Editorial: ਕਮਜ਼ੋਰ ਨਹੀਂ ਪੈ ਰਿਹਾ ਪਾਕਿ ’ਚ ਦਹਿਸ਼ਤਵਾਦ
ਵੀਰਵਾਰ ਨੂੰ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਚਾਰਸੱਦਾ ਵਿਖੇ ਫ਼ੌਜ ਨੇ ਇਕ ਚੈੱਕ ਬੈਰੀਅਰ ਉਪਰ ਦਹਿਸ਼ਤੀ ਹਮਲਾ ਨਾਕਾਮ ਬਣਾ ਦਿਤਾ।
Editorial: ਪਾਕਿਸਤਾਨ ਵਿਚ ਦਹਿਸ਼ਤਵਾਦ ਮੱਠਾ ਪੈਣ ਦਾ ਨਾਮ ਹੀ ਨਹੀਂ ਲੈ ਰਿਹਾ। ਵੀਰਵਾਰ ਨੂੰ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਚਾਰਸੱਦਾ ਵਿਖੇ ਫ਼ੌਜ ਨੇ ਇਕ ਚੈੱਕ ਬੈਰੀਅਰ ਉਪਰ ਦਹਿਸ਼ਤੀ ਹਮਲਾ ਨਾਕਾਮ ਬਣਾ ਦਿਤਾ। ਇਸ ਕਾਰਵਾਈ ਵਿਚ ਪੰਜ ਸਿਵਲੀਅਨ ਜ਼ਖ਼ਮੀ ਹੋਏ, ਪਰ ਚੈੱਕ ਬੈਰੀਅਰ ’ਤੇ ਤਾਇਨਾਤ ਫ਼ੌਜੀਆਂ ਦੀਆਂ ਜਾਨਾਂ ਲੈਣ ਦੇ ਟੀਚੇ ਵਿਚ ਦਹਿਸ਼ਤਵਾਦੀ ਕਾਮਯਾਬ ਨਾ ਹੋ ਸਕੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਖ਼ੈਬਰ-ਪਖ਼ਤੂਨਖਵਾ ਸੂਬੇ ਵਿਚ ਹੀ ਬਨੂੰ ਛਾਉਣੀ ਦੇ ਬਾਹਰਵਾਰ ਹੋਏ ਦਹਿਸ਼ਤੀ ਹਮਲੇ ਵਿਚ ਪੰਜ ਫ਼ੌਜੀਆਂ ਸਮੇਤ 18 ਲੋਕ ਮਾਰੇ ਗਏ ਸਨ ਅਤੇ 32 ਹੋਰ ਜ਼ਖ਼ਮੀ ਹੋ ਗਏ ਸਨ। ਮ੍ਰਿਤਕਾਂ ਵਿਚ 6 ਬੱਚੇ ਵੀ ਸ਼ਾਮਲ ਸਨ। ਇਸ ਤੋਂ ਅਗਲੇ ਦਿਨ, ਬੁੱਧਵਾਰ ਨੂੰ ਫ਼ੌਜ ਨੇ ਦਾਅਵਾ ਕੀਤਾ ਸੀ ਕਿ ਬਨੂੰ ਹਮਲੇ ਨਾਲ ਜੁੜੇ ਸਾਰੇ 16 ਦਹਿਸ਼ਤੀ ਅਨਸਰਾਂ ਦਾ ਸਫ਼ਾਇਆ ਕਰ ਦਿਤਾ ਗਿਆ ਹੈ।
ਦੂਜੇ ਪਾਸੇ, ਬਨੂੰ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਦਹਿਸ਼ਤੀ ਜਮਾਤ ‘ਜੈਸ਼-ਇ-ਫੁਰਸਾਨ’ ਨੇ ਫ਼ੌਜ ਦੇ ਦਾਅਵੇ ਨੂੰ ਹਾਸੋਹੀਣਾ ਦਸਿਆ ਸੀ ਅਤੇ ਜਵਾਬੀ ਦਾਅਵਾ ਕੀਤਾ ਸੀ ਕਿ ਬਨੂੰ ਵਾਲੇ ਅਪਰੇਸ਼ਨ ਵਿਚ ਸਿਰਫ਼ ਚਾਰ ‘ਮੁਜਾਹਿਦ’ ਹੀ ਮਰੇ। ਪਾਕਿਸਤਾਨੀ ਮੀਡੀਆ ਦਹਿਸ਼ਤਵਾਦੀ ਹਮਲਿਆਂ ਜਾਂ ਹੋਰ ਹਿੰਸਕ ਕਾਰਵਾਈਆਂ ਬਾਰੇ ਸਰਕਾਰੀ ਪ੍ਰੈੱਸ ਰਿਲੀਜ਼ਾਂ ਹੂਬਹੂ ਨਸ਼ਰ ਕਰਨ ਦਾ ਆਦੀ ਹੈ।
ਇਸ ਪ੍ਰਵਿਰਤੀ ਜਾਂ ਮਜਬੂਰੀ ਦੇ ਬਾਵਜੂਦ ਉਸ ਨੇ ਫ਼ੌਜ ਦੇ ਦਾਅਵਿਆਂ ਉਪਰ ਕਿੰਤੂ-ਪ੍ਰੰਤੂ ਕਰਨ ਦੀ ਰੁਚੀ ਹੁਣ ਦਰਸਾਉਣੀ ਸ਼ੁਰੂ ਕਰ ਦਿਤੀ ਹੈ। ਪਿਸ਼ਾਵਰ ਤੋਂ ਪ੍ਰਕਾਸ਼ਿਤ ਹੁੰਦੇ ਅੰਗਰੇਜ਼ੀ ਅਖ਼ਬਾਰ ‘ਫਰੰਟੀਅਰ ਪੋਸਟ’ ਨੇ ਇਸੇ ਰੁਚੀ ਦਾ ਮੁਜ਼ਾਹਰਾ ਵੀਰਵਾਰ ਦੀ ਸੰਪਾਦਕੀ ਵਿਚ ਕੀਤਾ। ਉਸ ਨੇ ‘ਜੈਸ਼-ਇ-ਫੁਰਸਾਨ’ ਦੇ ਦਾਅਵੇ ਨੂੰ ਦਰੁੱਸਤ ਕਰਾਰ ਦਿੰਦਿਆਂ ਫ਼ੌਜ ਦੀ ਸੂਚਨਾ ਏਜੰਸੀ ‘ਆਈ.ਐੱਸ.ਪੀ.ਆਰ’ ਅਤੇ ਪਾਕਿਸਤਾਨੀ ਹਕੂਮਤ ਨੂੰ ਸੱਚ ਬਿਆਨ ਕਰਨ ਦਾ ਮਸ਼ਵਰਾ ਦਿਤਾ ਹੈ।
ਆਲਮੀ ਪੱਧਰ ’ਤੇ ਦਹਿਸ਼ਤੀ ਘਟਨਾਵਾਂ ਦੀ ਦਰਜਾਬੰਦੀ ਕਰਨ ਵਾਲੀ ਸੰਸਥਾ ‘ਇੰਸਟੀਟਿਊਟ ਫਾਰ ਇਕਨੌਮਿਕਸ ਐਂਡ ਪੀਸ’ ਨੇ ‘ਗਲੋਬਲ ਟੈਰਰ ਇੰਡੈਕਸ 2025’ ਨਾਮੀ ਰਿਪੋਰਟ ਵਿਚ ਦਰਜ ਕੀਤਾ ਹੈ ਕਿ ਪਾਕਿਸਤਾਨ ਵਿਚ ਸਾਲ 2024 ਦੌਰਾਨ ਹਰ ਤੀਜੇ ਦਿਨ ਕੋਈ ਵੱਡਾ ਦਹਿਸ਼ਤੀ ਕਾਰਾ ਹੋਇਆ।
ਸਾਲ 2023 ਦੇ ਮੁਕਾਬਲੇ 2024 ਦੌਰਾਨ ਪਾਕਿਸਤਾਨ ਵਿਚ ਦਹਿਸ਼ਤੀ ਹਿੰਸਾ ਕਾਰਨ 45 ਫ਼ੀ ਸਦੀ ਵੱਧ ਮੌਤਾਂ ਹੋਈਆਂ। 2023 ਦੌਰਾਨ ਮੌਤਾਂ ਦੀ ਗਿਣਤੀ 717 ਸੀ; 2024 ਵਿਚ ਇਹ 1099 ਰਹੀ। ਇਸੇ ਰਿਪੋਰਟ ਵਿਚ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੂੰ ਦੁਨੀਆਂ ਦੀ ਦੂਜੀ ਸਭ ਤੋਂ ਖ਼ਤਰਨਾਕ ਦਹਿਸ਼ਤੀ ਜਮਾਤ ਦਸਿਆ ਗਿਆ ਹੈ। ਰਿਪੋਰਟ ਮੁਤਾਬਿਕ ਟੀ.ਟੀ.ਪੀ. ਨੇ 2024 ਦੌਰਾਨ 482 ਦਹਿਸ਼ਤੀ ਕਾਰਵਾਈਆਂ ਰਾਹੀਂ 558 ਜਾਨਾਂ ਲਈਆਂ। ਪਾਕਿਸਤਾਨੀ ਮੀਡੀਆ ‘ਜੈਸ਼-ਇ-ਫੁਰਸਾਨ’ ਨੂੰ ਟੀ.ਟੀ.ਪੀ. ਦੀ ਹੀ ਸ਼ਾਖਾ ਕਰਾਰ ਦਿੰਦਾ ਆਇਆ ਹੈ।
ਹੁਣ ਵੀ ਉਸ ਨੇ ‘ਜੈਸ਼-ਇ-ਫੁਰਸਾਨ’ ਦੇ ਅੱਡੇ ਅਫ਼ਗਾਨਿਸਤਾਨ ਵਿਚ ਹੋਣ ਅਤੇ ਇਸ ਜਮਾਤ ਨੂੰ ਅਫ਼ਗਾਨ ਤਾਲਿਬਾਨ ਦੀ ਪੁਸ਼ਤਪਨਾਹੀ ਦੇ ਦੋਸ਼ ਲਾਏ ਹਨ। ਨਾਲ ਹੀ ਟੀ.ਟੀ.ਪੀ. ਦੇ ਸਿਰ ’ਤੇ ਭਾਰਤ ਦਾ ਹੱਥ ਹੋਣ ਦੇ ਦੋਸ਼ ਵੀ ਦੁਹਰਾਏ ਗਏ ਹਨ। ਭਾਰਤੀ ਵਿਦੇਸ਼ ਦਫ਼ਤਰ ਨੇ ਇਨ੍ਹਾਂ ਦੋਸ਼ਾਂ ਨੂੰ ‘ਹਾਸੋਹੀਣਾ’ ਕਰਾਰ ਦੇ ਕੇ ਪਾਕਿਸਤਾਨ ਨੂੰ ‘ਜੇਹਾ ਬੀਜੇ, ਸੋਈ ਕਾਟੇ’ ਦੀ ਮਰਜ਼ ਦਾ ਸ਼ਿਕਾਰ ਦਸਿਆ ਹੈ। ਅਜਿਹੀ ਇਲਜ਼ਾਮਤਰਾਸ਼ੀ ਦੇ ਬਾਵਜੂਦ ਇਸ ਹਕੀਕਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਦਹਿਸ਼ਤਵਾਦ, ਪਾਕਿਸਤਾਨ ਵਾਸਤੇ ਮਹਾਂ-ਚੁਣੌਤੀ ਬਣਿਆ ਹੋਇਆ ਹੈ ਅਤੇ ਇਸ ਚੁਣੌਤੀ ਨਾਲ ਸਿੱਝਣ ’ਚ ਉਹ ਹੁਣ ਤਕ ਨਾਕਾਮਯਾਬ ਰਿਹਾ ਹੈ।
ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੇ ਪਿਛਲੇ ਸਾਲ ਦਹਿਸ਼ਤੀ ਗੁੱਟਾਂ ਨਾਲ ਕੋਈ ਰਿਆਇਤ ਨਾ ਵਰਤਣ ਅਤੇ ਹਰ ਗੁੱਟ ਨਾਲ ਕਰੜੇ ਹੱਥੀਂ ਸਿੱਝਣ ਵਾਸਤੇ ਫ਼ੌਜ ਨੂੰ ਸਰਬ-ਪੱਖੀ ਮੁਹਿੰਮ ਆਰੰਭਣ ਦਾ ਹੁਕਮ ਦਿਤਾ ਸੀ। ਇਸ ਨੂੰ ‘ਅਜ਼ਮ-ਇ-ਇਸਤਿਹਕਾਮ’ ਦਾ ਨਾਮ ਦਿਤਾ ਗਿਆ ਸੀ। ਫ਼ੌਜ ਨੇ ਮਈ ਤੋਂ ਦਸੰਬਰ 2024 ਤਕ 700 ਦੇ ਕਰੀਬ ਦਹਿਸ਼ਤੀਆਂ ਦਾ ਸਫ਼ਾਇਆ ਕਰਨ ਦਾ ਦਾਅਵਾ ਵੀ ਕੀਤਾ, ਪਰ ਦਹਿਸ਼ਤੀ ਕਾਰੇ ਘਟੇ ਨਹੀਂ।
ਪਾਕਿਸਤਾਨੀ ਅੰਕੜਿਆਂ ਮੁਤਾਬਿਕ ਜਨਵਰੀ 2025 ਦੌਰਾਨ 74 ਹਮਲਿਆਂ ਵਿਚ 91 ਮੌਤਾਂ ਹੋਈਆਂ। ਜ਼ਾਹਿਰ ਹੈ ਕਿ ‘ਅਜ਼ਮ’ ਵਰਗੇ ਅਪਰੇਸ਼ਨ ਦੇ ਬਾਵਜੂਦ ਨਾ ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਦਹਿਸ਼ਤੀਆਂ ਦੀ ਮਾਰ-ਸ਼ਕਤੀ ਵਿਚ ਕੋਈ ਕਮੀ ਆਈ ਅਤੇ ਨਾ ਹੀ ਬਲੋਚਿਸਤਾਨ ਵਿਚ ‘ਬਲੋਚ ਨੈਸ਼ਨਲ ਆਰਮੀ’ (ਬੀ.ਐਨ.ਏ.) ਤੇ ਹੋਰ ਬਲੋਚ ਲੜਾਕੂ ਗੁਟਾਂ ਦੇ ਸਰਕਾਰੀ ਅਦਾਰਿਆਂ ਤੇ ਥਾਣਿਆਂ-ਚੌਂਕੀਆਂ ਉੱਤੇ ਹਮਲੇ ਘਟੇ।
ਪਾਕਿਸਤਾਨ, ਕਿਉਂਕਿ, ਦਹਿਸ਼ਤੀ ਗੁੱਟਾਂ ਨੂੰ ਗੁਆਂਢੀ ਮੁਲਕਾਂ, ਖ਼ਾਸ ਕਰ ਕੇ ਭਾਰਤ, ਅਫ਼ਗਾਨਿਸਤਾਨ ਤੇ ਤਾਜਿਕਸਤਾਨ ਵਿਚ ਅਸਥਿਰਤਾ ਪੈਦਾ ਕਰਨ ਲਈ ਵਰਤਦਾ ਆਇਆ ਹੈ, ਇਸ ਵਾਸਤੇ ਉਸ ਦੀ ਮੌਜੂਦਾ ‘ਦਹਿਸ਼ਤ-ਵਿਰੋਧੀ ਜੰਗ’ ਨੂੰ ਹੋਰਨਾਂ ਦੇਸ਼ਾਂ ਤੋਂ ਨਾ ਹਮਾਇਤ ਮਿਲ ਰਹੀ ਹੈ ਅਤੇ ਨਾ ਹੀ ਹਮਦਰਦੀ। ਇਹ ਸਥਿਤੀ ਉਸ ਦੀ ਭੂਗੌਲਿਕ ਸਲਾਮਤੀ ਲਈ ਵੀ ਖ਼ਤਰਾ ਬਣੀ ਹੋਈ ਹੈ ਅਤੇ ਆਰਥਿਕ ਸੁਰੱਖਿਆ ਲਈ ਵੀ। ਇਹ ਅਪਣੇ ਆਪ ਵਿਚ ਕੋਈ ਛੋਟੀ ਤ੍ਰਾਸਦੀ ਨਹੀਂ।