ਦਿੱਲੀ ਦੀਆਂ ਚੋਣਾਂ ਵਿਚ ਸਿੱਖਾਂ ਵਲੋਂ ਸਾਰੀਆਂ ਹੀ ਪਾਰਟੀਆਂ ਮੂੰਹ ਮੋੜ ਬੈਠੀਆਂ ਹਨ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਿਉਂਕਿ ਸਿੱਖ ਲੀਡਰ ਹੀ ਸਿੱਖਾਂ ਦੇ ਸੱਭ ਤੋਂ ਵੱਡੇ ਦੁਸ਼ਮਣ ਸਾਬਤ ਹਏ ਹਨ

Photo

ਦਿੱਲੀ ਵਿਚ ਚੋਣ ਪ੍ਰਚਾਰ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਸਿਰਫ਼ ਦਿੱਲੀ ਵਾਲਿਆਂ ਦਾ ਫ਼ੈਸਲਾ ਆਉਣਾ ਬਾਕੀ ਹੈ। ਫ਼ੈਸਲੇ ਉਤੇ ਅਸਰ ਪਾਉਣ ਲਈ ਬੜੇ ਹਰਬੇ ਵਰਤੇ ਜਾ ਰਹੇ ਹਨ ਅਤੇ ਹੁਣ ਸੰਸਦ 'ਚੋਂ ਵੀ ਦੇਸ਼ ਦੇ ਮੁੱਖ ਸੇਵਕ, ਦਿੱਲੀ ਚੋਣਾਂ ਉਤੇ ਅਸਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ 'ਜੰਗ ਅਤੇ ਪਿਆਰ ਵਿਚ ਸੱਭ ਕੁੱਝ ਜਾਇਜ਼ ਹੁੰਦਾ ਹੈ' ਵਾਲੀ ਖੇਡ ਵਿਚ ਇਕ ਵਰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਵੀ ਕੀਤਾ ਜਾ ਰਿਹਾ ਹੈ ਭਾਵੇਂ ਕਿ ਚੋਣ ਨਤੀਜਿਆਂ ਵਿਚ ਉਸ ਵਰਗ ਦਾ ਵੋਟ ਵੀ ਵੱਡੀ ਅਹਿਮੀਅਤ ਰਖਦਾ ਹੈ।

ਇਹ ਉਹ ਵਰਗ ਹੈ ਜਿਸ ਉਤੇ ਅਰਵਿੰਦ ਕੇਜਰੀਵਾਲ ਨੇ ਵੱਡੀ ਟੇਕ ਰੱਖ ਕੇ ਪਿਛਲੀਆਂ ਚੋਣਾਂ ਲੜੀਆਂ ਤੇ ਜਿੱਤੀਆਂ ਸਨ। ਇਹ ਵਰਗ ਸੀ ਸਿੱਖ ਵੋਟਰਾਂ ਦਾ। ਅਰਵਿੰਦ ਕੇਜਰੀਵਾਲ ਖ਼ੁਦ ਸਿੱਖਾਂ ਦੀ ਸਭ ਤੋਂ ਦਰਦਨਾਕ ਕਾਲੋਨੀ 'ਵਿਧਵਾ ਕਾਲੋਨੀ' ਵਿਚ ਗਏ ਸਨ ਅਤੇ ਉਨ੍ਹਾਂ ਦੇ ਹਾਲਾਤ ਉਤੇ ਹੈਰਾਨੀ ਪ੍ਰਗਟਾਉਂਦਿਆਂ ਵਾਅਦਾ ਕੀਤਾ ਸੀ ਕਿ ਜੇ ਉਹ ਮੁੱਖ ਮੰਤਰੀ ਬਣੇ ਤਾਂ ਉਹ ਇਨ੍ਹਾਂ ਉਜੜੇ ਘਰਾਂ ਨੂੰ ਮਹਿਲ ਬਣਾ ਦੇਣਗੇ।

ਦਰਦ ਭਰੀਆਂ ਯਾਦਾਂ ਨਾਲ ਵਸੇ ਇਨ੍ਹਾਂ ਘਰਾਂ ਨੂੰ ਬੜੀ ਉਮੀਦ ਦਿਤੀ ਗਈ ਸੀ ਪਰ ਸੱਤਾ ਵਿਚ ਆ ਕੇ ਸਿਰਫ਼ ਬਿਜਲੀ ਦੇ ਬਿਲਾਂ ਦਾ ਕੁੱਝ ਹਿੱਸਾ ਹੀ ਮਾਫ਼ ਕੀਤਾ ਗਿਆ ਸੀ। ਨਵੰਬਰ 1984 ਨਸਲਕੁਸ਼ੀ ਬਾਰੇ ਐਸ.ਆਈ.ਟੀ. ਬਣਾਈ ਗਈ ਸੀ ਪਰ ਫਿਰ ਭਾਜਪਾ ਨੇ ਉਹ ਜ਼ਿੰਮੇਵਾਰੀ ਅਪਣੇ ਉਤੇ ਲੈ ਲਈ। ਸੱਭ ਕੁੱਝ ਦੇ ਬਾਵਜੂਦ, ਅੱਜ ਵੀ ਸਿੱਖਾਂ ਦੀ ਵੋਟ 'ਆਪ' ਵਾਸਤੇ ਬਹੁਤ ਜ਼ਰੂਰੀ ਹੈ।

ਪੂਰਵਾਂਚਲੀ ਅਤੇ ਸਿੱਖ ਵੋਟ ਦਿੱਲੀ ਦੇ ਡੇਢ ਕਰੋੜ ਵੋਟਰਾਂ ਦਾ 70 ਫ਼ੀ ਸਦੀ ਹਿੱਸਾ ਬਣਦੀ ਹੈ। ਪੂਰਵਾਂਚਲੀ 'ਆਪ', ਭਾਜਪਾ ਅਤੇ ਕਾਂਗਰਸ ਵਿਚ ਵੰਡੇ ਜਾ ਚੁੱਕੇ ਹਨ ਅਤੇ ਇਸ ਵਾਰ ਬੜੇ ਚਿਰਾਂ ਬਾਅਦ ਪੰਜਾਬੀ ਸਿੱਖ ਵੋਟ ਦਿੱਲੀ ਦਾ ਭਵਿੱਖ ਤੈਅ ਕਰੇਗੀ। ਜੇ ਸਿੱਖ ਵੋਟਾਂ ਦਾ ਏਨਾ ਮਹੱਤਵ ਹੈ ਤਾਂ ਫਿਰ 'ਆਪ' ਨੇ ਵਿਧਵਾ ਕਾਲੋਨੀ ਦੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ?

ਪਿਛਲੇ ਕੁੱਝ ਮਹੀਨਿਆਂ ਵਿਚ 'ਆਪ' ਨੇ ਤੇਜ਼ ਰਫ਼ਤਾਰ ਨਾਲ ਅਪਣੇ 2015 ਦੇ ਮੈਨੀਫ਼ੈਸਟੋ ਨੂੰ ਰੀਪੋਰਟ ਕਾਰਡ ਦਾ ਰੂਪ ਦੇ ਦਿਤਾ ਪਰ ਨਾ ਸਿੱਖਾਂ ਨੇ ਹੀ ਕੋਈ ਇਤਰਾਜ਼ ਪ੍ਰਗਟਾਇਆ ਅਤੇ ਨਾ ਕਿਸੇ ਸਿੱਖ ਆਗੂ ਨੇ। ਜੁੱਤੀ ਸੁੱਟਣ ਵਾਲੇ ਜਰਨੈਲ ਸਿੰਘ ਨੂੰ ਤਾਂ ਸਿੱਖ ਕੌਮ ਦੇ ਦਰਦ ਦਾ ਅਹਿਸਾਸ ਸੀ, ਪਰ ਸਿਆਸਤ ਵਿਚ ਆਉਣ ਤੋਂ ਬਾਅਦ ਅਪਣੀ ਚੜ੍ਹਤ ਵਿਚ ਹੀ ਮਸਰੂਫ਼ ਹੋ ਗਏ ਅਤੇ ਅਪਣਿਆਂ ਦੇ ਦਰਦ ਨੂੰ ਭੁੱਲ ਗਏ।

ਅੱਜ ਦਿੱਲੀ ਵਿਚ ਬਹੁਤੇ ਅਕਾਲੀ ਆਗੂ ਜਦ ਜ਼ਾਹਰਾ ਤੌਰ ਤੇ ਭਾਜਪਾ ਨੂੰ ਅਪਣਾ ਸਮਰਥਨ ਦੇ ਰਹੇ ਹਨ ਤਾਂ ਕੀ ਸਿੱਖ ਵੀ ਅਪਣੇ ਆਗੂਆਂ ਦੀ ਸੁਣਨਗੇ ਜਾਂ ਵੋਟ ਕਿਤੇ ਹੋਰ ਪਾਉਣਗੇ? ਕੀ ਦਿੱਲੀ ਦੇ ਸਿੱਖ ਵੀ ਸਮਝ ਚੁੱਕੇ ਹਨ ਕਿ ਸਿੱਖਾਂ ਦਾ ਅਸਲ ਵਿਚ ਕੋਈ ਆਗੂ ਨਹੀਂ ਰਿਹਾ? ਜਿਹੜਾ ਵੀ ਆਗੂ ਹੈ, ਭਾਵੇਂ ਉਹ 'ਆਪ' ਦਾ ਹੋਵੇ ਜਾਂ ਅਕਾਲੀ ਦਲ ਬਾਦਲ/ਭਾਜਪਾ ਦਾ, ਉਹ ਸਿਰਫ਼ ਉਨ੍ਹਾਂ ਦੇ ਜ਼ਖ਼ਮਾਂ ਨੂੰ ਕੁਰੇਦਣ ਵੇਲੇ ਤਕ ਲਈ ਹੀ ਸਿੱਖ ਆਗੂ ਹੈ।

ਜਿੱਤਣ ਤੋਂ ਬਾਅਦ ਉਨ੍ਹਾਂ ਵਰਗਾ ਮੌਕਾਪ੍ਰਸਤ ਤੇ ਲਾਲਚੀ ਕੋਈ ਨਹੀਂ ਹੋ ਸਕਦਾ। ਭਾਜਪਾ ਦੇ ਪ੍ਰਧਾਨ ਸੇਵਕ ਵਲ ਵੇਖੋ, ਉਹ ਰਾਮ ਮੰਦਰ ਦੇ ਮੁੱਦੇ ਤੇ ਸੱਤਾ ਵਿਚ ਆਏ ਅਤੇ ਉਨ੍ਹਾਂ ਨੇ ਅਪਣੀ ਜਨਤਾ ਨਾਲ ਕੀਤਾ ਵਾਅਦਾ ਨਿਭਾਉਣ ਵਾਸਤੇ ਸੱਭ ਕੁੱਝ ਕੀਤਾ, ਭਾਵੇਂ ਅਜਿਹਾ ਕਰਦੇ ਸਮੇਂ, ਉਨ੍ਹਾਂ ਨੂੰ ਲੋਕਤੰਤਰ ਦੀਆਂ ਹੱਦਾਂ ਨੂੰ ਵੀ ਪਾਰ ਕਰਨਾ ਪਿਆ ਹੋਵੇ।

ਸਿੱਖਾਂ ਦੇ ਆਗੂ ਤਾਂ ਅਪਣੇ ਵਾਅਦਿਆਂ 'ਚ ਸਿੱਖੀ ਨੂੰ ਚੋਣ ਜੁਮਲਿਆਂ ਵਾਂਗ ਇਸਤੇਮਾਲ ਕਰਦੇ ਹਨ ਅਤੇ ਫਿਰ ਭੁਲਾ ਦੇਂਦੇ ਹਨ। ਅੱਜ ਅਕਾਲੀ ਦਲ ਦੇ ਅੰਦਰ ਲੜਾਈ ਚਲ ਰਹੀ ਹੈ ਅਤੇ ਬਾਦਲ ਪ੍ਰਵਾਰ ਤੇ ਢੀਂਡਸਾ ਪ੍ਰਵਾਰ ਆਹਮੋ-ਸਾਹਮਣੇ ਹਨ। ਅਕਾਲੀ ਦਲ ਰੈਲੀਆਂ ਤੇ ਇਕੱਠ ਕਰ ਰਿਹਾ ਹੈ ਅਤੇ ਉਥੇ ਮਸਤੂਆਣਾ ਸਾਹਿਬ ਦੇ ਸੁਖਦੇਵ ਸਿੰਘ ਢੀਂਡਸਾ ਪ੍ਰਵਾਰ ਹੇਠ ਚਲ ਰਹੇ ਧਾਰਮਕ ਅਦਾਰਿਆਂ ਵਿਚ ਬੇਨਿਯਮੀਆਂ ਦੇ ਇਲਜ਼ਾਮ ਲਗਾ ਰਿਹਾ ਹੈ।

ਬਾਦਲ ਪ੍ਰਵਾਰ ਵਾਲੇ ਕਹਿ ਰਹੇ ਹਨ ਕਿ ਢੀਂਡਸਿਆਂ ਉਤੇ ਉਨ੍ਹਾਂ ਨੇ ਮਿਹਰਬਾਨੀ ਕੀਤੀ ਕਿ ਉਨ੍ਹਾਂ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਜਦਕਿ ਉਹ ਚੋਣਾਂ ਵਿਚ ਹਾਰਦੇ ਆਏ ਹਨ। ਸਵਾਲ ਇਹ ਹੈ ਕਿ ਢੀਂਡਸਾ ਪ੍ਰਵਾਰ ਨੂੰ ਮਸਤੂਆਣਾ ਸਾਹਿਬ ਦੇ ਅਦਾਰੇ ਚਲਾਉਣ ਅਤੇ ਗ਼ਲਤੀਆਂ ਕਰਨ ਦੀ ਇਜਾਜ਼ਤ ਹੀ ਕਿਉਂ ਦਿਤੀ ਗਈ?

ਕੀ ਇਸ ਦਾ ਮਤਲਬ ਇਹ ਹੈ ਕਿ ਅੱਜ ਹਰ ਅਕਾਲੀ ਆਗੂ ਨੂੰ ਪਾਰਟੀ ਮੁਖੀ ਦੀ ਵਫ਼ਾਦਾਰੀ ਦੀ ਸਹੁੰ ਚੁਕ ਕੇ ਇਕ-ਇਕ ਗੁਰੂ ਘਰ ਦੀ ਕਮਾਈ ਦਾ ਠੇਕਾ ਦੇ ਦਿਤਾ ਗਿਆ ਹੈ? ਅਤੇ ਮਿਹਰਬਾਨੀ ਆਗੂਆਂ ਉਤੇ ਹੀ ਕਿਉਂ? ਆਮ ਸਿੱਖਾਂ ਉਤੇ ਮਿਹਰਬਾਨੀ ਕਿਉਂ ਨਹੀਂ ਹੁੰਦੀ? ਸਾਡੀ ਗੋਲਕ ਵਿਚ ਏਨੀ ਤਾਕਤ ਹੈ ਕਿ ਅਸੀ ਅਪਣੀਆਂ ਵਿਧਵਾਵਾਂ ਵਾਸਤੇ ਖ਼ੁਦ ਮਹਿਲ ਬਣਾ ਸਕਦੇ ਹਾਂ, ਉਨ੍ਹਾਂ ਦੇ ਪ੍ਰਵਾਰਾਂ ਨੂੰ ਉਨ੍ਹਾਂ ਦੇ ਸਿਰ ਦੇ ਸਾਈਂ ਤਾਂ ਨਹੀਂ ਦੇ ਸਕਦੇ ਪਰ ਉਨ੍ਹਾਂ ਵਾਂਗ ਉਨ੍ਹਾਂ ਦਾ ਆਸਰਾ ਤਾਂ ਬਣ ਹੀ ਸਕਦੇ ਹਾਂ।

ਪਰ ਅਸੀ ਗੁਰੂ ਕੀਆਂ ਗੋਲਕਾਂ ਨੂੰ ਆਗੂਆਂ ਦੀਆਂ ਤਿਜੋਰੀਆਂ ਬਣਨ ਦੀ ਇਜਾਜ਼ਤ ਦੇ ਦਿਤੀ। 35 ਸਾਲ ਬਾਅਦ 1984 ਦੇ ਘਲੂਘਾਰੇ ਦੇ ਨਾਂ ਤੇ ਕੁੱਝ ਦੁਕਾਨਾਂ ਖੋਲ੍ਹ ਕੇ ਪੀੜਤਾਂ ਨੂੰ ਕਿਸ ਤਰ੍ਹਾਂ ਦੀਆਂ ਨੌਕਰੀਆਂ ਦਿਤੀਆਂ, ਉਸ ਬਾਰੇ ਗੱਲ ਕਰਦੇ ਵੀ ਸ਼ਰਮ ਹੀ ਆਉਂਦੀ ਹੈ। ਫਿਰ ਜਦ ਸਿੱਖ ਆਗੂ ਸਿੱਖਾਂ ਨੂੰ ਇਸਤੇਮਾਲ ਕਰਦੇ ਹਨ, ਝੂਠੇ ਵਾਅਦੇ ਕਰਦੇ ਹਨ ਤਾਂ ਗ਼ੈਰ-ਸਿੱਖ ਸਿਆਸਤਦਾਨਾਂ ਨਾਲ ਕਾਹਦਾ ਗਿਲਾ?

'ਆਪ' ਨੇ ਤਾਂ ਅਕਾਲੀ ਦਲ ਤੋਂ ਹੀ ਸਿਖਿਆ ਹੈ ਕਿ ਪੀੜਤਾਂ ਨਾਲ ਇਨਸਾਫ਼ ਨਾ ਕਰੋ। ਸੋ ਹੁਣ ਸਿੱਖ ਵੋਟਰ ਸ਼ਾਇਦ ਧਰਮ ਦੇ ਨਾਂ ਤੇ ਨਹੀਂ, ਸਿਆਸਤ ਦੇ ਨਾਂ ਤੇ ਵੋਟ ਦਾ ਦੇਵੇ। ਸ਼ਾਇਦ ਇਹ ਰਸਤਾ ਹੀ ਸਿਆਸਤ ਨੂੰ ਧਰਮ ਦੇ ਬੁਰੇ ਪ੍ਰਭਾਵ ਤੋਂ ਆਜ਼ਾਦ ਕਰ ਸਕੇਗਾ।  -ਨਿਮਰਤ ਕੌਰ