰਸ ਅੱਜ ਇਸ ਵਿਰੁਧ ਬੋਲਦੀ ਤਾਂ ਹੈ, ਪਰ ਕੀ ਉਹ ਮੰਨਣ ਲਈ ਤਿਆਰ ਹੈ ਅੱਜ ਜੋ ਵੀ ਹਿੰਸਕ ਫ਼ਿਰਕੂਵਾਦ ਦਾ ਕਹਿਰ ਦੇਸ਼ ਵਿਚ ਛਾਇਆ ਹੋਇਆ ਹੈ, ਉਸ ਦੇ ਬੀਜ ਉਸ ਨੇ ਹੀ ਤਾਂ ਬੋਏ ਸਨ।

ਜੇ ਕਦੀ ਉਹ ਪਾਰਟੀ ਇੰਦਰਾ/ਰਾਜੀਵ ਨੂੰ ਨਕਾਰ ਦੇਂਦੀ ਅਤੇ ਉਨ੍ਹਾਂ ਦੇ ਰਾਜ ਵਿਚ ਹੋਈ ਨਸਲਕੁਸ਼ੀ ਤੇ ਸ਼ਰਮਿੰਦਗੀ ਮਹਿਸੂਸ ਕਰਦੀ ਤਾਂ ਅੱਜ ਫਿਰ ਤੋਂ ਇਹ ਅੰਨ੍ਹੇਵਾਹ ਹਿੰਸਾ ਕਰਦੀ ਤੇ ਖ਼ੂਨ ਖ਼ੂਨ ਪੁਕਾਰਦੀਆਂ ਭੀੜਾਂ ਦਾ ਦਬਦਬਾ ਨਾ ਬਣ ਸਕਿਆ ਹੁੰਦਾ। ਦੇਸ਼ ਦੀ ਸਰਕਾਰ ਨੂੰ ਮੁਬਾਰਕ ਹੈ ਕਿ ਉਨ੍ਹਾਂ ਨੇ ਦੇਸ਼ ਵਿਚ ਐਸੀਆਂ ਦਰਾੜਾਂ ਪਾਈਆਂ ਹਨ ਜੋ ਸਿਰਫ਼ ਧਰਮ 'ਤੇ ਅਧਾਰਤ ਨਹੀਂ ਹਨ। ਹੁਣ ਤਾਂ ਬਰਾਬਰੀ ਦੀ ਸੋਚ ਹੀ ਗ਼ੱਦਾਰ ਕਰਾਰ ਦੇਣ ਵਾਸਤੇ ਕਾਫ਼ੀ ਹੈ।

ਵਿਦਿਆਰਥੀ ਡਾਂਗਾਂ ਚੁਕ ਕੇ ਅਪਣੇ ਸਾਥੀਆਂ ਨੂੰ ਮਾਰਦੇ ਰਹੇ ਅਤੇ ਦੋਵੇਂ ਪਾਸੇ ਕੁੜੀਆਂ ਵੀ ਨਾਲ ਸਨ। ਚਲੋ ਭਾੜੇ ਦੇ ਗੁੰਡੇ ਬਣਾਈ ਜਾਂਦੀ ਗ਼ਰੀਬ ਭੀੜ ਦੀ ਜ਼ਰੂਰਤ ਹੀ ਨਹੀਂ ਰਹੀ। ਸੋ ਵਿਦਿਆਰਥੀਆਂ ਲਈ ਇਸ ਨਵੇਂ 'ਰੋਜ਼ਗਾਰ' ਦੀ ਈਜਾਦ ਵਾਸਤੇ ਏ.ਬੀ.ਵੀ.ਪੀ. ਅਤੇ ਆਰ.ਐਸ.ਐਸ. ਦਾ ਧੰਨਵਾਦ। 'ਰੋਜ਼ਗਾਰ' ਤਾਂ ਵੱਧ ਰਿਹਾ ਹੈ, ਭਾਵੇਂ ਹੁਣ ਸਾਡੇ ਬੱਚੇ ਜੱਲਾਦ ਬਣ ਕੇ ਸਾਨੂੰ ਹੀ ਮਾਰਨਗੇ।

ਆਉਣ ਵਾਲੇ ਸਮੇਂ ਵਿਚ ਕਿਹੜਾ ਪਲੜਾ ਭਾਰੀ ਸਾਬਤ ਹੁੰਦਾ ਹੈ, ਉਸ ਦਾ ਨਿਰਣਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਭਾਰਤ ਅਪਣੀ ਸੰਵਿਧਾਨਕ ਸੋਚ ਨਾਲ ਜੁੜਿਆ ਰਹਿੰਦਾ ਹੈ ਜਾਂ ਹਿੰਦੂ ਪਾਕਿਸਤਾਨ ਬਣਾਉਣ ਦੀ ਆਗਿਆ ਦੇ ਦੇਵੇਗਾ? -ਨਿਮਰਤ ਕੌਰ