ਦੀਪ ਸਿੱਧੂ ਦੀ ਮੰਗੇਤਰ ਰੀਨਾ ਰਾਏ ਦਾ ਇੰਟਰਵਿਊ ਸੱਚ ਜਾਣਨ ਲਈ ਜ਼ਰੂਰੀ ਕਿਉਂ ਸੀ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦੀਪ ਸਿੱਧੂ ਨੂੰ ਸ਼ਹੀਦ ਆਖ ਕੇ ਸੰਘਰਸ਼ ਦੀ ਬੁਨਿਆਦ ਵਿਚ ਗ਼ਲਤ-ਬਿਆਨੀ ਦੀ ਇਟ ਰੱਖ ਦਿਤੀ ਗਈ ਹੈ ਜਿਸ ਸਦਕਾ ਸਾਡੇ ਬੱਚੇ ਖ਼ਤਰੇ ਵਿਚ ਘਿਰ ਰਹੇ ਹਨ।

Reena Rai and Deep Sidhu

 

ਰੀਨਾ ਰਾਏ ਦੀ ਇੰਟਰਵਿਊ ਕਰਨ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਪਤਾ ਸੀ ਕਿ ਜਿਹੜੇ ਨੌਜਵਾਨ ਅੱਜ ਡਾਂਗਾਂ ਤੇ ਬੰਦੂਕਾਂ ਲੈ ਕੇ ਅੰਮ੍ਰਿਤਪਾਲ ਦੇ ਪਿਛੇ ਚਲ ਰਹੇ ਹਨ, ਉਨ੍ਹਾਂ ਨੂੰ ਤੱਥਾਂ ਬਾਰੇ ਸਮਝਣ ਵਿਚ ਕੋਈ ਦਿਲਚਸਪੀ ਨਹੀਂ ਤੇ ਉਹ ਅਪਣੀ ਗੱਲ ਨੂੰ ਹੀ ਅੰਤਮ ਸ਼ਬਦ (ਹਰਫ਼ੇ ਆਖ਼ਰ) ਕਹਿ ਕੇ ਮਨਵਾਉਣਾ ਚਾਹੁੰਦੇ ਹਨ। ਜਿਵੇਂ ਆਮ ਇਨਸਾਨ ਡਰ ਅਤੇ ਮਾਨਸਕ ਦਬਾਅ ਹੇਠ ਇਕ ਭੀੜ ਦਾ ਰੂਪ ਧਾਰ ਲੈਂਦੇ ਹਨ, ਇਹ ਵੀ ਦਲੀਲ ਦਾ ਜਵਾਬ ਭੀੜ ਬਣ ਕੇ ਜਾਂ ਜਵਾਬੀ ਦੂਸ਼ਣ ਲਾ ਕੇ ਹੀ ਦੇਂਦੇ ਹਨ। ਹਿਟਲਰ ਨੇ ਵੀ ਇਕ ਘੱਟ ਗਿਣਤੀ ਕੌਮ ਵਿਰੁਧ ਡਰ ਅਤੇ ਭੈਅ ਬਹੁਗਿਣਤੀ ਦੇ ਮਨਾਂ ਵਿਚ ਅਜਿਹਾ ਪਾ ਦਿਤਾ ਕਿ ਇਕ ਆਮ ਜਰਮਨ ਵਿਗਿਆਨਕ ਜਾਂ ਡਾਕਟਰ ਨੇ ਯਹੂਦੀਆਂ ਉਤੇ ਅਜਿਹੇ ਤਜਰਬੇ ਕਰਨੇ ਸ਼ੁਰੂ ਕਰ ਦਿਤੇ ਕਿ ਜੇ ਉਹ ਲੋਕ ਹੋਸ਼ ਵਿਚ ਹੁੰਦੇ ਤਾਂ ਗਟਰ ਵਿਚ ਰਹਿਣ ਵਾਲੇ ਇਕ ਆਮ ਚੂਹੇ ਤੇ ਵੀ ਉਹ ਤਜਰਬੇ ਨਾ ਕਰ ਸਕਦੇ।

 

ਰੀਨਾ ਰਾਏ ਨਾਲ ਇੰਟਰਵਿਊ ਇਸ ਕਰ ਕੇ ਨਹੀਂ ਸੀ ਕੀਤੀ ਕਿ ‘ਦੀਪ ਸਿੱਧੂ ਦੇ ਇਤਿਹਾਸ ਨੂੰ ਫਰੋਲ ਕੇ ਉਸ ਵਿਰੁਧ ਕੁੱਝ ਮਵਾਦ ਇਕੱਠਾ ਕੀਤਾ ਜਾਏ। ਕਿਸੇ ਨੇ ਸੋਸ਼ਲ ਮੀਡੀਆ ਤੇ ਗ਼ਲਤ ਦਾਅਵਾ ਕੀਤਾ ਜਿਸ ਨੇ ਦੂਜੀ ਧਿਰ (ਇਕ ਕੁੜੀ) ਦਾ ਸੱਚ ਪੇਸ਼ ਕਰਨ ਲਈ ਮਜਬੂਰ ਕੀਤਾ। ਉਂਜ ਕਿਸੇ ਦੀ ਸੋਚ ਨੂੰ ਗ਼ਲਤ ਆਖਣਾ, ਨਾ ਇਹ ਮੇਰੀ ਪੱਤਰਕਾਰੀ ਦਾ ਕੋਈ ਟੀਚਾ ਸੀ, ਨਾ ਮੇਰਾ ਇਰਾਦਾ। ਇਹ ਸਿਰਫ਼ ਅੱਜਕਲ ਦੇ ਹਾਲਾਤ ਦੇ ਦੋਵੇਂ ਪੱਖਾਂ ਨੂੰ ਸੱਭ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੀ ਸੀ ਬਸ। ਜਿਹੜੇ ਆਖਦੇ ਹਨ ਕਿ ਇਹ ਇੰਟਰਵਿਊ ਦੀਪ ਸਿੱਧੂ ਵਿਰੁਧ ਸੀ, ਉਨ੍ਹਾਂ ਨੂੰ ਚੁਨੌਤੀ ਦੇਂਦੀ ਹਾਂ ਕਿ ਇਸ ਵਿਚ ਦੀਪ ਵਿਰੁਧ ਕਿਹੜੀ ਗੱਲ ਦੱਸੀ ਗਈ ਹੈ, ਉਹ ਵਿਖਾ ਦੇਣ।

ਦੀਪ ਦੀ ਮੌਤ ਤੋਂ ਬਾਅਦ ਪੰਜਾਬੀਆਂ ਨੂੰ ਕੁੱਝ ਖ਼ਾਸ ਲੋਕਾਂ ਵਲੋਂ ਇਹ ਕਹਿ ਕੇ ਭੜਕਾਇਆ ਗਿਆ ਕਿ ਉਸ ਨੂੰ ਸਰਕਾਰ ਵਲੋਂ ਕਤਲ ਕਰਵਾਇਆ ਗਿਆ ਸੀ ਤੇ ਭੜਕਾਹਟ ਦੇਣ ਵਾਲਿਆਂ ਦੀ ਗੱਲ ਸੁਣ ਕੇ ਹੀ ਉਸ ਨੂੰ ਸ਼ਹੀਦ ਦਾ ਦਰਜਾ ਦੇ ਦਿਤਾ ਗਿਆ। ਇਸ ਵਿਚ ਉਸ ਦੀ ਮੰਗੇਤਰ ਨੂੰ ਸਰਕਾਰ ਦੀ ਏਜੰਟ ਦੱਸਣ ਦੀ, ਸੋਸ਼ਲ ਮੀਡੀਆ ਤੇ ਬੜੀ ਗੰਦੀ ਖੇਡ ਖੇਡੀ ਗਈ। ਇਸ ਇੰਟਰਵਿਊ ਵਿਚ ਕੁੱਝ ਸਬੂਤਾਂ ਨਾਲ ਰੀਨਾ ਰਾਏ ਨੇ ਇਹ ਸਾਬਤ ਕਰ ਦਿਤਾ ਕਿ ਉਹ ਤੇ ਦੀਪ, ਇਕ ਮਹੀਨੇ ਮਗਰੋਂ ਵੈਲਨਟਾਈਨ ਡੇਅ ਵੀ ਮਨਾ ਰਹੇ ਸਨ ਅਤੇ ਸੁੱਤੇ ਵੀ ਨਹੀਂ ਸਨ। ਦੀਪ ਤੇਜ਼ ਗੱਡੀ ਚਲਾ ਰਿਹਾ ਸੀ ਅਤੇ ਉਸ ਨੂੰ ਨੀਂਦ ਵੀ ਆਈ ਹੋਈ ਸੀ ਅਤੇ ਥਕਿਆ ਵੀ ਹੋਇਆ ਸੀ ਜਿਸ ਕਾਰਨ ਉਸ ਦੀ ਸ਼ਾਇਦ ਅੱਖ ਲੱਗ ਗਈ ਤੇ ਇਕ ਖੜੇ ਟਰਾਲੇ ਵਿਚ ਗੱਡੀ ਜਾ ਵੱਜੀ।

ਜਿਹੜੇ ਲੋਕ ਇਹ ਸਵਾਲ ਪੁਛਦੇ ਸਨ ਕਿ ਕੁੜੀ ਬਚ ਗਈ ਅਤੇ ਦੀਪ ਸਿੱਧੂ ਮਰ ਗਿਆ, ਉਨ੍ਹਾਂ ਵਾਸਤੇ ਹਾਦਸੇ ਉਹ ਹੁੰਦੇ ਹਨ ਜਦ ਸਾਰੇ ਮਰ ਜਾਂਦੇ ਹਨ। ਪਰ ਜੇ ਕੋਈ ਇਕ ਬਚ ਜਾਂਦਾ ਹੈ ਤਾਂ ਉਹ ‘ਜਾ ਕੋ ਰਾਖੇ ਸਾਂਈਆਂ ਮਾਰ ਸਕੇ ਨਾ ਕੋਇ’ ਦੇ ਗੁਰਬਾਣੀ ਦੇ ਉਪਦੇਸ਼ ਨੂੰ ਭੁਲ ਕੇ, ਬਿਨਾਂ ਕੋਈ ਸਬੂਤ ਲੱਭੇ, ਸ਼ੰਕੇ ਖੜੇ ਕਰਨੇ ਸ਼ੁਰੂ ਕਰ ਦੇਂਦੇ ਸਨ। ਪਰ ਤੱਥਾਂ ਨੂੰ ਜਾਣਦੇ ਹੋਏ ਵੀ ਇਨ੍ਹਾਂ ਲੋਕਾਂ ਨੇ ਸੱਚ ਨੂੰ ਤੋੜ ਮਰੋੜ ਕੇ ਦੀਪ ਸਿੱਧੂ ਦੇ ਸੜਕ ਹਾਦਸੇ ਨੂੰ ਸਰਕਾਰੀ ਸਾਜ਼ਸ਼ ਬਣਾ ਕੇ ਇਕ ਲਹਿਰ ਤਿਆਰ ਕੀਤੀ ਜਿਸ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਬਣੇ ਅਤੇ ਇਨ੍ਹਾਂ ਨੇ ਅਪਣੇ ਆਪ ਨੂੰ ਵਾਰਸ ਪੰਜਾਬ ਦਾ ਬਣਾ ਕੇ ਪੰਜਾਬ ਵਿਚ ਅਜਿਹਾ ਮਾਹੌਲ ਬਣਾਉਣ ਲਈ ਅਪਣੀ ਤਾਕਤ ਇਸ ਤਰ੍ਹਾਂ ਲਗਾ ਦਿਤੀ ਕਿ ਅੱਜ ਰਾਸ਼ਟਰੀ ਮੀਡੀਆ ਇਹੀ ਰੱਟ ਲਗਾ ਰਿਹਾ ਹੈ ਕਿ ਪੰਜਾਬ ਵਿਚ ਮੁੜ ਤੋਂ ਕਾਲਾ ਦੌਰ ਆਉਣ ਲੱਗਾ ਹੈ।

ਪੰਜਾਬ ਵਿਚ ਬੀ.ਐਸ.ਐਫ਼ ਦਾ ਦਾਇਰਾ ਪਹਿਲਾਂ ਹੀ ਵੱਧ ਗਿਆ ਸੀ ਅਤੇ ਹੁਣ ਸੀ.ਆਰ.ਪੀ.ਐਫ਼ ਵੀ ਜੀ-20 ਸਦਕੇ ਪੰਜਾਬ ਵਿਚ ਆ ਰਹੀ ਹੈ। ਹਰ ਵਾਰ ਅਸੀ ਕੇਂਦਰ ਨੂੰ ਕਸੂਰਵਾਰ ਮੰਨਦੇ ਹਾਂ ਪਰ ਇਸ ਵਾਰ ਕੇਂਦਰ ਦੀ ਪੰਜਾਬ ਦੇ ਹੱਕਾਂ ਨੂੰ ਘੱਟ ਕਰਨ ਦੀ ਸੋਚ ਨੂੰ ਅੱਗੇ ਵਧਾਉਣ ਵਿਚ ਜਾਣੇ ਅਣਜਾਣੇ ਪੰਜਾਬ ਦੇ ਇਹ ਨੌਜਵਾਨ ਹੀ ਮਦਦਗਾਰ ਸਾਬਤ ਹੋ ਰਹੇ ਹਨ। ਇਨ੍ਹਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੋਰਚੇ ਵਿਚ ਅਜਿਹਾ ਵਾਤਾਵਰਣ ਸਿਰਜ ਦਿਤਾ ਹੈ ਕਿ ਜਿਨ੍ਹਾਂ ਨੂੰ ਆਮ ਹਾਲਾਤ ਵਿਚ ਪੈਰੋਲ ਮਿਲ ਜਾਣੀ ਸੀ, ਹੁਣ ਸ਼ਾਇਦ ਉਹ ਵੀ ਰੁਕ ਜਾਵੇਗੀ।

ਦੀਪ ਸਿੱਧੂ ਸ਼ਹੀਦ ਨਹੀਂ ਸੀ ਅਤੇ ਇਹ ਗੱਲ ਉਹ ਆਪ ਵੀ ਮੰਨਦਾ ਸੀ ਕਿਉਂਕਿ ਉਹ ਤਾਂ ਕਿਸਾਨੀ ਸੰਘਰਸ਼ ਵਿਚ ਮਾਰੇ ਜਾਣ ਵਾਲੇ ਕਿਸਾਨਾਂ ਨੂੰ ਸ਼ਹੀਦ ਮੰਨਣ ਤੋਂ ਵੀ ਇਨਕਾਰ ਕਰਦਾ ਸੀ। ਦੀਪ ਨੂੰ ਸ਼ਹੀਦ ਆਖਣ ਸਦਕਾ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਦੇ ਹੌਂਸਲੇ ਵੱਧ ਗਏ ਹਨ। ਇਲਜ਼ਾਮ ਹਨ ਕਿ ਇਸ ਬਹਾਨੇ ਵਿਦੇਸ਼ਾਂ ਤੋਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਜਦਕਿ ਦੀਪ ਸਿੱਧੂ ਤਾਂ ਅਪਣੀ ਕਮਾਈ ਤੇ ਜਿਊਂਦਾ ਸੀ।

ਦੀਪ ਸਿੱਧੂ ਨੂੰ ਸ਼ਹੀਦ ਆਖ ਕੇ ਸੰਘਰਸ਼ ਦੀ ਬੁਨਿਆਦ ਵਿਚ ਗ਼ਲਤ-ਬਿਆਨੀ ਦੀ ਇਟ ਰੱਖ ਦਿਤੀ ਗਈ ਹੈ ਜਿਸ ਸਦਕਾ ਸਾਡੇ ਬੱਚੇ ਖ਼ਤਰੇ ਵਿਚ ਘਿਰ ਰਹੇ ਹਨ। ਕਿਉਂ ਇਹ ਖੇਲ ਰਚਾਇਆ ਗਿਆ? ਇਹ ਸਮਝਣਾ ਬਹੁਤ ਜ਼ਰੂਰੀ ਸੀ। ਇਸੇ ਲਈ ਰੀਨਾ ਰਾਏ ਤੋਂ ਉਸ ਦਾ ਪੱਖ ਜਾਣਨਾ ਜ਼ਰੂਰੀ ਸੀ ਕਿਉਂਕਿ ਉਹ ਮੌਕੇ ਦੀ ਗਵਾਹ ਤੇ ਮਰਨ ਵਾਲੇ ਦੀ ਮੰਗੇਤਰ ਸੀ। ਉਸ ਦਾ ਸੱਚ ਕਿਸੇ ਨੂੰ ਚੰਗਾ ਨਹੀਂ ਲਗਦਾ ਤਾਂ ਕਸੂਰ ਰੀਨਾ ਰਾਏ ਦਾ ਨਹੀਂ, ਨਾ ਇੰਟਰਵਿਊ ਲੈਣ ਵਾਲਿਆਂ ਦਾ ਹੈ। ਇਹ ਜ਼ਰੂਰੀ ਸੀ ਤੇ ਮੇਰੇ ਲਈ ਇਹੀ ਕਾਫ਼ੀ ਸੀ। ਪੰਜਾਬ ਦੇ ਅਸਲ ਵਾਰਸ ਉਹ ਹਨ ਜੋ ਪੰਜਾਬ ਨੂੰ ਪਿਆਰ ਕਰਦੇ ਹਨ, ਨਾ ਕਿ ਉਹ ਜੋ ਇਸ ਨੂੰ ਇਸਤੇਮਾਲ ਕਰਦੇ ਹਨ।                  -ਨਿਮਰਤ ਕੌਰ