ਕੋਈ ਖਿੱਚੇ ਨਵੀਂ ਲਕੀਰ
ਅਹਿਮਦ ਸ਼ਾਹ ਅਬਦਾਲੀ (ਦੁੱਰਾਨੀ) ਵਲੋਂ 1757 ਤੇ ਫਿਰ 1764 ਵਿਚ ਹਰਿਮੰਦਰ ਸਾਹਿਬ ਵਿਖੇ ਜੋ ਬਰਬਾਦੀ ਤੇ ਬੇਹੁਰਮਤੀ ਕੀਤੀ ਗਈ ਸੀ, ਉਹ ਸਿੱਖ ਮਾਨਸਿਕਤਾ...
ਅਹਿਮਦ ਸ਼ਾਹ ਅਬਦਾਲੀ (ਦੁੱਰਾਨੀ) ਵਲੋਂ 1757 ਤੇ ਫਿਰ 1764 ਵਿਚ ਹਰਿਮੰਦਰ ਸਾਹਿਬ ਵਿਖੇ ਜੋ ਬਰਬਾਦੀ ਤੇ ਬੇਹੁਰਮਤੀ ਕੀਤੀ ਗਈ ਸੀ, ਉਹ ਸਿੱਖ ਮਾਨਸਿਕਤਾ ਵਿਚੋਂ ਖੁਰੀ ਨਹੀਂ, ਨਾ ਹੀ ਕਦੇ ਖੁਰੇਗੀ। ਇਸ ਤਰ੍ਹਾਂ ਹੀ 1984 ਵਿਚ ਜੱਗੋਂ ਤੇਰ੍ਹਵੀਂ ਦੀ ਅਤਿ ਬਦਨੁਮਾ ਕਰਤੂਤ ਜੋ ਹਿੰਦ ਦੀ ਕੌਮੀ ਹਕੂਮਤ ਵਲੋਂ ਕੀਤੀ ਗਈ ਹੈ ਤੇ ਜਿਸ ਵਿਚ ਸਿੱਖ ਵੀ ਭਾਈਵਾਲ ਸਨ, ਸਿੱਖ ਸਮਾਜ ਦੇ ਚੇਤਿਆਂ ਵਿਚ ਰਹੇਗੀ, ਅਮਿੱਟ ਯਾਦ ਵਜੋਂ। ਜਿਹੜੇ ਲੋਕ ਇਨ੍ਹਾਂ ਦਰਿੰਦਗੀ ਭਰੀਆਂ ਤੇ ਦੁਸ਼ਟੀ ਘਟਨਾਵਾਂ ਨੂੰ ਭੁੱਲ ਗਏ ਹਨ ਜਾਂ ਭੁਲਾਉਣ ਦੇ ਹਾਮੀ ਨੇ, ਉਹ ਅਪਣੇ ਆਪ ਨੂੰ ਪੰਜਾਬੀ ਅਖਵਾਉਣ ਦੇ ਕਦਾਚਿਤ ਹੱਕਦਾਰ ਨਹੀਂ ਹੋ ਸਕਦੇ। ਕਬੂਤਰ ਵਾਂਗ ਅੱਖਾਂ ਮੀਟਿਆਂ ਇਤਿਹਾਸ ਗ਼ਾਇਬ ਕਿੱਦਾਂ ਹੋ ਜਾਊ?
ਆਉ ਹੁਣ ਆਈਏ, ਤਰਨਤਾਰਨ ਵਿਚਲੇ ਘਰ ਦੇ ਈ ਅਲੋਕਾਰ, ਦਾੜ੍ਹੇਦਾਰ ਅਤੇ ਬਾਣੇਦਾਰ 'ਅਬਦਾਲੀਆਂ' ਵਲ। ਇਹ ਕਾਰਾ/ਕਰਤੂਤ, ਸਿੱਖਾਂ ਦੀਆਂ ਦੁਰਲੱਭ ਅਤੇ ਪਵਿੱਤਰ ਇਤਿਹਾਸਕ ਵਿਰਾਸਤਾਂ ਨੂੰ ਮਲੀਆਮੇਟ ਕਰ ਕੇ, ਪੱਥਰਾਂ ਨਾਲ ਸ਼ਿੰਗਾਰਨ ਦੀ ਕੋਈ ਪਹਿਲੀ ਘਟਨਾ ਵੀ ਨਹੀਂ ਹੈ। ਸੁੱਤੇ ਹੋਏ ਪੰਜਾਬੀ ਸਿੱਖ, ਹੈਰਾਨ ਹੋ ਕੇ, ਏਦਾਂ ਦੀਆਂ ਜ਼ੁਲਮੀ, ਬਦਇਖ਼ਲਾਕ ਅਤੇ ਅਪਰਾਧੀ ਹਰਕਤਾਂ ਦੀ ਗਿਣਤੀ, ਜੋ ਹੁਣ ਤਕ ਹੋ ਚੁਕੀਆਂ ਨੇ, ਖ਼ੁਦ ਆਪ ਹੀ ਕਰਨ। ਚੇਤੇ ਰਹੇ ਕਿ ਵਿਰਾਸਤ ਦਾ ਮੇਟਣਾ, ਕਿਸੇ ਕੌਮ ਨੂੰ ਮੇਟਣ ਦਾ ਕਾਰਗਰ ਹਥਿਆਰ ਹੋਇਆ ਕਰਦੈ।
ਗ਼ੌਰ ਕਰਨਾ, ਕੀ ਸ਼੍ਰੋਮਣੀ ਕਮੇਟੀ ਆਪ ਖ਼ੁਦ ਗਲਾਂ ਵਿਚ ਘਗਰੀਆਂ ਪਾਈ ਬਾਬਿਆਂ ਨੂੰ ਸ਼ਿਸ਼ਕੋਰ ਕੇ, ਇਸ ਕਾਰੇ ਨਹੀਂ ਲਾਉਂਦੀ ਤੇ ਫਿਰ ਕੁੰਭਕਰਨੀ ਘੇਸਲ ਤੋਂ, ਇਤਫ਼ਾਕਨ, ਜਾਗੀ ਸੰਗਤ ਨੂੰ ਗੁਮਰਾਹ ਕਰਨ ਹਿਤ ਕੀ ਮਗਰਮੱਛੀ ਅੱਥਰੂ ਨਹੀਂ ਕੇਰਨ ਲੱਗ ਪੈਂਦੀ? ਕੀ ਇਹ 'ਜਿਨ੍ਰ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ£' ਨਹੀਂ? ਜੇ ਅਜੇ ਵੀ ਸ਼੍ਰੋਮਣੀ ਕਮੇਟੀ ਵਾਲੀ ਖਿੱਦੋ ਨਹੀਂ ਉਧੇੜੋਗੇ ਤਾਂ ਏਦਾਂ ਦੇ ਹੋਰ ਸਾਕਿਆਂ ਬਾਰੇ ਉਜ਼ਰ ਕਰਨ ਦੇ ਤੁਸੀ ਵੀ ਹੱਕਦਾਰ ਨਹੀਂ ਰਹੋਗੇ। ਸੱਪ ਦੀ ਲਕੀਰ ਪਿੱਟਿਆਂ ਕੁੱਝ ਨਹੀਂ ਮਿਲਦਾ ਹੁੰਦਾ। ਬਾਕੀ, ਬਾਣੀਕਾਰ ਬਾਬੇ ਫ਼ਰੀਦ ਮੂਜਬ 'ਕਿੱਕਰਾਂ' ਬੀਜ ਕੇ ਕਦੇ ਕਿਸੇ ਨੇ 'ਬਜੌਰੀਆਂ' ਨਹੀਂ ਖਾਧੀਆਂ। ਗੁਰੂ ਘਰਾਂ ਅਤੇ ਇਤਿਹਾਸਕ ਨਿਸ਼ਾਨੀਆਂ ਦੀ ਸਾਂਭ ਸੰਭਾਲ ਤੇ ਸੇਵਾ ਕੀ ਅਰਦਾਸਿਆਂ ਤਕ ਈ ਸੀਮਤ ਰਹਿਣੀ ਚਾਹੀਦੀ ਏ? ਵੈਸੇ ਸ਼੍ਰੋਮਣੀ ਕਮੇਟੀ ਦੀਆਂ ਕਈ ਪ੍ਰਾਪਤੀਆਂ ਤੋਂ ਇਨਕਾਰੀ ਹੋਣਾ ਵੀ ਬੇਇਨਸਾਫ਼ੀ ਹੋਵੇਗੀ। ਮਗਰ ਤਰਨਤਾਰਨ ਵਰਗੇ ਉਪੱਦਰ ਤੋਂ ਮਹੰਤ ਨਰਾਇਣ ਦਾਸ ਦੀ ਰੂਹ ਜ਼ਰੂਰ ਹੱਸੀ ਹੋਵੇਗੀ।
ਮੁਅੱਤਲ ਮੁਲਾਜ਼ਮ, ਅਸੂਲਨ, ਘਰ ਭੇਜ ਦਿਤੇ ਜਾਂਦੇ ਨੇ। ਕੀ ਮੈਨੇਜਰ ਪ੍ਰਤਾਪ ਸਿੰਘ ਨੂੰ ਜੀਂਦ ਘੱਲਣਾ ਮੁਅੱਤਲੀ ਏ ਕਿ ਬਦਲੀ? ਉਹ ਬਲੀ ਦਾ ਬਕਰਾ ਤਾਂ ਨਹੀਂ ਬਣਾਇਆ ਜਾ ਰਿਹਾ? ਕੀ ਕਾਰ ਸੇਵਾ ਦੇਣ ਦਾ ਮਤਾ ਪ੍ਰਤਾਪ ਸਿੰਘ ਨੇ ਪਾਇਆ ਸੀ? ਕੀ ਇਹ ਕਾਰ ਸੇਵਾ ਵਾਲਿਆਂ ਨੂੰ ਬਰੀ ਉਲ ਜ਼ਿੰਮਾ ਨਹੀਂ ਕਰਦਾ? ਸੂਰਮੇ ਮਰਦਾਂ ਤੇ ਗੁਰਸਿੱਖਾਂ ਵਾਂਗ ਇਸ ਤੇ ਏਦਾਂ ਦੀਆਂ ਹੋਰ ਗੁਨਾਹਗਾਰੀਆਂ ਨੂੰ ਤਸਲੀਮ ਕਰਨ ਨਾਲ ਕਈ ਟੋਏ ਟਿੱਬੇ ਪੱਧਰੇ ਹੋ ਸਕਦੇ ਨੇ? ਫ਼ਰੇਬ ਦਰ ਫ਼ਰੇਬ ਨਾਲ ਸੰਕਟ ਦੂਰ ਨਹੀਂ ਹੋਇਆ ਕਰਦੇ। ਬੜੀ ਸੌਖੀ ਹੁੰਦੀ ਏ ਕਿਸੇ ਦੇ ਕਾਲੇ ਕੰਮਾਂ ਉਤੇ ਉਂਗਲ ਰਖਣੀ ਤੇ ਬੜਾ ਔਖਾ ਹੁੰਦੈ ਅਪਣੇ ਗਿਰੇਬਾਂ ਵਿਚ ਝਾਕਣਾ।
ਫ਼ਾਰਸੀ ਦੀ ਇਕ ਬਾ-ਕਮਾਲ ਉਕਤੀ ਵਲ ਤਵੱਜੋ ਦੇਣੀ ਬਣਦੀ ਏ : ਕੁਫ਼ਰ ਅਜ਼ ਕਾਅਬਾ ਬਰਖ਼ੇਜ਼ਦ ਕੁਜਾ ਮਾਨਦ ਮੁਸਲਮਾਨੀ (ਜੇ ਕਾਅਬੇ ਵਿਚ ਈ ਕੁਫ਼ਰ ਚਲਦਾ ਹੋਵੇ, ਫਿਰ ਮੁਸਲਮਾਨੀ ਕਿਥੇ ਬਚੂ।) ਹੈ ਕੋਈ ਲੋੜ ਤਸ਼ਰੀਹ ਦੀ, ਗੁਰੂਘਰਾਂ ਦੇ ਪ੍ਰਬੰਧਨ ਨੂੰ ਲੈ ਕੇ? ਕੀ ਤਰਨਤਾਰਨ ਵਾਲੇ ਉਪੱਦਰ ਬਾਰੇ ਖੋਜ ਕਮੇਟੀ ਦਾ ਗਠਨ, ਸਰਕਾਰਾਂ ਵਲੋਂ ਸਿੱਟ (ਐਸ.ਆਈ.ਟੀ) ਦੇ ਢਕੌਂਜ ਕਰਨ ਵਰਗਾ ਨਹੀਂ? ਇਹਨੂੰ ਮਸਲੇ ਘੱਟੇਕੌਡੀ ਕਰਨ ਦਾ ਵਧੀਆ ਤੇ ਘਟੀਆ ਸੰਦ ਈ ਮੰਨਿਆ ਜਾਂਦੈ, ਅਕਸਰ।
ਇਕ ਨਾ ਇਕ ਦਿਨ, ਸਿੱਖ ਕੌਮ, ਖ਼ਾਲਸਾ ਪੰਥ ਨੇ ਜੇ ਸ਼ਹੀਦ ਬਾਬਾ ਦੀਪ ਸਿੰਘ ਵਾਂਗ ਲਕੀਰ ਖਿੱਚ ਕੇ ਜੇ ਕਾਰ ਸੇਵਾ ਵਾਲੇ ਉਜਾੜੇ ਨੂੰ ਠੱਲ੍ਹ ਨਾ ਪਾਈ ਤਾਂ ਵਿਸ਼ਾਲ ਬਰਬਾਦੀ ਲਈ ਤਿਆਰ ਰਹਿਣਾ ਪਵੇਗਾ :
ਫ਼ਿਕਰ ਕਰ ਨਾਦਾਂ ਮੁਸੀਬਤ ਆਨੇ ਵਾਲੀ ਹੈ,
ਤੇਰੀ ਬਰਬਾਦੀਉਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ।
- ਖੋਜੀ ਕਾਫ਼ਿਰ, ਸੰਪਰਕ : neelusukhjinder0yahoo.co.in